Monday, 16 January 2017

ਪੰਜਾਬੀ ਕਵਿਤਾ ਦਾ ਦੁਖਾਂਤ

ਪਾਠਕ ਅਤੇ ਸਰੋਤਿਆਂ, ਕੋਲੋਂ ਹੋਈ ਦੂਰ,
ਪੰਜਾਬੀ ਕਵਿਤਾ ਰਹੀ, ਹੁਣ ਕਵੀਆਂ ਤੇ ਝੂਰ ।

ਅਧੁਨਿਕ ਪੰਜਾਬੀ ਕਵਿਤਾ ਦਾ ਦੁਖਾਂਤ
ਪਿਆਰੇ ਦੋਸਤੋ ਜੇ ਅਸੀਂ ਪੰਜਾਬੀ ਕਵਿਤਾ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ, ਭਗਤ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ ਉਹ ਸਾਰੀ ਰਾਗਾਂ ਤੇ ਅਧਾਰਿਤ ਹੈ , ਭਾਵ ਛੰਦ -ਬਧ ਰੂਪ ਵਿਚ ਹੈ । ਰਾਗਾਂ ਤੇ ਅਧਾਰਤ ਹੋਣ ਕਰਕੇ ਹੀ ਉਹ ਗਾਈ ਜਾ ਸਕਦੀ ਹੈ । ਗੁਰਬਾਣੀ ਦੀ ਏਸੇ ਖੂਬੀ ਨੇ ਕਈ ਰਾਗੀ ਪੈਦਾ ਕੀਤੇ ਹਨ ।
ਇਸ ਦੇ ਮਗਰੋਂ ਪੰਜਾਬੀ ਕਵਿਤਾ ਵਿਚ ਕਿੱਸਾ-ਕਾਰੀ ਦਾ ਦੌਰ ਆਰੰਭ ਹੁੰਦਾ ਹੈ । ਪੰਜਾਬ ਦੇ ਸਾਰੇ ਕਿੱਸੇ ਛੰਦਾਂ ਵਿਚ ਰਚੇ ਹੋਏ ਹਨ । ਛੰਦਾਂ ਵਿਚ ਰਚੇ ਹੋਣ ਕਰਕੇ ਬਹੁਤੇ ਪੰਜਾਬੀ ਕਿੱਸੇ ਲੋਕਾਂ ਦੇ ਮੂੰਹ ਤੇ ਚੜ੍ਹੇ ਹੋਏ ਹਨ । ਹਾਲੀ ਹਲ਼ ਵਾਹੁੰਦਿਆਂ, ਚਰਵਾਹਾ ਡੰਗਰ ਚਾਰਦੇ ਹੋਏ, ਅਤੇ ਰਾਹੀ ਰਾਹ ਨਿਬੇੜਦੇ ਹੋਇਆਂ ਤੇ ਗਰਮੀਆਂ ਦੀਆਂ ਲੰਮੀਆਂ ਦੁਪਹਿਰਾਂ ਨੂੰ ਪਿੰਡਾਂ ਦੀਆਂ ਸੱਥਾਂ ਵਿਚ ਜਦੋ ਕੋਈ ਲੋਕ-ਗਵਈਆ ਆਪਣੇ ਕੰਨ ਤੇ ਹੱਥ ਰਖ ਕੇ ਆਪਣੇ ਹਿੱਕ ਦੇ ਜੋਰ ਕੋਈ ਪਰਸੰਗ ਛੋਂਹਦੈ , ਤਾਂ ਸਰੋਤਿਆਂ ਦਾ ਥਕੇਵਾਂ ਲਹਿ ਜਾਂਦਾ ।
ਇਸੇ ਤਰ੍ਹਾਂ ਹੀ ਸਾਡੇ ਸੂਫੀ ਕਵੀਆਂ ਦੀ ਸਾਰੀ ਕਵਿਤਾ ਛੰਦਾ-ਬੰਦੀ ਵਿਚ ਹੁੰਦੀ ਸੀ । ਅਧਿਆਤਮਵਾਦ ਦੇ ਗੰਭੀਰ ਰਹੱਸਾਂ ਨੂੰ ਸੂਫੀ ਕਵੀ ਸਹਿਜੇ ਹੀ ਆਪਣੀ ਕਵਿਤਾ ਵਿਚ ਢਾਲ ਲੈਂਦੇ ਸਨ । ਸਧਾਰਣ ਲੋਕ ਵੀ ਅਧਿਆਤਮ ਵਾਦ ਦੇ ਗੰਭੀਰ ਰਹੱਸਾਂ ਨੂੰ ਸਮਝ ਲੈਂਦੇ ਸਨ ।
ਅੱਜ ਤੋਂ ਅਧੀ ਸਦੀ ਪਹਿਲਾਂ ਸਟੇਜੀ ਕਵੀਆਂ ਦਾ ਬੋਲ-ਬਾਲਾ ਰਿਹਾ ਹੈ । ਇਹ ਸਟੇਜੀ ਕਵੀ ਪਿੰਡਾਂ ਵਿਚ ਲਾਈਆਂ ਖੁੱਲ੍ਹੀਆਂ ਸਟੇਜਾਂ ਤੇ ਆਪਣੀ ਕਵਿਤਾਵਾਂ ਪੜ੍ਹਦੇ ਸਨ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੰਦੇ ਸਨ । ਇਸ ਦਾ ਕਾਰਣ ਵੀ ਇਹੋ ਸੀ ਕਿ ਉਸ ਦੀ ਕਵਿਤਾ ਛੰਦ-ਬਧ ਹੋਣ ਕਰਕੇ ਸਰੋਤੇ ਦੇ ਦਿਲ ਨੂੰ ਛੂੰਹਦੀ ਸੀ । ਅਜਕਲ ਦੇ ਕਵੀ ਸਰੋਤੇ ਨੂੰ ਬਾਰ ਬਾਰ ਧਿਆਨ ਦੇਣ ਲਈ ਆਖਦੇ ਹਨ, ਜਿਸਦਾ ਮਤਲਬ ਹੈ ਉਹ ਸਰੋਤੇ ਤੋਂ ਦਾਦ ਮੰਗਦੇ ਹਨ  ਪਰ-
"ਮੰਗੇ ਤੋਂ ਮਿਲਦੀ ਨਹੀ, ਇਹ ਗੱਲ ਰੱਖੀਂ ਯਾਦ,
ਆਪ-ਮੁਹਾਰੇ ਕ੍ਰਿਸ਼ਨ ਖ਼ੁਦ, ਦੇਣ ਸਰੋਤੇ ਦਾਦ ।"
ਅੱਜ ਭਾਵੇਂ ਅਸੀਂ ਸਟੇਜੀ ਸ਼ਾਇਰਾਂ ਦੀ ਗਿਣਤੀ ਕਵੀਆਂ ਵਿਚ ਨਹੀ ਕਰਦੇ, ਪਰ ਉਹਨਾਂ ਦੇ ਯੋਗਦਾਨ ਨੂੰ ਅਸੀਂ ਭੁਲਾ ਨਹੀ ਸਕਦੇ । ਅੱਜ ਭਾਵੇਂ ਲੋਕਾਂ ਦੇ ਮਨੋਰੰਜਨ ਦੇ ਅਨੇਕਾਂ ਸਾਧਨਾਂ ਦਾ ਵਿਕਾਸ ਹੋਣ ਕਰਕੇ ਇਹ ਪਰੰਪਰਾ ਨਹੀ ਰਹੀ ਪਰ ਅੱਜ ਵੀ ਗਾਹੇ ਬਗਾਹੇ ਧਾਰਮਿਕ ਸਟੇਜਾਂ ਤੇ ਅਜੇਹੇ ਕਵੀ ਅਕਸਰ ਮਿਲ ਜਾਂਦੇ ਹਨ । ਕਵੀਸ਼ਰ ਤੇ ਢਾਡੀ ਜਥੇ ਵੀ ਇਸ ਲੋਕ ਪਰੰਪਰਾ ਨੂੰ ਅੱਗੇ ਤੋਰਦੇ ਹਨ ।
ਅਧੁਨਿਕ ਕਵਿਤਾ ਦੇ ਮੋਢੀ ਕਹੇ ਜਾਂਦੇ ਕਵੀ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਵੀ ਸਰੋਦੀ ਅੰਸ਼ ਮੌਜ਼ੂਦ ਹਨ ।ਇਸੇ ਤਰਾਂ ਪ੍ਰੋਫੈਸਰ ਮੋਹਣ ਸਿੰਘ ਅਤੇ ਅਮ੍ਰਿਤਾ ਪ੍ਰੀਤਮ ਦੀ ਕਵਿਤਾ ਵਿਚ ਵੀ ਲੈਅ-ਬੱਧਤਾ ਮਿਲਦੀ ਹੈ । ਭਾਵੇਂ ਕਿ ਮਗਰਲੇ ਦੌਰ ਵਿਚ ਇਹ ਗੁਣ ਉਹਨਾਂ ਦੀ ਕਵਿਤਾ ਵਿੱਚੋਂ ਸੰਘਣੇ ਤੌਰ ਵਿਚ ਨਹੀ ਮਿਲਦਾ ।
ਪਿਆਰੇ ਦੋਸਤੋ ਪਿਛਲੀ ਸਦੀ ਦੇ ਛੇਵੇਂ ਦਹਾਕੇ ਮਗਰੋਂ ਜਦੋਂ ਮੋਹਣ ਸਿੰਘ ਅਤੇ ਅਮ੍ਰਿਤਾ ਪ੍ਰੀਤਮ ਦੀ ਰੁਮਾਂਟਿਕ ਪ੍ਰਗਤੀਵਾਦੀ ਕਵਿਤਾ ਦਾ ਦੌਰ ਆਪਣੇ ਪਤਨ ਵਲ ਜਾ ਰਿਹਾ ਸੀ, ਤਾਂ ਪੱਛਮੀ ਕਵਿਤਾ ਦੇ ਪ੍ਰਭਾਵ ਹੇਠ ਕੁਛ ਪੰਜਾਬੀ ਕਵੀਆਂ ਨੇ ਪ੍ਰਯੋਗਵਾਦੀ, ਅਸਿਤਤਵਵਾਦੀ, ਸਰੰਚਨਾ ਵਾਦੀ ਨਾਵਾਂ ਹੇਠ ਕੁਛ ਨਵੇਂ ਤਜ਼ੁਰਬੇ ਕੀਤੇ । ਇਸ ਤਰ੍ਹਾਂ ਪੰਜਾਬੀ ਕਵਿਤਾ ਵਿਚ ਐਬਸਰਡਵਾਦੀ ਦੌਰ ਸ਼ੁਰੂ ਹੋਇਆ । ਪੰਜਾਬੀ ਕਵਿਤਾ ਸਮਾਜਿਕ ਸਰੋਕਾਰਾਂ ਕੋਲੋਂ ਟੁੱਟ ਕੇ ਵਿਅਕਤੀ ਵਾਦੀ ਸਰੋਕਾਰਾਂ ਤਕ ਸੀਮਤ ਹੋ ਕੇ ਰਹਿ ਗਈ । ਆਮ ਲੋਕਾਂ ਦਾ ਕਵਿਤਾ ਨਾਲੋਂ ਰਾਬਤਾ ਲੱਗ-ਪਗ ਟੁੱਟ ਹੀ ਗਿਆ ।
ਕਵੀ ਦਰਬਾਰ ਜਿਹੜੇ ਕਿ ਪਹਿਲਾਂ ਪਿੰਡਾਂ ਦੀ ਖੁੱਲੀ ਸਟੇਜ ਤੇ ਹੁੰਦੇ ਸਨ, ਸਿਰਫ ਗਿਣਤੀ ਦੇ ਲੋਕਾਂ ਤਕ ਸੀਮਤ  ਹੋ ਕੇ ਰਹਿ ਗਏ ।  ਕਹਿੰਦੇ ਨੇ ਕਿਸੇ ਸਾਹਿਤ ਸਭਾ ਨੇ ਪਿੰਡ ਵਿਚ ਕਵੀ ਦਰਬਾਰ ਕਰਵਾਉਣ ਦਾ ਫੈਸਲਾ ਕੀਤਾ ।ਇਸ ਫੈਸਲੇ ਤਹਿਤ ਉਹਨਾਂ ਨੇ ਇਲਾਕੇ ਦੇ ਕਵੀਆਂ ਤੋਂ ਇਲਾਵਾ ਕੁਝ ਬਾਹਰਲੇ ਪ੍ਰਸਿੱਧ ਕਵੀਆਂ ਨੂੰ ਬੁਲਾਉਣ ਦਾ ਫੈਸਲਾ ਕੀਤਾ । ਜਦ ਕਵੀ ਦਰਬਾਰ ਸ਼ੁਰੂ ਹੋਇਆ ਤਾਂ ਇਕ ਖੁੱਲੀ ਕਵਿਤਾ ਵਾਲਾ ਕਵੀ ਕਿੰਨਾਂ ਚਿਰ ਬਾਹਾਂ ਉਲਾਰ ਉਲਾਰ ਕੇ ਬੋਲਦਾ ਰਿਹਾ , ਅੱਕ ਕੇ ਕੁਛ ਸਰੋਤੇ ਬਾਹਾਂ ਚੜ੍ਹਾਉਂਦੇ ਹੋਏ ਸਟੇਜ ਵੱਲ ਵਧੇ । ਉਹਨਾਂ ਨੂੰ ਸਟੇਜ ਵੱਲ ਵਧਦੇ ਦੇਖ ਕੇ ਕਵੀ ਸ੍ਹਾਬ ਪੁੱਛਣ ਲਗੇ ਕੀ ਗੱਲ ਭਾਈ ਸ੍ਹਾਬ ਮੈਥੋਂ ਕੋਈ ਗੁਸਤਾਖ਼ੀ ਹੋ ਗਈ । ਸਟੇਜ ਵਲ ਵਧਦੇ ਹੋਏ ਸਰੋਤੇ ਬੋਲੇ ਨਹੀ ਜੇ ਤੁਸੀਂ ਲੱਗੇ ਰਹੋ, ਤੁਸੀਂ ਤਾਂ ਸਾਡੇ ਮਹਿਮਾਨ ਹੋ, ਅਸੀਂ ਤਾਂ ਉਸ ਭੜੂਏ ਨੂੰ ਲਭਦੇ ਹਾਂ ਜਿਸ ਨੇ ਤੁਹਾਨੂੰ ਬੁਲਾਇਆ ਹੈ ।
ਇਸੇ ਤਰ੍ਹਾਂ ਇਕ ਹੋਰ ਸਾਹਿਤ ਸਭਾ ਨੇ ਇਕ ਪਿੰਡ ਵਿਚ ਕਵੀ ਦਰਬਾਰ ਕਰਵਾਇਆ । ਬਾਹਰੋਂ ਨਾਮਵਰ ਕਵੀ ਬੁਲਾਏ । ਕਵੀ ਦਰਬਾਰ ਸੁਣਨ ਵਾਸਤੇ ਪਿੰਡ ਚੋਂ ਕੁਛ ਸੋਰਤੇ ਵੀ ਤਸ਼ਰੀਫ ਲਿਆਏ ਹੋਏ ਸਨ । ਜਦੋਂ ਕਵੀ ਦਰਬਾਰ ਸ਼ੁਰੂ ਹੋਇਆ ਤਾਂ ਹੌਲੀ ਹੌਲੀ ਸਰੋਤੇ ਕਵੀ ਦਰਬਾਰ ਚੋਂ ਉੱਠਣੇ ਸ਼ੁਰੂ ਹੋ ਗਏ । ਆਖ਼ਰ ਵਿਚ ਜਦੋਂ ਬਾਹਰੋਂ ਬੁਲਾਏ ਗਏ ਮਹਿਮਾਨ ਕਵੀ ਦੀ ਵਾਰੀ ਆਈ ਤਾਂ ਉਸ ਨੇ ਪਿੱਛੇ ਰਹਿ ਗਏ ਗਿਣਤੀ ਦੇ ਬੰਦਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਏਨੇ ਸਬਰ ਨਾਲ ਸਾਰੇ ਕਵੀਆਂ ਨੂੰ ਸੁਣਿਆ ਤੇ ਆਪਣਾ ਕੀਮਤੀ ਵਕਤ ਕਵਿਤਾ ਦੇ ਲੇਖੇ ਲਾਇਆ । ਤੁਹਾਡੇ ਵਰਗੇ ਗੰਭੀਰ ਅਤੇ ਸੁਹਿਰਦ ਸਰੋਤਿਆਂ ਦਾ ਕਰਕੇ ਹੀ ਪੰਜਾਬੀ ਕਵਿਤਾ ਦਾ ਭਵਿੱਖ ਸੁਰੱਖਿਅਤ ਹੈ । ਜਦੋਂ ਮਹਿਮਾਨ ਕਵੀ ਧੰਨਵਾਦੀ ਸ਼ਬਦ ਬੋਲ ਕੇ ਹਟੇ ਤਾਂ ਮੂਹਰੇ ਬੈਠੇ ਸਰੋਤਿਆਂ ਚੋਂ ਇਕ ਨੇ ਉੱਠ ਕੇ ਕਿਹਾ, ਭਾਈ ਸ੍ਹਾਬ ਅਸੀਂ ਤਾਂ ਸਟੇਜ ਲਾਉਣ ਵਾਲੇ ਹਾਂ ਤੁਹਾਡਾ ਪ੍ਰੋਗਰਾਮ ਖ਼ਤਮ ਹੋਣ ਤੇ ਦਰੀਆਂ ਤੇ ਕੁਰਸੀਆਂ ਦੇ ਚੁੱਕਣ ਦੀ ਉਡੀਕ ਚ ਬੈਠੇ ਹਾਂ । ਕਵਿਤਾ ਕੀ ਬਲਾ ਹੈ ਅਸੀਂ ਨਹੀ ਜਾਣਦੇ ।
ਏਸੇ ਤਰਾਂ ਹੀ ਦੋ ਅਧੁਨਿਕ ਕਵੀ ਇਕ ਥਾਂ ਮਿਲ ਪਏ ।  ਇਕ ਦੂਜੇ ਦਾ ਹਾਲ ਚਾਲ ਪੁੱਛਣ ਤੋਂ ਬਾਦ ਇਕ ਦੂਜੇ ਦੀਆਂ ਰਚਨਾਵਾਂ ਸੁਣਨ ਦਾ ਵਾਅਦਾ ਹੋਇਆ । ਜਦੋਂ ਪਹਿਲੇ ਕਵੀ ਨੇ ਦੂਜੇ ਕਵੀ ਨੂੰ ਆਪਣੀਆਂ ਰਚਨਾਵਾਂ ਸੁਣਾ ਲਈਆਂ ਤਾਂ ਦੂਜਾ ਕਵੀ ਸੁਣਾਉਣ ਲਈ ਆਪਣੀਆਂ ਜ਼ੇਬਾਂ ਫਰੋਲਣ ਲੱਗਾ । ਜਦੋਂ ਉਸ ਨੇ ਕਾਗਜ਼ਾਂ ਦਾ ਪੁਲੰਦਾ ਕੱਢਿਆ ਤਾਂ ਉਸ ਨੇ ਦੇਖਿਆ ਕਿ ਪਹਿਲਾ ਕਵੀ ਤਾਂ ਭੱਜਿਆ ਜਾ ਰਿਹਾ ।  ਉਹ ਉਸ ਦੇ ਮਗਰ ਭੱਜ ਉਠਿਆ । ਏਨੇ ਨੂੰ ਉਹਨਾਂ ਦਾ ਕੋਈ ਤੀਜਾ ਜਾਣੂ ਮਿਲ ਪਿਆ ਤੇ ਮੂਹਰੇ ਭੱਜੇ ਜਾਂਦੇ ਕਵੀ ਨੂੰ ਕਹਿਣ ਲੱਗਾ,"ਦਰਦੀ ਸਾਹਿਬ ਏਨੀ ਸ਼ੂਟ ਕਿਉਂ ਵੱਟੀ ਹੈ, ਤੁਹਾਡੇ ਪਿੱਛੇ ਉਹ ਜਖ਼ਮੀ ਸ੍ਹਾਬ ਵੀ ਸਾਹੋ ਸਾਹੀ ਹੋਏ ਆ ਰਹੇ ਹਨ।" ਭੱਜੇ ਜਾਂਦੇ ਹੋਏ ਦਰਦੀ ਸਾਹਿਬ ਰੁਕੇ ਨਹੀ ਪਰ ਪਿੱਛੇ ਭੱਜਾ ਆਉਂਦਾ ਜਖ਼ਮੀ ਸ੍ਹਾਬ ਕਹਿਣ ਲਗਾ ," ਦੇਖੋ ਨਾ ਪੰਛੀ ਸ੍ਹਾਬ ਆਹ ਦਰਦੀ ਸਾਹਬ ਆਪਣੀਆਂ ਕਵਿਤਾਵਾਂ ਤਾਂ ਸੁਣਾ ਗਏ ਹੁਣ ਜਦੋਂ ਮੇਰੀ ਵਾਰੀ ਆਈ ਤਾਂ ਭੱਜ ਨਿਕਲੇ ।"
ਉਦਾਹਰਣਾਂ ਤਾਂ ਹੋਰ ਵੀ ਬਹੁਤ ਦਿੱਤੀਆਂ ਜਾ ਸਕਦੀਆਂ ਹਨ ਪਰ ਤੁਸੀਂ ਸਾਰੇ ਹੀ ਸਮਝਦਾਰ ਹੋ , ਅਤੇ ਸਮਝਦਾਰਾਂ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ । ਅਸੀਂ ਪ੍ਰਕਾਸ਼ਕਾਂ ਨੂੰ ਪੱਲਿਉਂ ਪੈਸੇ ਦੇ ਕੇ ਕਵਿਤਾ ਦੀਆਂ ਕਿਤਾਬਾਂ ਛਪਵਾ ਲੈਂਦੇ ਹਾਂ, ਪਰ ਉਹ ਪਾਠਕਾਂ ਦੇ ਹੱਥਾਂ ਤਕ ਨਹੀ ਪਹੁੰਚਦੀਆਂ । ਅਸੀਂ ਇਕ ਦੂਜੇ ਨੂੰ ਮਠਿਆਈ ਦੇ ਡੱਬਿਆਂ ਵਾਂਗ ਕਿਤਾਬਾਂ ਭੇਂਟ ਕਰ ਦਿੰਦੇ ਹਾਂ ਪਰ ਇਹਨਾਂ ਵਿਚੋਂ ਬਹੁਤੀਆਂ ਕਿਤਾਬਾਂ ਬਿਨਾ ਪੜ੍ਹੇ ਹੀ ਰੱਦੀ ਦੀ ਭੇਂਟ ਚੜ੍ਹ ਜਾਂਦੀਆਂ ਹਨ । ਸਾਡੀਆਂ ਪੁਸਤਕਾਂ ਦੀ ਏਸ ਦੁਰਦਸ਼ਾ ਦੇ ਭਾਵੇਂ ਹੋਰ ਵੀ ਕਈ ਕਾਰਣ ਹੋਣਗੇ ਪਰ ਸਭ ਤੋਂ ਵੱਡਾ ਕਾਰਣ  ਇਹੋ ਹੀ ਹੈ ਕਿ ਅਜ ਪੰਜਾਬੀ ਕਵਿਤਾ ਸਰੋਤੇ ਜਾਂ ਪਾਠਕ ਨੂੰ ਕੀਲਣ ਦੀ ਸਮਰੱਥਾ ਗੁਆ ਬੈਠੀ ਹੈ ਤੇ ਪੰਜਾਬੀ ਕਵਿਤਾ ਦਾ ਇਹ ਸਭ ਤੋਂ ਵੱਡਾ ਦੁਖਾਂਤ ਹੋ ਨਿੱਬੜਿਆ ਹੈ ।
ਕ੍ਰਿਸ਼ਨ ਭਨੋਟ
ਸਰ੍ਹੀ ਕਨੇਡਾ
604-314-7279

No comments:

Post a Comment