ਪਿਆਰੇ ਦੋਸਤੋ ਆਪਾਂ ਅਰੂਜ਼ ਦੇ ਰੁਕਨਾਂ ਜਾਂ ਅਰਕਾਨ ਤੀਕ ਵਿਚਾਰ ਚਰਚਾ ਕਰ ਚੁੱਕੇ ਹਾਂ । ਹੁਣ ਆਪਾਂ ਬਹਿਰ ਬਾਰੇ ਚਰਚਾ ਕਰੀਏ । ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅਰੂਜ਼ ਦੇ ਵੱਖਰੇ ਵੱਖਰੇ ਰੁਕਨਾਂ ਤੋਂ ਵੱਖਰੀਆਂ ਵੱਖਰੀਆਂ ਬਹਿਰਾਂ ਬਣਦੀਆਂ ਹਨ ।
ਬਹਿਰ ਦੇ ਅਰਬੀ ਸ਼ਬਦਆਰਥ ਸਮੁੰਦਰ ਜਾਂ ਸਾਗਰ ਹਨ , ਪ੍ਰੰਤੂ ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ, ਜਿਨ੍ਹਾਂ ਨਾਲ ਸ਼ਿਅਰ ਦਾ ਵਜ਼ਨ ਹਾੜਿਆ ਜਾਂਦਾ ਹੈ , ਅਰਕਾਨ ਨੂੰ ਦੁਹਰਾਉਣ ਨਾਲ ਬਹਿਰ ਬਣਦੀ ਹੈ, ਬਹਿਰ ਦੇ ਅੰਗਰੇਜ਼ੀ ਸ਼ਬਦਾਰਥ ਮੀਟਰ ਤੋਂ ਹਨ । ਜਿਸ ਤਰ੍ਹਾਂ ਸਮੁੰਦਰ ਦੀ ਵਿਸ਼ਾਲਤਾ ਨੂੰ ਦੇਖਦਿਆਂ ਅਕਲ ਹੈਰਾਨ ਰਹਿ ਜਾਂਦੀ ਹੈ , ਬਿਲਕੁਲ ਏਸੇ ਤਰ੍ਹਾਂ ਜਦੋਂ ਕੋਈ ਅਰੂਜ਼ੀ (ਅਰੂਜ਼-ਵੇਤਾ) ਬਹਿਰਾਂ ਦੇ ਪਸਾਰ ਨੂੰ ਦੇਖਦਾ ਹੈ ਤਾਂ ਅਚੰਭਤ ਹੋ ਜਾਂਦਾ ਹੈ , ਕਿ ਸ਼ਿਅਰ ਨੂੰ ਕਿਹੜੀ ਬਹਿਰ ਨਾਲ ਨਾਪੇ । ਕਹਿਣ ਨੂੰ ਤਾਂ ਅਰੂਜ਼ੀਆਂ ਨੇ ਕੁੱਲ ਉੱਨੀ (19) ਬਹਿਰਾਂ ਈਜਾਦ ਕੀਤੀਆਂ ਹਨ, ਪਰ ਇਨ੍ਹਾਂ ਵਿੱਚੋਂ ਹਰੇਕ ਬਹਿਰ ਤੇ ਜ਼ਿਹਾਫ ਲਾਗੂ ਕਰ ਕੇ ਇਕ ਬਹਿਰ ਦੇ ਅਨੇਕਾਂ ਰੂਪ ਬਣਾਏ ਜਾ ਸਕਦੇ ਹਨ । ਜ਼ਿਹਾਫਾਂ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗੇ । ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਕੱਲੀ ਹਜਜ ਬਹਿਰ ਅੱਸੀ ਢੰਗਾਂ ਨਾਲ ਵਰਤੀ ਜਾਂਦੀ ਹੈ । ਇਸੇ ਕਰਕੇ ਹੀ ਸ਼ਾਇਦ ਖਲੀਲ ਬਿਨ ਅਹਿਮਦ ਨੇ ਬਹਿਰ (ਛੰਦ) ਨੂੰ ਬਹਿਰ (ਸਮੁੰਦਰ) ਦੁਆਰਾ ਪ੍ਰਗਟ ਕੀਤਾ ਹੈ ।
ਅਰੂਜ਼ ਦੀਆਂ ਉੱਨੀ ਬਹਿਰਾਂ ਵਿੱਚੋਂ ਖਲੀਲ ਬਿਨ ਅਹਿਮਦ ਨੇ ਪੰਦਰਾਂ ਬਹਿਰਾਂ ਈਜਾਦ ਕੀਤੀਆਂ ਅਤੇ ਬਾਕੀ ਦੀਆਂ ਚਾਰ ਬਹਿਰਾਂ ਪਿੱਛੋਂ ਜਾ ਕੇ ਵੱਖ ਵੱਖ ਅਰੂਜ਼ੀਆਂ ਨੇ ਈਜ਼ਾਦ ਕੀਤੀਆਂ । ਇਹਨਾਂ ਬਹਿਰਾਂ ਦੇ ਨਾਵਾਂ ਦਾ ਵੇਰਵਾ ਅਤੇ ਇਨ੍ਹਾਂ ਦੇ ਇਜ਼ਾਦ ਕਰਤਾਵਾਂ ਦੇ ਨਾਵਾਂ ਦਾ ਵੇਰਵਾ ਅੱਗੇ ਚੱਲ ਕੇ ਦਿਆਂਗੇ ।
ਸਾਡਾ ਮੰਤਵ ਇਨ੍ਹਾਂ ਬਹਿਰਾਂ ਬਾਰੇ ਸਿਧਾਂਤਕ ਜਾਣਕਾਰੀ ਦੇਣਾ ਹੀ ਨਹੀ ਸਗੋਂ ਤੁਹਾਡੀ ਰੌਚਿਕਤਾ ਲਈ ਇਨ੍ਹਾਂ ਬਾਰੇ ਹੋਰ ਵੇਰਵੇ ਦੇਣਾ ਵੀ ਹੈ , ਤਾਂ ਕਿ ਇਸ ਰੁੱਖੀ ਸਿਧਾਂਤਕ ਸ਼ਬਦਾਵਲੀ ਤੋਂ ਤੁਹਾਡਾ ਮਨ ਉਚਾਟ ਨਾ ਹੋ ਜਾਵੇ । ਬਹਿਰਾਂ ਦੇ ਨਾਵਾਂ ਬਾਰੇ ਸਿਧਾਂਤਕ ਜਾਣਕਾਰੀ ਤਾਂ ਤੁਸੀਂ ਹੋਰ ਅਰੂਜ਼ ਦੀਆਂ ਪੁਸਤਕਾਂ ਵਿੱਚੋਂ ਵੀ ਪੜ੍ਹ ਸਕਦੇ ਹੋ । ਇਸ ਬਾਰੇ ਮੈਂ ਤੁਹਾਨੂੰ ਇਕ ਲੋਕ-ਕਥਾ ਸੁਣਾਉਣੀ ਚਾਹੁੰਦਾ ਹਾਂ । ਕਹਿੰਦੇ ਨੇ ਇਕ ਵਾਰ ਇੱਕ ਪਰਿਵਾਰ ਨੇ ਕਿੱਕਰਾਂ ਦੇ ਤੁੱਕਿਆਂ ਦੀ ਸਬਜ਼ੀ ਬਣਾਈ , ਪਰ ਆਟਾ ਉਨ੍ਹਾਂ ਕੋਲ ਗੁਜ਼ਾਰੇ ਜੋਗਾ ਹੀ ਸੀ । ਘਰ ਦੀ ਸਵਾਣੀ ਨੇ ਆਪਣੀ ਧੀ ਨੂੰ ਰੋਟੀ ਦੇ ਕੇ ਬਜ਼ੁਰਗ ਪਾਸ ਭੇਜਿਆ, ਬਜ਼ੁਰਗ ਰੋਟੀ ਖਾਣ ਬੈਠ ਗਿਆ । ਕੁਝ ਚਿਰ ਬਾਦ ਬੱਚੀ ਫੇਰ ਬਜ਼ੁਰਗ ਕੋਲ ਗਈ ਤੇ ਪੁੱਛਣ ਲੱਗੀ , " ਬਾਬਾ ਜੀ ਹੋਰ ਤੁੱਕੇ ਲੈਣੇ ਨੇ ।" ਇਸ ਤਰ੍ਹਾਂ ਇਕ ਅੱਧੀ ਵਾਰ ਬਜ਼ੁਰਗ ਨੇ ਤੁੱਕਿਆਂ ਦੀ ਸਬਜ਼ੀ ਮੰਗਵਾ ਲਈ । ਘਰ ਵਿੱਚ ਹੋਰ ਕੁਛ ਖਾਣ ਨੂੰ ਨਹੀ ਸੀ ਇਸ ਕਰਕੇ ਬੱਚੀ ਵਾਰ ਵਾਰ ਇਹੋ ਪੁੱਛਦੀ ਰਹੀ ਕਿ ਬਾਬਾ ਜੀ ਹੋਰ ਤੁੱਕੇ ਲਓਗੇ । ਅੰਤ ਵਿਚ ਬਾਬਾ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਖਿਝ ਕੇ ਕਹਿਣ ਲੱਗਾ, ਕੁੜੀਏ ਬਾਬਾ ਕੋਈ ਬੋਕ ਆ , ਜਿਹੜਾ ਵਾਰ ਵਾਰ ਤੁੱਕੇ ਹੀ ਖਾਈ ਜਾਊ, ਕੁਛ ਹੋਰ ਵੀ ਲਿਆ । ਇਸ ਤਰ੍ਹਾਂ ਜੇ ਅਸੀਂ ਵਾਰ ਵਾਰ ਤੁਹਾਨੂੰ ਖੁਸ਼ਕ ਬਹਿਰਾਂ ਦੀ ਜਾਣਕਾਰੀ ਦੇਈ ਗਏ ਤਾਂ ਤੁਹਾਨੂੰ ਅਕੇਵਾਂ ਹੋਣਾ ਸੁਭਾਵਿਕ ਹੈ । ਤੁਹਾਡੀ ਰੌਚਕਤਾ ਬਣਾਈ ਰੱਖਣ ਵਾਸਤੇ ਅਸੀਂ ਬਹਿਰਾਂ ਦੇ ਨਾਲ ਨਾਲ ਹੋਰ ਜਾਣਕਾਰੀ ਵੀ ਦਿੰਦੇ ਰਹਾਂਗੇ ।
ਬਹਿਰਾਂ ਦੀਆਂ ਕਿਸਮਾਂ---
ਬਹਿਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ ।
(1) ਮੁਫ਼ਰਦ ਬਹਿਰਾ (2) ਮੁਰੱਕਬ ਬਹਿਰਾਂ
1. ਮੁਫ਼ਰਦ ਬਹਿਰਾਂ ---ਦਾ ਅਰਬੀ ਸ਼ਬਦਾਰਥ ਇਕਹਿਰੀ ਜਾਂ ਇਕੱਲੀ ਤੋਂ ਹੈ , ਮੁਫਰਦ ਇਹਨਾਂ ਨੂੰ ਇਸ ਕਰ ਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਇੱਕ ਹੀ ਰੁਕਨ ਨੂੰ ਦੁਹਰਾਉਣ ਤੇ ਬਣਦੀਆਂ ਹਨ ।
2. ਮੁਰੱਕਬ ਬਹਿਰਾਂ-- ਮੁਰੱਕਬ ਦਾ ਅਰਬੀ ਸ਼ਬਦਾਰਥ ਮਿਸ਼ਰਤ ਜਾਂ ਰਲ਼ੀ ਮਿਲ਼ੀ ਵਸਤੂਆਂ ਤੋਂ ਹੁੰਦਾ ਹੈ । ਇਨ੍ਹਾਂ ਨੂੰ ਮੁਰੱਕਬ ਬਹਿਰਾਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਦੋ ਦੋ ਰੁਕਨਾਂ ਦੇ ਮਿਲਣ ਤੇ ਬਣਦੀਆਂ ਹਨ ।
ਅਰੂਜ਼ ਦੀਆਂ ਕੁੱਲ ਉੱਨੀ ਬਹਿਰਾਂ ਵਿੱਚੋਂ ਸੱਤ ਮੁਫ਼ਰਦ ਅਤੇ ਬਾਕੀ ਦੀਆਂ ਬਾਰਾਂ ਮੁਰੱਕਬ ਬਹਿਰਾਂ ਹਨ । ਸੱਤ ਮੁਫ਼ਰਦ ਬਹਿਰਾਂ ਅਰੂਜ਼ ਦੇ ਸੱਤ ਰੁਕਨਾਂ ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲਤੁਨ, ਫਾਇਲੁਨ, ਫਊਲੁਨ ਨੂੰ ਦੁਹਰਾਉਣ ਨਾਲ ਬਣਦੀਆਂ ਹਨ । ਅੱਠਵਾਂ ਰੁਕਨ ਮਫਊਲਾਤ ਇਕੱਲਾ ਕੋਈ ਬਹਿਰ ਨਹੀ ਬਣਾਉਂਦਾ ਸਗੋਂ ਇਹ ਕਿਸੇ ਦੂਸਰੇ ਰੁਕਨ ਦੇ ਨਾਲ ਲੱਗ ਕੇ ਕੋਈ ਬਹਿਰ ਬਣਾਉਂਦਾ ਹੈ ।
No comments:
Post a Comment