Tuesday, 17 January 2017
ਮੁਫ਼ਰਦ ਬਹਿਰਾਂ
1..ਬਹਿਰ ਹਜ਼ਜ
ਹਜ਼ਜ ਦਾ ਅਰਬੀ ਭਾਸ਼ਾ ਵਿਚ ਅਰਥ ਮਨਮੋਹਣੀ ਜਾਂ ਦਿਲਕਸ਼ ਹੁੰਦਾ ਹੈ । ਮੁਫਾਈਲੁਨ ਰੁਕਨ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਇਸ ਦੀ ਧੁਨੀ ਕੰਨਾਂ ਨੂੰ ਬਹੁਤ ਸੁਰੀਲੀ ਅਤੇ ਦਿਲਕਸ਼ ਲਗਦੀ ਹੈ । ਏਸ ਦੀ ਸੰਗੀਤਆਤਮਕ ਧੁਨੀ ਵਾਸਤੇ ਹੀ ਇਹ ਬਹਿਰ ਅਰਬੀ, ਫਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬੜੀ ਹਰਮਨ-ਪਿਆਰੀ ਬਹਿਰ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ
ਚਾਰ ਮੁਫਾਈਲੁਨ
ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ
ISSS ISSS ISSS ISSS
2. ਬਹਿਰ ਰਮਲ
ਰਮਲ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਮਿਜ਼ਾਜ ਨਾਲ ਤੁਰਨਾ ਜਾਂ ਸ਼ੋਖੀ ਨਾਲ ਤੁਰਨਾ । ਜਿਵੇਂ ਪੰਜਾਬੀ ਵਿਚ ਕਹਿ ਦਿੱਤਾ ਜਾਂਦਾ ਹੈ, ਤੋਰ ਪੰਜਾਬਣ ਦੀ ਜਾਂ ਫੇਰ ਦੋ ਪੈਰ ਘੱਟ ਤੁਰਨਾ ਪਰ ਤੁਰਨਾਂ ਮੜ੍ਹਕ ਦੇ ਨਾਲ । ਇਹ ਬਹਿਰ ਫਾਇਲਾਤੁਨ ਰੁਕਨ ਨਾਲ ਬਣਦੀ ਹੈ । ਇਹ ਬਹਿਰ ਵੀ ਉਰਦੂ, ਫਾਰਸੀ, ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਬਹਿਰ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ
ਫਾਇਲਾਤੁਨ ਫਾਇਲਾਤੁਨ ਫਾਇਲਾਤੁਨ ਫਾਇਲਾਤੁਨ
SISS SISS SISS SISS
ਇਹਨਾਂ ਦੋਨਾਂ ਬਹਿਰਾਂ ਨੂੰ ਯਾਦ ਰੱਖਣ ਵਾਸਤੇ ਇਨ੍ਹਾਂ ਦੋਹਾਂ ਨੂੰ ਕਾਵਿ ਬੰਦ ਕਰ ਦਿੱਤਾ ਗਿਆ ਹੈ ।
"ਰਮਲ ਬਹਿਰ ਹੁੰਦੀ ਸ਼ੁਰੂ, ਫਾਇਲਾਤੁਨ ਦੇ ਨਾਲ,
ਕ੍ਰਿਸ਼ਨ ਮੁਫਾਈਲੁਨ ਰੁਕਨ ਹੈ, ਹਜ਼ਜ ਬਹਿਰ ਦੀ ਚਾਲ ।"
3 ਬਹਿਰ ਰਜਜ
ਰਜਜ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਬੇਚੈਨੀ ਜਾਂ ਘਬਰਾਹਟ । ਇਸ ਬਹਿਰ ਵਿੱਚ ਵੀਰ-ਰਸੀ ਕਵਿਤਾਵਾਂ ਰਚੀਆਂ ਜਾਂਦੀਆਂ ਹਨ । ਇਸ ਰੁਕਨ ਦੀ ਬਣਤਰ ਵੀ ਜੰਗ-ਜੂ ਅੰਦਾਜ਼ ਦੀ ਹੈ ।
ਇਸ ਦਾ ਰੁਕਨ ਮੁਸਤਫ਼ਇਲੁਨ ਹੈ ਅਤੇ ਇਸ ਦੀ ਬਣਤਰ ਇਸ ਤਰ੍ਹਾਂ ਹੈ ।
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
SSIS SSIS SSIS SSIS
4. ਬਹਿਰ ਕਾਮਿਲ
ਕਾਮਿਲ ਦਾ ਅਰਥ ਹੈ, ਪੂਰਨ ਜਾਂ ਮੁਕੰਮਲ । ਇਹ ਬਹਿਰ ਬਿਲਕੁਲ ਉਸੇ ਤਰ੍ਹਾਂ ਕਹੀ ਜਾਂਦੀ ਹੈ ਜਿਸ ਤਰ੍ਹਾਂ ਖਲੀਲ ਬਿਨ ਅਹਿਮਦ ਨੇ ਬਣਾਈ ਸੀ, ਇਸ ਤੇ ਕੋਈ ਵੀ ਜਿਹਾਫ਼ ਲਾਗੂ ਨਹੀ ਹੁੰਦਾ । ਇਹ ਮੁਤੁਫਾਇਲੁਨ ਰੁਕਨ ਤੋਂ ਬਣਦੀ ਹੈ । ਮੁਤੁਫਾਇਲੁਨ ਰੁਕਨ ਵਿਚ ਦੋ ਸਬਬ ਸਕੀਲ ਯਾਨੀ ਮੁਤਹੱਰਕ ਅੱਖਰ ਹਨ , ਜਿਨ੍ਹਾਂ ਦਾ ਪੰਜਾਬੀ ਵਿੱਚ ਉਚਾਰਨ ਮੁਸ਼ਕਲ ਹੁੰਦਾ ਹੈ । ਜੇ ਇਸ ਨੂ ਪੰਜਾਬੀ ਵਿੱਚ ਲਿਖਿਆ ਵੀ ਜਾਵੇ ਤਾਂ ਮੁਢਲੇ ਸ਼ਬਦ ਦੀਆਂ ਦੋ ਦੀਰਘ ਲਗਾਂ ਗਿਰਾਉਣੀਆਂ ਪੈਂਦੀਆਂ ਹਨ । ਕਾਮਿਲ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ ।
ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ
IISIS IISIS IISIS IISIS
ਬਹਿਰ ਰਜ਼ਜ ਅਤੇ ਬਹਿਰ ਕਾਮਿਲ ਨੂੰ ਯਾਦ ਕਰਨ ਵਾਸਤੇ--
"ਰਜਜ ਬਹਿਰ ਮੁਸਤਫ਼ਇਲੁਨ, ਇਸ ਦਾ ਰੁਕਨ ਪਛਾਣ,
ਮੁਤੁਫਾਇਲੁਨ ਰੁਕਨ ਹੈ, ਜੋ ਇਸ ਨੂੰ ਕਾਮਿਲ ਜਾਣ ।"
5. ਬਹਿਰ ਵਾਫਿਰ--
ਵਾਫ਼ਿਰ ਦਾ ਅਰਥ ਹੈ, ਅਧਿਕ ਜਾਂ ਵਾਧੂ । ਇਸ ਬਹਿਰ ਦਾ ਨਾਮ ਵਾਫ਼ਿਰ ਇਸ ਕਰ ਕੇ ਪਿਆ ਹੈ ਕਿ ਇਸ ਵਿੱਚ ਹਰਕਤਾਂ ਭਾਵ ਮੁਤਹੱਰਕ ਅੱਖਰਾਂ ਦੀ ਅਧਿੱਕ ਵਰਤੋਂ ਹੁੰਦੀ ਹੈ । ਮੁਫਾਇਲਤੁਨ ਸੱਤ ਅੱਖਰੀ ਰੁਕਨ ਵਿਚ ਪੰਜ ਮੁਤਹੱਰਕ ਅੱਖਰ ਹਨ , ਸਿਰਫ਼ ਦੋ ਅੱਖਰ ਹੀ ਸਾਕਿਨ ਹਨ । ਕੁਝ ਸਾਲ ਪਹਿਲਾਂ ਇਸ ਨੂੰ ਪੰਜਾਬੀ ਵਿੱਚ ਲਿਖਣਾ ਲੱਗਪੱਗ ਅਸੰਭਵ ਹੀ ਸਮਝਿਆ ਜਾਂਦਾ ਸੀ । ਇੱਥੋਂ ਤਕ ਕਿ ਉਸਤਾਦ ਦੀਪਕ ਜੈਤੋਈ ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਬਹਿਰ ਵਾਫ਼ਿਰ ਪੰਜਾਬੀ ਵਿੱਚ ਵਰਤਣੀ ਅਸੰਭਵ ਹੈ । ਪਰ ਅਸੀਂ ਤੇ ਸ਼ਾਇਰ ਦਵਿੰਦਰ ਪੂਨੀਆ ਨੇ ਸਫ਼ਲਤਾ ਸਹਿਤ ਏਸ ਬਹਿਰ ਨੂੰ ਪੰਜਾਬੀ ਵਿੱਚ ਨਿਭਾਇਆ ਹੈ । ਸ਼ਿਅਰਾਂ ਦੀ ਉਦਾਹਰਣਾਂ ਕਿਸੇ ਅਗਲੇ ਲੇਖ ਵਿਚ ਦਿਆਂਗੇ । ਬਹਿਰ ਵਾਫਿਰ ਮੁਫਾਇਲੁਤੁਨ ਰੁਕਨ ਤੋਂ ਬਣਦੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ ।
ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ
ISIIS ISIIS ISIIS ISIIS
"ਪੰਜਾਬੀ ਦੀ ਸ਼ਾਇਰੀ, ਇਸ ਤੋਂ ਹੈ ਅਣਜਾਣ,
ਮੁਫਇਲਤੁਨ ਦ ਰੁਕਨ ਹੈ, ਵਾਫਿਰ ਦੀ ਪਹਿਚਾਣ।"
ਪਹਿਲਾਂ ਬਿਆਨ ਕੀਤੀਆਂ ਪੰਜ ਬਹਿਰਾਂ ਸੱਤ ਅੱਖਰੀ ਰੁਕਨ ਤੋਂ ਬਣਦੀਆਂ ਹਨ । ਦੋ ਬਹਿਰਾਂ, ਬਹਿਰ ਮੁਤਕਾਰਿਬ ਅਤੇ ਬਹਿਰ ਮੁਤਦਾਰਿਕ ਪੰਜ ਅੱਖਰੀ ਰੁਕਨਾਂ ਤੋਂ ਬਣਦੀਆਂ ਹਨ , ਜਿਹੜੇ ਕਰਮਵਾਰ ਫਊਲੁਨ ਅਤੇ ਫਾਇਲੁਨ ਰੁਕਨ ਹਨ ।
6. ਬਹਿਰ ਮੁਤਕਾਰਿਬ
ਅਰਬੀ ਭਾਸ਼ਾ ਵਿੱਚ ਮੁਤਕਾਰਿਬ ਦਾ ਅਰਥ ਨੇੜੇ ਹੋਣਾ ਹੁੰਦਾ ਹੈ । ਪੰਜ ਅੱਖਰੀ ਰੁਕਨ ਫਊਲੁਨ ਤੋਂ ਬਹਿਰ ਮੁਤਕਾਰਿਬ ਬਣਦੀ ਹੈ । ਪੰਜ ਅੱਖਰੀ ਰੁਕਨ ਹੋਣ ਕਰਕੇ ਉਚਾਰਣ ਸਮੇਂ ਇਹ ਨੇੜੇ ਨੇੜੇ ਲਗਦੇ ਹਨ । ਇਸ ਕਰਕੇ ਇਸ ਬਹਿਰ ਦਾ ਨਾਮ ਮੁਤਕਾਰਿਬ ਪੈ ਗਿਆ । ਅਰਬੀ ਸ਼ਬਦ ਕੁਰਬ ਜਿਸਦਾ ਅਰਥ ਨਜ਼ਦੀਕ ਹੁੰਦਾ ਹੈ , ਇਸ ਤਰ੍ਹਾਂ ਹੀ ਕੁਰਬ ਤੋਂ ਕੁਰਬਤ ਬਣਿਆ, ਜਿਸਦਾ ਅਰਥ ਨੇੜਤਾ ਹੁੰਦਾ ਹੈ ਅਤੇ ਇਸ ਤੋਂ ਹੀ ਇਸ ਬਹਿਰ ਨੂੰ ਇਹ ਨਾਮ ਮਿਲਿਆ ਹੈ । ਇਸ ਬਹਿਰ ਦੀ ਬਣਤਰ --
ਫਊਲੁਨ ਫਊਲੁਨ ਫਊਲੁਨ ਫਊਲੁਨ
ISS ISS ISS ISS
ਇਸ ਨੂੰ ਯਾਦ ਰੱਖਣ ਵਾਸਤੇ-
"ਜੇਕਰ ਚਾਹੋਂ ਜਾਨਣੀ, ਮੁਤਕਾਰਿਬ ਦੀ ਚਾਲ,
ਮੁਤਕਾਰਿਬ ਜੋ ਬਹਿਰ ਹੈ, ਬਣਦੀ ਫਊਲੁਨ ਨਾਲ ।"
7 ਬਹਿਰ ਮੁਤਦਾਰਿਕ
ਅਰਬੀ ਭਾਸ਼ਾ ਵਿਚ ਮੁਤਦਾਰਿਕ ਦਾ ਅਰਥ ਮਿਲਣ ਵਾਲਾ ਹੁੰਦਾ ਹੈ । ਅਬੁਲ ਹਸਨ ਅਖ਼ਫ਼ਸ਼ ਨੇ ਇਸ ਨੂੰ ਖ਼ਲੀਲ ਬਿਨ ਅਹਿਮਦ ਤੋਂ ਬਾਦ ਈਜ਼ਾਦ ਕੀਤਾ ਅਤੇ ਇਸ ਤਰ੍ਹਾਂ ਇਹ ਬਹਿਰ ਖਲੀਲ ਬਿਨ ਅਹਿਮਿਦ ਦੀਆਂ ਈਜ਼ਾਦ ਕੀਤੀਆਂ ਬਹਿਰਾਂ ਨਾਲ ਮਿਲ ਗਈ । ਇਸੇ ਕਰਕੇ ਇਸ ਬਹਿਰ ਦਾ ਨਾਮ ਮੁਤਦਾਰਿਕ ਪੈ ਗਿਆ । ਇਸ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ ।
ਫਾਇਲੁਨ ਫਾਇਲੁਨ ਫਾਇਲੁਨ ਫਾਇਲੁਨ
SIS SIS SIS SIS
ਮੁਤਦਾਰਿਕ ਇਸ ਦਾ ਨਾਮ ਹੈ, ਏਨਾਂ ਰੱਖੋ ਖਿਆਲ,
ਬਣਦੀ ਫਾਇਲੁਨ ਰੁਕਨ ਤੋਂ, ਏਸ ਬਹਿਰ ਦੀ ਚਾਲ ।"
ਇਸ ਤਰ੍ਹਾਂ ਦੋਸਤੋ ਤੁਸੀਂ ਦੇਖ ਲਿਆ ਹੈ ਕਿ ਅਰੂਜ਼ ਦੀਆਂ ਸੱਤ ਮੁਫਰਦ ਬਹਿਰਾਂ ਇਕ ਇਕ ਰੁਕਨ ਤੋਂ ਬਣਦੀਆਂ ਹਨ । ਅੱਠਵਾਂ ਰੁਕਨ ਮਫ਼ਊਲਾਤ ਇਕੱਲਾ ਕੋਈ ਬਹਿਰ ਨਹੀ ਬਣਾਉਂਦਾ । ਮਫ਼ਊਲਾਤ ਦੂਸਰੇ ਰੁਕਨਾਂ ਦੇ ਨਾਲ ਮਿਲ ਕੇ ਮਰੱਕਬ ਬਹਿਰ ਬਣਾਉਂਦਾ ਹੈ । ਮੁਰੱਕਬ ਬਹਿਰ ਦਾ ਜ਼ਿਕਰ ਅੱਗੇ ਚੱਲ ਕੇ ਕਰਾਂਗੇ ।
ਕ੍ਰਿਸ਼ਨ ਭਨੋਟ
Labels:
ਅਰੂਜ਼
Subscribe to:
Post Comments (Atom)
ਬਹੁਤ ਵਧੀਆ ਬਾਈ ਜੀ
ReplyDeleteਪਰ ਇਹਨਾਂ ਵਜ਼ਨ ਕਿਵੇਂ ਕਰਨਾ ਹੈ ???
ਅਰਬੀ ਵਿੱਚ ਤਾਂ #ਸਾਕਿਨ #ਮੁਤਹੱਰਿਕ ਵਾਸਤੇ /0 ਵਰਤਿਆ ਜਾਂਦਾ ਹੈ
ਪਰ ਤੁਸੀਂ IS ਵਰਤਿਆ ਹੈ