..............
ਪਿਆਰੇ ਦੋਸਤੋ ਹੁਣ ਆਪਾਂ ਗ਼ਜ਼ਲ ਦੇ ਇਕ ਬਹੁਤ ਹੀ ਜ਼ਰੂਰੀ ਅੰਗ , ਕਾਫੀਏ ਬਾਰੇ ਵਿਚਾਰ ਕਰਦੇ ਹਾਂ । ਕਾਫ਼ੀਆ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਘੜੀ ਮੁੜੀ ਆਉਣਾ । ਕਾਫੀਆਂ ਆਪਣੇ ਨਾਮ ਅਨੁਸਾਰ ਹਰ ਸ਼ਿਅਰ ਵਿਚ ਆਉਂਦਾ ਹੈ । ਕਾਫ਼ੀਆ ਆਪਣੀ ਲੋੜ ਅਨੁਸਾਰ ਤੁਕ ਦੇ ਸ਼ੁਰੂ ਵਿਚ, ਵਿਚਾਲੇ ਜਾਂ ਅੰਤ ਵਿਚ ਕਿਤੇ ਵੀ ਆ ਸਕਦਾ ਹੈ । ਕਾਫ਼ੀਆ ਤੁਕ ਦੇ ਅੰਤ ਵਿਚ ਉਦੋਂ ਆਉਂਦਾ ਹੈ ਜਦੋਂ ਗ਼ਜ਼ਲ ਵਿਚ ਰਦੀਫ਼ ਨਾ ਹੋਵੇ । ਕਾਫੀਆ ਉਸ ਲਗ ਜਾਂ ਸਵਰ ਨੂੰ ਕਹਿੰਦੇ ਹਨ ਜਿਹੜੀ ਗਜ਼ਲ ਦੇ ਮਤਲੇ ਦੀਆਂ ਦੋਹਾਂ ਤੁਕਾਂ ਅਤੇ ਹਰ ਸ਼ਿਅਰ ਦੀ ਦੂਸਰੀ ਤਕ ਵਿਚ ਵਾਰ ਵਾਰ ਆਉਂਦੀ ਹੈ । ਦੁਹਰਾਈ ਜਾਣ ਵਾਲੀ ਇਹ ਲਗ ਜਾਂ ਸਵਰ ਸਥਾਈ ਹੁੰਦੀ ਹੈ । ਭਾਵ ਬਦਲਦੀ ਨਹੀ ਪ੍ਰੰਤੂ ਜਿਸ ਅੱਖਰ ਨਾਲ ਇਹ ਜੁੜਦੀ ਹੈ ਉਹ ਵਾਰ ਵਾਰ ਬਦਲ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਕਾਫੀਏ ਨੂੰ ਤੁਕਾਂਤ ਕਿਹਾ ਜਾਂਦਾ ਹੈ । ਕਾਫ਼ੀਆ ਅਸਲ ਵਿਚ ਇਕ ਸ਼ਬਦ ਅਲੰਕਾਰ ਹੈ ਜਿਸ ਨੂੰ ਅਨੁਪ੍ਰਾਸ ਅਲੰਕਾਰ ਕਹਿੰਦੇ ਹਨ । ਕਾਫੀਏ ਦਾ ਸ਼ਿਅਰ ਵਾਸਤੇ ਕੀ ਮਹੱਤਵ ਹੈ ...
"ਸ਼ਬਦਾਂ ਨੂੰ ਲੈਅ-ਬੱਧ ਕਰੇ, ਪੈਦਾ ਕਰਦੈ ਤਾਲ,
ਸ਼ਿਅਰਾਂ ਦੇ ਵਿਚ ਕਾਫੀਏ ਦਾ ਇਹ ਕ੍ਰਿਸ਼ਨ ਕਮਾਲ ।"
ਦਰਅਸਲ ਕਾਫੀਆ ਹੀ ਗ਼ਜ਼ਲ ਦੀ ਜਿੰਦ ਜਾਨ ਹੈ । ਕਾਫ਼ੀਆ ਹੀ ਸ਼ਿਅਰਾਂ ਨੂੰ ਸੰਗੀਤਆਤਕਮਕ ਬਣਾਉਂਦਾ ਹੈ । ਜੇ ਇਹ ਕਹਿ ਲਿਆ ਜਾਵੇ ਕਿ ਕਾਫ਼ੀਆ ਹੀ ਅਜੇਹਾ ਜਾਦੂ ਹੈ ਜੋ ਪਾਠਕਾਂ ਜਾਂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ । ਜਿਸ ਤਰ੍ਹਾਂ ਸਪੇਰੇ ਦੀ ਬੀਨ ਨਾਗ ਨੂੰ ਕੀਲੀ ਰੱਖਦੀ ਹੈ, ਇਸੇ ਤਰ੍ਹਾਂ ਕਾਫੀਏ ਦੀ ਸੰਗੀਤਆਤਮਕ ਧੁਨੀ ਪਾਠਕਾਂ ਜਾਂ ਸਰੋਤਿਆਂ ਨੂੰ ਮੰਤਰ-ਮੁਗਧ ਕਰੀ ਰੱਖਦੀ ਹੈ ।
ਅਰਬੀ ਫਾਰਸੀ ਵਾਲਿਆਂ ਨੇ ਕਾਫ਼ੀਏ ਬਾਰੇ ਬੜੇ ਨਿਯਮ ਬਣਾਏ ਹੋਏ ਹਨ । ਕਾਫ਼ੀਏ ਦੀ ਤਕਨੀਕ ਨੂੰ ਸਮਝਾਉਣ ਵਾਸਤੇ ਉਨਾਂ ਕੋਲ ਅਨੇਕਾਂ ਤਕਨੀਕੀ ਪਰਿਭਾਸ਼ਾਵਾਂ ਹਨ । ਉਰਦੂ ਭਾਸ਼ਾ ਵਿਚ ਵੀ ਕਾਫੀਏ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ । ਪਰ ਅਫ਼ਸੋਸ ਹੈ ਕਿ ਪੰਜਾਬੀ ਤੇ ਹਿੰਦੀ ਵਿਚ ਕਾਫੀਏ ਵਰਗੇ ਕਵਿਤਾ ਦੇ ਜਰੂਰੀ ਅੰਸ਼ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ । ਹਿੰਦੀ ਵਾਲੇ ਤਾਂ ਕਾਫ਼ੀਏ ਨੂੰ ਸ਼ਬਦ ਅਲੰਕਾਰ ਕਹਿ ਕੇ ਤਿਆਗ ਚੁੱਕੇ ਹਨ । ਕਾਫ਼ੀਏ ਦੀ ਇਸ ਅਣਗਹਿਲੀ ਕਰਕੇ ਹੀ ਗ਼ਜ਼ਲ ਹਿੰਦੀ ਵਿਚ ਏਨੀ ਹਰਮਨ ਪਿਆਰੀ ਨਹੀ ਹੋ ਸਕੀ , ਕਿਉਂ ਕਿ ਕਾਫ਼ੀਏ ਬਗੈਰ ਗ਼ਜ਼ਲ ਸੋਚੀ ਵੀ ਨਹੀ ਜਾ ਸਕਦੀ । ਇਹੀ ਕਾਰਨ ਹੈ ਕਿ ਮਰਹੂਮ ਦੁਸ਼ਯੰਤ ਕੁਮਾਰ ਤੋਂ ਮਗਰੋਂ ਹਿੰਦੀ ਭਾਸ਼ਾ ਵਿਚ ਕੋਈ ਵੀ ਨਾਮਵਰ ਗ਼ਜ਼ਲਗੋ ਪੈਦਾ ਨਹੀ ਹੋ ਸਕਿਆ ।
ਅਰਬੀ ਫਾਰਸੀ ਵਿਚ ਅਪਣਾਏ ਜਾਂਦੇ ਕਾਫ਼ੀਏ ਦੇ ਨਿਯਮ ਪੰਜਾਬੀ ਵਿਚ ਅਪਣਾਏ ਨਹੀ ਜਾ ਸਕਦੇ, ਕਿਉਂ ਕਿ ਪੰਜਾਬੀ ਭਾਸ਼ਾ ਦੀ ਬਣਤਰ, ਅਰਬੀ , ਫ਼ਾਰਸੀ ਭਾਸ਼ਾਵਾਂ ਵਰਗੀ ਨਹੀ । ਪੰਜਾਬੀ ਭਾਸ਼ਾ ਅਨੁਸਾਰ ਕਾਫ਼ੀਏ ਦੀਆਂ ਕੁਝ ਕੁ ਕਿਸਮਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ--
ਚੁਸਤ ਕਾਫ਼ੀਆ---
ਪੰਜਾਬੀ ਵਿਚ ਚੁਸਤ ਕਾਫ਼ੀਆ ਸਭ ਤੋਂ ਹਰਮਨ ਪਿਆਰਾ ਹੈ । ਚੁਸਤ ਕਾਫ਼ੀਆ ਉਸ ਨੂੰ ਕਹਿੰਦੇ ਹਨ, ਜਿਹੜੇ ਕਾਫ਼ੀਏ ਦਾ ਵਜ਼ਨ ਸਮਤੋਲ ਹੋਵੇ , ਭਾਵ ਸ਼ਬਦ ਬਰਾਬਰ ਵਜ਼ਨ ਦੇ ਹੋਣ, ਉਦਾਹਰਣ ਵਜੋਂ
"ਪਰ ਗਵਾਏ ਆਪਣੇ ਤੂੰ, ਹੁਣ ਪਰਾਂ ਦੀ ਕਰ ਤਲਾਸ਼,
ਪੰਛੀਆ ਉਡ ਆਲਣੇ ਚੋਂ, ਅੰਬਰਾਂ ਦੀ ਕਰ ਤਲਾਸ਼।"
(ਰਾਜਵੰਤ ਬਾਗੜੀ)
ਇਸ ਗ਼ਜ਼ਲ ਵਿਚ ਆਉਣ ਵਾਲੇ ਸਾਰੇ ਕਾਫ਼ੀਏ ਜਿਵੇਂ ਪਰਾਂ,ਅੰਬਰਾਂ, ਖੰਜਰਾਂ, ਮੁਸਾਫਰਾਂ, ਅਵਸਰਾਂ ਵਗੈਰਾ ਚੁਸਤ ਸ਼੍ਰੇਣੀ ਕਾਫ਼ੀਏ ਹਨ ।ਕਿਉਂ ਕਿ ਇਹ ਠਾਹ ਠਾਹ ਆਉਂਦੇ ਹਨ ।
ਸੁਸਤ ਕਾਫੀਆ--
ਕਈ ਵਾਰ ਸ਼ਾਇਰ ਕਿਸੇ ਇਕ ਗਲ ਜਾਂ ਸਵਰ ਨੂੰ ਹੀ ਕਾਫ਼ੀਏ ਵਜੋਂ ਵਰਤਦਾ ਹੈ । ਇਸ ਕਾਫ਼ੀਏ ਵਿਚ ਕਿਸੇ ਇਕ ਲਗ ਜਾਂ ਸਵਰ ਦੀ ਹੀ ਸਾਂਝ ਹੁੰਦੀ ਹੈ ਪਰ ਕਿਸੇ ਅੱਖਰ ਦੀ ਸਾਂਝ ਨਹੀ ਹੁੰਦੀ । ਇਸ ਤਰ੍ਹਾਂ ਇਸ ਕਾਫ਼ੀਏ ਨੂੰ ਸੁਸਤ ਕਾਫ਼ੀਆ ਕਿਹਾ ਜਾਂਦਾ ਹੈ । ਉਦਾਹਰਣ ਵਜੋਂ--
"ਪੱਥਰਾਂ ਦੇ ਸ਼ਹਿਰ ਵਿਚ ਇਕ ਆਦਮੀਂ,
ਚੁੱਕੀ ਫਿਰਦੈ ਤਿੜਕੀ ਹੋਈ ਜ਼ਿੰਦਗੀ ।"
ਕਿਉਂ ਕਿ ਇਸ ਕਾਫੀਏ ਵਿਚ ਸਿਰਫ ਬਿਹਾਰੀ ਦੀ ਸਾਂਝ ਹੈ । ਇਸ ਲਈ ਇਸ ਨੂੰ ਸੁਸਤ ਕਾਫ਼ੀਆ ਕਿਹਾ ਜਾਂਦਾ ।
ਵਿਕਟ ਕਾਫੀਆ---
ਵਿਕਟ ਕਾਫੀਆ ਉਸ ਨੂੰ ਆਖਦੇ ਹਨ ਜਿਸ ਵਿਚ ਵੱਖ ਵੱਖ ਵਜ਼ਨਾਂ ਦੇ ਸ਼ਬਦ ਵਰਤੇ ਜਾਂਦੇ ਜਾਣ । ਇਸ ਕਾਫ਼ੀਏ ਨੂੰ ਬੇ-ਮੇਲ ਕਾਫ਼ੀਆ ਵੀ ਕਿਹਾ ਜਾਂਦਾ ਹੈ । ਇਹ ਕਾਫ਼ੀਆ ਬਹੁਤ ਹਰਮਨ ਪਿਆਰਾ ਨਹੀ ।
ਕਾਫ਼ੀਆ ਮਮੂਲਾ---
ਜਦੋਂ ਕਿਸੇ ਸ਼ਿਅਰ ਵਿਚ ਕਾਫ਼ੀਆ ਤੇ ਰਦੀਫ ਮਿਲਕੇ ਇਕ ਹੀ ਸ਼ਬਦ ਬਣ ਜਾਣ ਤਾਂ ਉਸ ਨੂੰ ਕਾਫ਼ੀਆ ਮਮੂਲਾ ਕਿਹਾ ਜਾਂਦਾ ਹੈ । ਆਮ ਤੌਰ ਤੇ ਅਜੇਹੇ ਕਾਫ਼ੀਏ ਨੁੰ ਦੋਸ਼ ਜਾਂ ਐਬ ਗਿਣਿਆ ਜਾਂਦਾ ਹੈ । ਪਰ ਉਸਤਾਦ ਸ਼ਾਇਰਾਂ ਨੇ ਗ਼ਜ਼ਲ ਵਿਚ ਕਾਫ਼ੀਆ ਮਮੂਲਾ ਵਰਤਣ ਦੀ ਇਜ਼ਾਜਤ ਦਿੱਤੀ ਹੋਈ ਹੈ । ਕਾਫ਼ੀਏ ਮਮੂਲੇ ਦੀ ਇਕ ਮਿਸਾਲ ਦੇਣੀ ਲਾਹੇਵੰਦ ਹੋਵੇਗੀ ਤਾਂ ਕਿ ਤੁਹਾਨੂੰ ਕਾਫੀਏ ਮਮੂਲੇ ਦੀ ਪਛਾਣ ਹੋ ਸਕੇ ।
"ਹਨ ਸੂਲੀਆਂ ਸਲੀਬਾਂ, ਹਰ ਮੋੜ, ਹਰ ਗਲੀ ਤੇ ।
ਅਹੁ ਸਰਫਰੋਸ਼ ਨਿਕਲੇ ਸਿਰ ਰੱਖ ਕੇ ਤਲੀ ਤੇ ।
ਗੰਭੀਰ ਚੁੱਪ ਦਿੰਦੀ, ਤੁਫਾਨ ਦਾ ਪਤਾ ਹੈ,
ਹੁਣ ਹੋਣਗੇ ਧਮਾਕੇ ਲਉ ਸੁਲਘ ਗਏ ਪਲੀਤੇ ।"
(ਅਜ਼ਾਇਬ ਚਿਤ੍ਰਕਾਰ)
ਉਪਰੋਕਤ ਗ਼ਜ਼ਲ ਦੇ ਮਤਲੇ ਅਤੇ ਸ਼ਿਅਰ ਵਿਚ ਮਰਹੂਮ ਸ਼ਾਇਰ ਅਜ਼ਾਇਬ ਚਿਤਰਕਾਰ ਜੀ ਨੇ ਕਾਫ਼ੀਆ ਗਲੀ ਅਤੇ ਤਲੀ ਵਰਤਿਆ ਹੈ ਅਤੇ ਸ਼ਬਦ 'ਤੇ' ਰਦੀਫ਼ ਵਜੋਂ ਲਿਆ ਹੈ । ਪਰ ਉਹਨਾਂ ਦੇ ਅਗਲੇ ਸ਼ਿਅਰ ਵਿਚ ਕਾਫੀਆ ਅਤੇ ਰਦੀਫ ਰਲ਼ ਕੇ ਇਕ ਸ਼ਬਦ 'ਪਲੀਤੇ' ਬਣਾ ਰਹੇ ਹਨ । ਇਸ ਤਰਾਂ ਦੇ ਕਾਫੀਏ ਨੂੰ ਕਾਫੀਆ ਮਮੂਲਾ ਕਿਹਾ ਜਾਂਦਾ ਜਿਸ ਵਿਚ ਕਾਫੀਆ ਤੇ ਰਦੀਫ਼ ਦੋਨੋ ਰਲ਼ ਕੇ ਇਕ ਸ਼ਬਦ ਬਣ ਜਾਵੇ ।
ਕਾਫ਼ੀਏ ਦੀ ਅਦਾ---
ਇਹ ਅਸਲ ਵਿਚ ਇਕ ਕਾਵਿਕ ਗੁਣ ਹੈ ਜਦੋਂ ਕਾਫ਼ੀਆ ਮਹਿਬੂਬ ਵਾਂਗ ਕਲੋਲ ਕਰੇ , ਅਦਾ ਦਿਖਾਵੇ, ਨਖ਼ਰੇ ਕਰੇ ਤਾਂ ਉਸ ਕਾਫ਼ੀਏ ਨੂੰ ਕਾਫੀਏ ਦੀ ਅਦਾ ਕਿਹਾ ਜਾਂਦਾ । ਇਸ ਕਿਸਮ ਦਾ ਕਾਫ਼ੀਆ ਪਹਿਲੇ ਕਾਫ਼ੀਆ ਮਮੂਲਾ ਨਾਲੋਂ ਬਿਲਕੁਲ ਉਲਟ ਹੁੰਦਾ ਹੈ । ਜਦੋਂ ਕਿਸੇ ਸ਼ਿਅਰ ਵਿਚ ਕਾਫੀਏ ਨੂੰ ਇਸ ਤਰਾਂ ਦੋ ਹਿੱਸਿਆਂ ਵਿਚ ਤੋੜਿਆ ਜਾਵੇ ਕਿ ਪਹਿਲਾ ਸ਼ਬਦ ਕਾਫ਼ੀਆ ਲੱਗੇ ਤੇ ਦੂਜ਼ਾ ਰਦੀਫ਼, ਅਜਿਹੇ ਕਾਫ਼ੀਏ ਨੂੰ ਕਾਫੀਏ ਦੀ ਅਦਾ ਕਿਹਾ ਜਾਂਦਾ । ਜੇ ਉਪਰੋਕਤ ਅਜ਼ਾਇਬ ਚਿਤਰਕਾਰ ਜੀ ਦੀ ਗ਼ਜ਼ਲ ਵਿਚ ਪਲੀਤੇ, ਕੁਨੀਤੇ ਹੋਵੇ ਤਾਂ ਪਲੀਤੇ ਨੂੰ ਤੋੜ ਕੇ ਸ਼ਾਇਰ ਪਲੀ ਤੇ ਬੰਨ ਦੇਵੇ ਤਾਂ ਇਹ ਕਾਫੀਏ ਦੀ ਅਦਾ ਕਿਹਾ ਜਾਵੇਗਾ । ਅਤੇ ਇਹ ਸ਼ਾਇਰ ਦੀ ਉਸਤਾਦੀ ਮੰਨਿਆ ਜਾਵੇਗਾ ।
ਯਕ ਕਾਫ਼ੀਆ---
ਜਦੋਂ ਕਿਸੇ ਗ਼ਜ਼ਲ ਦੇ ਸਾਰੇ ਸ਼ਿਅਰਾਂ ਵਿਚ ਸ਼ਾਇਰ ਇਕੋ ਹੀ ਕਾਫ਼ੀਆ ਵਰਤੇ ਅਜੇਹੇ ਕਾਫੀਏ ਨੂੰ ਯਕ ਕਾਫ਼ੀਆ ਕਿਹਾ ਜਾਂਦਾ । ਅਜੇਹੇ ਕਾਫ਼ੀਏ ਤਾਂ ਸਿਰਫ਼ ਸ਼ਾਇਰ ਆਪਣੇ ਉਸਤਾਦੀ ਦਿਖਾਉਣ ਵਾਸਤੇ ਹੀ ਵਰਤਦੇ । ਹਰ ਸ਼ਿਅਰ ਵਿਚ ਇਕ ਹੀ ਕਾਫ਼ੀਆ ਵਰਤਣਾ ਪਾਠਕ ਅਤੇ ਸਰੋਤਿਆਂ ਵਾਸਤੇ ਬੋਰੀਅਤ ਦਾ ਕਾਰਣ ਬਣਦਾ ਹੈ । ਇੱਕ ਹੀ ਕਾਫ਼ੀਆ ਜੇ ਅਨੇਕਾਂ ਸ਼ਿਅਰਾਂ ਵਿਚ ਵੱਖ ਵੱਖ ਅਰਥਾਂ ਦੇ ਤਹਿਤ ਵਰਤਿਆ ਜਾਵੇ ਤਾਂ ਜ਼ਾਇਜ਼ ਮੰਨਿਆ ਜਾਂਦਾ ਹੈ, ਪਰ ਅਜਿਹਾ ਘੱਟ ਹੀ ਹੁੰਦਾ ਹੈ ਕਿਉਂ ਕਿ ਕਾਫ਼ੀਏ ਦੇ ਕਿੰਨੇ ਕੁ ਅਰਥ ਹੋ ਸਕਦੇ ਹਨ ।
ਦੂਹਰਾ ਕਾਫ਼ੀਆ--
ਕਈ ਸ਼ਾਇਰ ਆਪਣੀ ਗ਼ਜ਼ਲ ਵਿਚ ਇਕ ਦੀ ਥਾਂ ਦੋ ਕਾਫ਼ੀਏ ਵਰਤਦੇ ਹਨ । ਕਈ ਵਾਰ ਇੱਕੋ ਕਾਫ਼ੀਏ ਨੂੰ ਦੁਹਰਾਇਆ ਜਾਂਦਾ ਹੈ । ਜਿਵੇ ਕਰਦਿਆਂ ਕਰਦਿਆਂ ਦੇ ਨਾਲ ਭਰਦਿਆਂ ਭਰਦਿਆਂ ਵਗੈਰਾ । ਕਾਫ਼ੀਏ ਨਿਭਾਉਣਾ ਸ਼ਾਇਰ ਦੀ ਆਪਣੀ ਕਾਰੀਗਰੀ ਵੀ ਹੈ ਤੇ ਮਰਜ਼ੀ ਵੀ । ਜੋ ਕੋਈ ਸ਼ਾਇਰ ਆਪਣਿਆਂ ਸ਼ਿਅਰਾਂ ਵਿਚ ਸਫ਼ਲਤਾ ਸਹਿਤ ਦੂਹਰਾ ਕਾਫ਼ੀਆ ਨਿਭਾਵੇ ਤਾਂ ਹੀ ਗ਼ਜ਼ਲ ਦੀ ਖ਼ੂਬਸੂਰਤੀ ਪੈਦਾ ਕਰ ਸਕਦਾ ਹੈ ਨਹੀ ਤਾਂ ਨਹੀਂ ।
ਰਹਫ਼-ਇ-ਰਵੀ ਜਾਂ ਮੂਲ ਅੱਖਰ---------
ਹੁਣ ਆਪਾਂ ਹਰਫ਼-ਇ-ਰਵੀ ਜਾਂ ਮੂਲ ਅੱਖਰ ਦੀ ਪਛਾਣ ਕਰਾਂਗੇ । ਕਾਫੀਏ ਦੇ ਨਾਲ ਵਾਰ ਵਾਰ ਆਉਣ ਵਾਲੀ ਸਥਾਈ ਲਗ ਜਾਂ ਸਵਰ ਨੂੰ ਅਰੂਜ਼ੀ ਪਰਿਭਾਸ਼ਾ ਵਿਚ ਹਰਫ਼-ਇ-ਰਵੀ ਜਾਂ ਮੂਲ ਅੱਖਰ ਕਿਹਾ ਜਾਂਦਾ ਹੈ । ਅਰਬੀ ਭਾਸ਼ਾ ਵਿਚ ਰਵੀ ਦਾ ਸ਼ਾਬਦਿਕ ਅਰਥ ਉਹ ਰੱਸੀ ਹੁੰਦਾ ਹੈ ਜਿਸ ਨਾਲ ਊਠ ਦੀ ਪਿੱਠ ਤੇ ਸਮਾਨ ਬੰਨਿਆਂ ਜਾਂਦਾ ਹੈ ।ਗ਼ਜ਼ਲ ਵਿਚ ਕਾਫ਼ੀਏ ਦਾ ਕੰਮ ਵੀ ਗ਼ਜ਼ਲ ਨੂੰ ਬੰਨ੍ਹ ਕੇ ਰੱਖਣਾ ਹੀ ਹੁੰਦਾ ਹੈ । ਸ਼ਾਇਦ ਇਸੇ ਕਰਕੇ ਹੀ ਕਾਫੀਏ ਦੀ ਸਥਾਈ ਲਗ ਜਾਂ ਸਵਰ ਨੂੰ ਰਵੀ ਕਿਹਾ ਜਾਂਦਾ ਹੈ । ਮੂਲ ਅੱਖਰ ਤੋਂ ਬਾਦ ਆਉਣ ਵਾਲੇ ਅੱਖਰ ਨੂੰ ਰਦੀਫ਼ ਕਿਹਾ ਜਾਂਦਾ ਹੈ । ਆਉ ਮੂਲ ਅੱਖਰ ਦੀ ਪਛਾਣ ਕਰੀਏ -
"ਕਿਵੇਂ ਪਹੁੰਚੇ ਮਨਾਂ ਤਕ ਰੌਸ਼ਨੀ, ਚਾਨਣ ਕਿਵੇਂ ਹੋਵੇ,
ਮਨਾਂ ਦੇ ਬੰਦ ਬੂਹਿਆਂ ਵਿਚ ਦੀ, ਚਾਨਣ ਕਿਵੇਂ ਹੋਵੇ । "
ਇਸ ਗ਼ਜ਼ਲ ਵਿਚ ਕਾਫੀਆ ਰੌਸ਼ਨੀ, ਵਿੱਚਦੀ, ਸੰਦਲੀ, ਚਾਨਣੀ ਵਗੈਰਾ ਹੈ, ਤੇ ਮੂਲ ਅੱਖਰ ਦੀਰਘ ਲਗ ਬਿਹਾਰੀ ਹੈ, ਜੋ ਕਿ ਸਥਾਈ ਹੈ ਅਤੇ ਇਹ ਬਾਰ ਬਾਰ ਕਾਫੀਏ ਵਾਸਤੇ ਆਉਣ ਵਾਲੇ ਅੱਖਰ ਨਾਲ ਲਗ ਜਾਂਦੀ ਹੈ । ਕਾਫੀਏ ਦਿ ਅੱਖਰ ਸ, ਚ, ਨ, ਦ ਵਗੈਰਾ ਬਦਲਦੇ ਰਹਿੰਦੇ ਹਨ ਪਰ ਬਿਹਾਰੀ ਨਹੀ ਬਦਲਦੀ । ਇਸ ਤਰ੍ਹਾਂ ਬਿਹਾਰੀ ਇਸ ਗ਼ਜ਼ਲ ਦਾ ਮੂਲ ਅੱਖਰ ਹੈ ।
"ਜੋ ਵੀ ਹੋਵੇ ਕਰ ਗੁਜ਼ਰਨਾ ਚਾਹੀਦੈ,
ਜ਼ਿੰਦਗੀ ਦਾ ਰਾਹ ਸੰਵਰਨਾ ਚਾਹੀਦੈ ।"
ਇਸ ਵਿਚ ਕਾਫ਼ੀਆ ਗੁਜ਼ਰਨਾ, ਸੰਵਰਨਾ, ਉਤਰਨਾ, ਉਸਰਨਾ ਵਗੈਰਾ ਹਨ । ਇਸ ਵਿਚ 'ਰ' ਮੁਕਤਾ ਮੂਲ ਅੱਖਰ ਹੈ । ਮੂਲ ਅੱਖਰ ਨਾਲੋਂ ਪਹਿਲਾਂ ਆਉਣ ਵਾਲੇ ਸਾਰੇ ਅੱਖਰ ਬਦਲਦੇ ਹਨ, ਪਰ ਮੁਕਤਾ ਅੱਖਰ 'ਰ' ਸਥਾਈ ਹੈ , ਭਾਵ ਨਹੀ ਬਦਲਦਾ ।
ਰਦੀਫ਼---
ਪਿਆਰੇ ਦੋਸਤੋ ਹੁਣ ਆਪਾਂ ਗ਼ਜ਼ਲ ਦੇ ਇਕ ਹੋਰ ਅੰਸ਼ ਰਦੀਫ਼ ਬਾਰੇ ਵਿਚਾਰ ਕਰਦੇ ਹਾਂ । ਰਦੀਫ਼ ਉਸ ਸ਼ਬਦ ਨੂੰ ਜਾ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸ਼ਿਅਰ ਵਿਚ ਕਾਫ਼ੀਏ ਤੋਂ ਮਗਰੋਂ ਵਾਰ ਵਾਰ ਆਉਂਦੇ ਹਨ । ਰਦੀਫ ਨੂੰ ਪੰਜਾਬੀ ਵਿਚ ਦੁੱਮ-ਛੱਲਾ ਜਾ ਪਿੱਛ-ਲਗ ਵੀ ਕਹਿ ਲਿਆ ਜਾਂਦਾ ਹੈ । ਖ਼ੂਬਸੂਰਤ ਰਦੀਫ ਵੀ ਗ਼ਜ਼ਲ ਵਿਚ ਖ਼ੂਬਸੂਰਤੀ ਪੈਦਾ ਕਰਦੇ ਹਨ । ਰਦੀਫ ਦੇ ਸ਼ਬਦਾਂ ਦੀ ਗਿਣਤੀ ਨਿਸ਼ਚਿਤ ਨਹੀ, ਰਦੀਫ ਇਕ ਸ਼ਬਦ ਦੀ ਵੀ ਹੁੰਦੀ ਤੇ ਅਨੇਕਾਂ ਸ਼ਬਦਾਂ ਦੀ ਵੀ । ਰਦੀਫ ਗ਼ਜ਼ਲ ਦਾ ਜਰੂਰੀ ਅੰਗ ਨਹੀ । ਰਦੀਫ਼ ਤੋਂ ਬਿਨਾਂ ਵੀ ਗ਼ਜ਼ਲ ਕਹੀ ਜਾ ਸਕਦੀ । ਰਦੀਫ ਨਿਭਾਉਣਾ ਸ਼ਾਇਰ ਦੀ ਆਪਣੀ ਖ਼ੂਬੀ ਹੁੰਦੀ ।
ਪਿਆਰੇ ਦੋਸਤੋ ਆਪਾਂ ਸ਼ਿਅਰ, ਮਤਲਾ, ਮਕਤਾ, ਕਾਫ਼ੀਆ, ਰਦੀਫ, ਮੂਲ ਅੱਖਰ ਬਾਰੇ ਚਰਚਾ ਕਰ ਲਈ ਹੈ । ਮੇਰਾ ਖਿਆਲ ਹੈ ਗ਼ਜ਼ਲ ਦੀ ਬਣਤਰ ਬਾਰੇ ਤੁਸੀਂ ਸਮਝ ਗਏ ਹੋਵੇਂਗੇ । ਜੇ ਕੋਈ ਗਲ ਸਮਝਣ ਤੋਂ ਉੱਕ ਗਏ ਹੋਵੋਂ ਤਾਂ ਪਰਸਨਲ ਤੌਰ ਤੇ ਸੰਪਰਕ ਕਰ ਸਕਦੇ ਹੋ ।
ਕ੍ਰਿਸ਼ਨ ਭਨੋਟ
No comments:
Post a Comment