"ਸਾਡਾ ਅਪਣਾ ਕੁਛ ਨਹੀ, ਚਿੰਤਨ ਸੋਚ ਖ਼ਿਆਲ,
ਇਹ ਤਾਂ ਕ੍ਰਿਸ਼ਨ ਵਿਰਾਸਤਾਂ, ਤੁਰੀਆਂ ਅਪਣੇ ਨਾਲ ।"
ਪਿਆਰੇ ਦੋਸਤੋ ਪੰਜਾਬੀ ਵਿੱਚ ਅੱਜ-ਕੱਲ ਅਰੂਜ਼ ਸਬੰਧੀ ਅਨੇਕਾਂ ਪੁਸਤਕਾਂ ਉਪਲਬਧ ਹਨ । ਅਨੇਕਾਂ ਉਸਤਾਦ ਸ਼ਾਇਰਾਂ ਅਤੇ ਅਰੂਜ਼ੀਆਂ ਨੇ ਆਪਣੇ ਆਪਣੇ ਢੰਗ ਨਾਲ ਅਰੂਜ਼ੀ ਪਰਿਭਾਸ਼ਾਵਾਂ ਨੂੰ ਸਰਲ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਦਰਅਸਲ ਅਰੂਜ਼ ਸਬੰਧੀ ਗਿਆਨ ਸਾਡੇ ਪੁਰਖ਼ਿਆਂ ਰਾਹੀਂ ਸਾਡੇ ਤੀਕ ਪਹੁੰਚਿਆ ਹੈ । ਭਾਵੇਂ ਕਿ ਅਰੂਜ਼ ਦੀਆਂ ਸਾਰੀਆਂ ਪਰਿਭਾਸ਼ਾਵਾਂ ਅਰਬੀ ਵਿੱਚ ਹਨ ਪਰ ਇਹ ਇਲਮ ਪੰਜਾਬੀ ਵਿੱਚ ਏਨ੍ਹਾਂ ਹਰਮਨ ਪਿਆਰਾ ਹੋ ਚੁੱਕਿਆ ਹੈ ਕਿ ਬਹੁਤ ਸਾਰੇ ਸ਼ਾਇਰ ਆਪਣੇ ਆਪਣੇ ਢੰਗ ਨਾਲ ਇਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਇੱਕ ਗੱਲ ਅਸੀਂ ਤੁਹਾਨੂੰ ਸਪਸ਼ਟ ਕਰ ਦੇਣੀ ਚਹੁੰਦੇ ਹਾਂ ਕਿ ਅੱਜ ਤੱਕ ਸਾਡੇ ਸਾਰੇ ਉਸਤਾਦ ਸ਼ਾਇਰਾਂ ਜਾਂ ਅਰੂਜ਼ੀਆਂ ਨੇ ਇਲਮ ਅਰੂਜ਼ ਦੀ ਆਪਣੇ ਆਪਣੇ ਢੰਗ ਨਾਲ ਸਿਰਫ਼ ਵਿਆਖਿਆ ਹੀ ਕੀਤੀ ਹੈ, ਅਰੂਜ਼ ਵਿੱਚ ਕੋਈ ਨਵਾਂ ਵਾਧਾ ਨਹੀ ਕੀਤਾ, ਕੋਈ ਵੀ ਨਵੀਂ ਬਹਿਰ ਈਜਾਦ ਨਹੀ ਕੀਤੀ ਅਤੇ ਨਾ ਹੀ ਕੋਈ ਨਵੀਂ ਪਰਿਭਾਸ਼ਾ ਸਿਰਜੀ ਹੈ । ਏਨੇ ਤਜ਼ਰਬੇ ਜਰੂਰ ਹੋਏ ਹਨ ਕਿ ਕੁਝ ਅਣ-ਵਰਤੀਆਂ ਬਹਿਰਾਂ ਨੂੰ ਪੰਜਾਬੀ ਵਿੱਚ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕੋਈ ਵੱਡਾ ਤੋਂ ਵੱਡਾ ਅਰੂਜ਼ੀ ਵੀ ਇਹ ਦਾਅਵਾ ਨਹੀ ਕਰ ਸਕਦਾ ਕਿ ਉਸ ਨੇ ਅਰੂਜ਼ ਵਿੱਚ ਕੋਈ ਵਾਧਾ ਕੀਤਾ ਹੈ । ਹਾਲੇ ਵੀ ਅਨੇਕਾਂ ਬਹਿਰਾਂ ਦੇ ਅਨੇਕਾਂ ਅਜਿਹੇ ਰੂਪ ਹਨ ਜਿਹੜੇ ਕਿਸੇ ਵੀ ਸ਼ਾਇਰ ਵੱਲੇ ਅਜ਼ਮਾਏ ਨਹੀ ਗਏ । ਦਰਅਸਲ ਇਹ ਇਲਮ-ਅਰੂਜ਼ ਏਨ੍ਹਾਂ ਮੁਕੰਮਲ ਹੈ ਕਿ ਇਸ ਵਿੱਚ ਕੋਈ ਨਵੇ ਵਾਧੇ ਦੀ ਗੁੰਜਾਇਸ਼ ਹੀ ਨਹੀ ਹੈ ।
ਕੁਛ ਸ਼ਾਇਰਾਂ ਤੇ ਅਰੂਜ਼ੀਆਂ ਨੇ ਅਰੂਜ਼ ਦੇ ਰੁਕਨਾਂ ਅਤੇ ਬਹਿਰਾਂ ਦੇ ਨਵੇਂ ਨਾਂ ਘੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ । ਪਰ ਇਹ ਕੋਸ਼ਿਸ਼ ਕੋਈ ਬਹੁਤੀ ਸਾਰਥਿਕ ਨਹੀ ਕਹੀ ਜਾ ਸਕਦੀ , ਕਿਉਂ ਕਿ ਅੱਜ ਤੀਕ ਕੋਈ ਵੀ ਅਰੂਜ਼ੀ ਸਾਰੀਆਂ ਬਹਿਰਾਂ ਤੇ ਅਰੂਜ਼ ਦੇ ਅਫਾਈਲ ਬਾਰੇ ਕੋਈ ਬਦਲ ਨਹੀ ਪੇਸ਼ ਕਰ ਸਕਿਆ । ਅਰੂਜ਼ ਦੇ ਸਾਲਮ ਅੱਠ ਰੁਕਨਾਂ ਤੇ ਉਨ੍ਹਾਂ ਦੇ ਜ਼ਿਹਾਫੇ ਰੂਪਾਂ ਦੇ ਕੁਲ ਪੰਜਾਹ ਕੁ ਅਫਾਈਲ ਬਣ ਜਾਂਦੇ ਹਨ ।
ਅਜੇਹੀ ਕੋਸ਼ਿਸ਼ ਸਿਰਫ਼ ਪੰਜਾਬੀ ਤੀਕ ਹੀ ਸੀਮਤ ਨਹੀ ਸਗੋਂ ਕਈ ਉਰਦੂ ਸ਼ਾਇਰਾਂ ਤੇ ਅਰੂਜ਼ੀਆਂ ਨੇ ਵੀ ਅਜੇਹੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਹਨ । ਜਿਨ੍ਹਾਂ ਲੋਕਾਂ ਨੇ ਪੰਜਾਬੀ ਵਿੱਚ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਹਨ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰਦੇ ਹਾਂ ।
ਡਾ: ਐਸ ਤਰਸੇਮ ਨੇ ਬਹਿਰਾਂ ਦੇ ਦੇਸੀ ਨਾਵਾਂ ਦਾ ਪੂਰਾ ਸਿਲਸਿਲਾ ਆਪਣੇ ਢੰਗ ਨਾਲ ਦਰਸਾਇਆ ਹੈ । ਮਰਹੂਮ ਪ੍ਰਿੰਸੀਪਲ ਤਖ਼ਤ ਸਿੰਘ ਫਾਇਲਾਤੁਨ ਰੁਕਨ ਨੂੰ ਡਮ ਡਮਾ ਡਮ ਅਤੇ ਮਫ਼ਊਲਨ ਨੂੰ ਡਮ ਡਮ ਡਮ ਕਹਿਣਾ ਪਸੰਦ ਕਰਦੇ ਸਨ । ਇਸੇ ਤਰ੍ਹਾਂ ਸਵਰਗੀ ਮਹਿੰਦਰ ਮਾਨਵ, ਫਾਇਲਾਤੁਨ ਰੁਕਨ ਨੂੰ ਕਾਵਿ-ਸਾਗਰ ਅਤੇ ਮੁਫਾਈਲੁਨ ਰੁਕਨ ਨੂੰ ਕਲਾ-ਕਾਰੀ ਸ਼ਬਦਾਂ ਨਾਲ ਪ੍ਰਚਲਤ ਕਰਨਾ ਚਾਹੁੰਦੇ ਸਨ । ਇਹ ਸਾਰੇ ਸ਼ਬਦ ਕਲਪਤ ਸ਼ਬਦ ਹਨ, ਅਜੇਹੇ ਕਲਪਤ ਸ਼ਬਦਾਂ ਦੇ ਕਰਕੇ ਹੀ ਪਿੰਗਲ ਅਰੂਜ਼ ਦੇ ਮੁਕਾਬਲੇ ਹਰਮਨ ਪਿਆਰਾ ਨਹੀ ਹੋ ਸਕਿਆ । ਜੇ ਅਸੀਂ ਅਜੇਹੇ ਕਲਪਤ ਸ਼ਬਦ ਹੀ ਚੇਤੇ ਰੱਖਣੇ ਹਨ ਤਾਂ ਸਾਡਾ ਆਪਣਾ ਕਹੇ ਜਾਣ ਵਾਲੇ ਪਿੰਗਲ ਵਿੱਚ ਕੀ ਬੁਰਾਈ ਹੈ । ਇਨ੍ਹਾਂ ਅਰੂਜ਼ੀਆਂ ਨੇ ਕੁਝ ਬਹਿਰਾਂ ਜਾਂ ਰੁਕਨਾਂ ਦੇ ਨਾਂ ਤਾਂ ਘੜ ਲਏ, ਪਰ ਕੀ ਇਨ੍ਹਾਂ ਨਾਲ ਕੰਮ ਚੱਲ ਜਾਏਗਾ , ਇਨ੍ਹਾਂ ਸ਼ਬਦਾਂ ਦਾ ਵਿਆਕਰਣਕ ਅਧਾਰ ਕੀ ਹੈ ।
ਅਰੂਜ਼ ਦੇ ਬਾਨੀ ਖਲੀਲ ਬਿਨ ਅਹਿਮਦ ਨੇ ਵਿਆਕਰਣ ਅਨੁਸਾਰ ਅਰਬੀ ਭਾਸ਼ਾ ਦੇ ਅੱਖਰ ਫੇ-ਐਨ, ਲਾਮ ਦੇ ਨਾਲ ਕੁਝ ਹੋਰ ਅੱਖਰ ਜੋੜ ਕੇ ਰੁਕਨ ਬਣਾਏ ਸਨ । ਹਰੇਕ ਅਫਾਈਲ ਵਿੱਚ ਫੇ,ਐਨ,ਲਾਮ ਯਾਨੀ ਕਿ ਫਿਅਲ ਵਿੱਚੋਂ ਤਿੰਨੇ ਅੱਖਰ ਜਾਂ ਘੱਟੋ ਘੱਟ ਇੱਕ ਅੱਖਰ ਜ਼ਰੂਰ ਵਰਤਿਆ ਜਾਂਦਾ ਹੈ । ਇਹ ਸਾਰੇ ਰੁਕਨ ਇਨ੍ਹਾਂ ਰੁਕਨਾਂ ਵਿੱਚ ਵਰਤੇ ਮੁਤਹੱਰਕ ਤੇ ਸਾਕਿਨ ਅੱਖਰਾਂ ਦੀ ਤਰਤੀਬ ਵੱਲ ਇਸ਼ਾਰਾ ਕਰਦੇ ਹਨ ।
ਇਸ ਗੱਲ ਵਿੱਚ ਕੋਈ ਸੰਦੇਹ ਨਹੀ ਕਿ ਈਰਾਨ ਅਤੇ ਭਾਰਤ ਵਿੱਚ ਹੁਣ ਤੱਕ ਜੋ ਅਰੂਜ਼ ਦੇ ਗ੍ਰੰਥ ਰਚੇ ਗਏ ਹਨ, ਇਨ੍ਹਾਂ ਵਿੱਚ ਕੋਈ ਨਵੀਨਤਾ ਨਹੀ । ਇਨ੍ਹਾਂ ਗ੍ਰੰਥਾਂ ਦੇ ਵਿਸ਼ੇ ਇੰਨੇ ਰੁੱਖੇ ਤੇ ਸ਼ੈਲੀ ਅਜੇਹੀ ਉਲਝੀ ਹੋਈ ਹੈ ਕਿ ਇਨ੍ਹਾਂ ਕਿਤਾਬਾਂ ਨੂੰ ਪੜ੍ਹਨਾਂ ਤਾਂ ਕੀ ਦੇਖਣ ਨੂੰ ਵੀ ਜੀ ਨਹੀ ਕਰਦਾ । ਇਨ੍ਹਾਂ ਵਿੱਚ ਜਿਹਾਫ਼ਾਂ ਦੀਆਂ ਪੇਚੀਦਾ ਗੁੰਝਲਾਂ ਤੇ ਪਰਿਭਾਸ਼ਿਕ ਅਰਬੀ ਸ਼ਬਦਾਂ ਦੀ ਭਰਮਾਰ, ਪਾਠਕਾਂ ਦਾ ਸਾਰਾ ਸੁਆਦ ਮਾਰ ਦਿੰਦੀਆਂ ਹਨ । ਸੋ ਇਸ ਉੱਤਮ ਵਿੱਦਿਆ ਤੋਂ ਜੋ ਥੋੜਾ ਬਹੁਤ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹ ਸੱਭ ਖ਼ਤਮ ਹੋ ਜਾਂਦਾ ਹੈ । ਜ਼ਿਹਾਫਾਂ ਵਾਲੀਆਂ ਬਹਿਰਾਂ ਦੇ ਪਰਿਭਾਸ਼ਿਕ ਨਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਜਾ ਸਕਦੀਆਂ ਹਨ ਅਤੇ ਜਿਨ੍ਹਾਂ ਦਾ ਛੱਡ ਦੇਣਾ ਹੀ ਬਿਹਤਰ ਹੈ, ਇਹ ਚਿਰਕਾਲ ਤੋਂ ਅਰੂਜ਼ ਦਾ ਅੰਗ ਬਣੀਆਂ ਹੋਈਆਂ ਹਨ , ਇਸ ਤਰ੍ਹਾਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਔਖਾ ਹੈ । ਸੱਯਦ ਇਨਸ਼ਾ ਨੇ ਦਰਿਆਏ ਲਤਾਫ਼ਤ ਵਿੱਚ ਬਹਿਰਾਂ ਦੇ ਅਰਬੀ ਰੁਕਨਾਂ (ਗਣਾਂ) ਦੀ ਥਾਂ ਦੇਸੀ ਸ਼ਬਦ ਰੱਖੇ ਸਨ । ਜਿਵੇਂ ਮੁਫਾਈਲੁਨ ਰੁਕਨ ਦੀ ਥਾਂ ਪਰੀ-ਖਾਨੁਮ ਸ਼ਬਦ ਦਾ ਪ੍ਰਯੋਗ ਕੀਤਾ ਸੀ, ਫਾਇਲੁਨ ਰੁਕਨ ਦੀ ਜਗ੍ਹਾ ਸ਼ਾਇਦ ਚਿਤ-ਲਗਨ ਅਪਣਾਇਆ ਸੀ । ਇਸੇ ਤਰ੍ਹਾਂ ਹੀ ਹਕੀਮ ਸੱਯਦ ਅਲਤਾਫ਼ ਹੁਸੈਨ ਕਾਜ਼ਿਮ ਫ਼ਰੀਦਾਬਾਦੀ ਨੇ ਆਪਣੀ ਪੁਸਤਕ ਗੁਲਜਾਰੇ ਅਰੂਜ਼ ਵਿੱਚ ਵੀ ਜ਼ਿਹਾਫਾਂ ਦੇ ਨਾਂ ਕਲਪੇ ਹਨ , ਕਿਸੇ ਦਾ ਨਾਂ ਨਗਰਸੀ ਤੇ ਕਿਸੇ ਦਾ ਸੁੰਬਲੀ ਤੇ ਕਿਸੇ ਦਾ ਰੈਹਾਨੀ ਰੱਖ ਦਿੱਤਾ ਹੈ । ਮੌਲਾਨਾ ਨਜ਼ਮ ਤਬਾਤਬਾਈ ਨੇ ਆਪੇਣੇ ਰਸਾਲਾ-ਇ-ਤਲਖ਼ੀਸੇ ਅਰੂਜ਼ ਵਾ ਕਾਫ਼ੀਆ, ਵਿੱਚ ਅਜੇਹੇ ਪਰਿਭਾਸ਼ਿਕ ਨਾਵਾਂ ਦਾ ਸਿਲਸਿਲਾ ਹੀ ਉਡਾ ਦਿੱਤਾ । ਅਰਬੀ ਦੇ ਪ੍ਰਸਿੱਧ ਵਿਆਕਰਣੀ ਸੱਕਾਕੀ ਨੂੰ ਵੀ ਇਹ ਸ਼ਿਕਾਇਤ ਸੀ । ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਪਰਿਭਾਸ਼ਿਕ ਨਾਵਾਂ ਨੂੰ ਦੂਰ ਕਰਨ ਦੀ ਜ਼ੁਅਰਤ ਨਹੀ ਕੀਤੀ, ਕਿਉਂ ਕਿ ਅਰਬੀ ਅਰੂਜ਼ ਦੀ ਇਸ ਗੱਲ ਦੀ ਪੈਰਵੀ ਕਰਨ ਦੀ ਆਗਿਆ ਨਹੀ ਦਿੰਦੀ ।
ਇਸ ਵਿਸ਼ੇ ਤੇ ਫਿਰੋਜ਼ਦੀਨ ਸ਼ਰਫ ਮਰਹੂਮ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ । ਸ਼ਰਫ ਨੇ ਵਜ਼ਨ ਦੀ ਪੜਤਾਲ ਲਈ ਆਪਣੇ ਤੌਰ ਤੇ ਕੁਝ ਪੰਜਾਬੀ ਸ਼ਬਦ ਜਿਵੇਂ ਦੋ ਦੋ ਚਾਰ, ਦੋ ਦੋ ਚਾਰ, ਦੋ ਦੋ ਚਾਰ, ਦੋ ਦੋ ਚਾਰ ਰੱਖੇ ਹੋਏ ਸਨ, ਪ੍ਰੰਤੂ ਦੋ ਦੋ ਚਾਰ ਵਿੱਚ ਦੋ ਦੋ ਦਾ ਵਜ਼ਨ ਨਿਸ਼ਚਿਤ ਨਹੀ ਹੁੰਦਾ । ਦੋ ਦੋ ਚਾਰ ਮੁਫਾਈਲੁ ਦੇ ਵਜ਼ਨ ਤੇ ਵੀ ਰੱਖਿਆ ਜਾ ਸਕਦਾ ਤੇ ਦੋ ਦੋ ਚਾਰ ਫਾਇਲਾਤ ਦੇ ਵਜ਼ਨ ਤੇ ਵੀ ਰੱਖਿਆ ਜਾ ਸਕਦਾ ਹੈ ਅਤੇ ਨਾਲ ਹੀ ਦੋ ਦੋ ਚਾਰ ਮਫ਼ਊਲਾਤ ਦੇ ਵਜ਼ਨ ਦੇ ਵੀ ਪੂਰਾ ਉੱਤਰਦਾ ਹੈ , ਇਹੀ ਦੋ ਦੋ ਚਾਰ ਫਿਅਲੁਨ ਫਾਅ ਦੇ ਵਜ਼ਨ ਤੇ ਵੀ ਫਿਟ ਹੋ ਜਾਂਦਾ ਹੈ ।
ਚੂੰਕਿ ਦੋ ਦੋ ਚਾਰ, ਆਦਿ ਨਵੇਂ ਕਲਪੇ ਸ਼ਬਦ ਸਮੂਹਾਂ ਦਾ ਵਜ਼ਨ ਇਕ ਬੱਝਵੇਂ ਤੇ ਸਥਿਰ ਰੂਪ ਵਿਚ ਕਾਇਮ ਨਹੀ ਤੇ ਇਸ ਦੇ ਉਲਟ, ਫਾਇਲਾਤੁਨ, ਮਫ਼ਊਲੁਨ ਆਦਿ ਦਾ ਵਜ਼ਨ ਨਿਸ਼ਚਤ ਤੇ ਬੱਝਵਾਂ ਹੈ । ਜਿਸ ਵਿੱਚ ਤਬਦੀਲੀ ਦੀ ਕੋਈ ਸੰਭਾਵਨਾ ਨਹੀ । ਦੋ ਦੋ ਚਾਰ ਦੀ ਥਾਂ ਅਰਬੀ ਗਣ ਅਰੂਜ਼ੀ ਨੁਕਤੇ ਤੋਂ ਵਧੇਰੇ ਲਾਭਦਾਇਕ ਹਨ । ਇਸ ਲਈ ਅਸੀਂ ਕੇਵਲ ਨਵੀਨਤਾ ਦੀ ਖਾਤਰ ਦੋ ਦੋ ਚਾਰ ਜਹੇ ਅਨਿਸ਼ਚਤ ਵਜ਼ਨ ਨਹੀ ਵਰਤੇ ਜੋ ਪੱਥਰ ਜਾਂ ਇੱਟ ਦੇ ਅਣਘੜੇ ਵੱਟਿਆਂ ਸਮਾਨ ਹਨ । ਪੱਥਰ ਜਾਂ ਇੱਟ ਦੀ ਅਣਘੜੇ ਹਾੜੇ ਲੋਹੇ ਦੇ ਵੱਟਿਆਂ ਵਾਂਗ ਪੱਕੇ ਤੇ ਬੱਝਵੇਂ ਨਹੀ ਹੋ ਸਕਦੇ । ਅਸੀਂ ਅਰਬੀ ਪਰਿਭਾਸ਼ਾਵਾਂ ਦੀ ਥਾਂ ਸੰਸਕ੍ਰਿਤ ਦੇ ਓਪਰੇ ਸ਼ਬਦ ਭਰਤੀ ਕਰਕੇ ਵੀ ਰੁਕਨਾਂ (ਗਣਾਂ) ਨੂੰ ਦੇਸੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਨਹੀ ਕੀਤੀ ।
ਪਿਆਰੇ ਦੋਸਤੋ ਉਪਰੋਕਤ ਤਿੰਨੇ ਪਹਿਰੇ ਅਸੀਂ ਪੁਸਤਕ ਪਿੰਗਲ ਤੇ ਅਰੂਜ਼ (ਲੇਖਕ: ਮਰਹੂਮ ਜੋਗਿੰਦਰ ਸਿੰਘ) ਵਿੱਚੋਂ ਹੂ-ਬ-ਹੂ ਦਰਜ ਕੀਤੇ ਹਨ । ਅਸੀਂ ਵੀ ਜੋਗਿੰਦਰ ਸਿੰਘ ਦੇ ਮਤ ਨਾਲ ਸਹਿਮਤ ਹਾਂ ਕਿ ਅਰੂਜ਼ੀ ਰੁਕਨਾਂ ਅਤੇ ਬਹਿਰਾਂ ਦੇ ਨਾਵਾਂ ਨਾਲ ਛੇੜ-ਛਾੜ ਕਰਨਾ ਜਾਇਜ਼ ਨਹੀ । ਇਨ੍ਹਾਂ ਨੂੰ ਏਸੇ ਤਰ੍ਹਾਂ ਹੀ ਅਪਣਾ ਲੈਣਾ ਚਾਹੀਦਾ ਹੈ । ਕਿਉਂ ਕਿ ਇਨ੍ਹਾਂ ਦਾ ਬਦਲ ਲੱਭਣ ਵਿੱਚ ਕੋਈ ਵੀ ਕਾਮਯਾਬ ਨਹੀ ਹੋ ਸਕਿਆ ।
No comments:
Post a Comment