Monday, 16 January 2017

ਗ਼ਜ਼ਲ ਸਿੱਖਣ ਵਾਸਤੇ ਮੇਰੀ ਜੱਦੋ ਜਹਿਦ


ਸਵੈ-ਕਥਨ
==============
"ਘੋਲ-ਕਿਤਾਬਾਂ ਪੀ ਗਿਆ, ਨਾ ਮਿਲਿਆ ਧਰਵਾਸ,
ਜਿਸ ਨੂੰ ਲੱਗੀ ਗਿਆਨ ਦੀ, ਕਦ ਬੁਝਦੀ ਹੈ ਪਿਆਸ"
ਪਿਆਰੇ ਦੋਸਤੋ ਮੈਂ ਲੁਧਿਆਣੇ ਜਿਲੇ ਦੇ ਨਿੱਕੇ ਜਿਹੇ ਪਰ ਇਤਿਹਾਸਕ ਮਹੱਤਤਾ ਵਾਲੇ ਪਿੰਡ ਭੈਣੀ ਸਾਹਬ ਦਾ ਜੰਮ-ਪਲ ਹਾਂ । ਭੈਣੀ ਸਾਹਬ ਪਿੰਡ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਕਰਕੇ ਜਾਣਿਆ ਜਾਂਦਾ ਹੈ । ਕਿਤਾਬਾਂ ਪੜ੍ਹਨ ਦੀ ਰੁਚੀ ਦਾ ਜਨਮ ਸ਼ਾਇਦ ਮੇਰੇ ਨਾਲ ਹੀ ਹੋ ਗਿਆ ਹੋਵੇ । ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੁੰਦਿਆਂ ਹੀ ਜਦ ਮੈਂ ਅੱਖਰ ਉਠਾਲਣ ਜੋਗਾ ਹੋਇਆ ਤਾਂ ਘਰ ਵਿਚ ਪਈਆਂ ਧਾਰਮਿਕ ਕਿਤਾਬਾਂ ਗੀਤ, ਰਮਾਇਣ, ਮਹਾਂਭਾਰਤ ਦੇ ਅੱਖਰਾਂ ਨਾਲ ਖੇਡਣ ਲੱਗ ਪਿਆ, ਭਾਵੇਂ ਮੈਨੂੰ ਇਹਨਾਂ ਮਹਾਨ ਗਰੰਥਾਂ  ਦੇ ਅਰਥਾਂ ਦਾ ਕੋਈ ਗਿਆਨ ਨਹੀ ਸੀ ।
ਹਾਈ ਸਕੂ਼ਲ ਪੜ੍ਹਦਿਆਂ ਸਕੂ਼ਲ ਵਿਚ ਆਉਂਦੇ ਬੱਚਿਆਂ ਦੇ ਰਸਾਲਿਆਂ ਨਾਲ ਵਾਹ ਪਿਆ । ਸਕੂਲ ਦੀ ਲਾਇਬ੍ਰੇਰੀ ਚੋਂ ਮਿਲਦੀਆਂ ਕਿਤਾਬਾਂ ਦਾ ਅਜੇਹਾ ਭੁਸ ਪਿਆ ਕਿ ਮੈਂ ਕਿਤਾਬੀ ਕੀੜਾ ਹੀ ਬਣ ਗਿਆ । ਇਨ੍ਹਾਂ ਦਿਨਾਂ ਵਿਚ ਹੀ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਪ੍ਰਕਾਸ਼ਿਤ ਬਾਲ-ਸਾਹਿਤ ਬਾਰੇ ਪੁਸਤਕ 'ਮਹਾਨ ਬੱਚੇ' ਮੇਰੇ ਹੱਥ ਲਗ ਗਈ । ਉਸ ਕਿਤਾਬ ਨੇ ਮੈਨੂੰ ਏਨਾਂ ਪ੍ਰਭਾਵਿਤ ਕੀਤਾ ਕਿ ਮੈਂ ਉਹ ਅਨੇਕਾਂ ਵਾਰੀ ਪੜ੍ਹੀ । ਇਨ੍ਹਾਂ ਸਮਿਆਂ ਦੌਰਾਨ ਪਤਾ ਨਹੀ ਕਦੋਂ ਮੇਰੀ ਕਲ਼ਮ ਅੱਖਰਾਂ ਨਾਲ ਖੇਡਣ ਲਗ ਪਈ ਤੇ ਮੈਂ ਆਪ ਗੀਤ ਕਵਿਤਾਵਾਂ ਲਿਖਣ ਲਗ ਪਿਆ ।
ਕਾਲਜ ਪੜਦਿਆਂ ਕਾਲਜ ਦੇ ਸਾਹਿਤਕ ਮਾਹੌ਼ਲ ਕਾਰਨ ਲਿਖਣ ਦਾ ਜਨੂਨ  ਹੋਰ ਜੋਰ ਫੜ ਗਿਆ । ਮੇਰੀਆਂ ਰਚਨਾਵਾਂ ਕਾਲਜ ਦੇ ਮੈਗਜ਼ੀਨ ਵਿਚ ਛਪਣ ਤੋਂ ਇਲਾਵਾ ਨਿੱਕੇ ਮੋਟੇ ਰਸਾਲਿਆਂ ਅਖ਼ਬਾਰਾਂ ਵਿਚ ਵੀ ਛਪਣ ਲਗ ਪਈਆਂ । ਇਉਂ ਲਿਖਣ ਦਾ ਹੌਸਲਾ ਹੋਰ ਵਧ ਗਿਆ ।
ਮੇਰੇ ਰਾਜਨੀਤਕ ਵਿਗਿਆਨ ਦੇ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ (ਜਿਹੜੇ ਕਿ ਆਪ ਕਹਾਣੀਕਾਰ ਤੇ ਕਵੀ ਹਨ) ਰਾਹੀਂ ਮੈਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਜੁੜਿਆ । ਪੰਜਾਬੀ ਲਿਖਾਰੀ ਸਭਾ ਰਾਮਪੁਰ ਪੰਜਾਬ ਵਿਚ ਸਥਾਪਤ ਸਭ ਤੋਂ ਪਹਿਲੀਆਂ ਸਾਹਿਤ ਸਭਾਵਾਂ ਵਿਚੋਂ ਇਕ ਹੈ , ਜਿਹੜੀ ਕਿ 1953 ਤੋਂ ਹੀ ਲੇਖਕਾਂ ਦੀ ਅਗਵਾਈ ਕਰਦੀ ਆ ਰਹੀ ਹੈ ।
ਪੰਜਾਬੀ ਲਿਖਾਰੀ ਸਭਾ ਰਾਮਪੁਰ ਵਿਚ ਪੰਜਾਬ ਦੇ ਸਿਰ-ਕੱਢ ਬੁੱਧੀ-ਜੀਵੀ, ਚਿੰਤਕ, ਕਵੀ, ਕਹਾਣੀਕਾਰ ਤੇ ਨਾਵਲਕਾਰਾਂ ਦਾ ਆਉਣ ਜਾਣ ਲਗਿਆ ਰਹਿੰਦਾ ਸੀ । ਇਹ ਬੁੱਧੀ-ਜੀਵੀਆਂ ਦੀ ਸੁਹਬਤ ਨੇ ਮੇਰੀ ਲੇਖਣੀ ਨੂੰ ਸੇਧ ਦਿਤੀ , ਨਿਖਾਰਿਆ, ਸੰਵਾਰਿਆ । ਸ਼ੁਰੂ ਵਿਚ ਮੈਂ ਨਜ਼ਮ, ਗੀਤ, ਰੁਬਾਈ ਕਾਵਿ ਰੂਪਾਂ ਤੇ ਹੱਥ ਆਜ਼ਮਾਇਆ।  ਕੁਝ ਦੇਰ ਕਹਾਣੀ ਤੇ ਵੀ ਕਲ਼ਮ ਅਜਮਾਈ ।
ਇਤਫ਼ਾਕ ਨਾਲ ਉਨ੍ਹਾਂ ਦਿਨਾਂ ਵਿਚ ਪੰਜਾਬੀ ਦੇ ਕੁਝ ਨਾਮਵਰ ਗ਼ਜ਼ਲਗੋ ਜਿਨ੍ਹਾਂ ਵਿਚ ਅਜਾਇਬ ਚਿੱਤਰਕਾਰ, ਕੁਲਵੰਤ ਨੀਲੋਂ, ਮਹਿੰਦਰ ਦੀਪ ਗਰੇਵਾਲ, ਮਹਿੰਦਰ ਰਾਮਪੁਰੀ, ਰਾਮਨਾਥ ਸਰਵਰ ਪੰਜਾਬੀ ਲਿਖਾਰੀ ਸਭਾ ਦੇ ਸਰਗਰਮ ਮੈਂਬਰ ਸਨ । ਇਨ੍ਹਾਂ ਤੋਂ ਇਲਾਵਾ ਸੁਰਜੀਤ ਰਾਮਪੁਰੀ, ਇੰਦਰਜੀਤ ਹਸਨਪੁਰੀ, ਸੁਖਵਿੰਦਰ ਰਾਮਪੁਰੀ, ਸੁਰਜੀਤ ਖੁਰਸ਼ੀਦੀ ਵਗੈਰਾ ਪੰਜਾਬੀ ਦੇ ਸਥਾਪਤ ਕਵੀਆਂ ਨਾਲ ਮਿਲਣ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ।
ਉਪਰੋਕਤ ਗ਼ਜ਼ਲਗੋ ਜਦੋਂ ਆਪਣੀਆਂ ਗ਼ਜ਼ਲਾਂ ਪੜਦੇ ਤਾਂ ਮੈਂ ਇਨ੍ਹਾਂ ਦੀ ਸ਼ਾਇਰੀ ਦੇ ਜਾਦੂ ਨਾਲ ਮੰਤਰ-ਮੁਗਧ ਹੋ ਜਾਂਦਾ । ਸ਼ਾਇਰੀ ਦੇ ਵਿਸਮਾਦ ਵਿਚ ਮੇਰੀ ਇਹ ਹਾਲਤ ਹੋ ਜਾਂਦੀ,
"ਮਨ ਤੇ ਤਾਰੀ ਹੋ ਗਿਆ, ਸ਼ਿਅਰਾਂ ਦਾ ਵਿਸਮਾਦ,
ਬੁੱਲ ਫਰਕਦੇ ਰਹਿ ਗਏ, ਕੀਕਣ ਦਿੰਦੇ ਦਾਦ "
ਜੇ ਪ੍ਰਕਾਸ਼ਤ ਪੁਸਤਕਾਂ ਦੀ ਗਲ ਕਰਨੀ ਹੋਵੇ ਤਾਂ ਹੁਣ ਤਕ ਮੇਰੀਆਂ ਗ਼ਜ਼ਲ ਦੀਆਂ ਸੱਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਇਸ ਤੋਂ ਇਲਾਵਾ ਇਕ ਗ਼ਜ਼ਲ ਸੰਗ੍ਰਿਹ ਅਤੇ ਦੋਹਿਆਂ ਦੀ ਇਕ ਪੁਸਤਕ ਪ੍ਰਕਾਸ਼ਨਾ ਅਧੀਨ ਹਨ । ਅਨੇਕਾਂ ਗ਼ਜ਼ਲ ਸੰਗ੍ਰਿਹਾਂ ਵਿਚ ਗ਼ਜ਼ਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਪੰਜਾਬੀ ਵਿਚ ਛਪੇ ਅਨੇਕ ਗ਼ਜ਼ਲ ਸੰਗ੍ਰਿਹਾਂ ਦੇ ਮੁਖ-ਬੰਧ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ । ਗ਼ਜ਼ਲ ਦੇ ਵਿਧੀ ਵਧਾਨ ਬਾਰੇ ਵੀ ਕੁਛ ਆਰਟੀਕਲ ਸਮੇਂ ਸਮੇਂ ਤੇ ਅਖ਼ਬਾਰਾਂ ਰਸਾਲਿਆਂ ਵਿਚ ਛਪੇ ਹਨ । ਗਾਹੇ ਬਗਾਹੇ ਕਿਸੇ ਨਾ ਕਿਸੇ ਗ਼ਜ਼ਲ ਸੰਗ੍ਰਿਹ ਬਾਰੇ ਪੇਪਰ ਲਿਖਣ ਦਾ ਮੌਕਾ ਵੀ ਮਿਲਦਾ ਰਹਿੰਦਾ ਹੈ । ਪੰਜਾਬ ਦੀਆਂ ਕਈ ਕਵੀ ਸਾਹਿਤ ਸਭਾਵਾਂ ਵਿਚ ਗ਼ਜ਼ਲ ਬਾਰੇ ਵਰਕਸ਼ਾਪ ਲਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ ।
ਕੁਛ ਗ਼ਜ਼ਲ ਲਿਖਣ ਦੇ ਚਾਹਵਾਨ ਮੈਥੋਂ ਇਸਲਾਹ ਲੈਣ ਦਾ ਮਾਣ ਵੀ ਮੈਨੂੰ ਦਿੰਦੇ ਰਹੇ ਹਨ , ਅਤੇ ਉਹਨਾਂ ਵਿਚੋਂ ਕਈਆਂ ਨੇ ਅੱਜ ਗ਼ਜ਼ਲ ਵਿਚ ਆਪਣਾ ਚੰਗਾ ਨਾਂ ਵੀ ਬਣਾ ਲਿਆ ਹੈ । ਇਹਨਾਂ ਵਿਚੋਂ ਕਈ ਕਵੀ ਮੈਨੂੰ ਗਾਹੇ ਬਗਾਹੇ ਗ਼ਜ਼ਲ ਤੇ ਅਰੂਜ਼ ਬਾਰੇ ਆਪਣੇ ਅਨੁਭਵ ਲਿਖਣ ਲਈ ਪ੍ਰੇਰਦੇ ਰਹਿੰਦੇ ਹਨ । ਉਹਨਾਂ ਦਾ ਹੁਕਮ ਮੰਨਦੇ ਹੋਏ ਮੈਂ ਇਹ ਯਤਨ ਕਰ ਰਿਹਾ ਹਾਂ ਅਤੇ ਇਸ ਬਾਰੇ ਕੁਛ ਆਰਟੀਕਲ ਲਿਖ ਰਿਹਾ ਹਾਂ ।
ਦੋਸਤੋ ਮੈਂ ਤਾਂ ਖੁਦ ਵੀ ਸਿਖਿਆਰਥੀ ਹਾਂ । ਗ਼ਜ਼ਲ ਮੇਰਾ ਪੈਸ਼ਨ ਹੈ ਪ੍ਰੋਫੈਸ਼ਨ ਨਹੀ । ਅਰੂਜ਼ ਦਾ ਗਿਆਨ ਅਸੀਂ ਆਪਣੇ ਪੁਰਖ਼ਿਆਂ ਤੋਂ ਪ੍ਰਾਪਤ ਕੀਤਾ ਹੈ  । ਵਿਕਤੀਗਤ ਤੌਰ ਤੇ ਵੀ ਤੇ ਕਿਤਾਬਾਂ ਰਾਹੀਂ ਵੀ । ਜੇ ਮੈਂ ਇਹ ਪੁਰਖ਼ਿਆਂ ਦਾ ਗਿਆਨ ਆਪਣੀਆਂ ਆਉਣ ਵਾਲੀਆਂ ਨਸਲਾਂ ਤਕ ਪੁਚਾ ਸਕਾਂ ਤਾਂ ਇਹ ਮੇਰੇ ਲਈ ਸੁਭਾਗ ਦੀ ਗਲ ਹੋਵੇਗੀ ।  ਪੁਰਖ਼ਿਆਂ ਵਲੋਂ ਪ੍ਰਾਪਤ ਗਿਆਨ ਆਪਣੇ ਤਕ ਹੀ ਸੀਮਤ ਰੱਖਣਾ ਸਾਹਿਤਿਕ ਬੇਈਮਾਨੀ ਹੋਵੇਗੀ ਤੇ ਨਾਲ ਹੀ ਜਿਨ੍ਹਾਂ ਕੋਲੋਂ ਮੈਂ ਇਹ ਗਿਆਨ ਸਿੱਖਿਆ ਹੈ ਉਹਨਾਂ ਨਾਲ ਵੀ ਅਕ੍ਰਿਤਘਣਤਾ ਹੋਵੇਗੀ ।ਖਾਸ ਕਰਕੇ ਉਦੋਂ ਜਦੋਂ ਸਾਡੇ ਕੋਲ ਆਪਣੇ ਖਿਆਲ ਪ੍ਰਗਟ ਕਰਨ ਦਾ ਹੁਨਰ ਹੋਵੇ । ਜੇ ਗਿਆਨ ਪ੍ਰਾਪਤ ਕਰਨ ਲਈ ਅਸੀਂ ਸੌ ਤਰੱਦਦ ਕਰ ਸਕਦੇ ਹਾਂ ਤਾਂ ਗਿਆਨ ਵੰਡਣ ਵਾਸਤੇ ਕਿਉਂ ਨਹੀ ।
"ਏਸ ਨੂੰ ਵੰਡੋ ਨਹੀ ਤਾਂ ਸਾੜ ਦੇਵੇਗੀ ਤੁਹਾਨੂੰ,
ਲੋਚਦੇ ਹੋ ਰੌਸ਼ਨੀ ਆਪਣੇ ਮਨਾਂ ਵਿਚ ਬੰਦ ਕਰਨਾਂ "
ਸਾਡੇ ਸਭਿਆਚਾਰ ਵਿਚ ਸਪੁੱਤਰ ਉਸ ਨੂੰ ਸਮਝਿਆ ਜਾਂਦਾ ਹੈ ਜਿਹੜਾ ਆਪਣੇ ਵਿਰਸੇ ਵਿਚ ਮਿਲੀ ਜਾਇਦਾਦ ਨੂੰ ਨਾ ਸਿਰਫ਼ ਸਾਂਭੇ ਸਗੋਂ ਉਸ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਆਪਣੀਆਂ ਅਗਲੀਆਂ ਨਸਲਾਂ ਨੂੰ ਦੇਵੇ ।
ਇਹ ਮੇਰੀ ਧਾਰਨਾ ਨਹੀ ਕਿ ਮੈਂ ਆਪਣੀਆਂ ਲਿਖ਼ਤਾਂ ਰਾਹੀਂ ਮਾਂ ਬੋਲੀ ਦੀ ਕੋਈ ਸੇਵਾ ਕਰ ਰਿਹਾਂ । ਸਾਨੂੰ ਮਾਂ ਬੋਲੀ ਨੇ ਸ਼ਬਦਾਂ ਦੀ ਅਥਾਹ ਪੂੰਜੀ ਬਖ਼ਸ਼ੀ ਹੈ । ਮੈਂ ਤਾਂ ਬਸ ਆਪਣੇ ਵਿਚਾਰ ਲਿਖ ਕੇ ਆਪਣੀ ਮਾਂ ਬੋਲੀ ਦਾ ਕਰਜ਼ਾ ਉਤਾਰ ਰਿਹਾ ਹਾਂ ।
ਅਰਬੀ ਜ਼ੁਬਾਨ ਵਿਚ ਹੋਣ ਕਰਕੇ, ਗ਼ਜ਼ਲ ਦੇ ਤਕਨੀਕੀ ਸ਼ਬਦ ਪੜ੍ਹਨ ਵਾਸਤੇ ਤੇ ਚੇਤੇ ਰੱਖਣ ਵਾਸਤੇ ਥੋੜੇ ਔਖੇ ਲਗਦੇ ਹਨ । ਤੁਹਾਡੀ ਸਹੂਲਤ ਵਾਸਤੇ ਮੈਂ ਅਰੂਜ਼ ਦੇ ਕੁਛ ਔਖੇ ਸ਼ਬਦਾਂ ਨੂੰ ਛੰਦ-ਬਧ ਕਰਕੇ ਕਾਵਿਕ ਰੂਪ ਦਿੱਤਾ ਹੈ । ਜਿਹੜਾ ਪੜਦਿਆਂ ਹੀ ਤੁਹਾਨੂੰ ਯਾਦ ਹੋ ਜਾਵੇਗਾ । ਕਵਿਤਾ ਤੁਹਾਡੇ ਆਪਣੇ ਲਹੂ ਚ ਰਚੀ ਬਸੀ ਹੈ । ਜਿਸ ਨੇ ਮੌਕਾਂ ਪਾ ਕੇ ਫੁੱਟ ਨਿਕਲਣਾ ਹੈ , ਮੈਂ ਤਾਂ ਤੁਹਾਨੂੰ ਰਸਤਾ ਹੀ ਦੱਸ ਸਕਦਾ ਹਾਂ । ਕਵੀ ਤਾਂ ਤੁਸੀਂ ਪਹਿਲਾਂ ਹੀ ਹੋ , ਤੁਹਾਨੂੰ ਕਵੀ ਬਣਾਉਣਾ ਮੇਰੇ ਹੱਥ-ਵੱਸ ਨਹੀ । ਸ਼ਬਦ ਖਿਆਲ ਉਡਾਰੀ ਤਾਂ ਤੁਹਾਡੇ ਕੋਲ ਹੈ । ਫਿਰ ਚਲੋ ਇਸ ਨੂੰ ਗ਼ਜ਼ਲ ਦਾ ਰੂਪ ਦੇਈਏ ।
"ਕਹਿੰਦੇ ਇਸ ਨੂੰ ਗ਼ਜ਼ਲ, ਸੋਹਣੇ ਸੂਖਮ ਖਿਆਲ,
ਜੜਨੇ ਬਸ ਤਰਤੀਬ ਵਿਚ, ਸ਼ਬਦ ਸਲੀਕੇ ਨਾਲ।
ਖੰਭ ਕਦੇ ਨਾ ਆਪਣੇ ਆਪ ਉਡਾਰੀ ਲਾਣ
ਉੱਡਣ ਦੀ ਇੱਛਾ ਭਰੇ, ਖੰਭਾਂ ਦੇ ਵਿਚ ਤਾਣ

ਗ਼ਜ਼ਲ ਸਿਖਣ ਵਾਸਤੇ...ਮੇਰੀ ਜੱਦੋ ਜਹਿਦ
ਪਿਆਰੇ ਦੋਸਤੋ ਅਜਕਲ ਅਰੂਜ਼ ਸਿਖਣ ਵਾਸਤੇ ਬਹੁਤ ਸਾਰੀਆਂ ਪੁਸਤਕਾਂ ਮਿਲ ਜਾਂਦੀਆਂ ਹਨ। ਇਹ ਪੁਸਤਕਾਂ ਅਰੂਜ਼ ਬਾਰੇ ਸਿਧਾਂਤਕ ਜਾਣਕਾਰੀ ਤਾਂ ਦਿੰਦੀਆਂ ਹਨ ਪਰ ਸਿਰਫ਼ ਸਿਧਾਂਤਕ ਜਾਣਕਾਰੀ ਨਾਲ ਗ਼ਜ਼ਲ ਦੀ ਸਿਰਜਣਾ ਨਹੀ ਹੋ ਸਕਦੀ । ਗ਼ਜ਼ਲ ਬਾਰੇ ਜਾਣਕਾਰੀ ਤਾਂ ਤੁਸੀਂ ਇਨ੍ਹਾਂ ਪੁਸਤਕਾਂ ਵਿਚੋਂ ਪੜੀ ਹੋਵੇਗੀ, ਜਾਂ ਪੜ੍ਹ ਲਵੋਗੇ । ਮੈਂ ਗ਼ਜ਼ਲ ਲਿਖਣ ਦੇ ਕੁਛ ਅਸਲੀ ਤਜ਼ੁਰਬੇ ਤੁਹਾਡੇ ਨਾਲ ਸਾਂਝੇ ਕਰ ਰਿਹਾਂ । ਇਹਨਾਂ ਤਜ਼ੁਰਬਿਆਂ ਤੋਂ ਤੁਸੀਂ ਫਾਇਦਾ ਉਠਾ ਸਕਦੇ ਹੋ ਤੇ ਘੱਟੋ-ਘੱਟ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਤੁਸੀਂ ਉਹਨਾਂ ਤੋਂ ਬਚ ਸਕਦੇ ਹੋ । ਮੰਜ਼ਲ ਸਿਰਫ ਤਾਂ ਹੀ ਮਿਲ ਸਕਦੀ ਹੈ ਜੇ ਰਸਤਾ ਸਹੀ ਚੁਣਿਆ ਹੋਵੇ । ਭਟਕਣ ਦੀ ਕੋਈ ਮੰਜ਼ਲ ਨਹੀ ਹੁੰਦੀ । ਗ਼ਜ਼ਲ ਸਿਖਣ ਤੋਂ ਪਹਿਲਾਂ ਮੈਂ ਹਨੇਰੇ ਚ ਹੱਥ-ਪੈਰ ਮਾਰਦਾ ਰਿਹਾ ਕਿਉਂ ਕਿ ਮੈਨੂੰ ਕੋਈ ਰਾਹ-ਦਸੇਰਾ ਨਹੀ ਮਿਲਿਆ, ਮੈਂ ਗਲ਼ਤ ਦਿਸ਼ਾ ਵਿਚ ਕਾਫੀ ਅੱਗੇ ਵਧ ਚੁੱਕਿਆ ਸੀ । ਮੈਨੂੰ ਪਿੱਛੇ ਮੁੜ ਕੇ ਸਫ਼ਰ ਫਿਰ ਤੋਂ ਦੁਬਾਰਾ ਸ਼ੁਰੂ ਕਰਨਾ ਪਿਆ, ਕਾਸ਼ ਸਫ਼ਰ ਦੇ ਸ਼ੁਰੂ ਵਿਚ ਹੀ ਕੋਈ ਪਥ-ਪ੍ਰਦਰਸ਼ਕ ਮਿਲ ਜਾਂਦਾ ।
ਹਰ ਇਨਸਾਨ ਨੂੰ ਕੁਦਰਤ ਨੇ ਖੰਭ ਦਿਤੇ ਹਨ । ਸੋਚ ਦੇ ਖੰਭ, ਸੁਪਨਿਆਂ ਦੇ ਖੰਭ, ਹਿੰਮਤ ਦੇ ਖੰਭ, ਇਛਾਵਾਂ ਉਮੰਗਾਂ ਦੇ ਖੰਭ । ਇਨਸਾਨ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਇਹਨਾਂ ਖੰਭਾਂ ਦੇ ਸਦਕੇ ਹੀ ਕੀਤੀ ਹੈ ।ਇਨਾਂ ਖੰਭਾਂ ਦੇ ਕਰਕੇ ਹੀ ਇਨਸਾਨ ਦੂਸਰੀਆਂ ਜੂਨਾਂ ਦੇ ਮੁਕਾਬਲੇ ਸਰਵੋਤਮ ਹੈ । ਲੋੜ ਇਹਨਾਂ ਖੰਭਾਂ ਨੂੰ ਪਛਾਣ ਅਤੇ ਪਰਵਾਜ਼ ਦੇਣ ਦੀ ਹੈ । ਜੇ ਖੰਭਾਂ ਨੂੰ ਪ੍ਰਵਾਜ ਦਾ ਮੌਕਾ ਨਾ ਦਿੱਤਾ ਜਾਵੇ ਤਾਂ ਇਹ ਖੰਭ ਉਡਣਾ ਭੁੱਲ ਜਾਂਦੇ ਹਨ । ਕਹਿੰਦੇ ਨੇ ਇਕ ਸ਼ਿਕਾਰੀ ਨੇ ਇਕ ਪੰਛੀ ਸਾਲਾਂ-ਬੱਧੀ ਪਿੰਜਰੇ ਚ ਡੱਕੀ ਰੱਖਿਆ । ਪੰਛੀ ਇਸ ਲਈ ਖੁਸ਼ ਸੀ ਕਿ ਉਸ ਨੂੰ ਚੰਗੀ ਖੁਰਾਕ ਮਿਲਦੀ ਸੀ । ਇਕ ਵਾਰ ਉਸ ਆਦਮੀ ਦਾ ਇਕ ਮਿੱਤਰ ਉਸ ਨੂੰ ਮਿਲਣ ਆਇਆ ਤਾਂ ਉਸ ਆਦਮੀ ਨੇ ਇਹ ਪੰਛੀ ਉਸ ਨੂੰ ਦਿਖਾਇਆ । ਤਾਂ ਉਹ ਮਿੱਤਰ ਕਹਿਣ ਲੱਗਾ ਦੋਸਤ ਤੂੰ ਬਹੁਤ ਪਾਪ ਕਮਾ ਰਿਹਾਂ ਹੈਂ । ਤੈਨੂੰ ਇਹ ਪੰਛੀ ਅਜ਼ਾਦ ਕਰ ਦੇਣਾ ਚਾਹੀਦਾ , ਤਾਂ ਕਿ ਇਹ ਵੀ ਆਪਣੀ ਮਰਜ਼ੀ ਨਾਲ ਉਡ ਸਕੇ । ਆਪਣੇ ਮਿੱਤਰ ਦੀ ਇਹ ਗਲ ਸੁਣ ਕੇ ਸ਼ਿਕਾਰੀ ਨੇ ਪਿੰਜਰਾ ਖੋਲ ਦਿੱਤਾ । ਇਹ ਪੰਛੀ ਪਿੰਜਰੇ ਵਿਚੋਂ ਨਿਕਲਿਆ ਤਾਂ ਸਹੀ ਪਰ ਫਿਰ ਵਿਹੜੇ ਵਿਚ ਹੀ ਘੁੰਮਦਾ ਰਿਹਾ ਫਿਰ ਜਦੋਂ ਖੁਰਾਕ ਦਾ ਵਕਤ ਹੋਇਆ ਤਾਂ ਫਿਰ ਦੁਬਾਰਾ ਆਪਣੇ ਪਿੰਜਰੇ ਚ ਆ ਵੜਿਆ । ਸ਼ਿਕਾਰੀ ਦੋਸਤ ਨੇ ਆਪਣੇ ਮਹਿਮਾਨ ਦੋਸਤ ਨੂੰ ਕਿਹਾ ਲੈ ਮੈਂ ਇਸ ਨੂੰ ਅਜ਼ਾਦ ਤਾਂ ਕਰ ਦਿਤਾ ਸੀ ਪਰ ਇਹ ਉਡਿਆ ਹੀ ਨਹੀ ਤੇ ਆਣ ਕੇ ਦੁਬਾਰਾ ਪਿੰਜਰੇ ਚ ਵੜ ਗਿਆ ਹੈ । ਮਹਿਮਾਨ ਦੋਸਤ ਨੇ ਕਿਹਾ ਦੋਸਤਾ ਅਸਲ ਵਿਚ ਇਸ ਪੰਛੀ ਨੂੰ ਤੂੰ ਏਨਾਂ ਚਿਰ ਪਿੰਜਰੇ ਚ ਪਾ ਕੇ ਇਸ ਦੀ ਉਡਣ ਦੀ ਇੱਛਾ ਤੇ ਅਤੇ ਸਮਰੱਥਾ ਹੀ ਮਾਰ ਦਿਤੀ ਹੈ ।
ਪਿਆਰੇ ਦੋਸਤੋ ਆਪਣੇ ਖਿਆਲਾਂ ਨੂੰ ਉਡਣ ਦਾ ਮੌਕਾ ਦਿਉ, ਕਿਤੇ ਇਹ ਉਡਣ ਦੀ ਜਾਚ ਨਾ ਭੁੱਲ ਜਾਣ । ਉਡਣ ਵਾਸਤੇ ਖੰਭਾਂ ਦਾ ਅਕਾਰ ਕੋਈ ਅਰਥ ਨਹੀ ਰੱਖਦਾ, ਲੋੜ ਖੰਭਾਂ ਵਿਚ ਤਾਣ ਭਰਨ ਦੀ ਹੈ । ਉਡਣ ਵਾਸਤੇ ਕੋਈ ਜਰੂਰੀ ਨਹੀ ਖੰਭ ਬਹੁਤ ਵੱਡੇ ਵੱਡੇ ਹੋਣ । ਆਮ ਤੌਰ ਤੇ ਦੇਖਿਆ ਗਿਆ ਹੈ ਕਿ ਵੱਡੇ ਖੰਭਾਂ ਵਾਲੇ ਜਾਨਵਰ ਜਿਆਦਾ ਉੱਚਾ ਨਹੀ ਉਡ ਸਕਦੇ । ਮੋਰ ਅਤੇ ਸ਼ੁਤਰਮੁਰਗ ਦੇ ਖੰਭ ਬਹੁਤ ਵੱਡੇ ਹੁੰਦੇ ਹਨ ਪਰ ਉਹਨਾਂ ਵਿਚ ਜਿਆਦਾ ਉੱਚੇ ਉਡਣ ਦੀ ਸਮਰੱਥਾ ਨਹੀ ਹੁੰਦੀ । ਇਕ ਉਦਾਹਰਣ ਨਾਲ ਮੈਂ ਤੁਹਾਨੂੰ ਸਪਸ਼ਟ ਕਰਦਾ ਹਾਂ ਕਿ ਮੇਰੇ ਇਕ ਬਹੁਤ ਹੀ ਵਿਦਵਾਨ ਦੋਸਤ ਸਨ । ਸਾਰੀ ਉਮਰ ਹੀ ਉਹਨਾਂ ਅਨੇਕਾਂ ਵਿਦਿਆਰਥੀਆਂ ਨੂੰ ਗਿਆਨ ਦਿੱਤਾ । ਉਹਨਾਂ ਦੇ ਪੜ੍ਹਾਏ ਵਿਦਿਆਰਥੀ ਬਹੁਤ ਅੱਛੇ ਲੇਖਕ ਬਣੇ । ਅਸੀਂ ਕਈ ਵਾਰ ਉਸ ਵਿਦਵਾਨ ਦੋਸਤ ਨੂੰ ਇਹ ਬੇਨਤੀ ਕੀਤੀ ਕਿ ਪ੍ਰੋਫੈਸਰ ਸ੍ਹਾਬ ਤੁਸੀਂ ਏਨੇ ਵੱਡੇ ਵਿਦਵਾਨ ਹੋ, ਤੁਸੀਂ ਸਾਹਿਤ ਸਿਰਜਣਾ ਕਿਉਂ ਨਹੀ ਕਰਦੇ । ਤਾਂ ਉਹਨਾਂ ਦਾ ਜਵਾਬ ਹੁੰਦਾ ਸੀ ਕਿ ਮੈਂ ਇਕ ਚੰਗਾ ਬੁਲਾਰਾ ਹਾਂ, ਲੇਖਕ ਨਹੀ । ਜੇ ਮੈਂ ਵੇਲੇ ਸਿਰ ਕਲਮ ਚਲਾਉਂਦਾ ਤਾਂ ਸ਼ਾਇਦ ਸਿਖ ਲੈਂਦਾ, ਦੋਸਤੋ ਮੈਂ ਤਾਂ ਉਹ ਖੰਭਾਂ ਵਾਲਾ ਸ਼ਤਰਮੁਰਗ ਹਾਂ ਜੋ ਦੌੜ ਤਾਂ ਬਥੇਰਾ ਸਕਦਾ ਹੈ ਪਰ ਉਡ ਨਹੀ ਸਕਦਾ ।
"ਖੰਭਾਂ ਦੇ ਅਕਾਰ ਨਾ, ਨਿਸ਼ਚਿਤ ਕਰਨ ਉਡਾਣ,
ਉੱਚ ਉਡਾਰੀ ਲਾਉਣਗੇ, ਜੇ ਖੰਭਾਂ ਵਿਚ ਹੈ ਤਾਣ ।"
ਹਰ ਪਤੰਗ ਉਡ ਸਕਦਾ ਹੈ ਲੋੜ ਸਿਰਫ ਉਸ ਨੂੰ ਕੰਨੀ ਦੇਣ ਦੀ ਹੈ । ਕੰਨੀ ਦੇਣ ਵਾਸਤੇ ਦੂਸਰੇ ਬੰਦੇ ਦੀ ਜਰੂਰਤ ਪੈਂਦੀ ਹੈ । ਆਪਣੇ ਪਤੰਗ ਨੂੰ ਆਪ ਕੰਨੀ ਨਹੀ ਦਿੱਤੀ ਜਾਂਦੀ । ਜੇ ਤੁਹਾਡੇ ਵਿਚ ਉਡਣ ਦੀ ਸਮਰੱਥਾ ਹੈ ਤਾਂ ਕੰਨੀ ਦੇਣ ਵਾਸਤੇ ਦੂਸਰੇ ਨੂੰ ਅਵਾਜ਼ ਮਾਰਨੀ ਕੋਈ ਮਾੜੀ ਗਲ ਨਹੀ । ਮੇਰਾ ਇਸ ਮਜ਼ਮੂਨ ਤੋਂ ਮਤਲਬ ਤੁਹਾਡੇ ਅੰਦਰ ਅੰਗੜਾਈਆਂ ਲੈ ਰਹੀ ਸਿਰਜਣ ਸਮਰੱਥਾ ਨੂੰ ਕੰਨੀ ਦੇਣਾ ਹੀ ਹੈ । ਉਡ ਤਾਂ ਤੁਸੀਂ ਆਪ ਹੀ ਪੈਣਾ ਹੈ ।
"ਚੜਦੀ  ਗੁਡੀ ਓਸ ਦੀ ਜਿਸ ਦੇ ਖਿਆਲ ਬੁਲੰਦ,
ਬਸ ਕੰਨੀ ਦੀ ਲੋੜ ਹੈ, ਆਪੇ ਉਡਣ ਪਤੰਗ ।"
ਮੈਂ ਆਪਣੇ ਤੋਂ ਹੀ ਗਲ ਸ਼ੁਰੂ ਕਰਦਾ ਹਾਂ । ਲਿਖਣ ਦਾ ਸ਼ੌਕ ਮੈਨੂੰ ਵਿਦਿਆਰਥੀ ਜੀਵਨ ਤੋਂ ਹੀ ਸੀ । ਮੁਢਲੇ ਦੌਰ ਵਿਚ ਮੈਂ ਕਵਿਤਾ, ਗੀਤ, ਕਹਾਣੀ ਤੇ ਹੱਥ ਆਜ਼ਮਾਇਆ । ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਸਬੰਧ ਜੁੜਨ ਨਾਲ ਮੇਰਾ ਝੁਕਾ ਗ਼ਜ਼ਲ ਵਲ ਹੋ ਗਿਆ । ਏਥੇ ਇਸ ਦਾ ਇਹ ਮਤਲਬ ਵੀ ਨਹੀ ਕਿ ਮੈਂ ਪੈਂਦੀ ਸੱਟੇ ਹੀ ਗ਼ਜ਼ਲ ਵਲ ਹੋ ਤੁਰਿਆ । ਕਵਿਤਾ ਕਹਾਣੀ ਤੋਂ ਗ਼ਜ਼ਲ ਦੇ ਰਾਹ ਪੈਣ ਦੇ ਦੌਰਾਨ ਮੇਰਾ ਕਈ ਕਠਿਨਾਈਆਂ ਨਾਲ ਵਾਸਤਾ ਪਿਆ । ਇਹ ਰਾਹ ਏਨਾਂ ਸੁਖਾਲ਼ਾ ਨਹੀ ਸੀ ।
ਇਸ ਗਲ ਨੂੰ ਮਹਿਸੂਸ ਕਰਕੇ ਕਿ ਛੰਦ-ਬਧ ਕਵਿਤਾ, ਖਾਸ ਕਰਕੇ ਗ਼ਜ਼ਲ ਪਾਠਕ ਦੇ ਮਨ ਤੇ ਜਿਆਦਾ ਅਸਰ ਕਰਦੀ ਹੈ, ਮੈਂ ਵੀ ਗ਼ਜ਼ਲ ਲਿਖਣ ਦਾ ਮਨ ਬਣਾਇਆ । ਪਹਿਲਾਂ ਪਹਿਲਾਂ ਗ਼ਜ਼ਲ ਲਿਖਣ ਦੀ ਮੇਰੀ ਹਿੰਮਤ ਨਹੀ ਪਈ । ਮੈਂ ਰੁਬਾਈ ਲਿਖਣ ਦੀ ਕੋਸ਼ਿਸ਼ ਕੀਤੀ । ਰੁਬਾਈ ਬਾਰੇ ਥੋੜੀ ਬਹੁਤ ਜਾਣਕਾਰੀ ਮੈਂ ਪੰਜਾਬੀ ਦੀ ਪਾਠ ਪੁਸਤਕ ਵਿਚ ਹੀ ਪੜ ਲਈ ਸੀ । ਮੈਂ ਕਾਫੀ ਰੁਬਾਈਆਂ ਲਿਖੀਆਂ ਵੀ ਤੇ ਸਾਹਿਤਿਕ ਮਹਿਫ਼ਲਾਂ ਵਿਚ ਪੜ੍ਹੀਆਂ ਵੀ । ਇਹਨਾਂ ਵਿਚੋਂ ਕੁਛ ਸਾਹਿਤਿਕ ਰਸਾਲਿਆਂ ਤੇ ਮੈਗਜੀਨਾਂ ਵਿਚ ਛਪੀਆਂ ਵੀ , ਤੇ ਮੈਨੂੰ ਭਰਪੂਰ ਹੁੰਗਾਰਾ ਵੀ ਮਿਲਿਆ ।
ਦੋਸਤਾਂ ਮਿੱਤਰਾਂ ਤੇ ਸਾਹਿਤਿਕ ਹਲਕਿਆਂ ਵਿਚੋਂ ਮਿਲਣ ਵਾਲੇ ਇਸ ਹੁੰਗਾਰੇ ਨਾਲ ਮੇਰੀ ਹਿੰਮਤ ਵਧੀ ਤੇ ਮੈਂ ਗ਼ਜ਼ਲ ਲਿਖਣ ਦਾ ਮਨ ਬਣਾਇਆ । ਰੁਬਾਈ ਛਡ ਕੇ ਮੈਂ ਪੰਜ ਸਤ ਸ਼ਿਅਰ ਲਿਖ ਲੈਣੇ ਤੇ ਸੁਣਾ ਦੇਣੇ । ਇਨਾਂ ਸ਼ਿਅਰਾਂ ਦਾ ਤੁਕਾਂਤ ਮਿਲਣ ਕਰਕੇ ਮੈਂ ਆਪਣੀ ਤੁਕਬੰਦੀ ਨੂੰ ਗ਼ਜ਼ਲ ਕਹਿਣ ਦਾ ਭੁਲੇਖਾ ਪਾਲ਼ ਬੈਠਾ । ਮੈਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਮੈਂ ਗ਼ਜ਼ਲਗੋ ਬਣ ਗਿਆ ਹਾਂ । ਇਹ ਪ੍ਰਸ਼ੰਸਾ ਮਿਲਦੀ ਦੇਖ ਕੇ ਮੈਨੂੰ ਲੱਗਾ ਕਿ ਗ਼ਜ਼ਲ ਨੂੰ ਲੋਕ ਐਵੇਂ ਹਊਆ ਬਣਾਈ ਬੈਠੇ ਹਨ ਇਸ ਵਿਚ ਭਲਾ ਕੀ ਔਖਾ ਹੈ । ਇਸ ਤਰ੍ਹਾਂ ਮੈਂ ਕਾਫੀ ਦੇਰ ਗ਼ਜ਼ਲ ਦੇ ਨਾਮ ਹੇਠ ਤੁਕਬੰਦੀ ਕਰਦਾ ਰਿਹਾ । ਇਹਨਾਂ ਸਮਿਆਂ ਦੌਰਾਨ ਮੈਨੂੰ ਗ਼ਜ਼ਲ ਦੀ ਤਕਨੀਕ  ਬਾਰੇ ਅਰੂਜ਼ ਇਲਮ ਬਾਰੇ ਅਤੇ ਵਜ਼ਨ ਬਹਿਰ ਬਾਰੇ ਕੋਈ ਜਾਣਕਾਰੀ ਨਹੀ ਸੀ ।ਹਾਲਾਂ ਕਿ ਮੇਰੇ ਆਲੇ ਦੁਆਲੇ ਕਾਫੀ ਸ਼ਾਇਰ ਸਨ ਜਿਨ੍ਹਾਂ ਨੂੰ ਇਲਮ ਅਰੂਜ਼ ਬਾਰੇ ਜਾਣਕਾਰੀ ਸੀ ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਮੈਨੂੰ ਇਸ ਇਲਮ ਬਾਰੇ ਜਾਣਕਾਰੀ ਦੇਣੀ ਜਰੂਰੀ ਨਹੀ ਸਮਝੀ, ਪਤਾ ਨਹੀ ਕਿਉਂ ਕਿਸੇ ਨੇ ਮੇਰੀ ਉਂਗਲ ਨਾ ਫੜੀ । ਸ਼ਾਇਦ ਉਹਨਾਂ ਦੇ ਮਨਾਂ ਵਿਚ ਮੇਰੀ ਗ਼ਜ਼ਲ ਸਮਰੱਥਾ ਬਾਰੇ ਕੋਈ ਸ਼ੰਕਾ ਹੋਵੇ । ਗਿਆਨ ਆਪਣੇ ਤਕ ਰੱਖਣ ਦੀ ਬਿਰਤੀ ਵੀ ਸਾਨੂੰ ਸ਼ਾਇਦ ਵਿਰਸੇ ਚ ਹੀ ਮਿਲੀ ਹੈ । ਸੰਸਕ੍ਰਿਤ ਵਰਗੀ ਅਮੀਰ ਭਾਸ਼ਾ, ਜਿਸ ਦੇ ਜਾਣਕਾਰ ਨੂੰ ਪੰਡਤ ਦਾ ਰੁਤਬਾ ਦਿੱਤਾ ਗਿਆ ਜਾਂਦਾ ਸੀ ਇਹ ਭਾਸ਼ਾ ਵੀ ਸਾਡੀ ਇਸੇ ਬਿਰਤੀ ਦੀ ਭੇਂਟ ਚੜ੍ਹ ਗਈ । ਪੰਡਤ ਲੋਕਾਂ ਨੇ ਗਿਆਨ ਲੋਕਾਂ ਤਕ ਪਹੁੰਚਣ ਨਹੀ ਨਹੀ ਦਿਤਾ ਤੇ ਸਾਡਾ ਅਮੀਰ ਵਿਰਸਾ ਆਪਣੇ ਨਾਲ ਹੀ ਲੈ ਡੁੱਬੇ ।
ਕੁਛ ਮੇਰੀ ਅਗਿਆਨਤਾ ਨੇ, ਕੁਛ ਬੇਲੋੜੀ ਪ੍ਰਸ਼ੰਸਾ ਨੇ ਕੁਝ ਗ਼ਜ਼ਲ ਬਾਰੇ ਜਾਣਕਾਰ ਲੋਕਾਂ ਦੀ ਮੱਕਾਰੀ ਨੇ ਮੈਨੂੰ ਗ਼ਜ਼ਲਗੋ ਹੋਣ ਦਾ ਭੁਲੇਖਾ ਪਾ ਦਿੱਤਾ ।
"ਚੁਕ ਦਿੰਦੀ ਹੈ ਪੈਰ ਉਹੁ, ਜਦ ਮਿਲਦੀ ਵਾਹੁ ਵਾਹੁ,
ਪਰਸ਼ੰਸਾ ਵੀ ਦੋਸਤੋ, ਕਰ ਦਿੰਦੀ ਗੁਮਰਾਹ।"
ਮੇਰਾ ਇਹ ਭੁਲੇਖਾ ਪਤਾ ਨਹੀ ਕਿੰਨਾਂ ਕੁ ਚਿਰ ਬਣਿਆ ਰਹਿੰਦਾ ਕਿ ਇਕ ਦਿਨ ਮੇਰੇ ਸ਼ਾਇਰ ਦੋਸਤ ਨੇ ਮੈਨੂੰ ਝੰਜੋੜਿਆ ਤੇ ਮੇਰੀ ਗਲ਼ਤੀ ਦਾ ਅਹਿਸਾਸ ਕਰਵਾਇਆ । ਮੈਨੂੰ ਅਸਮਾਨ ਚ ਭਟਕਦੇ ਨੂੰ ਫੜ ਕੇ ਜ਼ਮੀਨ ਤੇ ਲਿਆ ਖੜ੍ਹਾਇਆ । ਦੋਸਤੋ ਕਿਤੇ ਤੁਹਾਡੇ ਨਾਲ ਵੀ ਇਹ ਭਾਣਾ ਨਾ ਵਰਤੇ  ਇਸ ਕਰਕੇ ਹੀ ਮੈਂ ਆਪਣੇ ਅਨੁਭਵ ਤੁਹਾਡੇ ਨਾਲ ਸਾਂਝੇ ਕਰਦਾ ਹਾਂ , ਨਹੀ ਤਾਂ ਆਪੇ ਆਪਣੀ ਮਿੱਟੀ ਕੌਣ ਪੱਟਦੈ ।
ਹੋਇਆ ਇਉਂ ਕਿ ਇਕ ਦਿਨ ਸਾਹਿਤਿਕ ਮੀਟਿੰਗ ਪਿੱਛੋਂ ਨਿੱਜੀ ਗਲਬਾਤ ਕਰਦਿਆਂ ਮਰਹੂਮ ਮਹਿੰਦਰ ਸਿੰਘ ਰਾਮਪੁਰੀ ਕਹਿਣ ਲੱਗਾ," ਕ੍ਰਿਸ਼ਨ ਤੇਰੇ ਕੋਲ ਖਿਆਲ ਬੜੇ ਖ਼ੂਬਸੂਰਤ ਹਨ ਤੇ ਕਹਿਣ ਦਾ ਤਰੀਕਾ ਵੀ ਹੈ । ਮੈਂ ਤੇਰੇ ਤੋਂ ਬੜਾ ਪ੍ਰਭਾਵਤ ਹਾਂ ਪਰ ਗੁੱਸਾ ਨਾ ਕਰੀਂ ਇਕ ਗਲ ਕਹਾਂ ।" ਇਹ ਗਲ ਕਹਿ ਕੇ ਉਹ ਮੇਰੇ ਮੂੰਹ ਵਲ ਦੇਖਣ ਲੱਗਾ, ਸ਼ਾਇਦ ਮੇਰੇ ਚਿਹਰੇ ਦੇ ਹਾਵ ਭਾਵ ਪੜ ਰਿਹਾ ਸੀ । ਮੈਂ ਕਿਹਾ," ਮਹਿੰਦਰ ਸਾਹਿਬ ਗੁੱਸਾ ਕਾਹਤੋਂ ਕਰਨਾ, ਤੁਸੀਂ ਕੁਛ ਕਹੋਗੇ ਤਾਂ ਚੰਗਾ ਹੀ ਕਹੋਗੇ, ਮੈਂ ਤਾਂ ਸਗੋਂ ਤੁਹਾਡਾ ਸ਼ੁਕਰ-ਗੁਜ਼ਾਰ ਹੋਵਾਂਗਾ ਅਗਰ ਤੁਸੀਂ ਮੈਨੂੰ ਕੋਈ ਸੇਧ ਦੇ ਸਕੋਂ ।"  ਮਹਿੰਦਰ ਰਾਮਪੁਰੀ ਬੜੀ ਸੰਜੀਦਗੀ ਨਾਲ ਕਹਿਣ ਲੱਗਾ, " ਕ੍ਰਿਸ਼ਨ ਜੇ ਤੇਰਾ ਮਨ ਪੱਕੇ ਤੌਰ ਤੇ ਗ਼ਜ਼ਲਗੋ ਬਣਨ ਦਾ ਹੈ ਤਾਂ ਤੈਨੂੰ ਗ਼ਜ਼ਲ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ । ਗ਼ਜ਼ਲ ਲਿਖਣ ਵਾਸਤੇ ਅਰੂਜ਼ੀ ਬਹਿਰਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂ ਕਿ ਗ਼ਜ਼ਲ ਅਰੂਜ਼ੀ ਬਹਿਰਾਂ ਵਿਚ ਹੀ ਲਿਖੀ ਜਾਂਦੀ ਹੈ। ਜਿਸ ਤਰਾਂ ਪਿੰਗਲ ਵਿਚ ਗਣ ਹੁੰਦੇ ਹਨ ਅਰੂਜ਼ ਵਿਚ ਰੁਕਨ ਹੁੰਦੇ ਹਨ ਅਤੇ ਇਹਨਾਂ ਰੁਕਨਾਂ ਤੋਂ ਹੀ ਬਹਿਰਾਂ ਬਣਦੀਆਂ ਹਨ । ਮੈਨੂੰ ਅਰੂਜ਼ ਬਾਰੇ ਕੋਈ ਬਹੁਤੀ ਜਾਣਕਾਰੀ ਤਾਂ ਨਹੀ ਪਰ ਮੈਂ ਤੈਨੂੰ ਕੁਛ ਰੁਕਨ ਦਸ ਦਿੰਦਾ ਹਾਂ ਇਹਨਾਂ  ਰੁਕਨਾਂ ਅਨੁਸਾਰ ਲਿਖ ਕੇ ਤੁੰ ਗ਼ਜ਼ਲ ਲਿਖ ਸਕੇਂਗਾ । ਤੇਰੇ ਕੋਲ ਦੋ ਰਸਤੇ ਹਨ ਜਾਂ ਤਾਂ ਅਰੂਜ਼ ਬਾਰੇ ਜਾਣਕਾਰੀ ਲੈ ਤੇ ਗ਼ਜ਼ਲ ਲਿਖ ਜਾਂ ਫਿਰ ਗ਼ਜ਼ਲ ਲਿਖਣੀ ਛੱਡ ਦੇਹ ਤੇ ਐਵੇਂ ਜਗ ਹਸਾਈ ਨਾ ਕਰਵਾ ।"
ਉਹ ਕਹਿਣ ਲੱਗਾ , "ਮੈਨੂੰ ਪਤਾ ਤੇਰੇ ਕੋਲ ਕਿਤਾਬ ਜੋਗਾ ਮਸਾਲਾ ਲਿਖਿਆ ਪਿਆ ਜੇ ਤੂੰ ਕੱਚ-ਘਰੜ ਗ਼ਜ਼ਲਾਂ ਦੇ ਨਾਮ ਹੇਠ ਛਪਵਾ ਲਿਆ ਤਾਂ ਗ਼ਜ਼ਲ ਵਾਲਿਆਂ ਨੇ ਤੇਰੇ ਪਰਖ਼ਚੇ ਉਡਾ ਦੇਣੇ ਨੇ । ਜਿਨ੍ਹਾਂ ਪਾਠਕਾਂ ਨੇ ਤੁਹਾਡੀਆਂ ਇਹ ਕੱਚ-ਘਰੜ ਲਿਖਤਾਂ ਪੜ ਲਈਆਂ ਉਹਨਾਂ ਮੁੜਕੇ ਤੁਹਾਡੀ ਕਿਤਬ ਨੂੰ ਚਿਮਟੇ ਨਾਲ ਵੀ ਨਹੀ ਛੂਹਣਾ । ਲੇਖਕ ਦੀ ਪਹਿਲੀ ਕਿਤਾਬ ਨਾਲ ਹੀ ਲੇਖਕ ਦਾ ਨਾਮ ਬਣਦੈ ।"
ਪਹਿਲੀ ਪੁਸਤਕ ਹੀ ਕਰੇ, ਹਰ ਲੇਖਕ ਦਾ ਨਾਮ,
ਜਾਂ ਉਹ ਬਣਦੈ ਨਾਮਵਰ, ਜਾਂ ਹੁੰਦੈ ਗੁਮਨਾਮ ।"
ਮਹਿੰਦਰ ਸਿੰਘ ਰਾਮਪੁਰੀ ਹੁਰਾਂ ਨੇ ਮੈਨੂੰ ਅਰੂਜ਼ ਦੇ ਚਾਰ ਰੁਕਨ ਦੱਸੇ । ਫਾਇਲਾਤੁਨ, ਮੁਫਾਈਲੁਨ, ਫਇਲੁਨ, ਫਊਲੁਨ । ਉਨ੍ਹਾਂ ਨੇ ਮੈਨੂੰ ਇਹ ਵੀ ਪੁੱਛਿਆ ਕਿ ਕ੍ਰਿਸ਼ਨ ਜੇ ਤੈਨੂੰ ਪਿੰਗਲ ਦੇ ਲਘੂ, ਗੂਰੂ ਦੀ ਜਾਣਕਾਰੀ ਹੈ ਤਾਂ ਮੈਂ ਤੈਨੂੰ ਪਿੰਗਲ ਅਨੁਸਾਰ ਇਹਨਾਂ ਰੁਕਨਾਂ ਦੀ ਜਾਣਕਾਰੀ ਦੇ ਸਕਦਾਂ । ਪਿੰਗਲ ਦੇ ਲਘੂ ਗੁਰੂ ਬਾਰੇ ਜਾਣਕਾਰੀ ਮੈਂ ਆਪਣੀਆਂ ਪੰਜਾਬੀ ਦੀਆਂ ਪਾਠ ਪੁਸਤਕਾਂ ਵਿਚ ਪੜ੍ਹ ਚੁੱਕਾ ਸਾਂ । ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਰੁਕਨਾਂ ਬਾਰੇ ਮੈਨੂੰ ਸੌਖੇ ਢੰਗ ਨਾਲ ਸਮਝਾਉ । ਇਸ ਤਰ੍ਹਾਂ ਉਹਨਾਂ ਨੇ ਮੈਨੂੰ ਪਿੰਗਲ ਦੇ ਲਘੂ ਗੁਰੂ ਅਨੁਸਾਰ ਮੈਨੂੰ ਇਹਨਾਂ ਰੁਕਨਾਂ ਦੀ ਬਣਤਰ ਦੱਸ ਦਿੱਤੀ । ਨਾਲ ਹੀ ਬਹਿਰ ਦੀ ਤਕਤੀਹ ਕਰਨ ਦਾ ਗੁਰ ਵੀ ਦੱਸ ਦਿੱਤਾ ।
ਮਹਿੰਦਰ ਰਾਮਪੁਰੀ ਦੇ ਕਹਿਣ ਤੇ ਹੀ ਮੈਂ ਅਜ਼ਾਇਬ ਚਿਤਰਕਾਰ ਦੀਆਂ ਗ਼ਜ਼ਲਾਂ ਦੀ ਤਕਤੀਹ ਕਰਕੇ ਦੇਖੀ । ਫਿਰ ਉਸ ਹਿਸਾਬ ਨਾਲ ਪਹਿਲੀ ਗ਼ਜ਼ਲ ਲਿਖੀ । ਮਰਹੂਮ ਅਜ਼ਾਇਬ ਚਿਤਰਕਾਰ ਉਹਨਾਂ ਦਿਨਾਂ ਵਿਚ ਪੰਜਾਬੀ ਲਿਖਾਰੀ ਸਭਾ ਰਾਮ ਪੁਰ ਦੇ ਪ੍ਰਧਾਨ ਸਨ ।
ਇਸ ਤਰਾਂ ਦੋਸਤੋ ਮਹਿੰਦਰ ਰਾਮਪੁਰੀ ਮੇਰੇ ਗੁਰੂ ਸਾਬਿਤ ਹੋਏ । ਉਹਨਾਂ ਨੇ ਮੈਨੂੰ ਮੇਰੀ ਮੰਜ਼ਲ ਦੀ ਸੇਧ ਦਿਤੀ । ਉਸ ਸ਼ਖਸ ਦੇ ਜਿਉਂਦੇ ਜੀ ਉਸ ਦੀ ਸਿਰਫ ਇਕ ਕਾਵਿ ਪੁਸਤਕ ਹੀ ਛਪ ਸਕੀ ਜਿਸ ਵਿਚ ਉਸ ਦੀਆਂ ਕੁਛ ਗ਼ਜ਼ਲਾਂ, ਨਜ਼ਮਾਂ, ਦੋਹੇ ਤੇ ਗੀਤ ਸ਼ਾਮਿਲ ਸਨ । ਅੱਜ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਮਹਿੰਦਰ ਰਾਮਪੁਰੀ ਦਾ ਨਾਮ ਚੇਤੇ ਹੋਵੇਗਾ । ਪਰ ਮੇਰੇ ਲਈ ਉਹ ਹਮੇਸ਼ਾ ਚਾਨਣ ਮੁਨਾਰੇ ਰਹਿਣਗੇ । ਹੁਣ ਜਦੋਂ ਮੈਂ  ਆਪਣੀ ਗ਼ਜ਼ਲ ਸਿਰਜਣਾ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਾ ਹਾਂ ਤਾਂ ਆਪਣੇ ਉਸਤਾਦ ਬਾਰੇ ਸੋਚ ਕੇ ਮੇਰਾ ਸਿਰ ਝੁਕਦਾ ਹੈ । ਜੇ ਵੇਲੇ ਸਿਰ ਮੈਨੂੰ ਰਾਹ ਦਿਸੇਰਾ ਨਾ ਮਿਲਦਾ ਤਾਂ ਸ਼ਾਇਦ ਮੈਂ ਗ਼ਜ਼ਲਗੋ ਦੇ ਤੌਰ ਤੇ ਤੁਹਾਡੇ ਰੂਬਰੂ ਨਾ ਹੁੰਦਾ ।
ਮਹਿੰਦਰ ਰਾਮਪੁਰੀ ਵਲੋਂ ਦਿੱਤੀ ਅਰੂਜ਼ ਸਬੰਧੀ ਜਾਣਕਾਰੀ ਅਨੁਸਾਰ ਜਦੋਂ ਮੈਂ ਆਪਣੀਆਂ ਲਿਖੀਆਂ ਗ਼ਜ਼ਲਾਂ ਨੂੰ ਪਰਖ਼ਿਆ ਤਾਂ ਮੇਰੀ ਕੋਈ ਵੀ ਗ਼ਜ਼ਲ ਬਹਿਰ ਵਜ਼ਨ ਅਨੁਸਾਰ ਸਹੀ ਨਹੀ ਸੀ । ਮੈਂ ਪਹਿਲਾਂ ਲਿਖੀਆਂ ਸਾਰੀਆਂ ਰਚਨਾਵਾਂ ਨੂੰ ਅਲਵਿਦਾ ਕਹਿ ਕੇ ਨਵੇਂ ਸਿਰੇ ਤੋਂ ਆਪਣੀ ਸ਼ਾਇਰੀ ਦੀ ਸ਼ੁਰੂਆਤ ਕੀਤੀ । ਇਹ ਗੱਲ ਤਕਰੀਬਨ 1977 ਦੇ ਸ਼ੁਰੂ ਦੀ ਹੈ ।
"ਨ ਇਸ ਗੱਲ ਵਿਚ ਸ਼ੱਕ ਹੈ, ਨ ਇਸ ਗੱਲ ਵਿਚ ਭੇਦ,
ਜੇ ਮੰਜ਼ਲ ਤੇ ਪਹੁੰਚਣਾ, ਬਹੁਤ ਜਰੂਰੀ ਸੇਧ ।"
ਆਪਣੇ ਉਸਤਾਦ ਵੱਲੋਂ ਦਿਤੇ ਅਰੂਜ਼ ਸਬੰਧੀ ਗਿਆਨ ਬਾਰੇ ਮੈਂ ਆਪਣੇ ਇਕ ਹੋਰ ਸਾਹਿਤਕਾਰ ਦੋਸਤ ਗੁਰਦਿਆਲ ਦਲਾਲ ਹੋਰਾਂ ਨਾਲ ਸਾਂਝਾ ਕੀਤਾ, ਜੋ ਉਹਨਾਂ ਦਿਨਾਂ ਵਿਚ ਕਵਿਤਾ ਲਿਖਦੇ ਹੁੰਦੇ ਸਨ, ਤੇ ਅਜਕਲ ਇਕ ਕਹਾਣੀਕਾਰ ਅਤੇ ਵਿਅੰਗਕਾਰ ਵਜੋਂ ਜਾਣੇ ਜਾਂਦੇ ਹਨ । ਅਸੀਂ ਦੋਹਾਂ ਨੇ ਮਿਲ ਕੇ ਅਰੂਜ਼ੀ ਬਹਿਰਾਂ ਵਿਚ ਗ਼ਜ਼ਲਾਂ ਲਿਖਣ ਦਾ ਅਭਿਆਸ ਸ਼ੁਰੂ ਕੀਤਾ । ਪਹਿਲਾਂ ਪਹਿਲਾਂ ਇਸ ਤਰ੍ਹਾਂ ਕਰਨਾ ਬਹੁਤ ਔਖਾਂ ਲਗਦਾ ਸੀ । ਸਾਨੂੰ ਮਹਿਸੂਸ ਹੁੰਦਾ ਸੀ ਕਿ ਅਸੀਂ ਤਾਂ ਪੁੱਠਾ ਪੰਗਾ ਲੈ ਲਿਆ । ਜੇ ਵਜ਼ਨ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਖਿਆਲ ਹੱਥੋਂ ਨਿਕਲ ਜਾਂਦਾ , ਜੇ ਖਿਆਲ ਪ੍ਰਗਟਾਉਣ ਦੀ ਕੋਸ਼ਿਸ਼ ਕਰਦੇ ਤਾਂ ਬਹਿਰ ਵਜ਼ਨ ਉਖੜ ਜਾਂਦੇ ।ਸਥਿਤੀ ਬੜੀ ਹਾਸੋ ਹੀਣੀ ਬਣ ਜਾਂਦੀ
"ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ,
ਨਾ ਇਧਰ ਕੇ ਹੀ ਰਹੇ, ਨਾ ਉਧਰ ਕੇ ।"
ਕੁਛ ਦੇਰ ਮਗਰੋਂ ਗੁਰਦਿਆਲ ਦਲਾਲ ਤਾਂ ਸਾਰਾ ਕੁਛ ਛੱਡ ਕੇ ਕਹਾਣੀ ਲਿਖਣ ਵਲ ਹੋ ਗਏ । ਤੇ ਮੈਂ ਚੰਗਾ ਭਲਾ ਕਹਾਣੀ ਲਿਖਦਾ ਲਿਖਦਾ ਗ਼ਜ਼ਲ ਤੇ ਅੜਿਆ ਰਿਹਾ । ਬੜਾ ਹੀ ਦਿਲਚਸਪ ਤਜ਼ੁਰਬਾ ਸੀ ਕਿਉਂ ਕਿ..
"ਕਹਿਣੀ ਸੌਖੀ ਨਾ ਗ਼ਜ਼ਲ, ਕੌਣ ਸਹੇ ਤਕਲੀਫ,
ਤੰਗ ਕਰੇ ਇਹ ਕਾਫੀਆ, ਅੜੀਆਂ ਕਰੇ ਰਦੀਫ ।"
ਪਹਿਲਾਂ ਪਹਿਲਾਂ ਕਾਫੀਆ ਤੰਗ ਹੋਣ ਦਾ ਮੁਹਾਵਰਾ ਤਾਂ ਸੁਣਿਆ ਸੀ ਪਰ ਕਾਫੀਏ ਨਾਲ ਕਦੇ ਵਾਹ ਨਹੀ ਸੀ ਪਿਆ । ਗ਼ਜ਼ਲਗੋ ਹੋਣ ਨਾਲ ਕਾਫੀਆ ਤੰਗ ਹੋਣ ਦਾ ਅਸਲ ਤਜ਼ੁਰਬਾ ਹਾਸਲ ਹੋਇਆ । ਉਖਲੀ ਚ ਸਿਰ ਦਿਤਾ ਤਾਂ ਮੋਹਲਿਆਂ ਦਾ ਕੀ  ਡਰ, ਮੈਂ ਵੀ ਗ਼ਜ਼ਲ ਲਿਖਣ ਦਾ ਖਹਿੜਾ ਨਹੀ ਛਡਿਆ । ਸੋਚਿਆ ਕੇ ਜੇ ਮੁੱਲਾਂ ਸਬਕ ਨਾ ਦਉ ਤਾਂ ਭਲਾ ਘਰ ਵੀ ਨਾ ਆਉਣ ਦਊ । ਜੇ ਗ਼ਜ਼ਲ ਨਾ ਲਿਖੀ ਗਈ ਤਾਂ ਕਹਾਣੀ ਤਾਂ ਕਿਤੇ ਗਈ ਹੀ ਨਹੀ ।
ਬਹਿਰਾਂ ਤੇ ਨਿਰੰਤਰ ਅਭਿਆਸ ਦੌਰਾਨ ਚਮਤਕਾਰ ਹੋਣ ਲੱਗਿਆ । ਬਹਿਰਾਂ ਮੇਰੀ ਤਬੀਅਤ ਵਿਚ ਰਚ ਵਸ ਗਈਆਂ । ਮੇਰੇ ਖਿਆਲ ਆਪਣੇ ਆਪ ਬਹਿਰਾਂ ਅਨੁਸਾਰ ਢਲਣ ਲੱਗੇ । ਗ਼ਜ਼ਲ ਮਹਿਬੂਬ ਵਾਂਗ ਮੇਰੇ ਤੇ ਮਿਹਰਬਾਨ ਹੋਣ ਲੱਗੀ । ਪਤਾ ਨਹੀ ਕਿ ਗ਼ਜ਼ਲ ਨੇ ਮੇਰੀ ਤਬੀਅਤ ਨੂੰ ਅਪਣਾ ਲਿਆ ਜਾਂ ਮੇਰੀ ਤਬੀਅਤ ਨੇ ਗ਼ਜ਼ਲ ਨੂੰ । ਕਿਸੇ ਵੀ ਮਾਸਿਕ ਰਸਾਲੇ ਵਿਚ ਜਿਹੜੀ ਵੀ ਗ਼ਜ਼ਲ ਪ੍ਰਕਾਸ਼ਿਤ ਹੋਣੀ ਮੈਂ ਤਕਤੀਹ ਕਰਕੇ ਬਹਿਰ ਕੱਢ ਲੈਣੀ । ਕਈ ਵਾਰ ਮੈਂ ਗ਼ਜ਼ਲ ਦੀ ਬਹਿਰ ਕੱਢਣ ਵਿਚ ਕਾਮਯਾਬ ਹੋ ਜਾਣਾ ਤੇ ਕਈ ਵਾਰੀ ਨਹੀ । ਇਸ ਦੇ ਦੋ ਕਾਰਣ ਸਨ । ਪਹਿਲਾ ਤਾਂ ਇਹ ਕਿ ਮੇਰਾ ਅਰੂਜ਼ ਬਾਰੇ ਗਿਆਨ ਅਜੇ ਲੁਧਿਆਣੇ ਤੋਂ ਲੌਢੂਵਾਲ ਤਕ ਹੀ ਸੀ, ਭਾਵ ਬਹੁਤ ਥੋੜਾ ਸੀ । ਮੈਂ ਬਹੁਤ ਸਾਰੀਆਂ ਬਹਿਰਾਂ ਬਾਰੇ ਜਾਣਦਾ ਹੀ ਨਹੀ ਸੀ । ਦੂਸਰਾ ਕਾਰਣ ਇਹ ਸੀ ਕਿ ਹੋਰ ਬਹੁਤ ਸਾਰੇ ਗ਼ਜ਼ਲਗੋ ਵੀ ਮੇਰੇ ਵਾਂਗ ਗ਼ਜ਼ਲ ਨੂੰ ਜਾਣਦੇ ਹੀ ਨਹੀ ਸਨ ਤੇ ਬਸ ਤੁਕਬੰਦੀ ਨੂੰ ਗ਼ਜ਼ਲ ਦਾ ਨਾਮ ਦੇ ਰਹੇ ਸਨ ।
ਮੇਰੀ ਸਿਰਜਣ ਪਰਕ੍ਰਿਆ ਦਾ ਆਲਮ ਇਹ ਸੀ ਕਿ ਮੈਂ ਜਦੋਂ ਵੀ ਕਿਸੇ ਨਵੀਂ ਬਹਿਰ ਵਿਚ ਲਿਖਣ ਦਾ ਮਨ ਬਣਾਉਂਦਾ ਤਾਂ ਮੈਂ ਕਿਸੇ ਉਸਤਾਦ ਸ਼ਾਇਰ ਦੇ ਉਸੇ ਬਹਿਰ ਵਿਚ ਲਿਖੀ ਗ਼ਜ਼ਲ ਨੂੰ ਗੁਣਗੁਣਾਉਂਦਾ ਰਹਿੰਦਾ । ਹੌਲੀ ਹੌਲੀ ਮੈਂ ਉਸੇ ਬਹਿਰ ਵਿਚ ਆਪਣੀ ਗ਼ਜ਼ਲ ਦੇ ਸ਼ਿਅਰ ਕਹਿ ਲੈਂਦਾ ਕਿਉਂ ਕੇ ਤਦ ਤਕ ਉਹ ਬਹਿਰ ਮੇਰੇ ਮਨ ਚ ਰਚ ਵਸ ਗਈ ਹੁੰਦੀ ਸੀ । ਹੁਣ ਬਹਿਰ ਵਿਚ ਲਿਖਣਾ ਮੈਨੂ ਔਖਾ ਨਹੀ ਲਗਦਾ ਸੀ ।
ਇਹਨਾਂ ਦਿਨਾਂ ਵਿਚ ਹੀ ਮੇਰੀ ਮੁਲਾਕਾਤ ਇਕ ਹੋਰ ਫੱਕਰ ਤਬੀਅਤ ਸ਼ਾਇਰ ਰਾਮਨਾਥ ਸਰਵਰ ਨਾਲ ਹੋਈ । ਮੈਂ ਉਹਨਾਂ ਨੂੰ ਅਰੂਜ਼ ਸਬੰਧੀ ਆਪਣੀ ਅਧੂਰੀ ਜਾਣਕਾਰੀ ਦਾ ਜ਼ਿਕਰ ਕੀਤਾਂ ਤਾਂ ਉਹਨਾਂ ਨੇ ਮੈਨੂੰ ਅਰੂਜ਼ ਦੇ ਇਕ ਹੋਰ ਰੁਕ ਮੁਸਤਫਇਲੁਨ ਦੀ ਦੱਸ ਪਾਈ । ਤੇ ਨਾਲ ਹੀ ਕਿਹਾ ਕਿ ਅਰੂਜ਼ ਦੇ ਅੱਠ ਰੁਕਨ ਹਨ ਪਰ ਪੰਜਾਬੀ ਵਿਚ ਕੇਵਲ ਪੰਜ ਹੀ ਨਿਭਦੇ ਹਨ  ਤੇ ਬਾਕੀ ਦੇ ਰੁਕਨ ਫਾਰਸੀ ਵਾਸਤੇ ਹਨ । ਸੋ ਮੈਂ ਆਪਣੇ ਆਪ ਨੂੰ ਇਸ ਫੱਕਰ ਤਬੀਅਤ ਸ਼ਾਇਰ ਦਾ ਵੀ ਦੇਣਦਾਰ ਮੰਨਦਾ ਹਾਂ । ਉਸ ਫਕੀਰਾਨਾ ਸ਼ਾਇਰ ਦੀ ਬੜੀ ਇੱਛਾ ਸੀ ਕਿ ਆਪਣੀਆਂ ਗ਼ਜ਼ਲਾਂ ਨੂੰ ਪੁਸਤਕ ਦਾ ਰੂਪ ਦੇ ਸਕੇ । ਅਫਸੋਸ ਕਿ ਉਸ ਦੀ ਇਹ ਇੱਛਾ ਪੂਰੀ ਨਾ ਹੋ ਸਕੀ ਤੇ ਉਹ ਆਪਣੀ ਸੰਸਾਰ ਯਾਤਰਾ ਪੂਰੀ ਕਰਕੇ ਇਸ ਦੁਨੀਆਂ ਤੋਂ ਚਲੇ ਗਿਆ , ਤੇ ਉਸ ਦੀ ਸ਼ਾਇਰੀ ਸਮਿਆਂ ਦੀ ਧੂੜ ਵਿਚ ਹੀ ਗੁੰਮ ਗੁਆਚ ਗਈ ਕਿਉਂ ਕਿ ਪੰਜਾਬੀ ਦੀ ਪੁਸਤਕ ਪ੍ਰਕਾਸ਼ਿਤ ਕਰਨਾ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗਲ ਹੈ ।
"ਸ਼ਾਇਰ ਸਾਹਿਬ ਆ ਸਕੇ, ਗਲੇ ਤਕ ਨਾ ਤਾਬ,
ਘਰ ਦੇ ਭਾਂਡੇ ਵਿਕ ਗਏ, ਬੈਠੇ ਛਾਪ ਕਿਤਾਬ ।"
ਮੇਰੇ ਮਨ ਵਿਚ ਅਰੂਜ਼ ਦੀ ਮੁਕੰਮਲ ਜਾਣਕਾਰੀ ਦੀ ਬੜੀ ਜਗਿਆਸਾ ਸੀ । ਮੈਨੂੰ ਕਿਸੇ ਪਾਸਿਉਂ ਇਹ ਦੱਸ ਪਈ ਕਿ ਪੰਜਾਬੀ ਵਿਚ ਇਕ ਪੁਸਤਕ ਸਰਦਾਰ ਜੋਗਿੰਦਰ ਸਿੰਘ ਦੀ ਪਿੰਗਲ ਤੇ ਅਰੂਜ਼ ਪ੍ਰਕਾਸ਼ਿਤ ਹੋਈ ਹੈ । ਮੈਂ ਇਸ ਪੁਸਤਕ ਨੂੰ ਪ੍ਰਾਪਤ ਕਰਨ ਦੇ ਬੜੇ ਯਤਨ ਕੀਤੇ ਪਰ ਕਾਮਯਾਬੀ ਨਾ ਮਿਲੀ । ਕਿਉਂ ਕਿ ਇਹਨੀ ਦਿਨੀ ਇਸ ਪੁਸਤਕ ਦਾ ਅਡੀਸ਼ਨ ਖਤਮ ਹੋ ਚੁਕਿਆ ਸੀ । ਅਰੂਜ਼ ਸਬੰਧੀ ਥੋੜੀ ਬਹੁਤ ਜਾਣਕਾਰੀ ਕਦੀ ਕਦਾਈਂ ਪੰਜਾਬੀ ਦੇ ਕਿਸੇ ਅਖ਼ਬਾਰ ਜਾਂ ਰਸਾਲੇ ਵਿਚ ਪ੍ਰਕਾਸ਼ਤ ਹੁੰਦੀ।  ਦੀਪਕ ਜੈਤੋਈ ਤੇ ਠਾਕਰ ਭਾਰਤੀ ਦੇ ਗ਼ਜ਼ਲ ਸਬੰਧੀ ਕੁਛ ਆਰਟੀਕਲ ਪੜ੍ਹੇ । ਜਾਂ ਫਿਰ ਡਾ: ਸਾਧੂ ਸਿੰਘ ਹਮਦਰਦ ਅਜੀਤ ਦੇ ਕਾਲਮ ਗ਼ਜ਼ਲ ਫੁਲਵਾੜੀ ਵਿਚ ਗ਼ਜ਼ਲ ਬਾਰੇ ਕੁਝ ਜਾਣਕਾਰੀ ਛਾਪਦੇ ਰਹਿੰਦੇ । ਗ਼ਜ਼ਲ ਦੇ ਸਬੰਧ ਵਿਚ ਜਿੰਨੀ ਵੀ ਜਾਣਕਾਰੀ ਮੈਨੂੰ ਮਿਲਦੀ, ਮੈਂ ਨਾ ਸਿਰਫ਼ ਆਪ ਉਸ ਤੇ ਅਮਲ ਕਰਦਾ ਬਲਕਿ ਆਪਣੇ ਸੰਪਰਕ ਵਿਚ ਆਉਣ ਵਾਲੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕਰਦਾ । ਇਸ ਤਰ੍ਹਾਂ ਮੇਰੇ ਸਿਰ ਉੱਤੇ ਗ਼ਜ਼ਲਾਂ ਦਾ ਜਨੂਨ ਸਵਾਰ ਹੋ ਗਿਆ ।
"ਅਕਲ ਸਹਾਰੇ ਹੀ ਨਹੀ, ਕੱਟੀ ਜਾਂਦੀ ਜੂਨ,
ਅਕਲ ਨ ਜਿੱਥੇ ਪਹੁੰਚਦੀ, ਪਹੁੰਚੇ ਕ੍ਰਿਸ਼ਨ ਜਨੂਨ ।"
ਸਿੱਖਣ ਸਿਖਾਉਣ ਦੇ ਇਸ ਜਨੂਨ ਤਹਿਤ ਮੈਂ ਨਾ ਸਿਰਫ ਆਪ ਗ਼ਜ਼ਲ ਕਹਿਣ ਦੇ ਯੋਗ ਸਕਿਆ, ਸਗੋਂ ਆਪਣੇ ਸੰਪਰਕ ਵਿਚ ਆਏ ਗ਼ਲਜ਼ ਸਿਖਣ ਦੇ ਕੁਝ ਚਾਹਵਾਨਾਂ ਨੂੰ ਵੀ ਗ਼ਜ਼ਲ ਦਾ ਜਾਗ ਲਾਉਣ ਵਿਚ ਕਾਮਯਾਬ ਹੋਇਆ , ਜੋ ਕਿ ਅਸਲ ਵਿਚ ਹੁਣ ਤੀਕਰ ਵੀ ਜਾਰੀ ਹੈ । ਏਸ ਅਮਲ ਦੌਰਾਨ ਕੁਛ ਖੱਟੇ ਮਿੱਠੇ ਤਜ਼ੁਰਬੇ ਵੀ ਹਾਸਿਲ ਹੋਏ । ਤੇ ਏਸੇ ਦੌਰਾਨ ਹੀ ਮੈਨੁੰ  ਮਰਹੂਮ ਜੋਗਿੰਦਰ ਸਿੰਘ ਦੀ ਪੁਸਤਕ  ਪਿੰਗਲ ਤੇ ਅਰੂਜ਼ ਪ੍ਰਾਪਤ ਹੋਈ । ਜਿਹੜੀ ਪੁਸਤਕ ਮੇਰੇ ਲਈ ਕਾਫੀ ਦੁਰਲਭ ਬਣੀ ਰਹੀ । ਹੋਇਆ ਇਉਂ ਕਿ ਜਦੋਂ ਪੰਜਾਬੀ ਕਵੀ ਹਰਭਜਨ ਸਿੰਘ ਮਾਂਗਟ (ਜਿਹੜੇ ਕਿ ਅਜਕਲ ਸਰ੍ਹੀ ਦੇ ਨਿਵਾਸੀ ਹਨ) ਆਪਣੀ ਫੌਜੀ ਸੇਵਾ ਤੋਂ ਮੁਕਤ ਹੋ ਕੇ ਆਏ । ਪੰਜਾਬੀ ਲਿਖਾਰੀ ਸਭਾ ਰਾਮਪੁਰ ਵਿਚ ਉਹਨਾਂ ਨਾਲ ਮਿਲਣ ਦਾ ਸਬੱਬ ਬਣਿਆਂ । ਉਹ ਮੈਨੂੰ ਇਕ ਚੰਗਾ ਗ਼ਜ਼ਲਗੋ ਸਮਝਦੇ ਸਨ ਤੇ ਆਪਣੀ ਗ਼ਜ਼ਲ ਸਬੰਧੀ ਮੇਰੇ ਤੋਂ ਰਾਇ ਲੈਂ ਲੈਂਦੇ ਸਨ ।
ਇਕ ਵਾਰ ਉਹਨਾਂ ਦੇ ਘਰ ਬੈਠਿਆ ਉਹਨਾਂ ਨੇ ਇਕ ਪੁਸਤਕ ਮੇਰੇ ਹੱਥਾਂ ਵਿਚ ਦੇ ਦਿਤੀ ਤੇ ਕਹਿਣ ਲੱਗੇ ਕ੍ਰਿਸ਼ਨ ਅਰੂਜ਼ ਸਬੰਧੀ ਇਹ ਪੁਸਤਕ ਤਾਂ ਮੇਰੇ ਕੋਲ ਹੈ ਪਰ ਇਹ ਏਨੀ ਔਖੀ ਹੈ ਕਿ ਇਸ ਵਿਚੋਂ ਮੈਨੂੰ ਬਹੁਤੀ ਸਮਝ ਨਹੀ ਪੈਂਦੀ । ਤੂੰ ਏਸ ਨੂੰ ਪੜ੍ਹ ਕੇ ਦੇਖ ਲੈ ਸ਼ਾਇਦ ਤੇਰੇ ਕੰਮ ਦੀ ਹੋਵੇ । ਹਰਭਜਨ ਸਿੰਘ ਮਾਂਗਟ ਦੀ ਪੁਸਤਕ ਨੂੰ ਜਦੋਂ ਮੈਂ ਉਲਟ ਪੁਲਟ ਕੇ ਦੇਖਿਆ ਤਾਂ ਇਹ ਜੋਗਿੰਦਰ ਸਿੰਘ ਦੀ ਪੁਸਤਕ ਪਿੰਗਲ ਤੇ ਅਰੂਜ਼ ਸੀ । ਇਸ ਪੁਸਤਕ ਦੀ ਮੈਨੂੰ ਬਹੁਤ ਦੇਰ ਤੋਂ ਭਾਲ ਸੀ । ਅਜ ਇਹ ਪੁਸਤਕ ਇਤਫਾਕਨ ਮੇਰੇ ਹੱਥਾਂ ਵਿਚ ਸੀ । ਇਸ ਪੁਸਤਕ ਨੇ ਮੇਰੇ ਲਈ ਅਰੂਜ਼ ਦੀ ਜਾਣਕਾਰੀ ਦੇ ਦਰ ਖੋਲ ਦਿੱਤੇ , ਤੇ ਮੈਂ ਇਹ ਕਈ ਵਾਰ ਪੜ੍ਹੀ । ਇਹ ਪੁਸਤਕ ਮੇਰੇ ਕੋਲ ਕਈ ਚਿਰ ਰਹੀ ਫਿਰ ਪਤਾ ਨਹੀ ਕਿਹੜਾ ਦੋਸਤ ਲੈ ਗਿਆ ਅੱਜ ਤਕ ਨਹੀ ਮੁੜੀ । ਬਹੁਤ ਸਾਲਾਂ ਬਾਦ ਅਜੇਹਾ ਇਤਫਾਕ ਫੇਰ ਹੋਇਆ । ਜਨਮੇਜਾ ਸਿੰਘ ਜੌਹਲ ਦੀ ਮਾਰਫਤ ਮੇਰੀ ਮੁਲਾਕਾਤ ਇਕ ਸਾਹਿਤਿਕ ਮਿੱਤਰ ਨਾਲ ਹੋਈ ਤੇ ਉਸ ਨੇ ਮੈਨੂੰ ਇਹ ਪੁਸਤਕ ਫਿਰ ਦੁਬਾਰਾ ਤੋਂ ਭੇਂਟ ਕਰ ਦਿੱਤੀ । ਜੋ ਕਿ ਅਜੇ ਵੀ ਮੇਰੀ ਲਾਇਬਰੇਰੀ ਸ਼ਿੰਗਾਰ ਹੈ, ਹਾਲਾਂਕਿ ਇਹਨਾਂ ਸਮਿਆਂ ਦੌਰਾਨ ਅਰੂਜ਼ ਦੀਆਂ ਕਈ ਪੁਸਤਕਾਂ ਮੇਰੀ ਨਜ਼ਰ ਵਿੱਚੋਂ ਲੰਘ ਚੁੱਕੀਆਂ ਹਨ ।
ਇਸ ਤਰ੍ਹਾਂ ਮੈਂ ਕਿੰਨੇ ਹੀ ਸਾਲ ਅਰੂਜ਼ ਸਬੰਧੀ ਜਾਣਕਾਰੀ ਲੈਂਦਾ ਤੇ ਸਿਰਜਣਾਤਮਕ ਅਮਲ ਰਾਹੀਂ ਪੱਕੇ ਪੈਰੀਂ ਗ਼ਜ਼ਲ ਦੇ ਰਾਹ ਪੈ ਗਿਆ । ਪ੍ਰਚੱਲਿਤ ਬਹਿਰਾਂ ਨਿਭਾਉਣ ਦੇ ਨਾਲ ਨਾਲ ਮੈਂ ਕੁਛ ਨਵੀਆਂ ਬਹਿਰਾਂ ਤੇ ਤਜ਼ੁਰਬੇ ਵੀ ਕਰਨ ਲਗ ਪਿਆ । ਇਕ ਗ਼ਜ਼ਲਗੋ ਦੇ ਤੌਰ ਤੇ ਮੇਰੀ ਕੁਛ ਕੁਛ ਪਛਾਣ ਬਣਨ ਲਗ ਪਈ । ਪਰ ਮੰਜ਼ਲ ਅਜੇ ਬਹੁਤ ਦੂਰ ਸੀ । ਹੌਲੀ ਹੌਲੀ ਗ਼ਜ਼ਲ ਬਾਰੇ ਅਪਣੀ ਜਾਣਕਾਰੀ ਮੈਂ ਹੋਰਾਂ ਨਾਲ ਸਾਂਝੀ ਕਰਨ ਲਗ ਪਿਆ । ਜਿੱਥੇ ਜਿੱਥੇ ਗ਼ਜ਼ਲ ਬਾਰੇ ਕੋਈ ਗਲ ਤੁਰਦੀ ਮੈਂ ਵਿਚਾਰ ਚਰਚਾ ਚ ਹਿੱਸਾ ਲੈਂਦਾ । ਸਾਹਿਤਿਕ ਹਲਕਿਆਂ ਵਿੱਚ ਗ਼ਜ਼ਲ ਸਬੰਧੀ ਮੇਰੇ ਵਿਚਾਰਾਂ ਨੂੰ ਅਹਿਮੀਅਤ ਦਿੱਤੀ ਜਾਣ ਲੱਗੀ । ਸ਼ੁਰੂ ਸ਼ੁਰੂ ਵਿਚ ਜਿਹੜੇ ਵਿਦਵਾਨ ਮੈਥੋਂ ਦੂਰੀ ਬਣਾ ਕੇ ਰੱਖਦੇ ਸਨ ਉਹਨਾਂ ਦੇ ਨੇੜਤਾ ਦਾ ਨਿੱਘ ਮਿਲਣ ਲੱਗਿਆ ।
"ਰਸਤੇ ਸਨ ਇਹ ਅਜ਼ਨਬੀ, ਮੈਂ ਕੋਰਾ ਅਣਜਾਣ,
ਹੌਲੀ ਹੌਲੀ ਹੋ ਗਈ, ਰਾਹਾਂ ਦੀ ਪਹਿਚਾਣ ।"
ਪਹਿਲਾਂ ਪਹਿਲਾਂ ਇਲਾਕੇ ਦੀਆਂ ਸਾਹਿਤ ਸਭਾਵਾਂ ਜਿਵੇਂ ਪੰਜਾਬੀ ਲਿਖਾਰੀ ਸਭਾ ਰਾਮਪੁਰ, ਸਾਹਿਤ ਸਭਾ ਸਮਰਾਲਾ, ਸਾਹਿਤ ਸਭਾ ਦੋਰਾਹਾ,ਸਾਹਿਤ ਸਭਾ ਮਾਛੀਵਾੜਾ, ਮੇਰਾ ਕਰਮ ਖੇਤਰ ਬਣਿਆ ।ਹੌਲੀ ਹੌਲੀ ਪੰਜਾਬ ਦੀਆਂ ਦੂਰ ਨੇੜੇ ਦੀਆਂ ਸਾਰੀਆਂ ਸਭਾਵਾਂ ਵਿਚ ਜਾਣ ਦਾ ਅਵਸਰ ਬਣਿਆ ਅਤੇ ਸਾਰਾ ਪੰਜਾਬ ਹੀ ਮੇਰਾ ਕਰਮ ਖੇਤਰ ਬਣ ਗਿਆ । ਇਸ ਤਰ੍ਹਾਂ ਇਕ ਗ਼ਜ਼ਲਗੋ ਦੇ ਤੌਰ ਤੇ ਅਤੇ ਨਾਲ ਨਾਲ ਹੀ ਇਕ ਅਰੂਜ਼ੀ ਦੇ ਤੌਰ ਤੇ ਮੇਰੀ ਪਛਾਣ ਬਣ ਗਈ । ਸਾਡੇ ਇਲਾਕੇ ਦੇ ਨਾਮਵਰ ਸ਼ਾਇਰ ਕੁਲਵੰਤ ਨੀਲੋਂ ਦਾ ਗ਼ਜ਼ਲ ਸੰਗ੍ਰਹਿ ' ਆਪਣਾ ਅਤੇ ਪਰਾਇਆ ਸੂਰਜ਼' ਕਲਾ ਸੰਗਮ ਨੀਲੋਂ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਸੀ । ਉਸ ਸੰਗ੍ਰਿਹ ਸਬੰਧੀ ਇਲਾਕੇ ਦੇ ਇਕ ਵਿਦਵਾਨ ਨੂੰ ਪੇਪਰ ਪੜ੍ਹਨ ਲਈ ਕਿਹਾ ਗਿਆ । ਉਸ ਨੇ ਕੁਲਵੰਤ ਨੀਲੋਂ ਦੇ ਅਨੇਕਾਂ ਸ਼ਿਅਰਾਂ ਵਿਚ ਸਕਤੇ ਹੋਣ ਦਾ ਸੰਕੇਤ ਦਿੱਤਾ । ਸਕਤੇ ਦਾ ਅਰਥ ਰੁਕਾਵਟ ਜਾਂ ਦੋਸ਼ ਹੁੰਦਾ ਹੈ । ਜਦੋਂ ਮੁੜਕੇ ਮੇਰੀ ਬੋਲਣ ਦੀ ਵਾਰੀ ਆਈ ਤਾਂ ਮੈਂ ਉਸ ਸਕਤੇ ਦੱਸਣ ਵਾਲੇ ਦੋਸਤ ਨੂੰ ਬੇਨਤੀ ਕੀਤੀ ਕਿ ," ਜਨਾਬ ਜਿਨ੍ਹਾਂ ਸਕਤਿਆਂ ਬਾਰੇ ਤੁਸੀਂ ਆਪਣੇ ਪੇਪਰ ਵਿਚ ਜ਼ਿਕਰ ਕੀਤਾ ਹੈ ਉਹਨਾਂ ਬਾਰੇ ਸਾਨੂੰ ਖੋਲ ਕੇ ਦੱਸੋ ਕਿ ਉਹ ਗ਼ਜ਼ਲ ਕਿਸ ਬਹਿਰ ਵਿਚ ਲਿਖੀ ਗਈ ਹੈ ਤੇ ਉਸ ਵਿਚ ਕਿਸ ਕਿਸਮ ਦਾ ਸਕਤਾ ਜਾਂ ਦੋਸ਼ ਹੈ । ਕੀ ਉਹ ਐਬ ਏ ਤਨਾਫਰ ਹੈ ਜਾਂ ਐਬ ਸ਼ੁਤਰ ਗੁਰਬਾ ਹੈ ਜਾਂ ਕੋਈ ਕਾਫੀਏ ਦਾ ਦੋਸ਼ ਹੈ, ਜਾਂ ਜੁਬਾਨਦਾਨੀ ਦਰੁਸਤ ਨਹੀ, ਜਾਂ ਹੋਰ ਕੋਈ ਦੋਸ਼ । ਤੇ ਇਹ ਵੀ ਦੱਸੋ ਉਹ ਦੋਸ਼ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ । ਫਿਰ ਮੈਂ ਕੁਝ ਸ਼ਿਅਰਾਂ ਵਿਚ ਦੋਸ਼ਾਂ ਦਾ ਜ਼ਿਕਰ ਕੀਤਾ ਤੇ ਸੁਝਾਅ ਦਿੱਤੇ ।
ਮੇਰੇ ਮਗਰੋਂ ਸ਼ਾਇਰ ਦੋਸਤ ਐਸ ਤਰਸੇਮ ਜਿਨ੍ਹਾਂ ਨੇ ਬਾਦ ਵਿਚ ਪੀ ਐਚ ਡੀ ਕੀਤੀ ਅਤੇ ਅਰੂਜ਼ ਸਬੰਧੀ ਪੁਸਤਕ ਵੀ ਲਿਖੀ, ਨੇ ਬੋਲਦਿਆਂ ਹੋਇਆਂ ਕਿਹਾ ਭਨੋਟ ਸ੍ਹਾਬ ਤੁਹਾਡਾ ਨਾਮ ਬਦਲ ਕੇ ਅਜ ਤੋਂ ਮਧੋਲ ਸਾਹਿਬ ਰੱਖ ਲਿਆ ਤੁਸੀਂ ਸਾਡੇ ਵਿਦਵਾਨ ਅਲੋਚਕ ਨੂੰ ਮਧੋਲ਼ ਸੁੱਟਿਆ । ਇਹ ਸੁਣ ਕੇ ਸਾਰੀ ਮਹਿਫਿਲ ਵਿਚ ਹਾਸਾ ਬਿਖਰ ਗਿਆ ।
ਇਸ ਮਗਰੋਂ ਅਸੀਂ ਜਦੋਂ ਵੀ ਪੰਜਾਬ ਦੀ ਕਿਸੇ ਦੂਰ ਨੇੜੇ ਵਾਲੀ ਸਾਹਿਤਿਕ ਮੀਟਿੰਗ ਵਿਚ ਜਾਣਾ ਤਾਂ ਮਰਹੂਮ ਸ਼ਾਇਰ ਸੁਰਜੀਤ ਰਾਮਪੁਰੀ ਜੀ ਨੇ ਬਾਕੀ ਸਾਹਿਤਕਾਰਾ ਨਾਲ ਮੇਰੀ ਜਾਣ ਪਛਾਣ ਇਹ ਕਹਿ ਕੇ ਕਰਵਾਉਣੀ ਕਿ ਇਹ ਸਾਡੇ ਡਾ: ਭਨੋਟ ਸ੍ਹਾਬ ਹਨ ।ਜਦੋਂ ਮੈਂ ਸੁਰਜੀਤ ਰਾਮਪੁਰੀ ਸਾਹਬ ਨੂੰ ਪੁਛਣਾ ਕਿ ਤੁਸੀਂ ਮੇਰੇ ਨਾਮ ਨਾਲ ਡਾਕਟਰ ਕਿਉਂ ਲਾਉਂਦੇ ਹੋ ਤਾਂ ਉਹਨਾਂ ਨੇ ਹੱਸ ਕੇ ਕਹਿਣਾ ਕ੍ਰਿਸ਼ਨ ਤੂੰ ਸਾਡਾ ਗ਼ਜ਼ਲ ਦਾ ਡਾਕਟਰ ਹੈਂ ।
ਪੰਜਾਬ ਦੀਆਂ ਕਈ ਸਾਹਿਤਿਕ ਸਭਾਵਾਂ ਵਿਚ ਗ਼ਜ਼ਲ ਦੀ ਵਰਕਸ਼ਾਪ ਲਾਉਣ ਦਾ ਮਾਣ ਵੀ ਮੈਨੂੰ ਮਿਲਦਾ ਰਿਹਾ ਹੈ । ਅਨੇਕਾਂ ਸ਼ਾਇਰਾਂ ਦੇ ਗ਼ਜ਼ਲ ਸੰਗ੍ਰਿਹਾਂ ਦੇ ਮੁਖ ਬੰਧ ਲਿਖਣ ਦਾ ਮਾਣ ਵੀ ਮੈਨੂੰ ਮਿਲਿਆ ਹੈ ਅਤੇ ਬਹੁਤ ਸਾਰੀਆਂ ਗ਼ਜ਼ਲ ਪੁਸਤਕਾਂ ਤੇ ਪੇਪਰ ਵੀ ਮੈਂ ਪੜ੍ਹੇ ਹਨ । ਚੰਡੀਗੜ੍ਹ ਤੋਂ ਡਾਕਟਰ ਗੁਰਚਰਨ ਸਿੰਘ ਸਾਕੀ ਤ੍ਰੈ ਮਾਸਿਕ ਪੱਤਰ ਸੂਲ ਸੁਰਾਹੀ ਸੰਪਾਦਿਤ ਕਰਿਆ ਕਰਦੇ ਸਨ । ਉਹਨਾਂ ਨੇ ਇਕ ਵਾਰ ਗ਼ਜ਼ਲ ਸਬੰਧੀ ਇਕ ਮੇਰਾ ਲੰਮਾ ਆਰਟੀਕਲ ਵੀ ਛਾਪਿਆ । ਜਿਹੜਾ ਕਿ ਕਾਫੀ ਸਰਾਹਿਆ ਗਿਆ । ਸਮੇਂ ਸਮੇਂ ਤੇ ਮਿਲਦੇ ਅਜਿਹੇ ਮੌਕਿਆਂ ਨੇ ਜਿਥੇ ਮੇਰੇ ਸਵੈ ਵਿਸ਼ਵਾਸ ਵਿਚ ਵਾਧਾ ਕੀਤਾ ਉਥੇ ਮੇਰੀ ਗ਼ਜ਼ਲ ਸਿਰਜਣਾ ਵਿਚ ਵੀ ਨਿਖਾਰ ਲਿਆਂਦਾ । ਮੇਰੇ ਵਿਚ ਵਿਸ਼ਵਾਸ ਪ੍ਰਗਟ ਕਰਨ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ । ਮੇਰੀ ਸਫ਼ਲਤਾ ਵਿਚ ਵੱਡਾ ਹਿੱਸਾ ਮੈਨੂੰ ਹੱਲਾ ਸ਼ੇਰੀ ਦੇਣ ਵਾਲਿਆਂ ਦਾ ਹੈ ਤੇ ਕੁਛ ਮੇਰੀ ਮਿਹਨਤ ਦਾ । ਜਿਹੜਾ ਬੰਦਾ ਕਦੇ ਗ਼ਜ਼ਲ ਕਹਿਣ ਤੋਂ ਵੀ ਡਰਦਾ ਸੀ ਉਹ ਪੱਕੇ ਤੌਰ ਤੇ ਗ਼ਜ਼ਲ ਦਾ ਹੋ ਕੇ ਰਹਿ ਗਿਆ ।
"ਹੌਲੀ ਹੌਲੀ ਬੋਟ ਜਿਉਂ ਸਿਖ ਲੈਂਦੇ ਪਰਵਾਜ਼,
ਨਿੱਖਰਦਾ ਜਾਂਦੈ ਹੁਨਰ, ਕਰ ਕਰ ਨਿੱਤ ਰਿਆਜ਼ ।"
ਪਿਆਰੇ ਦੋਸਤੋ ਮੈਂ ਗ਼ਜ਼ਲ ਦੀ ਸਿਰਜਣ ਪਰਕ੍ਰਿਆ ਵਿਚ ਤਾਂ ਪਿਆ ਰਿਹਾ ਪਰ ਆਪਣੀਆਂ ਗ਼ਜ਼ਲਾਂ ਨੂੰ ਕਿਤਾਬੀ ਰੂਪ ਦੇਣ ਦਾ ਕਦੇ ਸੁਪਨਾ ਵੀ ਨਹੀ ਲਿਆ ਸੀ ।ਮੇਰੇ ਵਿਚ ਕਿਤਾਬ ਛਪਵਾਉਣ ਦੀ ਸਮਰੱਥਾ ਹੀ ਨਹੀ ਸੀ । ਮੇਰੀਆਂ ਕਿਤਾਬਾਂ ਦੇ ਪ੍ਰਕਾਂਸ਼ਨ ਦੇ ਨਾਲ ਕਈ ਇਤਫਾਕ ਜਾ ਸਬੱਬ ਜੁੜੇ ਹੋਏ ਹਨ । ਜੋ ਕਿ ਸ਼ਾਇਦ ਪੰਜਾਬੀ ਦੇ ਕਈ ਹੋਰ ਕਵੀਆਂ ਦੇ ਹਿੱਸੇ ਨਹੀ ਆਏ । ਮੇਰੀ ਜ਼ਿੰਦਗੀ ਚ ਵਾਪਰੇ ਕੌਤਕਾਂ ਦੀ ਮੈਨੂੰ ਕਦੇ ਸਮਝ ਨਹੀ ਆਈ । ਕਈ ਵਾਰ ਸੁਪਨੇ ਹਕੀਕਤ ਵਾਂਗ ਲੱਗਣ ਲਗ ਜਾਂਦੇ ਹਨ ਤੇ ਕਈ ਵਾਰ ਹਕੀਕਤ ਸੁਪਨਿਆਂ ਵਾਂਗ ।
"ਇਸ ਕੌਤਕ ਦਾ ਨਾ ਕਦੇ ਆਇਆ ਸਮਝ ਹਿਸਾਬ,
ਖ਼ਾਬ ਹਕੀਕਤ ਜਾਪਦੇ, ਕ੍ਰਿਸ਼ਨ ਹਕੀਕਤ ਖ਼ਾਬ ।"
ਮੇਰੀਆਂ ਕਿਤਾਬਾਂ ਦੇ ਪ੍ਰਕਾਸ਼ਨ ਲਈ ਬਣੇ ਸਬੱਬਾਂ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ । ਤੁਹਾਨੂੰ ਮੇਰੇ ਨਾਲ ਵਾਪਰੇ ਕੁਛ ਇਤਫਾਕਾਂ ਤੇ ਸ਼ਾਇਦ ਯਕੀਨ ਹੀ ਨਾ ਆਵੇ । ਪਹਿਲਾਂ ਪਹਿਲਾਂ ਮੈਨੂੰ ਵੀ ਨਹੀ ਸੀ ਆਉਂਦਾ ।
1988 ਵਿਚ ਸਾਹਿਤ ਸਭਾ ਮਾਛੀਵਾੜਾ ਨੇ ਮੈਨੂੰ ਆਪਣਾ ਪ੍ਰਧਾਨ ਚੁਣ ਲਿਆ । ਸਾਹਿਤ ਸਭਾ ਮਾਛੀਵਾੜਾ ਦੇ ਦੋ ਸਿਰ ਕੱਢ ਮੈਂਬਰ , ਸ੍ਰੀ ਸੁਖਜੀਤ ਜਿਹੜੇ ਕਿ ਹੁਣ ਸਥਾਪਤ ਕਹਾਣੀਕਾਰ ਬਣ ਚੁੱਕੇ ਹਨ ਅਤੇ ਹਰਬੰਸ ਮਾਛੀਵਾੜਾ ਜਿਨ੍ਹਾਂ ਦੀ ਹੁਣ ਸਥਾਪਤ ਗ਼ਜ਼ਲਗੋ ਦੇ ਤੌਰ ਤੇ ਪਹਿਚਾਣ ਬਣ ਚੁੱਕੀ ਹੈ, ਨੇ ਇਕ ਦਿਨ ਅਚਾਨਕ ਮੇਰੇ ਸ੍ਹਾਮਣੇ ਪ੍ਰਸਤਾਵ ਰੱਖਿਆ ਕਿ ਉਹ ਸਾਹਿਤ ਸਭਾ ਮਾਛੀਵਾੜਾ ਵੱਲੋਂ ਮੇਰਾ ਗ਼ਜ਼ਲ ਸੰਗ੍ਰਿਹ ਛਾਪਣਾ ਚਾਹੁੰਦੇ ਹਨ । ਇਹ ਸੁਣ ਕੇ ਮੈਨੂ ਹੈਰਾਨੀ ਭਰੀ ਖੁਸ਼ੀ ਹੋਈ । ਮੈਂ ਹਾਲੇ ਆਪਣੀ ਸ਼ਾਇਰੀ ਨੂੰ ਪ੍ਰਕਾਸ਼ਿਤ ਹੋਣ ਦੇ ਯੋਗ ਤਾਂ ਨਹੀ ਸੀ ਸਮਝਦਾ ਪਰ ਇਨ੍ਹਾਂ ਦੋਨਾਂ ਮਿੱਤਰਾਂ ਦੇ ਇਸਰਾਰ ਸਾਹਮਣੇ ਮੈਂ ਇਨਕਾਰ ਨਹੀ ਕਰ ਸਕਿਆ । ਅੰਨ੍ਹਾਂ ਕੀ ਭਾਲੇ ਦੋ ਅੱਖਾ, ਮੈ ਆਪਣੀਆਂ ਲਿਖਤਾਂ ਦਾ ਖਰੜਾ ਤਿਆਰ ਕਰਕੇ ਇਨ੍ਹਾਂ ਮਿੱਤਰਾਂ ਨੂੰ ਸੌਂਪ ਦਿੱਤਾ । ਇਸ ਤਰ੍ਹਾਂ ਮੇਰਾ ਪਹਿਲਾ ਗ਼ਜ਼ਲ ਸੰਗ੍ਰਿਹ 'ਮਹਿਕ ਤੇ ਹਸਤਾਖ਼ਰ' ਪੰਜਾਬੀ ਪਾਠਕਾਂ ਦੇ ਹੱਥਾਂ ਤਕ ਪਹੁੰਚਿਆ ।
ਇਸ ਸੰਗ੍ਰਿਹ ਦੇ ਮੁਖ ਬੰਦ ਦੋ ਨਾਮਵਰ ਸ਼ਾਇਰਾਂ , ਡਾ ਰਣਧੀਰ ਚੰਦ ਅਤੇ ਸੁਰਜੀਤ ਰਾਮਪੁਰੀ ਹੋਣਾਂ ਨੇ ਲਿਖੇ ਸਨ ਜੋ ਕਿ ਮੇਰੇ ਵਰਗੇ ਨੌ-ਸਿਖੀਏ ਲਈ ਮਾਣ ਵਾਲੀ ਗਲ ਸੀ। ਸਾਹਿਤਿਕ ਜਗਤ ਨਾਲ ਮੇਰੀ ਜਾਣ ਪਛਾਣ ਕਰਵਾਉਣ ਵਾਲੀਆਂ ਇਹਨਾਂ ਦੋ ਸ਼ਖਸੀਅਤਾਂ ਦਾ ਮੈ ਹਮੇਸ਼ਾ ਰਿਣੀ ਰਹਾਂਗਾ ।
ਸੁਖਜੀਤ ਅਤੇ ਹਰਬੰਸ ਮਾਛੀਵਾੜਾ ਨੇ ਮੇਰੀ ਸ਼ਾਇਰੀ ਦੀ ਬੇੜੀ ਨੂੰ ਬੰਨ੍ਹੇ ਲਾਇਆ । ਜੇ ਇਹ ਸਮੇਂ ਸਿਰ ਮੇਰਾ ਹੱਥ ਨਾ ਫੜਦੇ ਤਾਂ ਪਤਾ ਨਹੀ ਸਮੇਂ ਦੀ ਹਨੇਰੀ ਮੇਰੀਆਂ ਲਿਖਤਾਂ ਨੂੰ ਕਿਧਰ ਉਡਾ ਕੇ ਲੈ ਜਾਂਦੀ ।  ਮੈਂ ਆਪਣੀ ਸਾਹਿਤਿਕ ਬੇੜੀ ਦੇ ਇਨ੍ਹਾਂ ਦੋਹਾਂ ਮਲਾਹਾਂ ਦਾ ਬੇਹੱਦ ਸ਼ੁਕਰ ਗੁਜ਼ਾਰ ਹਾਂ ।
ਕਹਿੰਦੇ ਹਨ ਕਿ ਇਤਫ਼ਾਕ ਤੇ ਸਬੱਬ ਵਾਰ ਵਾਰ ਕਿਸੇ ਦੀ ਜ਼ਿੰਦਗੀ ਚ ਨਹੀ ਵਾਪਰਦੇ । ਪਰ ਮੇਰੇ ਸਾਹਿਤਿਕ ਸਫ਼ਰ ਦੌਰਾਨ ਵਾਪਰੇ ਹਨ । ਸਾਡੇ ਇਲਾਕੇ ਦੀ ਸਾਹਿਤਕ ਸੰਸਥਾ ਕਾਲ ਸੰਗਮ ਨੀਲੋਂ ਪੁਲ ਦੇ ਮੈਂ ਤੇ ਮੇਜ਼ਰ ਮਾਂਗਟ ਜਿਹੜੇ ਹੁਣ ਸਥਾਪਤ ਕਹਾਣੀ ਕਾਰ ਵਜੋਂ ਜਾਣੇ ਜਾਂਦੇ ਹਨ ਤੇ ਅਜਲ ਟੋਰਾਂਟੋ ਰਹਿੰਦੇ ਹਨ ਕਈ ਵਾਰ ਪ੍ਰਧਾਨ ਤੇ ਜਨਰਲ ਸਕੱਤਰ ਰਹੇ ਹਾਂ । 1990 ਵਿਚ ਜਦੋਂ  ਮੇਜ਼ਰ ਮਾਂਗਟ ਪ੍ਰਵਾਸ ਕਰਕੇ ਕਨੇਡਾ ਆਏ ਤਾਂ ਮੇਰੀ ਕਿਤਾਬ ਮਹਿਕ ਦੇ ਹਸਤਾਖ਼ਰ ਦੀਆਂ ਕੁਛ ਕਾਪੀਆਂ ਕਨੇਡਾ ਆਪਣੇ ਨਾਲ ਲਿਆਏ । ਮੇਜ਼ਰ ਮਾਂਗਟ ਰਾਹੀਂ ਟੋਰਾਂਟੋ ਦੇ ਸਾਹਿਤਕ ਹਲਕਿਆਂ ਤਕ  ਮੇਰੀਆਂ ਕਿਤਾਬਾਂ ਪਹੁੰਚੀਆਂ ।ਮੇਰਾ ਗ਼ਜ਼ਲ ਸੰਗ੍ਰਿਹ ਪੜ੍ਹ ਕੇ ਸ਼ਾਇਰ ਕੁਲਵਿੰਦਰ ਖਹਿਰਾ ਜਿਨ੍ਹਾਂ ਦਾ ਹੁਣ ਇਕ ਗ਼ਜ਼ਲ ਸੰਗ੍ਰਿਹ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ , ਨੇ ਉਚੇਚਾ ਇੰਡੀਆ ਟੈਲੀਫੋਨ ਕੀਤਾ ਕਿ ਭਨੋਟ ਸ੍ਹਾਬ ਮੈਂ ਤੁਹਾਡਾ ਗਜ਼ਲ ਸੰਗ੍ਰਿਹ ਮਹਿਕ ਦੇ ਹਸਤਾਖ਼ਰ ਪੜ੍ਹਿਆ ਹੈ । ਮੈਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਿਆ । ਆਪਣੀ ਗਲ ਜਾਰੀ ਰੱਖਦਿਆਂ ਉਹਨਾਂ ਨੇ ਕਿਹਾ ਕਿ ਭਨੋਟ ਸ੍ਹਾਬ ਜੇ ਤੁਹਾਡੇ ਕੋਲ ਤੁਹਾਡੀਆਂ ਕੁਛ ਅਣਛਪੀਆਂ ਰਚਨਾਵਾਂ ਹਨ ਤਾਂ ਉਨ੍ਹਾਂ ਦਾ ਖਰੜਾ ਤਿਆਰ ਕਰਕੇ ਕਿਸੇ ਪ੍ਰਕਾਸ਼ਕ ਤੋਂ ਖਰਚਾ ਪੁੱਛ ਕੇ ਦੱਸੋ । ਮੈਂ ਤੁਹਾਡੀ ਕਿਤਾਬ ਛਪਵਾਉਣੀ ਚਹੁੰਦਾ ਹਾਂ । ਮੈਂ ਕੁਲਵਿੰਦਰ ਖਹਿਰਾ ਨੂੰ ਜਾਤੀ ਤੌਰ ਤੇ ਜਾਣਦਾ ਨਹੀ ਸਾਂ । ਮੈਂ ਸੋਚਿਆ ਕਿ ਕਈ ਵਾਰ ਬੰਦਾ ਭਾਵੁਕ ਹੋ ਕੇ ਕਈ ਗਲਾਂ ਕਰ ਜਾਂਦਾ , ਇਸ ਲਈ ਮੈਂ ਉਹਨਾਂ ਦੀ ਪੇਸ਼ਕਸ਼ ਨੂੰ ਗੰਭੀਰਤਾ ਨਾਲ  ਨਾ ਲਿਆ ।
ਕੋਈ ਦੋ ਕੁ ਹਫ਼ਤੇ ਬਾਦ ਟੈਲੀਫੋਨ ਦੀ ਫੇਰ ਘੰਟੀ ਵੱਜੀ, ਮੈਂ ਰਸੀਵਰ ਚੁੱਕਿਆ ਤਾਂ ਅੱਗੋਂ ਕੁਲਵਿੰਦਰ ਖਹਿਰਾ ਪੁਛ ਰਿਹਾ ਸੀ ਭਨੋਟ ਸ੍ਹਾਬ ਤੁਸੀਂ ਖਰੜਾ ਤਿਆਰ ਕਰਕੇ ਪ੍ਰਕਾਸ਼ਕ ਨਾਲ ਗਲ ਕਰ ਲਈ ਕ ਨਹੀ । ਮੈਂ ਸ਼ਰਮਿੰਦਾ ਜਿਹਾ ਹੋ ਕੇ ਬਹਾਨਾ ਬਣਾਇਆ ਕਿ ਮੈਂ ਇਨ੍ਹਾਂ ਦਿਨਾਂ ਵਿਚ ਬਹੁਤ ਰੁੱਝਿਆ ਹੋਇਆ ਸੀ । ਕੁਲਵਿੰਦਰ ਖਹਿਰਾ ਨੇ ਫਿਰ ਤਾਕੀਦ ਕੀਤੀ ਕਿ ਅਗਲੇ ਹਫ਼ਤੇ ਮੈਂ ਫਿਰ ਫੋਨ ਕਰਾਂਗਾ ਜਦ ਤਕ ਤਿਆਰੀ ਕਰ ਲਵੋ । ਅਗਲੇ ਹਫ਼ਤੇ ਜਦ ਉਹਨਾਂ ਦਾ ਫੋਨ ਆਇਆ ਤਾਂ ਮੈਂ ਸਥਿਤੀ ਸਪਸ਼ਟ ਕਰ ਦਿੱਤੀ । ਉਨ੍ਹਾਂ ਅਗਲੇ ਹਫ਼ਤੇ ਹੀ ਵੈਸਟਰਨ ਯੂਨੀਅਨ ਰਾਹੀਂ ਦੋ ਕਿਤਾਬਾਂ ਦੀ ਪ੍ਰਕਾਸ਼ਨਾ ਦਾ ਖਰਚਾ ਭੇਜ ਦਿੱਤਾ । ਇਸ ਤਰ੍ਹਾਂ ਕੁਲਵਿੰਦਰ ਖਹਿਰਾ ਰਾਹੀਂ ਮੇਰੇ ਦੋ ਗ਼ਜ਼ਲ ਸੰਗ੍ਰਿਹ 'ਤਲਖ਼ ਪਲ' ਅਤੇ 'ਜਲ ਤਰੰਗ' ਪਾਠਕਾਂ ਦੇ ਹੱਥਾਂ ਤਕ ਪਹੁੰਚੇ । ਮੇਰੀ ਸਾਹਿਤਿਕ ਬੇੜੀ ਨੂੰ ਬੰਨੇ ਲਾਉਣ ਲਈ ਇਹ ਤੀਜਾ ਮਲਾਹ ਵੀ ਆਪ-ਮੁਹਾਰੇ ਆ ਬਹੁੜਿਆ ।
ਇਕ ਦੋ ਕਿਤਾਬਾਂ ਛਪਣ ਮਗਰੋਂ ਹਾਲਾਤ ਕੁਝ ਅਜੇਹੇ ਬਣ ਗਏ ਕਿ ਮੇਰਾ ਆਪਣਾ ਕਨੇਡਾ ਪ੍ਰਵਾਸ ਕਰਨ ਦਾ ਸਬੱਬ ਬਣ ਗਿਆ । ਕਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਦੋ ਹੋਰ ਗ਼ਜ਼ਲ ਸੰਗ੍ਰਿਹ 'ਚੁਪ ਦੀ ਆਵਾਜ਼' ਤੇ 'ਵਿਅੰਗ ਲੀਲਾ'  ਦੀ ਪ੍ਰਕਾਸ਼ਨਾ ਵੇਲੇ ਮੇਰੀ ਆਰਥਿਕ ਹਾਲਤ ਅਜਿਹੀ ਬਣ ਗਈ ਸੀ ਕਿ ਮੈਂ ਇਹ ਕਿਤਾਬਾਂ ਖ਼ੁਦ ਪ੍ਰਕਾਸ਼ਤ ਕਰ ਸਕਿਆ ।
ਸਤੰਬਰ ਵਿਚੋਂ ਮੈਂ ਪ੍ਰਵਾਸੀ ਹੋ ਕੇ ਟੋਰਾਂਟੋ ਪਹੁੰਚਿਆ । ਟੋਰਾਂਟੋ ਦੇ ਸਾਹਿਤਿਕ ਹਲਕਿਆਂ ਵਿਚ ਮੈਂ ਪਹਿਲਾਂ ਹੀ ਜਾਣਿਆ ਜਾਂਦਾ ਸਾਂ । ਜਿਸ ਦਾ ਜ਼ਿਕਰ ਮੈਂ ਕਰ ਹੀ ਚੁੱਕਿਆ ਹਾਂ । ਮੇਜਰ ਮਾਂਗਟ ਤੇ ਕੁਲਵਿੰਦਰ ਖਹਿਰਾ ਰਾਹੀਂ ਮੇਰੀ ਸ਼ਾਇਰੀ ਏਥੇ ਪਹੁੰਚ ਹੀ ਚੁੱਕੀ ਸੀ । ਰਹਿੰਦੀ ਕਸਰ ਟੋਰਾਂਟੋ ਦੇ ਸੁਰੀਲੇ ਗਾਇਕ ਕੁਲਦੀਪ ਪ੍ਰਦੇਸੀ ਨੇ ਸਾਹਿਤਕ ਹਲਕਿਆਂ ਵਿਚ ਆਪਣੀ ਸੁਰੀਲੀ ਅਵਾਜ਼ ਰਾਹੀਂ ਮੇਰੀਆਂ ਕੁਝ ਗ਼ਜ਼ਲਾਂ ਗਾ ਕੇ ਪੂਰੀ ਕਰ ਦਿੱਤੀ ।ਇਉਂ ਟੋਰਾਂਟੋ ਦੇ ਸਾਹਿਤਿਕ ਹਲਕਿਆਂ ਵਿਚ ਮੇਰੀ ਚੰਗੀ ਜਾਣ ਪਛਾਣ ਬਣ ਗਈ  ।


ਪਿਆਰੇ ਦੋਸਤੋ ਪਿਛਲੇ ਪੈਂਤੀ ਕੁ ਸਾਲ ਤੋਂ ਗ਼ਜ਼ਲ ਨਾਲ ਮੇਰਾ ਵਾਹ-ਵਾਸਤਾ ਰਿਹਾ ਹੈ । ਇਨ੍ਹਾਂ ਸਮਿਆਂ ਦੌਰਾਨ ਮੈਂ ਗ਼ਜ਼ਲ ਦੀ ਮਿਕਨਾਤੀਸੀ  ਖਿੱਚ ਦੇ ਭੇਤ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਜਿੰਨੀ ਵੀ ਗ਼ਜ਼ਲ ਦੀ ਖ਼ੂਬਸੂਰਤੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰੇ ਲਈ ਓਨੀ ਹੀ ਰਹੱਸਮਈ ਹੁੰਦੀ ਗਈ ਹੈ । ਕਿਸੇ ਕਲਾ ਵਿਚ ਸੰਪੂਰਣ ਹੋਣ ਦਾ ਦਾਅਵਾ ਕਰਨਾ ਆਪਣੇ ਆਪ ਨੂੰ ਧੋਖਾ ਦੇਣਾ ਹੈ । ਮੈਂ ਆਪਣੇ ਆਪ ਨਾਲ ਇਹ ਦਗ਼ਾ ਨਹੀ ਕਰ ਸਕਦਾ । ਜਿਵੇਂ ਜਿਵੇਂ ਤੁਸੀਂ ਗਿਆਨ ਹਾਸਲ ਕਰਦੇ ਕਰਦੇ ਜਾਓਗੇ, ਗਿਆਨ ਦਾ ਖੇਤਰ ਹੋਰ ਵਿਸ਼ਾਲ ਹੁੰਦਾ ਜਾਵੇਗਾ ਤੇ ਤੁਹਾਨੂੰ ਆਪਣੀ ਅਗਿਆਨਤਾ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਹੋਵੇਗਾ, ਕਿਉਂ ਕਿ ਗਿਆਨ ਦੀ ਕੋਈ ਸੀਮਾਂ ਨਹੀ ਹੁੰਦੀ ।

ਆਪਣੇ ਅਜ਼ੀਜ ਦੋਸਤਾਂ ਕਮਲਦੇਵ ਪਾਲ ਅਤੇ ਰਾਜਵੰਤ ਬਾਗੜੀ ਨਾਲ ਗ਼ਜ਼ਲ ਬਾਰੇ ਵਿਚਾਰ ਚਰਚਾ ਕਰਦਿਆਂ ਅਸੀਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਆਪਸ ਵਿਚ ਚਰਚਾ ਕਰਨ ਦੇ ਨਾਲ ਨਾਲ ਇਸ ਦਾ ਦਾਇਰਾ ਵਿਸ਼ਾਲ ਕਰਦਿਆਂ, ਕਿਉਂ ਨਾ ਗ਼ਜ਼ਲ ਨਾਲ ਮੋਹ ਰੱਖਣ ਵਾਲੇ ਹੋਰ ਮਿੱਤਰਾਂ ਦੋਸਤਾਂ ਨਾਲ ਸੰਵਾਦ ਸ਼ੁਰੂ ਕੀਤਾ ਜਾਵੇ, ਤਾਂ ਕਿ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕੇ ।

ਗ਼ਜ਼ਲ ਦਿਨੋ ਦਿਨ ਪੰਜਾਬੀ ਵਿਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ । ਬਹੁਤ ਸਾਰੇ ਨਵੇਂ ਸ਼ਾਇਰ ਗ਼ਜ਼ਲ ਲਿਖਣਾ ਚਹੁੰਦੇ ਹਨ, ਪਰ ਗ਼ਜ਼ਲ ਦੇ ਵਿਧੀ ਵਿਧਾਨ ਬਾਰੇ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਦਿੱਕਤ ਮਹਿਸੂਸ ਕਰਦੇ ਹਨ । ਖਾਸ ਕਰਕੇ ਬਹੁਤ ਸਾਰੇ ਪ੍ਰਵਾਸੀ ਸ਼ਾਇਰ ਜਿਹੜੇ ਦੂਰ-ਦੁਰਾਡੇ ਬੈਠੇ ਹਨ ਤੇ ਨਿਜੀ ਤੌਰ ਤੇ ਇਕ ਦੂਜੇ ਨਾਲ ਮਿਲ ਕੇ ਵਿਚਾਰ ਸਾਂਝੇ ਨਹੀ ਕਰ ਸਕਦੇ । ਉਨ੍ਹਾਂ ਦੀ ਗ਼ਜ਼ਲ ਦੇ ਵਿਧਾਨ ਬਾਰੇ ਲਿਖੀਆਂ ਕਿਤਾਬਾਂ ਤਕ ਪਹੁੰਚ ਵੀ ਨਹੀ ਹੁੰਦੀ ।

ਗ਼ਜ਼ਲ ਵਾਸਤੇ ਇਲਮ ਅਰੂਜ਼ ਦੀ ਜਾਣਕਾਰੀ ਬੇਹੱਦ ਜਰੂਰੀ ਹੈ । ਅਰੂਜ਼ ਕਿਉਂ ਕਿ ਇਕ ਵਿਦੇਸ਼ੀ ਭਾਸ਼ਾ ਅਰਬੀ ਦਾ ਛੰਦ-ਵਿਧਾਨ ਜਾਂ ਪਿੰਗਲ ਹੈ, ਇਸ ਲਈ ਇਸ ਦੀ ਸ਼ਬਦਾਵਲੀ ਸਾਨੂੰ ਓਪਰੀ ਲਗਦੀ ਹੈ । ਥੋੜੀ ਦੇਰ ਇਸ ਨਾਲ ਵਾਹ-ਵਾਸਤਾ ਪੈਣ ਨਾਲ ਇਹ ਓਪਰੀ ਨਾ ਰਹਿ ਕੇ ਜਾਣੀ ਪਛਾਣੀ ਤੇ ਆਪਣੀ ਆਪਣੀ ਜਾਪਣ ਲਗਦੀ ਹੈ । ਦੇਸ਼ਾ ਵਿਦੇਸ਼ਾਂ ਵਿਚ ਬੈਠੇ ਦੋਸਤਾਂ ਦਾ ਕਿੰਨੀਆਂ ਹੀ ਭਾਸ਼ਾਵਾਂ ਨਾਲ ਵਾਹ-ਵਾਸਤਾ ਪੈਂਦਾ ਹੈ । ਤੁਸੀਂ ਸਾਰੇ ਵੱਖ ਵੱਖ ਭਾਸ਼ਾਵਾਂ ਨੂੰ ਥੋੜਾ ਬਹੁਤ ਸਮਝ ਵੀ ਲੈਂਦੇ ਹੋਵੋਗੇ, ਬੋਲ ਵੀ ਲੈਂਦੇ ਹੋਵੋਗੇ ਤੇ ਥੋੜੀ ਬਹੁਤ ਲਿਖ ਵੀ ਲੈਂਦੇ ਹੋਵੇਗੇ । ਤੁਸੀਂ ਸਾਰੇ ਤੀਖ਼ਣ ਬੁੱਧੀ ਵਾਲੇ ਹੋ ਅਤੇ ਤੀਖ਼ਣ ਬੁੱਧੀ ਦਾ ਕਰਕੇ ਹੀ ਤੁਸੀਂ ਸ਼ਾਇਰੀ ਦਾ ਖ਼ੇਤਰ ਚੁਣ ਸਕੇ ਹੋ । ਤੁਹਾਡੇ ਵਾਸਤੇ ਅਰੂਜ਼ ਦੇ ਕੁਛ ਸ਼ਬਦ ਯਾਦ ਰੱਖਣਾ ਮੁਸ਼ਕਲ ਨਹੀ ਹੋਵੇਗਾ ।

ਕੁਛ ਦੋਸਤ ਇਹ ਸਵਾਲ ਪੁਛਦੇ ਹਨ ਕਿ ਜਦੋਂ ਸਾਡੇ ਕੋਲ ਪੰਜਾਬੀ ਦਾ ਆਪਣਾ ਛੰਦ -ਵਿਧਾਨ ਪਿੰਗਲ ਮੌਜ਼ੂਦ ਹੈ ਤਾਂ ਅਸੀਂ ਅਰੂਜ਼ ਕਿਉਂ ਅਪਣਾਈਏ । ਸਿਧਾਂਤਕ ਤੌਰ ਤੇ ਤੁਸੀਂ ਠੀਕ ਹੋ ਸਕਦੇ ਹੋ ਪਰ ਜਦ ਅਸੀਂ ਪਿੰਗਲ ਤੇ ਅਰੂਜ਼ ਦੀ ਅਮਲੀ ਤੌਰ ਤੇ ਤੁਲਨਾ ਕਰਾਂਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਅਰੂਜ਼ ਪਿੰਗਲ ਨਾਲੋਂ ਜਿਆਦਾ ਸਰਲ ਤੇ ਵਿਗਿਆਨਕ ਵਿਧੀ ਹੈ । ਆਪਾਂ ਆਪਣੀ ਗਲ ਇਸ ਨੁਕਤੇ ਤੋਂ ਹੀ ਸ਼ੁਰੂ ਕਰਾਂਗੇ ਕਿ ਗ਼ਜ਼ਲ ਵਾਸਤੇ ਅਰੂਜ਼ ਕਿਉਂ ਜਰੂਰੀ ਹੈ ।

ਪੈਂਤੀ ਕੁ ਸਾਲਾਂ ਦੇ ਅਰਸੇ ਦੌਰਾਨ ਇਕ ਸ਼ਾਇਰ ਦੇ ਤੌਰ ਤੇ ਜਿੰਨੀ ਜਾਣਕਾਰੀ ਮੈਂ ਹਾਸਲ ਕਰ ਸਕਿਆ, ਤੁਹਾਡੇ ਨਾਲ ਸਾਂਝੀ ਕਰਕੇ ਖੁਸ਼ੀ ਮਹਿਸੂਸ ਹੋਵੇਗੀ, ਕਿਉਂ ਕਿ ਮੇਰਾ ਇਹ ਮਤ ਹੈ ਕਿ ਗਿਆਨ ਦਾ ਅਦਾਨ-ਪ੍ਰਦਾਨ ਹੁੰਦਾ ਰਹਿਣਾ ਚਾਹੀਦਾ ਹੈ ।

"ਭਰ ਭਰ ਵੰਡੋ ਮੁੱਠੀਆਂ, ਵਿਰਸੇ ਦਾ ਪ੍ਰਸਾਦ,
ਗਿਆਨ ਕਿਸੇ ਦੀ ਆਪਣੀ, ਨਾ ਜੱਦੀ ਜਾਇਦਾਦ "
ਅਗਰ ਤੁਹਾਡੀ ਇਜ਼ਾਜਤ ਹੋਵੇ ਤਾਂ.........................

ਕ੍ਰਿਸ਼ਨ ਭਨੋਟ
604-314-7279

No comments:

Post a Comment