Tuesday, 17 January 2017
ਗ਼ਜ਼ਲ ਦੀ ਬਣਤਰ
ਪਿਆਰੇ ਦੋਸਤੋ ਹੁਣ ਆਪਾਂ ਗ਼ਜ਼ਲ ਦੀ ਬਣਤਰ ਵੱਲ ਆਉਂਦੇ ਹਾਂ । ਤੁਸੀਂ ਜਾਣਦੇ ਹੀ ਹੋ ਗ਼ਜ਼ਲ ਦੀ ਮੁਢਲੀ ਇਕਾਈ ਸ਼ਿਅਰ ਹੁੰਦਾ ਹੈ । ਸ਼ਿਅਰ ਦੋ ਤੁਕਾਂ ਨੂੰ ਮਿਲ ਕੇ ਬਣਦਾ ਹੈ । ਪਹਿਲੀ ਦੀ ਦੂਸਰੀ ਤੁਕ ਜਿਸ ਨੂੰ ਗ਼ਜ਼ਲ ਦੀ ਭਾਸ਼ਾ ਵਿਚ ਮਿਸਰਾ ਅਵੱਲ ਤੇ ਮਿਸਰਾ ਦੋਮ ਕਿਹਾ ਜਾਂਦਾ ਹੈ । ਇਸ ਦਾ ਮਤਲਬ ਇਹ ਨਹੀ ਕਿ ਸਿਰਫ਼ ਦੋ ਤੁਕਾਂ ਨੂੰ ਹੀ ਸ਼ਿਅਰ ਕਿਹਾ ਜਾਵੇ । ਇਨ੍ਹਾਂ ਦੋ ਤੁਕਾਂ ਨੂੰ ਤਾਂ ਹੀ ਸ਼ਿਅਰ ਕਿਹਾ ਜਾਂਦਾ ਹੈ ਅਗਰ ਇਹ ਦੋਵੇਂ ਤੁਕਾਂ ਕਿਸੇ ਮੀਟਰ ਵਿਚ ਹੋਣ , ਭਾਵ ਕਿਸੇ ਵਜ਼ਨ ਬਹਿਰ ਜਾਂ ਛੰਦ ਵਿਚ ਹੋਣ । ਤੇ ਇਨ੍ਹਾਂ ਦੋਹਾਂ ਤੁਕਾਂ ਦਾ ਵਜ਼ਨ ਬਹਿਰ ਬਰਾਬਰ ਹੋਵੇ । ਬਿਨਾਂ ਕਿਸੇ ਮੀਟਰ ਦੇ ਬੱਝੀਆਂ ਤੁਕਾਂ ਵਾਰਤਕ ਤਾਂ ਹੋ ਸਕਦੀਆਂ ਹਨ ਪਰ ਸ਼ਿਅਰ ਨਹੀ ਅਖਵਾ ਸਕਦੀਆਂ ।
ਸ਼ਿਅਰ ਦੋ ਕਿਸਮ ਦੇ ਹੋ ਸਕਦੇ ਹਨ । ਪਹਿਲੀ ਕਿਸਮ ਦਾ ਸ਼ਿਅਰ ਉਹ ਹੁੰਦਾ ਹੈ ਜਿਸ ਦੀਆਂ ਦੋਨੋਂ ਤੁਕਾਂ ਦਾ ਤੁਕਾਂਤ ਮਿਲਦਾ ਹੋਵੇ, ਇਸ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਹੈ ।
ਦੂਸਰੀ ਕਿਸਮ ਦਾ ਸ਼ਿਅਰ ਉਹ ਹੁੰਦਾ ਹੈ ਜਿਸ ਦੀ ਦੂਸਰੀ ਤੁਕ ਦੀ ਆਪਣੇ ਤੋਂ ਪਹਿਲਾਂ ਕਹੇ ਗਏ ਸ਼ਿਅਰ ਦੀ ਦੂਸਰੀ ਤੁਕ ਨਾਲ ਕਾਫੀਆ-ਬੰਦੀ ਹੋਵੇ । ਇਸ ਨੂੰ ਗ਼ਜ਼ਲ ਦਾ ਸ਼ਿਅਰ ਕਿਹਾ ਜਾਂਦਾ । ਯਾਦ ਰੱਖੋ ਪਹਿਲੀ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਤੇ ਦੂਸਰੀ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਸ਼ਿਅਰ ।
ਪਿਆਰੇ ਦੋਸਤੋ ਇਹ ਤਾਂ ਗ਼ਜ਼ਲ ਦੇ ਸ਼ਿਅਰ ਦੀ ਤਕਨੀਕੀ ਬਣਤਰ ਜਾਂ ਪਰਿਭਾਸ਼ਾ ਹੈ । ਵਜ਼ਨ ਬਹਿਰ ਤਾਂ ਗ਼ਜ਼ਲ ਦਾ ਭਾਂਡਾ ਜਾ ਬਰਤਨ ਹੈ, ਆਪਾਂ ਇਸ ਬਰਤਨ ਵਿਚ ਕੀ ਪਾਉਣਾ ਹੈ ਇਸ ਬਾਰੇ ਵਿਚਾਰ ਚਰਚਾ ਕਰ ਲਈਏ । ਵਜ਼ਨ ਬਹਿਰ ਤਾਂ ਗ਼ਜ਼ਲ ਦਾ ਜਿਸਮ ਹੈ, ਇਸ ਵਿਚ ਰੂਹ ਕਿਵੇਂ ਫੂਕਣੀ ਹੈ ਇਸ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ । ਆਪਣਾ ਮਕਸਦ ਸਿਰਫ਼ ਅਰੂਜ਼ ਦੀ ਜਾਣਕਾਰੀ ਹਾਸਲ ਕਰਨਾ ਨਹੀ, ਵਜ਼ਨ ਬਹਿਰ ਦੀ ਪੂਰਤੀ ਤੁਹਾਨੂੰ ਸਿਰਫ਼ ਤੁਕਬੰਦੀ ਵਾਸਤੇ ਪ੍ਰੇਰਤ ਕਰ ਸਕਦੀ ਹੈ । ਵਜ਼ਨ ਬਹਿਰ ਗ਼ਜ਼ਲ ਦਾ ਇਕ ਜਰੂਰੀ ਹਿੱਸਾ ਤਾਂ ਹੈ ਪਰ ਮੁਕੰਮਲ ਗ਼ਜ਼ਲ ਨਹੀ । ਕੋਈ ਸ਼ਿਅਰ ਗ਼ਜ਼ਲ ਦਾ ਸ਼ਿਅਰ ਕਿਵੇਂ ਬਣਦਾ ਹੈ ਇਸ ਦੀ ਸਿਰਜਣ ਪਰਕ੍ਰਿਆ ਵੱਲ ਆਈਏ ।..
"ਖਿਆਲ ਤਖ਼ਈਅਲ ਵੇਦਨਾਂ, ਕੁਛ ਚਿੰਤਨ ਕੁਛ ਖ਼ਾਬ,
ਦਿਲ ਦਾ ਖ਼ੂਨ ਕਸ਼ੀਦ ਕੇ, ਹੁੰਦੈ ਸ਼ਿਅਰ ਜਨਾਬ ।"
ਦੋਸਤੋ ਸਭ ਤੋਂ ਪਹਿਲਾਂ ਖਿਆਲ, ਉਸ ਤੋਂ ਮਗਰੋਂ ਤਖ਼ਈਅਲ ਜਾਂ ਖ਼ਿਆਲ ਉਡਾਰੀ, ਦਰਦ , ਚਿੰਤਨ, ਸੁਪਨੇ ਤੇ ਨਾਲ ਦਿਲੀ ਜ਼ਜਬਾਤ ਕਿਸੇ ਸ਼ਿਅਰ ਦੀ ਜਿੰਦ ਜਾਨ ਹੁੰਦੇ ਹਨ । ਗ਼ਜ਼ਲ ਦਾ ਸ਼ਿਅਰ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਕਹਿੰਦਿਆਂ ਸ਼ਾਇਰ ਆਪਣੀ ਵਿਸਮਾਦੀ ਅਵਸਥਾ ਵਿੱਚ ਹੋਵੇ । ਸੁਣਨ ਵਾਲੇ ਤੇ ਅਜਿਹਾ ਅਸਰ ਪਵੇ ਕਿ ਉਹ ਦਾਦ ਦੇਣੀ ਵੀ ਭੁੱਲ ਜਾਵੇ । ਉਸ ਦੀ ਅਵਸਥਾ ਅਜੇਹੀ ਹੋ ਜਾਵੇ ਕਿ...
"ਮਨ ਤੇ ਤਾਰੀ ਹੋ ਗਿਆ, ਸ਼ਿਅਰਾਂ ਦਾ ਵਿਸਮਾਦ,
ਬੁੱਲ ਫਰਕਦੇ ਰਹਿ ਗਏ, ਕੀਕਣ ਦਿੰਦੇ ਦਾਦ ।"
ਦੋਸਤੋ ਤੁਹਾਡੀ ਦਿਲਚਸਪੀ ਲਈ ਮੈਂ ਇਕ ਮਿਸਾਲ ਦੇਣੀ ਚਹੁੰਦਾ ਹਾਂ । ਉਰਦੂ ਦੇ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਨੂੰ ਕੌਣ ਨਹੀ ਜਾਣਦਾ । ਇਕ ਵਾਰ ਕਿਧਰੇ ਮੁਸ਼ਾਇਰਾ ਹੋ ਰਿਹਾ ਸੀ, ਕਿ ਹਕੀਮ ਮੋਮਨ ਖਾਂ ਮੋਮਨ ਹੁਰਾਂ ਆਪਣਾ ਕਲਾਮ ਪੜ੍ਹਨਾ ਸ਼ੁਰੂ ਕੀਤਾ, ਜਦ ਉਨ੍ਹਾਂ ਨੇ ਆਪਣਾ ਇਹ ਸ਼ਿਅਰ ਕਿਹਾ--
"ਤੁਮ ਮੇਰੇ ਪਾਸ ਹੋਤੇ ਹੋ ਗੋਯਾ,
ਜਬ ਕੋਈ ਦੂਸਰਾ ਨਹੀ ਹੋਤਾ ।"
ਤਾਂ ਇਹ ਸ਼ਿਅਰ ਸੁਣ ਕੇ ਗ਼ਾਲਿਬ ਸ੍ਹਾਬ ਅਚਾਨਕ ਉਠ ਕੇ ਖੜ੍ਹੇ ਹੋ ਗਏ ਤੇ ਮੋਮਨ ਸਾਹਿਬ ਨੂੰ ਕਹਿਣ ਲੱਗੇ, ਮੋਮਨ ਸਾਹਿਬ ਤੁਸੀਂ ਮੇਰਾ ਸਾਰਾ ਦੀਵਾਨ (ਸਾਰੀਆਂ ਗ਼ਜ਼ਲਾਂ) ਲੈ ਲਵੋ ਤੇ ਮੈਨੂੰ ਆਪਣਾ ਇਹ ਸ਼ਿਅਰ ਦੇ ਦੇਵੋ । ਸ਼ਿਅਰ ਦਾ ਸਰੋਤੇ ਉੱਤੇ ਕੀ ਅਸਰ ਹੋ ਸਕਦਾ ਇਸ ਦੀ ਮੈਂ ਇਹ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੱਤੀ ਹੈ । ਨਹੀ ਤਾਂ-
"ਤੁਕਬੰਦੀ ਹੋ ਨਿੱਬੜੇ, ਵਰਨਾਂ ਹਰ ਇਕ ਛੰਦ,
ਜੇ ਨਾ ਕੋਈ ਫਲਸਫ਼ਾ, ਕਰੀਏ ਕਾਨੀਬੰਦ ।"
ਗ਼ਜ਼ਲ ਦਾ ਸ਼ਿਅਰ ਬਿਆਨ ਬਾਜ਼ੀ ਨਹੀ ਹੁੰਦਾ । ਗ਼ਜ਼ਲ ਦਾ ਸ਼ਿਅਰ ਇਕ ਰਮਜ਼ ਤੇ ਇਕ ਗੁੱਝਾ ਇਸ਼ਾਰਾ ਹੁੰਦਾ ਹੈ । ਗ਼ਜ਼ਲ ਦਾ ਸ਼ਿਅਰ ਕੀ ਹੁੰਦਾ ਹੈ ਇਕ ਲੋਕ ਬੋਲੀ ਰਾਹੀਂ ਪਰਗਟਾਉਣ ਦਾ ਯਤਨ ਕਰਦੇ ਹਾਂ ।
"ਪੱਲਾ ਮਾਰ ਕੇ ਬੁਝਾ ਗਈ ਦੀਵਾ,
ਤੇ ਅੱਖ ਨਾਲ ਗਲ ਕਰ ਗਈ ।"
ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਸੁਤੰਤਰ ਹੁੰਦਾ ਹੈ । ਹਰ ਸ਼ਿਅਰ ਵਿਚ ਵੱਖਰਾ ਖਿਆਲ ਪ੍ਰਗਟ ਕੀਤਾ ਜਾਂਦਾ ਹੈ । ਇਕ ਸ਼ਿਅਰ ਪੂਰੀ ਨਜ਼ਮ ਦੇ ਅਰਥ ਦੇ ਜਾਂਦਾ ਹੈ । ਸ਼ਿਅਰ ਨੂੰ ਖ਼ੂਬਸੂਰਤੀ ਦੇਣ ਵਾਸਤੇ ਸ਼ਾਇਰ ਕਾਫੀਆ ਤੇ ਰਦੀਫ ਵਰਤਦੇ ਹਨ । ਕਾਫ਼ੀਆ ਤੇ ਰਦੀਫ ਅਸਲ ਵਿਚ ਦੋਵੇਂ ਸ਼ਬਦ ਅਲੰਕਾਰ ਹਨ । ਇਨ੍ਹਾਂ ਨੂੰ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ । ਅਰਬੀ ਜ਼ੁਬਾਨ ਵਿਚ ਅਨੁਪ੍ਰਾਸ ਅਲੰਕਾਰ ਨੂੰ ਸੁਜਾਹ ਕਹਿੰਦੇ ਹਨ ।
ਸ਼ਿਅਰ, ਮਤਲਾ, ਮਕਤਾ, ਕਾਫੀਆ, ਰਦੀਫ਼ ਗ਼ਜ਼ਲ ਦੇ ਅੰਸ਼ ਹਨ । ਹੁਣ ਵਿਸਥਾਰ ਸਹਿਤ ਇਹਨਾਂ ਬਾਰੇ ਚਰਚਾ ਕਰਾਂਗੇ ।
ਮਤਲਾ-- ਸ਼ਿਅਰ ਬਾਰੇ ਚਰਚਾ ਕਰਦਿਆਂ ਮਤਲੇ ਬਾਰੇ ਆਪਾਂ ਸਪਸ਼ਟ ਕਰ ਹੀ ਚੁੱਕੇ ਹਾਂ । ਇਕ ਵਾਰ ਫਿਰ ਦੁਹਰਾ ਦਿੰਦੇ ਹਾਂ ਤਾਂ ਕਿ ਯਾਦ ਰਹੇ ।
"ਏਨਾਂ ਹੀ ਬਸ ਗ਼ਜ਼ਲ ਦੇ, ਮਤਲੇ ਦਾ ਬਿਰਤਾਂਤ,
ਮਤਲਾ ਪਹਿਲੀਆਂ ਦੋ ਤੁਕਾਂ ਦੇ ਮਿਲ ਜਾਣ ਤੁਕਾਂਤ ।"
ਅਰਬੀ ਭਾਸ਼ਾ ਵਿਚ ਮਤਲੇ ਦਾ ਅਰਥ ਸੂਰਜ ਜਾਂ ਸਿਤਾਰੇ ਦਾ ਚੜ੍ਹਨਾ ਜਾ ਬਾਹਰ ਨਿਕਲਣਾ ਹੁੰਦਾ ਹੈ । ਗ਼ਜ਼ਲ ਕਿਉਂ ਕਿ ਮਤਲੇ ਨਾਲ ਸ਼ੁਰੂ ਹੁੰਦੀ ਜਾਂ ਉਦੈ ਹੁੰਦੀ ਹੈ । ਇਸੇ ਕਰਕੇ ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ਮਤਲਾ ਕਹਿ ਦਿੱਤਾ ਜਾਂਦਾ ਹੈ ਜੋ ਕਿ ਗ਼ਜ਼ਲ ਦੇ ਸ਼ੁਰੂ ਹੋਣ ਦਾ ਸੰਕੇਤ ਹੈ ।
ਜਿਸ ਤਰ੍ਹਾਂ ਗੀਤ ਦਾ ਆਰੰਭ ਮੁਖੜੇ ਨਾਲ ਹੁੰਦਾ ਹੈ ਇਸੇ ਤਰ੍ਹਾਂ ਗ਼ਜ਼ਲ ਮਤਲੇ ਤੋਂ ਸ਼ੁਰੂ ਹੁੰਦੀ ਹੈ । ਜਿਵੇਂ ਕਿਸੇ ਮੁਟਿਆਰ ਦੀ ਸੁੰਦਰਤਾ ਦਾ ਕੇਂਦਰ ਬਿੰਦੂ ਉਸ ਦਾ ਮੁੱਖੜਾ ਹੁੰਦਾ ਹੈ ਇਸੇ ਤਰ੍ਹਾਂ ਗ਼ਜ਼ਲ ਦੀ ਸੁੰਦਰਤਾ ਉਸ ਦੇ ਮਤਲੇ ਤੇ ਨਿਰਭਰ ਕਰਦੀ ਹੈ ।
"ਮੁਖੜੇ ਤੋਂ ਹੀ ਹੁਸਨ ਦੇ ਹੁੰਦੇ ਕ੍ਰਿਸ਼ਨ ਦਿਦਾਰ,
ਮਤਲਾ ਮੁਖੜਾ ਗ਼ਜ਼ਲ ਦਾ, ਮਤਲਾ ਰੂਪ ਸ਼ਿੰਗਾਰ ।"
ਜਿੰਨ੍ਹਾਂ ਖ਼ੂਬਸੂਰਤ ਗ਼ਜ਼ਲ ਦਾ ਮਤਲਾ ਹੋਵੇਗਾ, ਗ਼ਜ਼ਲ ਓਨੀ ਹੀ ਦਿਲਕਸ਼ ਹੋਵੇਗੀ । ਜਰੂਰੀ ਨਹੀ ਕਿ ਗ਼ਜ਼ਲ ਵਿਚ ਇਕ ਮਤਲਾ ਹੀ ਹੋਵੇ, ਇੱਕੋ ਗ਼ਜ਼ਲ ਦੇ ਕਈ ਮਤਲੇ ਹੋ ਸਕਦੇ ਹਨ । ਗ਼ਜ਼ਲ ਦਾ ਮਤਲਾ ਖ਼ੂਬਸੂਰਤ ਹੋਣਾ ਜ਼ਰੂਰੀ ਹੈ ਕਿਉਂ ਕਿ
"ਪਹਿਲੀ ਤੱਕਣੀ ਨਾਲ ਹੀ, ਉੱਤਰੇ ਦਿਲ ਦੇ ਵਿਚ,
ਪਹਿਲੀ ਤੱਕਣੀ ਹੁਸਨ ਦੀ, ਦਿਲ ਨੂੰ ਪਾਉਂਦੀ ਖਿੱਚ ।"
ਦੋਸਤੋ ਮਤਲਾ ਕੇਵਲ ਦੋ ਮਿਸਰਿਆਂ ਦਾ ਕਾਫ਼ੀਆ ਮੇਲਣ ਦਾ ਨਾਂ ਨਹੀ, ਮਤਲਾ ਤੁਹਾਡੇ ਜ਼ਜਬਿਆਂ ਦਾ ਲੈਅ-ਬੱਧ ਪ੍ਰਗਟਾਵਾ ਹੋਣਾ ਚਾਹੀਦਾ । ਮਤਲਾ ਪੜ੍ਹਦੇ ਸੁਣਦੇ ਸਾਰ ਹੀ ਪਾਠਕ ਦੇ ਦਿਲ ਵਿਚ ਉੱਤਰ ਜਾਣਾ ਚਾਹੀਦਾ । ਜਿਵੇਂ ਮਹਿਬੂਬ ਦੀ ਇਕ ਤੱਕਣੀ ਸਾਨੂੰ ਉਸ ਦਾ ਦੀਵਾਨਾ ਬਣਾ ਦਿੰਦੀ ਹੈ ਇੰਝ ਹੀ ਕਿਸੇ ਗ਼ਜ਼ਲ ਦਾ ਖ਼ੂਬਸੂਰਤ ਮਤਲਾ ਸਾਡੇ ਦਿਲ ਦਿਮਾਗ ਉੱਤੇ ਛਾ ਜਾਂਦਾ ਹੈ ਕਿਉਂ ਕਿ..
"ਕਵਿਤਾ ਹੈ ਦਰਅਸਲ ਤਾਂ, ਦਿਲ ਦੀ ਕ੍ਰਿਸ਼ਨ ਜ਼ੁਬਾਨ,
ਦਿਲ ਚੋਂ ਉੱਠਣ ਬੋਲ ਜੋ, ਦਿਲ ਵਿਚ ਉਤਰ ਜਾਣ ।"
ਮਤਲਾ ਗ਼ਜ਼ਲ ਦੀ ਬੁਨਿਆਦ ਹੈ, ਜਿਸ ਉੱਤੇ ਗ਼ਜ਼ਲ ਵਰਗੀ ਖ਼ੂਬਸੂਰਤ ਇਮਾਰਤ ਦੀ ਉਸਾਰੀ ਹੁੰਦੀ ਹੈ ।ਮਤਲਾ ਹੀ ਗ਼ਜ਼ਲ ਦੇ ਬਹਿਰ ਵਜ਼ਨ, ਕਾਫ਼ੀਆਂ ਰਦੀਫ ਨਿਸ਼ਚਿਤ ਕਰਦਾ ਹੈ । ਮਤਲਾ ਹੀ ਚੋਭਦਾਰ ਹੁੰਦਾ ਹੈ ਜਿਹੜਾ ਗ਼ਜ਼ਲ ਵਿਚ ਲਈਆਂ ਗਈਆਂ ਖੁੱਲਾਂ, ਢਿੱਲਾਂ ਅਤੇ ਪਾਬੰਦੀਆਂ ਦਾ ਐਲਾਨ ਕਰਦਾ ਹੈ । ਮਤਲਾ ਹੀ ਗ਼ਜ਼ਲ ਦਾ ਧੁਰਾ ਹੈ ਜਿਸ ਦੁਆਲੇ ਬਾਕੀ ਦੇ ਸਾਰੇ ਸ਼ਿਅਰ ਪ੍ਰਕਰਮਾ ਕਰਦੇ ਹਨ । ਮਤਲੇ ਦੇ ਸਿਧਾਂਤਕ ਪੱਖ ਬਾਰੇ ਆਪਾਂ ਵਿਚਾਰ ਕਰ ਲਿਆ ਹੈ । ਆਉ ਹੁਣ ਇਸ ਦੇ ਵਿਹਾਰਿਕ ਪੱਖ ਨੂੰ ਜਾਣੀਏ ।
"ਨ ਅਪਣੇ ਕੋਲ ਕੁਛ ਲੈ ਦੇ ਕੇ, ਇਕ ਹਥਿਆਰ ਸ਼ਬਦਾਂ ਦਾ,
ਮੁਹੱਬਤ ਵੰਡੀਏ, ਅਪਣਾ ਤਾਂ, ਕਾਰੋਬਾਰ ਸ਼ਬਦਾਂ ਦਾ ।"
ਉਪਰਲੇ ਦੋਨਾਂ ਮਿਸਰਿਆਂ ਦਾ ਤੁਕਾਂਤ ਮਿਲਣ ਕਰਕੇ ਇਸ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਵੇਗਾ । ਇਸ ਗ਼ਜ਼ਲ ਵਿਚ ਕਾਰੋਬਾਰ, ਹਥਿਆਰ ਨਾਲ ਮਿਲਦੇ ਜੁਲਦੇ ਕਾਫ਼ੀਏ ਵਰਤੇ ਜਾਣਗੇ । ਇਹ ਮਤਲਾ ਹਜ਼ਜ਼ ਬਹਿਰ ਵਿਚ ਕਿਹਾ ਗਿਆ ਹੈ ਇਸ ਕਰਕੇ ਇਹ ਨਿਸ਼ਚਿਤ ਹੋ ਗਿਆ ਹੈ ਕਿ ਇਸ ਗ਼ਜ਼ਲ ਵਿਚ ਆਉਣ ਵਾਲੇ ਸਾਰੇ ਸ਼ਿਅਰ ਹੀ ਬਹਿਰ ਹਜ਼ਜ ਦੇ ਵਿਚ ਕਹੇ ਜਾਣਗੇ । ਇਸ ਗ਼ਜ਼ਲ ਵਿਚ ਕਾਫੀਏ ਮਗਰੋਂ ਆਉਣ ਵਾਲੇ ਸ਼ਬਦ 'ਸ਼ਬਦਾਂ ਦਾ' ਸਾਰੀ ਗ਼ਜ਼ਲ ਵਿਚ ਦੁਹਰਾਏ ਜਾਣਗੇ ਅਤੇ ਇਸ ਤਰ੍ਹਾਂ ਇਹ ਸ਼ਬਦ ਸਮੂਹ ਗ਼ਜ਼ਲ ਦਾ ਰਦੀਫ ਕਹਾਏਗਾ । ਸਾਰੇ ਸ਼ਿਅਰ ਇਸ ਸ਼ਬਦ ਸਮੂਹ 'ਸ਼ਬਦਾਂ ਦਾ' ਦੁਆਲੇ ਹੀ ਘੁੰਮਣਗੇ । ਗ਼ਜ਼ਲ ਦਾ ਮਤਲਾ ਜਿੰਨ੍ਹਾਂ ਖ਼ੂਬਸੂਰਤ ਹੋਵੇਗਾ ਗ਼ਜ਼ਲ ਓਨੀ ਹੀ ਵੱਧ ਕਮਾਯਾਬ ਹੋਵੇਗੀ । ਤੁਸੀ ਸਾਰਿਆਂ ਨੇ ਸੁਰਜੀਤ ਪਾਤਰ ਸਾਹਿਬ ਦੀ ਗ਼ਜ਼ਲ ,
"ਅਸਾਡੀ ਤੁਹਾਡੀ ਮੁਲਾਕਾਤ ਹੋਈ,
ਜਿਵੇਂ ਬਲ਼ਦੇ ਜੰਗਲ ਤੇ ਬਰਸਾਤ ਹੋਈ ।"
ਸੁਣੀ ਹੀ ਹੋਵੇਗੀ । ਏਸ ਗ਼ਜ਼ਲ ਦੇ ਖ਼ੂਬਸੂਰਤ ਮਤਲੇ ਦੀ ਮਿਕਨਾਤੀਸੀ ਖਿੱਚ ਦੇ ਕਾਰਨ ਹੀ ਅਸੀਂ ਇਸ ਗ਼ਜ਼ਲ ਨੂੰ ਵਾਰ ਵਾਰ ਸੁਣਦੇ ਹਾਂ । ਪਾਤਰ ਸਾਹਿਬ ਦੀ ਇਹ ਗ਼ਜ਼ਲ ਬਹਿਰ ਮੁਤਕਾਰਿਬ ਵਿਚ ਕਹੀ ਹੋਈ ਹੈ । ਬਹਿਰ ਵਜ਼ਨ ਦਾ ਪਾਠਕਾਂ ਜਾਂ ਸਰੋਤਿਆਂ ਨਾਲ ਕੋਈ ਲੈਣਾ ਦੇਣਾ ਨਹੀ । ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਬਹਿਰ ਵਜ਼ਨ ਤਾਂ ਇਕ ਬਰਤਨ ਹੈ ਅਤੇ ਇਹ ਸ਼ਾਇਰ ਤੇ ਨਿਰਭਰ ਹੈ ਕਿ ਉਹ ਇਸ ਬਰਤਨ ਵਿੱਚ ਕੀ ਪਾ ਕੇ ਪਰੋਸਦਾ ਹੈ । ਸੋ ਗ਼ਜ਼ਲ ਕੀ ਹੈ...
"ਕਹਿੰਦੇ ਨੇ ਜਿਸ ਨੂੰ ਗ਼ਜ਼ਲ ਸੋਹਣੇ ਸੁਖ਼ਮ ਖਿਆਲ,
ਜੁੜਦੇ ਇਕ ਤਰਤੀਬ ਵਿਚ, ਸ਼ਬਦ ਸਲੀਕੇ ਨਾਲ ।"
ਪਾਤਰ ਸਾਹਿਬ ਦੀ ਇਹ ਗ਼ਜ਼ਲ ਸਾਡੇ ਦਿਲ ਨੂੰ ਧੂਹ ਕਿਉਂ ਪਾਉਂਦੀ ਹੈ । ਕਿਉਂ ਕਿ ਇਹ ਤ੍ਰੈ-ਆਤਸ਼ੀ ਹੈ । ਇਸ ਗ਼ਜ਼ਲ ਵਿਚ ਤਿੰਨ ਤਿੰਨ ਹੁਨਰ ਇਕੱਠੇ ਹੋ ਗਏ ਹਨ । (1) ਸ਼ਾਇਰੀ (2) ਗਾਇਕੀ (3) ਸੰਗੀਤ । ਹੁਨਰ ਤਾਂ ਇਕ ਵੀ ਮਾਣ ਨਹੀ ਹੁੰਦਾ ਹੁਣ ਜੇ ਤਿੰਨ ਤਿੰਨ ਹੁਨਰ ਇਕੱਠੇ ਹੋ ਜਾਣ ਤਾਂ ਕੀ ਕਹਿਣੇ ,
"ਕਵਿਤਾ ਹੈ ਲੈਅ-ਬੱਧਤਾ, ਗਾਇਣ ਹੈ ਸੁਰਤਾਲ,
ਰੰਗਾਂ ਨਾਲ ਮੁਸੱਵਰੀ, ਚਸ਼ਮਾਂ ਕਲ ਕਲ ਨਾਲ ।"
ਹੁਣ ਗੱਲ ਗ਼ਜ਼ਲ ਦੇ ਮਕਤੇ ਦੀ ਕਰੀਏ । ਪਹਿਲਾਂ ਇਹ ਜਾਣੀਏ ਕਿ ਮਕਤਾ ਹੁੰਦੀ ਕੀ ਬਲਾ ਹੈ --
"ਦੱਸੇ ਸ਼ਾਇਰ ਆਪਣੀ, ਆਖ਼ਰ ਤੇ ਪਹਿਚਾਣ,
ਤਾਂ ਉਹ ਸ਼ਿਅਰ ਗ਼ਜ਼ਲ ਦਾ ਮਕਤਾ ਕਰਕੇ ਜਾਣ ।"
ਆਪਣੀ ਗ਼ਜ਼ਲ ਦੇ ਅਖ਼ੀਰਲੇ ਸ਼ਿਅਰ ਵਿਚ ਕਈ ਸ਼ਾਇਰ ਆਪਣਾ ਨਾਂ ਜਾਂ ਤਖੱਲੁਸ ਵਰਤਦੇ ਹਨ । ਇਸ ਤਰ੍ਹਾਂ ਸ਼ਾਇਰ ਦੇ ਨਾਮ ਜਾਂ ਤਖ਼ੱਲੁਸ ਵਾਲਾ ਸ਼ਿਅਰ ਮਕਤਾ ਕਹਾਉਂਦਾ ਹੈ । ਮਕਤਾ ਕਹਿਣਾ ਗ਼ਜ਼ਲ ਦੇ ਸ਼ਾਇਰ ਵਾਸਤੇ ਜ਼ਰੂਰੀ ਨਹੀ । ਬਹੁਤ ਸਾਰੇ ਸ਼ਾਇਰ ਮਕਤੇ ਬਗੈਰ ਵੀ ਗ਼ਜ਼ਲ ਕਹਿੰਦੇ ਹਨ । ਪੁਰਾਣੇ ਦੌਰ ਵਿਚ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਦਾ ਬਹੁਤਾ ਪ੍ਰਬੰਧ ਨਾ ਹੋਣ ਕਰਕੇ ਸ਼ਾਇਰ ਆਪਣੀ ਲਿਖ਼ਤ ਦੀ ਪਹਿਚਾਣ ਕਰਵਾਉਣ ਵਾਸਤੇ ਆਪਣਾ ਨਾਮ ਵਰਤਦੇ ਸਨ । ਤਾਂ ਕਿ ਜੇ ਰਚਨਾਵਾਂ ਗਵਾਚ ਵੀ ਜਾਣ ਤਾਂ ਕੋਈ ਦੂਸਰਾ ਸ਼ਾਇਰ ਉਨ੍ਹਾਂ ਗ਼ਜ਼ਲਾਂ ਤੇ ਆਪਣੀ ਮੇਰ ਨਾ ਕਰ ਲਵੇ ।
ਅਰਬੀ ਭਾਸ਼ਾ ਵਿਚ ਮਕਤਾ ਦਾ ਸ਼ਾਬਦਿਕ ਅਰਥ ਖ਼ਤਮ ਕਰਨਾ ਜਾ ਅੰਤਮ ਹੁੰਦਾ ਹੈ । ਗ਼ਜ਼ਲ ਵਿਚ ਜਿਵੇਂ ਮਤਲੇ ਦੀ ਅਹਿਮੀਅਤ ਹੈ ਇਸੇ ਤਰ੍ਹਾਂ ਹੀ ਖ਼ੂਬਸੂਰਤ ਮਕਤਾ ਵੀ ਗ਼ਜ਼ਲ ਦੀ ਜਾਨ ਹੋ ਨਿੱਬੜਦਾ ਹੈ । ਇਕ ਖ਼ੂਬਸੂਰਤ ਮਕਤਾ ਵੀ ਗ਼ਜ਼ਲ ਨੂੰ ਪਾਠਕਾਂ ਅਤੇ ਸਰੋਤਿਆਂ ਵਿਚ ਮਕਬੂਲ ਕਰ ਦਿੰਦਾ ਹੈ । ਮਕਤੇ ਵਿਚ ਸ਼ਾਇਰ ਕਈ ਕਿਸਮ ਦੇ ਕਾਵਿਕ ਕਲੋਲ ਕਰ ਸਕਦਾ ਹੈ । ਉਹ ਮਕਤੇ ਵਿਚ ਜਿੱਥੇ ਆਪਣੇ ਆਪ ਤੇ ਵਿਅੰਗ ਕਰ ਸਕਦਾ ਹੈ ਉਥੇ ਦੂਸਰੇ ਤੇ ਵੀ । ਉਹ ਰਾਜਨੀਤੀ ਤੇ ਵੀ ਨਸ਼ਤਰ ਚਲਾ ਸਕਦਾ ਹੈ ਤੇ ਧਾਰਮਿਕ ਪਖੰਡਾਂ ਤੇ ਤੇ ਵੀ । ਆਪਣੇ ਨਾਮ ਜਾਂ ਤਖ਼ੱਲੁਸ ਨੂੰ ਬਾ-ਮਾਅਨੀ ਵਰਤ ਕੇ ਵੀ ਖ਼ੂਬਸੂਰਤੀ ਪੈਦਾ ਕਰ ਸਕਦਾ ਹੈ । ਆਪਣੇ ਆਪ ਦੀ ਪਿੱਠ ਵੀ ਥਾਪੜ ਸਕਦਾ ਹੈ ਜਿਸ ਨੂੰ ਸ਼ਾਇਰਾਨਾ ਤਅੱਲੀ ਕਿਹਾ ਜਾਂਦਾ ਹੈ ।
ਜਿਵੇਂ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਆਪਣੀ ਸ਼ਾਇਰੀ ਬਾਰੇ ਕਿਹਾ ਹੋਇਆ ਇਹ ਮਕਤਾ ਜਣੇ ਖਣੇ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ ।
"ਹੈ ਔਰ ਭੀ ਜ਼ਮਾਨੇ ਮੇਂ ਸੁਖ਼ਨਵਰ ਬਹੁਤ ਅੱਛੇ,
ਕਹਿਤੇ ਹੈਂ, ਕਿ ਗਾਲਿਬ ਕਾ ਅੰਦਾਜ਼ੇ-ਬਯਾਂ ਹੈ ਔਰ ।"
ਅਰਬੀ ਜ਼ੁਬਾਨ ਵਿਚ ਮਕਤਾ ਸ਼ਬਦ ਦੀ ਕਾਢ ਕਿਹੜੇ ਸ਼ਬਦ ਤੋਂ ਨਿਕਲੀ ਇਹ ਤਾਂ ਪਤਾ ਨਹੀ ਪਰ ਪੰਜਾਬੀ ਜ਼ੁਬਾਨ ਵਿਚ ਇਸ ਦਾ ਸਮ-ਅਰਥੀ ਸ਼ਬਦ ਜਰੂਰ ਮਿਲ ਜਾਂਦਾ ਹੈ । ਕਈ ਵਾਰੀ ਅਸੀਂ ਪੁਰਾਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਕੱਲ ਤਾਂ ਬਈ ਫਲਾਣੇ ਆਦਮੀ ਨੇ ਗੱਲ ਕਰਨ ਲੱਗਿਆਂ ਕਤਾ ਕਰਕੇ ਰੱਖ ਦਿੱਤੀ । ਜਿਸ ਦਾ ਮਤਲਬ ਇਹ ਹੁੰਦਾ ਸੀ ਕਿ ਕਿਸੇ ਆਦਮੀ ਨੇ ਅਜੇਹੀ ਗੱਲ ਕੀਤੀ ਕਿ ਉਸਤੋਂ ਮਗਰੋਂ ਕਿਸੇ ਤੋਂ ਕੋਈ ਹੋਰ ਗੱਲ ਹੀ ਨਹੀ ਹੋ ਸਕੀ । ਮਤਲਬ ਉਸ ਨੇ ਗੱਲ ਦਾ ਨਿਚੋੜ ਕੱਢ ਕੇ ਗੱਲ ਹੀ ਖ਼ਤਮ ਕਰ ਦਿੱਤੀ । ਸ਼ਾਇਦ ਇਸੇ ਕਤਾ ਸ਼ਬਦ ਦਾ ਕ੍ਰਿਆ-ਵਾਚੀ ਸ਼ਬਦ ਮਕਤਾ ਹੋਵੇ ।
ਅੱਜ ਵੀ ਪੰਜਾਬੀ ਵਿਚ ਅਨੇਕਾਂ ਸ਼ਬਦ ਅਰਬੀ ਫਾਰਸੀ ਦੇ ਮਿਲਦੇ ਹਨ । ਇਸ ਦਾ ਕਾਰਣ ਇਹ ਹੈ ਕਿ ਕਈ ਸਦੀਆਂ ਇਹ ਜ਼ੁਬਾਨਾਂ ਸਾਡੀਆਂ ਹਾਕਮ ਜਮਾਤਾਂ ਦੇ ਰਾਜ-ਭਾਗ ਦਾ ਹਿੱਸਾ ਰਹੀਆਂ ਹਨ । ਅਜ ਵੀ ਪੰਜਾਬ ਦਾ ਮਹਿਕਮਾ ਮਾਲ, ਮੁਗਲ ਬਾਦਸ਼ਾਹ ਅਕਬਰ ਦੇ ਵਜ਼ੀਰ ਟੋਡਰ ਮਲ ਦੇ ਬਣਾਏ ਜ਼ਮੀਨੀ ਪ੍ਰਬੰਧ ਅਨੁਸਾਰ ਹੀ ਚਲਦਾ ਹੈ । ਜ਼ਮੀਨ ਜਾਇਦਾਦ, ਵਸੀਕਾ, ਵਸੀਅਤ, ਇੰਤਕਾਲ, ਮਹਿਕਮਾ ਫ਼ਰਦ, ਖਸਰਾ ਵਗੈਰਾ ਫਾਰਸੀ ਜ਼ੁਬਾਨ ਦੇ ਸ਼ਬਦ ਹੀ ਵਰਤੇ ਜਾਂਦੇ ਹਨ । ਇਸੇ ਤਰ੍ਹਾਂ ਦੇ ਸਾਡੇ ਕਨੂਨ ਪ੍ਰਬੰਧ ਦੀ ਸਾਰੀ ਭਾਸ਼ਾ ਵਕੀਲ, ਦਲੀਲ, ਮੁਕੱਦਮਾਂ, ਕਚਹਿਰੀ, ਮੁਲਜ਼ਮ, ਮੁਜ਼ਰਮ, ਗ੍ਰਿਫਤਾਰੀ, ਮੁਨਸਫ, ਅਦਾਲਤ ਵਗੈਰਾ ਅਰਬੀ ਜ਼ੁਬਾਨ ਦੇ ਹੀ ਲਫ਼ਜ ਹਨ ।
ਮਾਫ ਕਰਨਾ ਦੋਸਤੋ ਇਹ ਇਕ ਅਲੱਗ ਵਿਸ਼ਾ ਹੈ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗ਼ਜ਼ਲ ਵੀ ਅਰਬੀ ਫਾਰਸੀ ਰਾਹੀਂ ਹੀ ਪੰਜਾਬੀ ਵਿਚ ਆਈ ਹੈ । ਇਸ ਦਾ ਜ਼ਿਕਰ ਸੁਭਾਵਿਕ ਹੀ ਹੋ ਗਿਆ । ਵੈਸੇ ਵੀ ਅਰੂਜ਼ ਵਰਗੇ ਖੁਸ਼ਕ ਵਿਸ਼ੇ ਨਾਲ ਮਗ਼ਜ਼ ਪੱਚੀ ਕਰਦਿਆਂ ਵਿਸ਼ੇ ਤੋਂ ਥੋੜਾ ਏਧਰ ਓਧਰ ਹੋ ਲਿਆ ਜਾਵੇ ਤਾਂ ਕੋਈ ਹਰਜ਼ ਨਹੀ । ਸਾਨੂੰ ਮੁੜ ਘਿੜ ਕੇ ਅਸਲੀ ਵਿਸ਼ੇ ਤੇ ਆਉਣਾ ਹੀ ਪੈਣਾ ਹੈ । ਪੰਜਾਬੀ ਦੀ ਕਹਾਵਤ ਹੈ, 'ਆਖ਼ਰ ਪੁਤ ਬਸੰਤਿਆ ਤੂੰ ਹੱਟੀ ਬਹਿਣਾ' ਆਪਣੇ ਅਸਲੀ ਵਿਸ਼ੇ ਵਲ ਪਰਤਦੇ ਹਾਂ । ਦੋਸਤੋ ਆਪਾਂ ਗੱਲ ਮਿਰਜ਼ਾ ਗਾਲਿਬ ਤੇ ਛੱਡੀ ਸੀ , ਮੁੜ ਕੇ ਫਿਰ ਮਿਰਜ਼ਾ ਗ਼ਾਲਿਬ ਤੋਂ ਹੀ ਸ਼ੁਰੂ ਕਰਦੇ ਹਾਂ ।
ਕਹਿੰਦੇ ਹਨ ਮਿਰਜ਼ਾ ਗ਼ਾਲਿਬ ਦੀ ਆਪਣੇ ਸਮਕਾਲੀ ਸ਼ਾਇਰ ਜ਼ੌਕ ਨਾਲ ਨੋਕ ਝੋਕ ਚਲਦੀ ਰਹਿੰਦੀ ਸੀ । ਜੌਕ ਸਾਹਿਬ ਆਖ਼ਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਉਸਤਾਦ ਸਨ । ਜੌਕ ਦੀ ਮੌਤ ਮਗਰੋਂ ਮਿਰਜ਼ਾ ਗ਼ਾਲਿਬ ਵੀ ਜਫ਼ਰ ਦੇ ਉਸਤਾਦ ਰਹੇ । ਇਕ ਵਾਰ ਮਿਰਜ਼ਾ ਗ਼ਾਲਿਬ ਨੇ ਜੌਕ ਨਾਲ ਨੋਕ ਝੋਕ ਕਰਨ ਵਾਸਤੇ ਇਕ ਗ਼ਜ਼ਲ ਕਹੀ । ਇਹ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਇਸ ਗ਼ਜ਼ਲ ਦਾ ਮਤਲਾ ਹੈ-
"ਹਰ ਇਕ ਬਾਤ ਪੇ ਕਹਿਤੇ ਹੋ ਕਿ ਤੂ ਕਿਆ ਹੈ,
ਤੁਮ ਹੀ ਬਤਾਉ ਕਿ ਯੇ ਅੰਦਾਜ਼ੇ ਗੁਫ਼ਤਗੂ ਕਿਆ ਹੈ ।"
ਜਦ ਇਸ ਗ਼ਜ਼ਲ ਦੇ ਸ਼ਿਅਰ ਗ਼ਾਲਿਬ ਸਾਹਿਬ ਨੇ ਕਿਸੇ ਮਹਿਫਿਲ ਵਿਚ ਜ਼ੌਕ ਸਾਹਿਬ ਦੀ ਹਾਜ਼ਰੀ ਵਿਚ ਸੁਣਾਏ ਤੇ ਜ਼ੌਕ ਸਾਹਿਬ ਨਾਰਾਜ਼ ਹੋ ਗਏ । ਉਨ੍ਹਾਂ ਦੇ ਬਹਾਦਰ ਸ਼ਾਹ ਜ਼ਫਰ ਕੋਲ ਇਸ ਦੀ ਸ਼ਿਕਾਇਤ ਕਰ ਦਿੱਤੀ । ਬਹਾਦਰ ਸ਼ਾਹ ਜ਼ਫਰ ਨੇ ਮਿਰਜ਼ਾ ਗ਼ਾਲਿਬ ਨੂੰ ਆਪਣੇ ਦਰਬਾਰ ਵਿਚ ਬੁਲਾਇਆ । ਗ਼ਾਲਿਬ ਸਾਹਿਬ ਨੇ ਕਿਹਾ ਜਨਾਬ ਮੇਰੀ ਪੂਰੀ ਗ਼ਜ਼ਲ ਤਾਂ ਸੁਣੋ । ਗ਼ਾਲਿਬ ਸਾਹਿਬ ਨੇ ਆਪਣੇ ਗ਼ਜ਼ਲ ਪੂਰੀ ਕਰਦਿਆਂ ਮਕਤਾ ਕਿਹਾ--
"ਹੂਆ ਹੈ ਸ਼ਾਹ ਕਾ ਮੁਸਾਹਿਬ ਫਿਰੇ ਹੈ ਇਤਰਾਤਾ,
ਵਰਨਾ ਸ਼ਹਿਰ ਮੇਂ ਗ਼ਾਲਿਬ ਕੀ ਆਬਰੂ ਕਿਆ ਹੈ ।"
ਇਸ ਤਰ੍ਹਾਂ ਮਿਰਜਾ ਗ਼ਾਲਿਬ ਸਾਹਿਬ ਮਕਤੇ ਜ਼ਰੀਏ ਆਪਣੇ ਤੇ ਲੱਗੇ ਇਲਜ਼ਾਮ ਤੋਂ ਸਾਫ਼ ਬਚ ਨਿਕਲੇ । ਸੱਪ ਵੀ ਮਰ ਗਿਆ ਤੇ ਸੋਟਾ ਵੀ ਨਹੀ ਟੁੱਟਿਆ । ਗ਼ਾਲਿਬ ਸ੍ਹਾਬ ਨੇ ਆਪਣੇ ਮਨ ਦੀ ਭੜਾਸ ਵੀ ਕਢ ਲਈ ਤੇ ਆਪਣੇ ਤੇ ਆਂਚ ਵੀ ਨਹੀ ਆਉਣ ਦਿੱਤੀ । ਉਹਨਾਂ ਦਿਨਾਂ ਵਿਚ ਜੌਕ ਸਾਹਿਬ ਹੀ ਸ਼ਾਹ ਦੇ ਮੁਸਾਹਿਬ ਸਨ, ਭਾਵ ਕਿ ਬਹਾਦਰ ਸ਼ਾਹ ਜ਼ਫਰ ਦੇ ਉਸਤਾਦ ਸਨ ।
ਉਹਨਾਂ ਦਿਨਾਂ ਵਿਚ ਦਿੱਲੀ ਦੇ ਸਾਹਿਤਿਕ ਹਲਕਿਆਂ ਵਿਚ ਇਹ ਧਾਰਨਾ ਬਣੀ ਹੋਈ ਸੀ ਕਿ ਸ਼ਾਇਦ ਬਹਾਦਰ ਸ਼ਾਹ ਜ਼ਫਰ ਆਪ ਕਲਾਮ ਨਾ ਕਹਿੰਦੇ ਹੋਣ । ਸ਼ਾਇਦ ਆਪਣੇ ਉਸਤਾਦਾਂ ਜੌਕ ਸਾਹਿਬ ਅਤੇ ਮਿਰਜ਼ਾ ਗ਼ਾਲਿਬ ਦੇ ਕਲਾਮ ਹੀ ਪੜ੍ਹਦੇ ਹੋਣ । ਸਮੇਂ ਦੀ ਸਿਤਮ ਜ਼ਰੀਫੀ ਦੇਖੋ ਕਿ ਬਹਾਦਰ ਸ਼ਾਹ ਜਫ਼ਰ ਨੂੰ ਬਰਤਾਨਵੀ ਹਕੂਮਤ ਨੇ ਗਦਰ ਭੜਕਾਉਣ ਦੇ ਜੁਲਮ ਚ ਦੇਸ ਤੋਂ ਜਲਾਵਤਨ ਕਰਕੇ ਰੰਗੂਨ ਦੇ ਜੇਲ ਵਿਚ ਸੁੱਟ ਦਿੱਤਾ । ਇਸ ਬਜ਼ੁਰਗ ਸ਼ਾਇਰ ਨੇ ਜਲਾਵਤਨੀ ਦੇ ਦੌਰ ਵਿਚ ਆਪਣੀ ਉਮਰ ਦੇ ਆਖ਼ਰੀ ਦਿਨ ਗਿਣਦਿਆਂ ਆਪਣੇ ਕਲਾਮ ਵਿਚ ਜਲਾਵਤਨੀ ਦੇ ਦਰਦ ਦਾ ਅਜਿਹਾ ਇਜ਼ਹਾਰ ਕੀਤਾ ਕਿ ਸਾਹਿਤਿਕ ਹਲਕਿਆਂ ਵਿਚ ਇਹ ਸਿੱਧ ਕਰ ਦਿਤਾ ਕਿ ਜਫ਼ਰ ਸਾਹਿਬ ਆਪ ਕਿੰਨੇ ਕਮਾਲ ਦਾ ਸ਼ਾਇਰ ਸਨ । ਉਨ੍ਹਾਂ ਦੀ ਇਹ ਗ਼ਜ਼ਲ ਖਾਸ ਕਰਕੇ ਸਾਹਿਤਿਕ ਹਲਕਿਆਂ ਵਿਚ ਬਹੁਤ ਮਕਬੂਲ ਹੈ--
"ਲਗਤਾ ਨਹੀ ਹੈ ਦਿਲ ਮੇਰਾ ਉਜੜੇ ਦਿਆਰ ਮੇਂ,
ਕਿਸ ਕੀ ਬਨੀ ਹੈ ਆਲਮ-ਏ - ਨਾ ਪਾਏਦਾਰ ਮੇਂ ।"
ਕਿਹੜਾ ਪੱਥਰ ਦਿਲ ਇਨਸਾਨ ਹੋਵੇਗਾ ਜਿਸਦਾ ਦਿਲ ਇਸ ਗ਼ਜ਼ਲ ਦਾ ਮਕਤਾ ਸੁਣ ਕੇ ਪਸੀਜ ਨਹੀ ਜਾਵੇਗਾ । ਪਿਆਰੇ ਦੋਸਤੋ ਤੁਸੀਂ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਮਕਤਾ ਸੁਣੋਂ ।..
"ਕਿਤਨਾਂ ਹੈ ਬਦਨਸੀਬ ਜਫ਼ਰ, ਦਫਨ ਕੀ ਲੀਏ,
ਦੋ ਗਜ਼ ਜਮੀਂ ਭੀ ਨਾ ਮਿਲੀ, ਕੂਏ ਯਾਰ ਮੇਂ ।"
ਜਦੋਂ ਕੋਈ ਸ਼ਾਇਰ ਆਪਣੇ ਤਖੱਲੁਸ ਦੀ ਬਾ-ਮਾਅਨੀ ਵਰਤੋਂ ਕਰਦਾ ਹੈ ਤਾਂ ਮਕਤਾ ਹੋਰ ਵੀ ਖ਼ੂਬਸੂਰਤ ਹੋ ਜਾਂਦਾ ਹੈ ।
"ਦੋ ਚਾਰ ਸ਼ਿਅਰ ਲਿਖ ਸਕਾਂ, ਲੋਕਾਂ ਨੂੰ ਯਾਦ ਰਹਿਣ,
ਭਗਵਾਨ ਕ੍ਰਿਸ਼ਨ ਤਾਂ ਨਹੀ, ਨਾ ਹੀ ਵਿਆਸ ਮੈਂ ।"
ਇਥੇ ਕ੍ਰਿਸ਼ਨ ਬਾ-ਮਾਅਨੀ ਅਰਥਾਂ ਵਿਚ ਵਰਤਿਆ ਗਿਆ ਹੈ । ਕਿਉਂ ਕਿ ਕ੍ਰਿਸ਼ਨ ਨੇ ਗੀਤਾ ਉਚਰੀ ਸੀ ਤੇ ਵੇਦ ਵਿਆਸ ਨੇ ਮਹਾਭਾਰਤ ਲਿਖਿਆ ਸੀ । ਇਸੇ ਤਰ੍ਹਾਂ ਇਕ ਮੁਸ਼ਾਇਰੇ ਵਿਚ ਮੈਂ ਆਪਣੀ ਗ਼ਜ਼ਲ ਦੇ ਮਕਤੇ ਦਾ ਪਹਿਲਾ ਮਿਸਰਾ ਕਿਹਾ ਤਾਂ ਮੁਕੱਰਰ ਮੁਕੱਰਰ ਦੀ ਅਵਾਜ਼ ਆਈ , ਜਿਸ ਦਾ ਭਾਵ ਸੀ ਕਿ ਮੈਂ ਉਹ ਮਿਸਰਾ ਦੁਬਾਰਾ ਪੜ੍ਹਾਂ । ਜਦ ਮੈਂ ਮਿਸਰਾ ਦੁਬਾਰਾ ਪੜ੍ਹਿਆ ਤਾਂ ਫਿਰ ਉਹੀ ਸ਼ਬਦ ਦੁਹਰਾਇਆ ਗਿਆ ਤੇ ਕਈ ਸ਼ਾਇਰਾਂ ਵਲੋਂ ਵਿਅੰਗ ਕੱਸੇ ਜਾਣ ਲੱਗੇ । ਜਦੋਂ ਮੈਂ ਆਪਣੇ ਮਕਤੇ ਦਾ ਪਹਿਲਾ ਮਿਸਰਾ ਮੁਕਾ ਕੇ ਦੂਸਰਾ ਮਿਸਰਾ ਕਿਹਾ ਤਾਂ ਵਿਅੰਗ ਕੱਸਣ ਵਾਲੇ ਬਗਲਾਂ ਝਾਕਣ ਲੱਗ ਪਏ । ਉਹ ਮਕਤਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ ।
"ਚੱਲੇ ਗ਼ਜ਼ਲ ਦੀ ਗੱਲ ਤਾਂ, ਤੇਰੇ ਤੇ ਮੁੱਕਦੀ,
ਪਿੱਛੇ ਖੜਾਂ ਏਂ ਕ੍ਰਿਸ਼ਨ ਤੂੰ ਲੰਮੀ ਕਤਾਰ ਦੇ ।"
ਦੂਸਰਾ ਮਿਸਰਾ ਕਹਿਣ ਨਾਲ ਸ਼ਿਅਰ ਦੇ ਅਰਥ ਉਲਟ ਗਏ । ਜਿਥੇ ਪਹਿਲੇ ਮਿਸਰੇ ਵਿੱਚੋਂ ਸ਼ਾਇਰੀ ਦਾ ਅਭਿਮਾਨ ਝਲਕਦਾ ਸੀ ਉਥੇ ਦੂਸਰੇ ਮਿਸਰੇ ਨੇ ਉਸ ਦੇ ਅਰਥ ਹੀ ਬਦਲ ਦਿੱਤੇ। ਇਸ ਤਰ੍ਹਾਂ ਮਕਤੇ ਦੀ ਵੀ ਗ਼ਜ਼ਲ ਵਿਚ ਓਨੀ ਹੀ ਅਹਮੀਅਤ ਹੈ ਜਿਨੀ ਇਕ ਖ਼ੂਬਸੂਰਤ ਮਤਲੇ ਦੀ ।
Labels:
ਅਰੂਜ਼
Subscribe to:
Post Comments (Atom)
No comments:
Post a Comment