ਪਿਆਰੇ ਦੋਸਤੋ ਆਪਾਂ ਅਰੂਜ਼ ਪਰਿਵਾਰ ਦੇ ਬਹੁਤ ਸਾਰੇ ਜੀਆਂ ਨਾਲ ਜਾਣ ਪਛਾਣ ਕਰ ਚੁੱਕੇ ਹਾਂ । ਮੁਤਹੱਰਕ, ਸਾਕਿਨ, ਮਿਸਰਾ, ਸ਼ਿਅਰ, ਮਤਲਾ, ਮਕਤਾ, ਕਾਫ਼ੀਆ, ਰਦੀਫ਼, ਮੂਲ ਅੱਖਰ ਨਾਲ ਮਿਲਣੀ ਹੋ ਚੁੱਕੀ ਹੈ । ਮੈਂ ਇਹ ਵੀ ਮੰਨਦਾ ਹਾਂ ਕਿ ਕੁਛ ਗੱਲਾਂ ਵਾਰ ਵਾਰ ਦੁਹਾਰਾਈਆਂ ਗਈਆਂ ਹੋਣਗੀਆਂ । ਮੇਰਾ ਇਹ ਨਿਸ਼ਾਨਾ ਹੈ ਕੁਛ ਗਲਾਂ ਤੁਹਾਡੀ ਸੋਚ ਦਾ ਹਿੱਸਾ ਬਣ ਜਾਣ । ਇਹ ਵੀ ਇਕ ਮਨੋਵਿਗਿਆਨਕ ਤੱਥ ਹੈ ਕਿ ਜਿਹੜੀ ਗੱਲ ਵਾਰ ਵਾਰ ਦੁਹਰਾਈ ਜਾਵੇ ਉਹ ਸਾਡੇ ਅਚੇਤ ਜਾਂ ਸੁਚੇਤ ਮਨ ਤੇ ਜ਼ਰੂਰ ਅਸਰ ਕਰਦੀ ਹੈ । ਏਸ ਮਨੋਵਿਗਿਆਨਕ ਤੱਥ ਦਾ ਸਹਾਰਾ ਲੈ ਕੇ ਹੀ ਵਪਾਰੀ ਵਰਗ ਆਪਣੀਆਂ ਵਸਤਾਂ ਦੀ ਵਾਰ ਵਾਰ ਇਸ਼ਤਿਹਾਰ ਬਾਜ਼ੀ ਕਰਦਾ ਰਹਿੰਦਾ ਹੈ । ਕਿਉਂ ਕਿ ਜੇ ਝੂਠ ਵੀ ਸੌ ਵਾਰ ਦੁਹਾਰਾਇਆ ਜਾਵੇ ਤਾਂ ਸੁਣਨ ਵਾਲੇ ਨੂੰ ਸੱਚ ਲੱਗਣ ਲਗ ਜਾਂਦਾ ਹੈ ।
ਹੁਣ ਅਸੀਂ ਗ਼ਜ਼ਲ ਦੇ ਪਰਿਵਾਰ ਦੇ ਕੁਛ ਹੋਰ ਜੀਆਂ ਨਾਲ ਤੁਹਾਡੀ ਜਾਣ ਪਛਾਣ ਕਰਵਾਉਂਦੇ ਹਾਂ । ਇਨ੍ਹਾਂ ਜੀਆਂ ਦਾ ਨਾਮ ਹੈ ਸਬਬ ਅਤੇ ਵਤਦ । ਪਹਿਲਾਂ ਇਹ ਜਾਣੀਏ ਕਿ ਸਬਬ ਅਤੇ ਵਤਦ ਹੁੰਦੇ ਕੀ ਹਨ ।
"ਸਾਕਿਨ ਤੇ ਮੁਤਹੱਰਕ ਤੋਂ ਬਣਦੇ ਵਤਦ ਸਬਬ,
ਦੇਖੋ ਇਲਮ ਅਰੂਜ਼ ਵਿਚ ਇਹਨਾਂ ਦੇ ਕਰਤੱਬ ।"
ਮੁਤਹਰਕ ਅਤੇ ਸਾਕਿਨ ਬਾਰੇ ਜਾਣਕਾਰੀ ਅਸੀਂ ਪ੍ਰਾਪਤ ਕਰ ਹੀ ਚੁੱਕੇ ਹਾਂ । ਮੁਤਹਰਕ ਅਤੇ ਸਾਕਿਨ ਅੱਖਰ ਰਲ਼ ਕੇ ਸਬਬ ਅਤੇ ਵਤਦ ਦਾ ਨਿਰਮਾਣ ਕਰਦੇ ਹਨ । ਸਬੱਬ ਅਤੇ ਵਤਦ ਮਿਲ ਕੇ ਅਰੂਜ਼ ਦੇ ਰੁਕਨ, ਗਣ ਜਾਂ ਵੱਟੇ ਬਣਦੇ ਹਨ । ਜਿਨ੍ਹਾਂ ਦੁਆਰਾ ਗ਼ਜ਼ਲ ਦਾ ਵਜ਼ਨ ਬਹਿਰ ਨਿਰਧਾਰਿਤ ਕੀਤਾ ਜਾਂਦਾ ਹੈ ।
ਪਿਆਰੇ ਦੋਸਤੋ ਗ਼ਜ਼ਲ ਦੇ ਸ਼ਬਦ ਇਕ ਓਪਰੀ ਭਾਸ਼ਾ ਅਰਬੀ ਵਿਚ ਹੋਣ ਕਰਕੇ ਸਾਨੂੰ ਓਪਰੇ ਲਗਦੇ ਹਨ । ਪਰ ਇਹਨਾਂ ਤੋਂ ਡਰਨ ਦੀ ਲੋੜ ਨਹੀ । ਇਹ ਸਾਰੇ ਸ਼ਬਦ ਖਾਨਾਬਦੋਸ਼ਾਂ ਜਿਹੀ ਜ਼ਿੰਦਗੀ ਬਤੀਤ ਕਰਨ ਵਾਲੇ ਅਰਬ ਲੋਕਾਂ ਦੇ ਘਰ ਨਾਲ ਸਬੰਧਤ ਹਨ, ਜਿਨ੍ਹਾਂ ਲੋਕਾਂ ਨੂੰ ਅਸੀਂ ਬੱਦੂ ਕਹਿਨੇ ਹਾਂ ।
ਸਾਡੇ ਵਿੱਚੋਂ ਇਹ ਕੌਣ ਜਾਣਦਾ ਸੀ ਇਨ੍ਹਾਂ ਸਿੱਧੇ ਸਾਦੇ ਜਾਪਦੇ ਲੋਕਾਂ ਕੋਲ ਇਲਮ ਅਰੂਜ਼ ਦਾ ਅਜੇਹਾ ਜਾਦੂ ਹੈ, ਜਿਸ ਨਾਲ ਗ਼ਜ਼ਲ ਵਰਗੀ ਕਾਵਿ-ਪਰੀ ਜਨਮ ਲੈਂਦੀ ਹੈ । ਅਸੀਂ ਆਮ ਕਰਕੇ ਕਿਸੇ ਦੀ ਬਾਹਰੀ ਦਿੱਖ ਤੋਂ ਹੀ ਪ੍ਰਭਾਵਿਤ ਹੁੰਦੇ ਹਾਂ , ਤੇ ਕਿਸੇ ਦੇ ਗੁਣ ਜਾਂ ਸੀਰਤ ਦੇਖਣ ਦਾ ਯਤਨ ਨਹੀ ਕਰਦੇ । ਮੇਰੇ ਵਰਗਾ ਦੇਸੀ ਜਿਹਾ ਦਿਸਣ ਵਾਲਾ ਬੰਦਾ ਵੀ ਜੇ ਕੋਟ, ਪੈਂਟ ਅਤੇ ਟਾਈ ਲਗਾ ਕੇ ਖੜ ਜਾਵੇ ਤਾਂ ਉਸ ਨੂੰ ਬੜਾ ਸਿਆਣਾ ਤੇ ਸਮਝਦਾਰ ਸਮਝਣ ਲੱਗ ਜਾਂਦੇ ਹਨ । ਅਜੇਹੇ ਭੱਦਰ ਪੁਰਸ਼ਾਂ ਵਾਸਤੇ ਪੰਜਾਬੀ ਵਿਚ ਇਕ ਅਖ਼ਾਣ ਹੈ , ਉੱਚਾ ਲੰਮਾਂ ਗੱਭਰੂ ਪੱਲੇ ਠੀਕਰੀਆਂ । ਇਸ ਤੋਂ ਉਲਟਾ ਜੇ ਕੋਈ ਵਿਦਵਾਨ ਸੱਜਣ ਕੁੜਤਾ ਪਜਾਮਾ ਪਾ ਕੇ ਸਧਾਰਨ ਜਿਹਾ ਬਣ ਕੇ ਖੜ੍ਹ ਜਾਵੇ ਤਾਂ ਸਾਨੂੰ ਉਹ ਬੌਂਗਾ ਜਿਹਾ ਦੇਸੀ ਲੱਗਣ ਲੱਗ ਜਾਂਦਾ ਹੈ । ਹੁਣ ਆਪਾਂ ਅਸਲੀ ਵਿਸ਼ੇ ਵੱਲ ਆਈਏ, ਆਪਾਂ ਗੱਲ ਕਰ ਰਹੇ ਸੀ ਸਬੱਬ ਅਤੇ ਵਤਦ ਦੀ
ਸਬੱਬ ਕਿਸ ਨੂੰ ਕਹਿੰਦੇ ਹਨ---
ਦੋ ਅੱਖਰਾਂ ਵਾਲੇ ਸ਼ਬਦ ਨੂੰ ਸਬਬ ਕਿਹਾ ਜਾਂਦਾ ਹੈ । ਹਰ਼ਫ ਜਾਂ ਅੱਖਰ ਸ਼ਬਦ ਦੀ ਵਰਤੋਂ ਅਸੀਂ ਸਾਰੇ ਪੰਜਾਬੀ ਦੇ ਅੱਖਰਾਂ ਅਤੇ ਦੀਰਘ ਲਗਾਂ ਵਾਸਤੇ ਕਰਦੇ ਹਾਂ । ਔਂਕੁੜ ਅਤੇ ਸਿਹਾਰੀ ਲਘੂ ਲਗਾਂ ਹਨ ਇਹਨਾਂ ਦੀ ਗਿਣਤੀ ਅੱਖਰਾਂ ਵਿਚ ਨਹੀ ਹੁੰਦੀ । ਜਿਹੜੇ ਅੱਖਰ ਨੂੰ ਦੀਰਘ ਲਗ ਲੱਗੀ ਹੋਵੇ ਉਹ ਅੱਖਰ ਮੁਤਹੱਰਕ ਗਿਣਿਆ ਜਾਵੇਗਾ , ਅਤੇ ਦੀਰਘ ਲਗ ਨੂੰ ਇਕ ਸਾਕਿਨ ਅੱਖਰ ।
ਸਬਬ ਦੋ ਕਿਸਮ ਦੇ ਹੁੰਦੇ ਹਨ (1) ਸਬਬ ਖਫੀਫ (2) ਸਬਬ ਸਕੀਲ
ਸਬਬ ਖਫੀਫ-- ਅਰਬੀ ਭਾਸ਼ਾ ਵਿਚ ਸਬਬ ਖਫੀਫ ਦਾ ਮਤਲਬ ਹਲਕਾ ਫੁਲਕਾ ਹੁੰਦਾ ਹੈ । ਅਰੂਜ਼ ਦਾ ਸਬੰਧ ਸ਼ਬਦਾਂ ਦੇ ਉਚਾਰਣ ਨਾਲ ਹੈ । ਇਸ ਅਨੁਸਾਰ ਸਬਬ ਖਫੀਫ ਉਹਨਾਂ ਦੋ ਅੱਖਰਾਂ ਦਾ ਹਲਕਾ ਫੁਲਕਾ ਸ਼ਬਦ ਹੈ ਜਿਹੜਾ ਅਸਾਨੀ ਨਾਲ ਉਚਾਰਿਆ ਜਾ ਸਕੇ ।
ਸਬਬ ਸਕੀਲ-- ਸਬਬ ਸਕੀਲ ਦਾ ਅਰਥ ਅਰਬੀ ਭਾਸ਼ਾ ਵਿਚ ਭਾਰਾ ਹੁੰਦਾ ਹੈ । ਇਸ ਤਰਾਂ ਸਬਬ ਸਕੀਲ ਦੋ ਅੱਖਰਾਂ ਤੋਂ ਬਣਿਆ ਉਹ ਸ਼ਬਦ ਹੈ ਜਿਸ ਦਾ ਉਚਾਰਨ ਭਾਰਾ ਅਤੇ ਔਖਾ ਹੁੰਦਾ ਹੈ ।
ਹੁਣ ਪਹਿਲਾਂ ਸਬਬ ਖਫੀਫ ਦੀ ਬਣਤਰ ਬਾਰੇ ਗੱਲ ਕਰੀਏ ।
"ਮੁਤਹਰਕ ਸਾਕਿਨ ਮਿਲੇ, ਬਣਦੈ ਸਬਬ ਖਫੀਫ,
ਇਸ ਨੂੰ ਸਮਝਣ ਵਿਚ ਭਲਾ ਕ੍ਰਿਸ਼ਨ ਕਦੋਂ ਤਕਲੀਫ ।"
ਇਸ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਸਬਬ ਖਫੀਫ ਦੋ ਅੱਖਰਾਂ ਵਾਲਾ ਉਹ ਸ਼ਬਦ ਹੈ ਜਿਸ ਦਾ ਪਹਿਲਾ ਅੱਖਰ ਮੁਤਹੱਰਕ ਤੇ ਦੂਜਾ ਸਾਕਿਨ ਹੋਵੇ । ਉਦਾਹਰਣ ਵਜੋਂ, ਮੈਂ, ਤੇ, ਦੋ ਆਦਿ । ਇਹ ਤਿੰਨੇ ਹੀ ਦੋ ਦੋ ਅੱਖਰਾਂ ਦੇ ਸ਼ਬਦ ਹਨ ਅਤੇ ਇਹਨਾਂ ਦਾ ਪਹਿਲਾ ਅੱਖਰ ਮੁਤਹੱਰਕ ਹੈ ਤੇ ਦੂਜਾ ਸਾਕਿਨ । ਇਹਨਾਂ ਸ਼ਬਦਾਂ ਦਾ ਪਹਿਲਾ ਅੱਖਰ ਭਾਵ ਮ, ਤ, ਅਤੇ ਦ ਮੁਹਤਰਕ ਹੈ ਅਤੇ ਦੁਲਾਵਾਂ, ਲਾਵਾਂ ਅਤੇ ਹੋੜਾ ਸਾਕਿਨ ਹਨ । ਇਸ ਤਰ੍ਹਾਂ ਇਹ ਸ਼ਬਦ ਸਬਬ ਖਫੀਫ ਦੀ ਸ਼੍ਰੇਣੀ ਥੱਲੇ ਆਉਂਦੇ ਹਨ । ਅਰੂਜ਼ ਵਿਚ ਇਕ ਸਬਬ ਖਫੀਫ ਪਿੰਗਲ ਦੇ ਇਕ ਗੁਰੂ ਦੇ ਬਰਾਬਰ ਹੁੰਦਾ ਹੈ ।
ਅਰੂਜ਼ ਪਿੰਗਲ
ਸਬਬ ਖਫੀਫ ਗੁਰੂ
I S
ਸਬਬ ਸਕੀਲ----
"ਜੁੜਨ ਜਦੋਂ ਮੁਤਹੱਰਕ ਦੋ , ਬਣਨ ਸਬਬ ਸਕੀਲ,
ਇਸਨੂੰ ਸਮਝਣ ਵਾਸਤੇ, ਏਹੋ ਕ੍ਰਿਸ਼ਨ ਦਲੀਲ ।"
ਇਸ ਨੂੰ ਜੇ ਵਾਰਤਕ ਵਿਚ ਕਹਿਣਾ ਹੋਵੇ ਤਾਂ ਸਬਬ ਸਕੀਲ ਦੋ ਅੱਖਰਾਂ ਦੇ ਉਸ ਸ਼ਬਦ ਨੂੰ ਕਿਹਾ ਜਾਂਦਾ ਜਿਸਦੇ ਦੋਨੋ ਅੱਖਰ ਮੁਤਹੱਰਕ ਹੋਣ । ਮੁਤਹੱਰਕ ਅੱਖਰ ਨੂੰ ਪਿੰਗਲ ਵਿਚ ਲਘੂ ਦੇ ਬਰਾਬਰ ਗਿਣਿਆ ਜਾਂਦਾ ਹੈ , ਜਿਦਾ ਚਿਨ੍ਹ ਇਕ ਸਿਧੀ (I) ਲਕੀਰ ਹੁੰਦਾ ਹੈ । ਇਸ ਦੀ ਬਣਤਰ ਪਿੰਗਲ ਤੇ ਅਰੂਜ਼ ਦੋਹਾਂ ਢੰਗਾਂ ਰਾਹੀ ਇਉਂ ਦਰਸਾਈ ਜਾਂਦੀ ਹੈ ।
ਅਰੂਜ਼ ਅਨੁਸਾਰ ਪਿੰਗਲ ਅਨੁਸਾਰ
ਸਬਬ ਸਕੀਲ ਲਘੂ+ ਲਘੂ
ਮੁਤਹਰਕ+ਮੁਤਹਰਕ I+I
ਵਤਦ---ਤਿੰਨ ਅੱਖਰਾਂ ਦੇ ਸ਼ਬਦ ਨੂੰ ਵਤਦ ਕਿਹਾ ਜਾਂਦਾ ਹੈ । ਵਤਦ ਵੀ ਦੋ ਕਿਸਮ ਦੇ ਹੁੰਦੇ ਹਨ ।
1. ਵਤਦ ਮਜ਼ਮੂਅ
2. ਵਤਦ ਮਫ਼ਰੂਕ
ਵਤਦ ਮਜ਼ਮੂਅ---ਤਿੰਨ ਅੱਖਰਾਂ ਦੇ ਉਸ ਸ਼ਬਦ ਨੂੰ ਕਹਿੰਦੇ ਹਨ ਜਿਸਦੇ ਮੁਢਲੇ ਦੋ ਅੱਖਰ ਮੁਤਹੱਰਕ ਤੇ ਤੀਜਾ ਸਾਕਿਨ ਹੋਵੇ ।
" ਪਹਿਲਾ ਅੱਖਰ ਮੁਤਹੱਰਕ, ਨਾਲ ਸਬਬ ਖਫੀਫ,
ਵਤਦ ਮਜ਼ਮੂਅ ਕ੍ਰਿਸ਼ਨ ਇਹ, ਸਾਦਾ ਸ਼ਬਦ ਸ਼ਰੀਫ ।"
ਪਿੰਗਲ ਅਨੁਸਾਰ ਤਾਂ ਸਾਰੇ ਤਿੰਨ ਅੱਖਰੀ ਸ਼ਬਦਾਂ ਦਾ ਵਜ਼ਨ ਬਰਾਬਰ ਹੁੰਦਾ ਹੈ । ਪਰ ਅਰੂਜ਼ ਅਨੁਸਾਰ ਜੇ ਕਿਸੇ ਸ਼ਬਦ ਵਿਚ ਤਿੰਨ ਮੁਕਤਾ ਅੱਖਰ ਹੋਣ ਤਾਂ ਉਸ ਦਾ ਵਜ਼ਨ ਉਸ ਸ਼ਬਦ ਦੇ ਉਚਾਰਣ ਦੇ ਅਨੁਸਾਰ ਹੁੰਦਾ ਹੈ । ਵਤਦ ਮਜ਼ਮੂਅ ਸ਼ਬਦ ਦੀ ਬਣਤਰ ਸਮਝਣ ਲਈ ਕੁਛ ਉਦਾਹਰਣਾਂ ਪੇਸ਼ ਕਰਦੇ ਹਾਂ , ਗ਼ਜ਼ਲ, ਨਜ਼ਰ, ਖ਼ਬਰ ਇਹ ਤਿੰਨੇ ਸ਼ਬਦ ਪੰਜਾਬੀ ਦੇ ਤਿੰਨ ਮੁਕਤਾ ਅੱਖਰਾਂ ਦੇ ਮਿਲਣ ਨਾਲ ਬਣਦੇ ਹਨ ਅਤੇ ਇਹਨਾਂ ਤੇ ਕੋਈ ਮਾਤਰਾ ਨਹੀ ਲਗਦੀ ਤੇ ਇਹਨਾਂ ਦਾ ਵਜ਼ਨ ਇਹਨਾਂ ਦੇ ਉਚਾਰਣ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ । ਇਹਨਾਂ ਸ਼ਬਦਾ ਦਾ ਉਚਾਰਨ--
ਗ਼+ਜ਼ਲ, ਨ+ਜ਼ਰ, ਖ਼+ਬਰ
ਬਣਦਾ ਹੈ । ਕਿਉਂ ਕਿ ੳਪਰਲੇ ਤਿੰਨਾਂ ਅੱਖ਼ਰਾਂ ਦੇ ਪਹਿਲੇ ਦੋ ਅੱਖਰ ਮੁਤਹੱਰਕ ਹਨ ਤੇ ਤੀਸਰਾ ਸਾਕਿਨ ਇਸ ਲਈ ਇਹ ਸ਼ਬਦ ਵਤਦ ਮਜ਼ਮੂਅ ਦੀ ਸ਼੍ਰੇਣੀ ਵਿਚ ਆਉਂਦੇ ਹਨ ।
ਅਰੂਜ਼ ਅਨੁਸਾਰ ਬਣਤਰ ਪਿੰਗਲ ਅਨੁਸਾਰ ਬਣਤਰ
ਮੁਤਹੱਰਕ+ਸਬਬ ਖਫੀਫ ਲਘੂ+ਗੁਰੂ (IS)
ਦੋਸਤੋ ਜੇ ਵਤਦ ਮਜ਼ਮੂਅ ਦਾ ਵਜ਼ਨ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਇਸ ਦੀ ਇਕ ਉਦਹਾਰਣ ਖ਼ੁਦਾ ਸ਼ਬਦ ਹੈ । ਖ਼ੁਦਾ ਸ਼ਬਦ ਵਤਦ ਮਜ਼ਮੂਅ ਹੈ ਇਸ ਨੂੰ ਅਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ ।
ਵਤਦ ਮਫ਼ਰੂਕ ਦੀ ਬਣਤਰ--
ਇਸ ਤਿੰਨ ਅੱਖਰੇ ਸ਼ਬਦ ਦੀ ਬਣਤਰ ਵਤਦ ਮਜ਼ਮੂਅ ਨਾਲੋਂ ਬਿਲਕੁਲ ਉਲਟ ਹੈ । ਇਸ ਵਿਚ ਪਹਿਲਾਂ ਸਬਬ ਖਫੀਫ ਆਉਂਦਾ ਹੈ ਤੇ ਮਗਰੋਂ ਮੁਤਹੱਰਕ ਅੱਖਰ । ਵਤਦ ਮਜ਼ਮੂਅ ਵੇਲੇ ਤੁਸੀਂ ਖ਼ੁਦਾ ਨੂੰ ਯਾਦ ਕੀਤਾ ਸੀ ਪਰ ਵਤਦ ਮਫ਼ਰੂਕ ਵੇਲੇ ਰਾਮ ਨੂੰ ਯਾਦ ਕਰੋ । ਵਤਦ ਮਫ਼ਰੂਕ ਦੀ ਬਣਤਰ
ਅਰੂਜ਼ ਵਿਚ ਪਿੰਗਲ ਵਿਚ
ਸਬਬ ਖਫੀਫ+ਮੁਤਹੱਰਕ ਗੁਰੂ+ ਲਘੂ (SI)
ਹੁਣ ਪਹਿਲਾਂ ਵਾਂਗ ਅਜੇਹੇ ਸ਼ਬਦ ਜਿਨ੍ਹਾਂ ਦੇ ਤਿੰਨੇ ਅੱਖਰ ਮੁਕਤਾ ਹੋਣ ਉਹਨਾਂ ਨੂੰ ਵਤਦ ਮਫ਼ਰੂਕ ਵਜੋਂ ਪਰਖੀਏ । ਮਿਸਾਲ ਦੇ ਤੌਰ ਤੇ ਫ਼ਿਕਰ, ਜ਼ਿਕਰ, ਨਜ਼ਮ ਸ਼ਬਦਾਂ ਦਾ ਵਜ਼ਨ ਵਤਦ ਮਫ਼ਰੂਕ ਦੇ ਬਰਾਬਰ ਹੈ । ਇਨ੍ਹਾਂ ਦਾ ਉਚਾਰਣ ਅਸੀਂ --
ਜ਼ਿਕ+ਰ, ਫ਼ਿਕ+ਰ , ਨਜ਼+ਮ ਕਰਕੇ ਕਰਾਂਗੇ । ਆਉ ਹੁਣ ਇਹ ਜਾਣੀਏ ਕਿ ਅਰਬੀ ਭਾਸ਼ਾ ਅਨੁਸਾਰ ਇਹ ਵਤਦ ਮਜ਼ਮੂਅ ਅਤੇ ਵਤਦ ਮਫ਼ਰੂਕ ਸ਼ਬਦ ਕਿਵੇਂ ਹੋਂਦ ਵਿਚ ਆਏ ।
ਵਤਦ ਮਜ਼ਮੂਅ ਵਿਚ ਕਿਉਂ ਕਿ ਦੋ ਮੁਤਹੱਰਕ ਅੱਖਰ ਜੁੜੇ ਹੋਏ ਹਨ ਭਾਵ ਜਮਾਂ ਹਨ । ਅਰਬੀ ਭਾਸ਼ਾ ਦੀ ਵਿਆਕਰਣ ਅਨੁਸਾਰ ਜਦੋਂ ਅਸੀਂ ਜੋੜ ਜਾਂ ਜਮਾਂ ਦਾ ਕ੍ਰਿਆਵਾਚੀ ਸ਼ਬਦ ਬਣਾਉਂਦੇ ਹਾਂ ਤਾਂ ਮਜ਼ਮੂਅ ਸ਼ਬਦ ਬਣਦਾ ਹੈ । ਇਸ ਤਰ੍ਹਾਂ ਮਜ਼ਮੂਅ ਕਹਿਣ ਨਾਲ ਸਾਨੂੰ ਇਹ ਪਤਾ ਲਗ ਜਾਂਦਾ ਹੈ ਕਿ ਇਸ ਵਿਚ ਦੋ ਮੁਤਹੱਰਕ ਅੱਖਰ ਜੁੜਵੇਂ ਹਨ ।
ਇਸੇ ਤਰ੍ਹਾਂ ਜਦੋਂ ਵਤਦ ਮਫ਼ਰੂਕ ਸ਼ਬਦ ਦੀ ਚੀਰ ਫਾੜ ਕਰਦੇ ਹਾਂ ਤਾਂ ਏਥੇ ਦੋ ਮੁਹਤਰਕ ਅੱਖਰਾਂ ਵਿਚਾਲੇ ਇਕ ਸਾਕਿਨ ਅੱਖਰ ਆ ਜਾਂਦਾ ਹੈ । ਅਤੇ ਵਿਆਕਰਣ ਦੇ ਨਿਯਮ ਅਨੁਸਾਰ ਦੋ ਮੁਤਹਰਕ ਅੱਖਰਾਂ ਵਿਚ ਇਕ ਸਾਕਿਨ ਅੱਖਰ ਦੀ ਵਜ੍ਹਾ ਨਾਲ ਫ਼ਰਕ ਪੈ ਜਾਂਦਾ ਹੈ । ਜਦੋਂ ਸ਼ਬਦ ਫ਼ਰਕ ਵਿਆਕਰਣ ਅਨੁਸਾਰ ਕ੍ਰਿਆਵਾਚੀ ਸ਼ਬਦ ਬਣਦਾ ਹੈ ਤਾਂ ਇਹ ਮਫ਼ਰੂਕ ਕਹਾਉਂਦਾ ਹੈ ।
ਵਤਦ ਕਸਰਤ-- ਤਿੰਨਾਂ ਅੱਖਰਾਂ ਦੇ ਸ਼ਬਦ ਨਾਲ ਜੁੜੀ ਹੋਈ ਇਕ ਤੀਜੀ ਕਿਸਮ ਵਤਦ ਕਸਰਤ ਵੀ ਹੈ । ਇਸ ਵਿਚ ਤਿੰਨੇ ਮੁਕਤੇ ਅੱਖਰ ਮੁਤਹੱਰਕ ਹੁੰਦੇ ਹਨ । ਵਤਦ ਕਸਰਤ ਸਿਰਫ਼ ਅਰਬੀ ਭਾਸ਼ਾ ਵਿਚ ਪ੍ਰਚਲਿਤ ਹੈ । ਪੰਜਾਬੀ ਵਿਚ ਇਸ ਦਾ ਉਚਾਰਣ ਨਹੀ ਹੋ ਸਕਦਾ ।
ਪਿਆਰੇ ਦੋਸਤੋ ਅਰੂਜ਼ ਦੀ ਭਾਰੀ ਸ਼ਬਦਾਵਲੀ ਤੋਂ ਘਬਰਾਉਣ ਦੀ ਕੋਈ ਲੋੜ ਨਹੀ । ਵੈਸੇ ਜੇ ਦੇਖਿਆ ਜਾਵੇ ਤਾਂ ਦੁਨੀਆਂ ਦੇ ਹਰ ਭਾਸ਼ਾ ਦੇ ਅੱਖਰ ਕੋਡ ਦਾ ਹੀ ਰੂਪ ਹਨ । ਕੋਡ ਨੂੰ ਡੀ-ਕੋਡ ਕਰਨ ਦੀ ਜ਼ਰੂਰਤ ਪੈਂਦੀ ਹੈ , ਤਾਂ ਹੀ ਅਸੀ ਉਸ ਭਾਸ਼ਾ ਦੇ ਅਰਥਾਂ ਤਕ ਪਹੁੰਚ ਸਕਦੇ ਹਾਂ । ਨੌਜਵਾਨ ਪੀੜੀ ਕੋਡਾਂ ਨੂੰ ਡੀ-ਕੋਡ ਕਰਨ ਦੀ ਮਾਹਿਰ ਹੈ ਤੇ ਇਸ ਕੰਮ ਵਿਚ ਬਜ਼ੁਰਗਾਂ ਨਾਲੋਂ ਕਿਤੇ ਅੱਗੇ ਹੈ ।
ਜਿਵੇ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਅਰੂਜ਼ ਵਰਗੇ ਰੁੱਖੇ ਵਿਸ਼ੇ ਤੇ ਗਲ ਕਰਦਿਆਂ ਬੋਰੀਅਤ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ । ਮੈਂ ਵੀ ਅਰੂਜ਼ ਦੀਆਂ ਰੁੱਖੀਆਂ ਪੁਸਤਕਾਂ ਨਾਲ ਕਈ ਵਰ੍ਹੇ ਮੱਥਾ ਮਾਰਿਆ ਹੈ । ਅਰੂਜ਼ ਦੀਆਂ ਸਿਧਾਂਤਕ ਪਰਿਭਾਸ਼ਾਵਾਂ ਦੇ ਅਰਥਾਂ ਤਕ ਪਹੁੰਚਣ ਲਈ ਬੜੀ ਸਿਰਦਰਦੀ ਸਹੇੜਨੀ ਪੈਂਦੀ ਹੈ । ਅਰੂਜ਼ ਬਾਰੇ ਲਿਖਦਿਆਂ ਹਮੇਸ਼ਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਾਠਕ ਦੇ ਮਨ ਵਿਚ ਬੋਰੀਅਤ ਨਾ ਆਵੇ । ਇਸ ਲਈ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲਿਖ਼ਤ ਵਿਚ ਕੁਛ, ਕਵਿਤਾ, ਕਹਾਣੀ, ਨਿਬੰਧ ਅਤੇ ਨਾਟਕੀ ਅੰਸ਼ ਵਗੈਰਾ ਹੋਵੇ । ਸਿਰਫ਼ ਸਿਧਾਂਤਿਕ ਜਾਣਕਾਰੀ ਅਕਾਊ ਅਤੇ ਪਾਠਕ ਭਜਾਊ ਹੋ ਨਿੱਬੜਦੀ ਹੈ ਅਤੇ ਮੈਂ ਤੁਹਾਡੇ ਵਰਗੇ ਸੂਝਵਾਨ ਅਤੇ ਸਿਆਣੇ ਪਾਠਕਾਂ ਨੂੰ ਗਵਾਉਣਾ ਨਹੀ ਚਾਹੁੰਦਾ
ਕ੍ਰਿਸ਼ਨ ਭਨੋਟ
No comments:
Post a Comment