Tuesday, 17 January 2017

ਗ਼ਜ਼ਲ ਦੇ ਸ਼ਿਅਰਾਂ ਦੇ ਦੋਸ਼



ਪਿਆਰੇ ਦੋਸਤੋ ਗ਼ਜ਼ਲ ਪੰਜਾਬੀ ਵਿੱਚ ਏਨੀ ਕੁ ਹਰਮਨ ਪਿਆਰੀ ਹੋ ਚੁੱਕੀ ਹੈ ਕਿ  ਉਹ ਸ਼ਾਇਰ, ਜਿਹੜੇ ਗ਼ਜ਼ਲ ਨੂੰ ਕਾਵਿ-ਰੂਪ ਦੇ ਤੌਰ ਤੇ ਗੌਲ਼ਦੇ ਵੀ ਨਹੀ ਸਨ, ਉਨ੍ਹਾਂ ਦਾ ਰੁਝਾਨ ਵੀ ਗ਼ਜ਼ਲ ਵੱਲ ਨੂੰ ਹੋ ਤੁਰਿਆ ਹੈ । ਗ਼ਜ਼ਲ ਲਿਖਣ ਤੋਂ ਪਹਿਲਾਂ, ਗ਼ਜ਼ਲ ਦੇ ਵਿਧੀ-ਵਿਧਾਨ ਬਾਰੇ ਜਾਣਕਾਰੀ ਹਾਸਲ ਕਰਨੀ ਬੇ-ਹੱਦ ਜ਼ਰੂਰੀ ਹੈ । ਹਾਲੇ ਕਿ ਕੁਝ ਸ਼ਾਇਰਾਂ ਨੂੰ ਤਾਂ ਗ਼ਜ਼ਲ ਦੇ ਵਿਧੀ ਵਿਧਾਨ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਮਿਲਦਾ ਹੀ ਨਹੀ , ਅਤੇ ਕੁਝ ਸ਼ਾਇਰ ਕਿਸੇ ਤੋਂ ਜਾਣਕਾਰੀ ਲੈਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਹਨ ।  ਗ਼ਜ਼ਲ ਪੰਜਾਬੀ ਵਿੱਚ ਭਾਵੇਂ ਲਿਖੀ ਤਾਂ ਧੜਾਧੜ ਜਾ ਰਹੀ ਹੈ ਪਰ ਬਹੁਤੀਆਂ ਪੰਜਾਬੀ ਗ਼ਜ਼ਲਾਂ ਵਿੱਚ ਪੁਖ਼ਤਗੀ  ਨਜ਼ਰ ਨਹੀ ਆਉਂਦੀ , ਜਿਹੜੀ ਕੀ ਗ਼ਜ਼ਲ ਵਿੱਚ ਹੋਣੀ ਚਾਹੀਦੀ ਹੈ । ਸ਼ਾਇਰਾਂ ਦੇ ਅਵੇਸਲ਼ੇ ਹੋਣ ਕਰਕੇ ਜਾਂ ਫਿਰ ਉਹਨਾਂ ਦੇ ਫਨੇ-ਸ਼ਾਇਰੀ ਤੋਂ ਕੋਰੇ ਹੋਣ ਕਰਕੇ ਉਹਨਾਂ ਦੀਆਂ ਗ਼ਜ਼ਲਾਂ ਵਿੱਚ ਕੁਛ ਊਣਤਾਈਆਂ ਰਹਿ ਜਾਣੀਆਂ ਸੁਭਾਵਿਕ ਹੀ ਹਨ । ਜੇ ਸ਼ਾਇਰ ਨੂੰ ਆਪਣੇ ਸ਼ਿਅਰਾਂ ਵਿੱਚ ਰਹਿ ਗਈਆਂ ਊਣਤਾਈਆਂ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਉਹ ਖ਼ੁਦ ਹੀ ਇਹਨਾਂ ਨੂੰ ਦੂਰ ਕਰਕੇ ਸ਼ਿਅਰ ਹੋਰ ਵੀ ਖ਼ੂਬਸੂਰਤ ਬਣਾ ਸਕਦਾ ਹੈ, ਜਾਂ ਕਿਸੇ ਉਸਤਾਦ ਸ਼ਾਇਰ ਕੋਲੋਂ ਇਸਲਾਹ ਲੈ ਸਕਦਾ ਹੈ । ਪਿਆਰੇ ਦੋਸਤੋ-
"ਜੀ ਸਦਕੇ ਕਹੀਏ ਗ਼ਜ਼ਲ, ਰਹੀਏ ਪਰ ਬਾ-ਹੋਸ਼,
ਆਉ ਕ੍ਰਿਸ਼ਨ ਪਛਾਣੀਂਏ, ਸ਼ਿਅਰਾਂ ਦੇ ਕੁਛ ਦੋਸ਼ ।"
ਗ਼ਜ਼ਲ ਦੇ ਸ਼ਿਅਰਾਂ ਵਿੱਚ ਰਹਿ ਗਏ ਦੋਸ਼ਾਂ ਦੀ ਪਛਾਣ ਕਰਦਿਆਂ, ਅਸੀਂ ਤੁਹਾਨੂੰ ਪਹਿਲਾਂ ਹੀ ਇਹ ਸਪਸ਼ਟ ਕਰ ਦੇਣਾ ਚਹੁੰਦੇ ਹਾਂ ਕਿ ਸਾਡਾ ਮੰਤਵ, ਕਿਸੇ ਵਿਸ਼ੇਸ਼ ਸ਼ਾਇਰ ਦੀਆਂ ਕਮੀਆਂ ਉਜਾਗਰ ਕਰਕੇ, ਕਿਸੇ ਸ਼ਾਇਰ ਨੂੰ ਛੁਟਿਆਉਣਾ ਨਹੀ ਸਗੋਂ ਸਮੁੱਚੀ ਗ਼ਜ਼ਲ ਦੇ ਸੰਦਰਭ ਵਿੱਚ, ਗ਼ਜ਼ਲ ਦੇ ਸ਼ਿਅਰਾਂ ਵਿੱਚ ਰਹਿ ਜਾਣ ਵਾਲੀਆਂ ਕਮੀਆਂ ਬਾਰੇ ਸੁਚੇਤ ਕਰਨਾ ਹੈ । ਅਸੀਂ ਸਾਰੇ ਸ਼ਾਇਰਾਂ ਦਾ ਤਹਿ-ਦਿਲੋਂ ਸਤਿਕਾਰ ਕਰਦੇ ਹੋਏ, ਕਿਸੇ ਵੀ ਸ਼ਾਇਰ ਦਾ ਨਾਮ ਲਏ ਬਗੈਰ, ਉਹਨਾਂ ਦੇ ਸ਼ਿਅਰਾਂ ਵਿੱਚ ਰਹਿ ਗਏ ਦੋਸ਼ਾਂ ਦੀ ਪਛਾਣ ਕਰਾਂਗੇ ।

1.  ਬੇ-ਵਜ਼ਨ ਸ਼ਿਅਰ-- ਵਜ਼ਨ ਬਹਿਰ ਕਵਿਤਾ ਦਾ ਮੁਢਲਾ ਗੁਣ ਮੰਨਿਆ ਜਾਂਦਾ ਹੈ । ਵਜ਼ਨ ਬਹਿਰ ਹੀ ਕਵਿਤਾ ਨੂੰ ਸੰਗੀਤਮਈ ਵੀ ਬਣਾਉਂਦਾ ਹੈ  ਅਤੇ  ਕਵਿਤਾ ਅਤੇ ਵਾਰਤਕ ਦਾ ਨਿਖੇੜਾ  ਕਰਨ ਦੀ ਕਸਵੱਟੀ ਵੀ ਹੈ । ਵਜ਼ਨ ਬਹਿਰ ਦੀ ਅਧੂਰੀ ਜਾਣਕਾਰੀ ਜਾਂ ਸ਼ਾਇਰਾਂ ਦੇ ਅਵੇਸਲੇਪਣ ਕਰਕੇ, ਕਈ ਵਾਰ ਕਿਸੇ ਸ਼ਿਅਰ ਦੀ ਪਹਿਲੀ ਤੁਕ ਹੋਰ ਵਜ਼ਨ ਵਿੱਚ ਕਹੀ ਜਾਂਦੀ ਹੈ ਤੇ ਦੂਜੀ ਤੁਕ ਕਿਸੇ ਹੋਰ ਵਜ਼ਨ ਵਿੱਚ, ਭਾਵੇਂ ਦੋਵੇਂ ਤੁਕਾਂ ਆਪੋ ਆਪਣੇ ਥਾਂ ਤੇ ਵਜ਼ਨ ਵਿੱਚ ਮੁਕੰਮਲ ਹੋਣ, ਪਰ ਇਸ ਸ਼ਿਅਰ ਨੂੰ ਬੇ-ਵਜ਼ਨ ਮੰਨਿਆ ਜਾਂਦਾ ਹੈ । ਜਿਵੇਂ--
"ਜਦ ਕਦੀ ਦਾਮਨ ਤੇ ਧੱਬਾ ਲੱਗਿਆ,
ਹੰਝੂ ਵਹਾ ਕੇ ਵੀ ਗਿਆ ਧੋਇਆ ਨਹੀ ।"
ਉਪਰੋਕਤ ਸ਼ਿਅਰ ਦਾ ਪਹਿਲਾ ਮਿਸਰਾ 'ਜਦ ਕਦੀ ਦਾਮਨ ਤੇ ਧੱਬਾ ਲੱਗਿਆ' ਬਹਿਰ ਰਮਲ ਮੁਸੰਮਨ ਮਹਿਜ਼ੂਫ ਵਿੱਚ ਕਿਹਾ ਗਿਆ ਹੈ, ਜਿਸ ਦੇ ਰੁਕਨ ਹਨ , ਫਾਇਲਾਤੁਨ, ਫਾਇਲਾਤੁਨ, ਫਾਇਲੁਨ । ਹੁਣ ਦੂਸਰਾ ਮਿਸਰਾ
' ਹੰਝੂ ਵਹਾ ਕੇ ਵੀ ਗਿਆ ਧੋਇਆ ਨਹੀ'
ਬਹਿਰ ਰਜਜ ਮੁਸੱਦਸ ਸਾਲਿਮ ਵਿੱਚ ਹੈ, ਜਿਸ ਦੇ ਰੁਕਨ ਹਨ , ਮੁਸਤਫ਼-ਇਲੁਨ, ਮੁਸਤਫ਼-ਇਲੁਨ, ਮੁਸਤਫ਼-ਇਲੁਨ ।
ਇਹ ਦੋਵੇਂ ਮਿਸਰੇ ਭਾਵੇਂ ਆਪੋ ਆਪਣੀਆਂ ਬਹਿਰਾਂ ਵਿੱਚ ਸਹੀ ਹਨ, ਪਰ ਫੇਰ ਵੀ ਇਸ ਸ਼ਿਅਰ ਨੂੰ ਬੇ-ਵਜ਼ਨ ਹੀ ਮੰਨਿਆ ਜਾਵੇਗਾ । ਕਿਉਂ ਕਿ ਸ਼ਿਅਰ ਦੇ ਦੋਨੋ ਮਿਸਰੇ ਹਮ-ਵਜ਼ਨ ਹੋਣੇ ਚਾਹੀਦੇ ਹਨ ।

2 ਬੇ-ਵਜ਼ਨ ਸ਼ਿਅਰ-- ਅਜਿਹੇ ਸ਼ਿਅਰ ਨੂੰ ਵੀ ਬੇ-ਵਜ਼ਨ ਹੀ ਮੰਨਿਆ ਜਾਂਦਾ ਹੈ ਜਿਸ ਵਿੱਚ ਕੋਈ ਅਜੇਹਾ ਅੱਖਰ ਜਾਂ ਸ਼ਬਦ ਆਉਂਦਾ ਹੈ, ਜੋ ਬੇ-ਲੋੜਾ ਹੋਵੇ, ਭਾਵ ਜਿਸ ਅੱਖਰ ਜਾਂ ਸ਼ਬਦ ਦੀ ਬਹਿਰ ਅਨੁਸਾਰ ਲੋੜ ਨਾ ਹੋਵੇ । ਜਿਵੇਂ--

"ਵਿੱਛੜੇ ਮਿਲਵਾਉਣ ਵਰਗਾ ਅਹਿਸਾਨ ਕਰਦਾ ਹੈ ਕੁਈ,
ਆਪ ਬੀਤੀ ਨਾਲ ਮਿਲਦੀ ਗੱਲ ਦੁਹਰਾਵੇ ਜਦੋਂ । "
ਇਹ ਸ਼ਿਅਰ ਬਹਿਰ ਰਮਲ ਮੁਸੰਮਨ ਮਹਿਜ਼ੂਫ ਵਿੱਚ ਕਿਹਾ ਗਿਆ ਹੈ, ਜਿਸ ਦਾ ਵਜ਼ਨ ਹੈ, ਫਾਇਲਾਤੁਨ, ਫਾਇਲਾਤੁਨ, ਫਾਇਲਾਤੁਨ, ਫਾਇਲਨ ਹੈ ।
ਇਸ ਬਹਿਰ ਅਨੁਸਾਰ ਪਹਿਲਾ ਮਿਸਰਾ ਇਸ ਤਰ੍ਹਾਂ ਹੋਣਾ ਚਾਹੀਦਾ ਸੀ । ਵਿੱਛੜੇ ਮਿਲਾਉਣ ਵਰਗਾ ਸਾਨ ਕਰਦਾ ਹੈ ਕੁਈ, ਇਸ ਕਰਕੇ ਅਹਿਸਾਨ ਸ਼ਬਦ ਦਾ 'ਅਹਿ' ਬੇ-ਲੋੜਾ ਹੈ, ਵਾਧੂ ਹੈ, ਇਸ ਕਰਕੇ ਇਹ ਸ਼ਿਅਰ ਵੀ ਬੇ-ਵਜ਼ਨ ਹੀ ਮੰਨਿਆ ਜਾਵੇਗਾ । ਕਿਉਂ ਕਿ ਬਹਿਰ ਕਿਸੇ 'ਲਗ ਮਾਤਰ' ਦਾ ਵਾਧੂ ਵਜ਼ਨ ਨਹੀ ਸਹਾਰਦੀ ।
3. ਬੇ-ਵਜ਼ਨ ਸ਼ਿਅਰ-- ਤੀਸਰਾ ਬੇ-ਵਜ਼ਨ ਸ਼ਿਅਰ ਉਹ ਹੁੰਦਾ ਹੈ ਜਿਹੜਾ ਕਿਸੇ ਵੀ ਬਹਿਰ ਵਿਚ ਨਾ ਆਉਂਦਾ ਹੋਵੇ , ਜਿਵੇਂ
"ਜਿਸ ਨੇ ਕਦੇ ਕੋਈ ਦੁਸ਼ਮਣ ਨਹੀ ਬਣਾਇਆ ਹੋਣਾ,
ਪਸੰਦ ਉਹ ਵੀ ਦੁਨੀਆਂ ਦੇ ਨਹੀ ਆਇਆ ਹੋਣਾ ।"
ਇਹ ਸ਼ਿਅਰ ਕਿਸੇ ਵੀ ਬਹਿਰ ਵਜ਼ਨ ਵਿੱਚ ਨਹੀ ਆਉਂਦਾ, ਭਾਵੇਂ ਕਿ ਸ਼ਾਇਰ ਨੇ ਆਪਣੇ ਜਾਣੀ , ਕਾਫ਼ੀਆ ਵੀ ਵਰਤਿਆ ਹੈ ਤੇ ਰਦੀਫ਼ ਵੀ ।
ਇਸ ਤਰ੍ਹਾਂ ਦੇ ਬੇ-ਬਹਿਰੇ ਸ਼ਿਅਰ ਕਹਿਣੇ, ਆਪਣਾ ਸਮਾਂ ਤੇ ਪ੍ਰਤਿਭਾ ਬਰਬਾਦ ਕਰਨ ਦੇ ਤੁੱਲ ਹੈ । ਪਾਣੀ ਵਰੋਲ ਕੇ ਕਦੇ ਵੀ ਮੱਖਣ ਨਹੀ ਕੱਢਿਆ ਜਾ ਸਕਦਾ । ਜੇ ਅਸੀਂ ਮਿਹਨਤ ਨਹੀ ਕਰਦੇ ਤਾਂ ਸਾਨੂੰ ਅਜਿਹੀਆਂ ਬੇ-ਬਹਿਰੀਆਂ ਗ਼ਜ਼ਲਾਂ ਲਿਖਣੀਆਂ ਛੱਡ ਕੇ ਕਵਿਤਾ ਦੀ ਕੋਈ ਹੋਰ ਸੌਖੀ ਵਿਧਾ ਅਪਣਾ ਲੈਣੀ ਚਾਹੀਦੀ ਹੈ ।

ਸਕਤਾ-- ਸਕਤਾ ਉਂਝ ਤਾਂ ਮਿਰਗੀ ਦੇ ਦੌਰੇ ਨੂੰ ਕਿਹਾ ਜਾਂਦਾ, ਜਿਸ ਵਿਅਕਤੀ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤਾਂ ਕੁਝ ਦੇਰ ਲਈ ਉਸ ਦੇ ਅੰਗ ਬੇ-ਹਰਕਤ ਹੋ ਜਾਂਦੇ ਹਨ ਅਤੇ ਚੇਤਨਾਂ ਜਾਂਦੀ ਰਹਿੰਦੀ ਹੈ । ਅਰੂਜ਼ੀ ਪਰਿਭਾਸ਼ਾ ਅਨੁਸਾਰ ਸ਼ਿਅਰ ਵਿੱਚ ਸਕਤਾ ਉਦੋਂ ਪੈਂਦਾ ਹੈ ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਅਜੇਹੇ ਅੱਖਰ ਗਿਰਾ ਦੇਵੇ ਜਿਨ੍ਹਾਂ ਦੇ ਗਿਰਾਉਣ ਦੀ ਇਜ਼ਾਜਤ ਨਾ ਹੋਵੇ । ਜਦੋਂ ਅਸੀਂ ਅਜਿਹਾ ਸ਼ਿਅਰ, ਉਸ ਵਿੱਚ ਵਰਤੀ ਗਈ ਬਹਿਰ ਅਨੁਸਾਰ ਪੜ੍ਹਦੇ ਹਾਂ ਅਜਿਹਾ ਸ਼ਬਦ ਪੜ੍ਹਦੇ ਸਾਰ ਹੀ ਸਾਡੀ ਜ਼ੁਬਾਨ ਅਟਕ ਜਾਂਦੀ ਹੈ , ਤੇ ਅਸੀਂ ਉਸ ਦਾ ਸਹੀ ਉਚਾਰਣ ਨਹੀ ਕਰ ਸਕਦੇ । ਇਸ ਨੂੰ ਹੀ ਸ਼ਿਅਰ ਵਿੱਚ ਸਕਤਾ ਪੈਣਾ ਕਹਿੰਦੇ ਹਨ, ਮਿਸਾਲ ਵਜ਼ੋਂ--
"ਪਿਆਰ ਤੱਕਣੀ ਤੇਰੀ ਫੁੱਲਾਂ ਦੀ ਜਿਵੇਂ ਬਰਸਾਤ ਹੈ,
ਜ਼ਿੰਦਗੀ ਦਾ ਥਲ ਇਦੇ ਸੰਗ ਸੰਗ ਲੰਘਾ ਲੈਂਦਾ ਹਾਂ ਮੈਂ ।"
ਉਪਰੋਕਤ ਸ਼ਿਅਰ ਬਹਿਰ ਰਮਲ ਮੁਸੰਮਨ ਮਹਿਜ਼ੂਫ ਵਿੱਚ ਕਿਹਾ ਗਿਆ ਹੈ, ਜਿਸ ਦੇ ਰੁਕਨ ਹਨ ਫਾਇਲਾਤੁਨ, ਫਾਇਲਾਤੁਨ, ਫਾਇਲਾਤੁਨ, ਫਾਇਲਨ ।
ਜਦੋਂ ਅਸੀਂ ਇਸ ਦਾ ਦੂਸਰਾ ਮਿਸਰਾ ਪੜ੍ਹਦੇ ਹਾਂ ਤਾਂ ਇਸ ਵਿੱਚ ਆਉਣ ਵਾਲੇ ਸ਼ਬਦ 'ਸੰਗ ਸੰਗ' ਦੀਆਂ ਦੋਵੇਂ ਟਿੱਪੀਆਂ ਗਿਰਾ ਦਿੱਤੀਆਂ ਜਾਂਦੀਆਂ ਹਨ , ਜਿਨ੍ਹਾਂ ਦੇ ਗਿਰਾਉਣ ਦੀ ਅਰੂਜ਼ੀ ਵਿਦਵਾਨਾਂ ਵੱਲੋਂ ਇਜ਼ਾਜਤ ਨਹੀ ਹੈ । ਜਦੋਂ ਅਸੀਂ ਸ਼ਿਅਰ ਨੂੰ ਇਸ ਵਿੱਚ ਦਿੱਤੀ ਗਈ ਬਹਿਰ ਅਨੁਸਾਰ ਪੜ੍ਹਦੇ ਹਾਂ ਤਾਂ 'ਸੰਗ ਸੰਗ' ਤੇ ਆ ਕੇ ਜ਼ੁਬਾਨ ਅਟਕ ਜਾਂਦੀ ਹੈ ਅਤੇ ਸਕਤਾ ਪੈਦਾ ਹੋ ਜਾਂਦਾ ਹੈ । ਸੰਗ ਸੰਗ ਨੂੰ ਇਥੇ ਸਗ ਸਗ ਦੇ ਵਜ਼ਨ ਤੇ ਬੰਨਿਆਂ ਗਿਆ ਹੈ ਜੋ ਕਿ ਅਰੂਜ਼ੀ ਨਿਯਮਾਂ ਦੇ ਬਿਲਕੁਲ ਉਲਟ ਹੈ ।

ਇਹ ਅਸੂਲ ਪੱਕੇ ਤੌਰ ਤੇ ਪੱਲੇ ਬੰਨਣ ਦੀ ਲੋੜ ਹੈ ਕਿ ਪੰਜਾਬੀ ਦੇ ਜਿਹੜੇ ਸ਼ਬਦ ਵਿੱਚ ਟਿੱਪੀ ਵਾਲੇ ਸ਼ਬਦ ਮਗਰ 'ਗ' ਮੁਕਤਾ ਯਾਨੀ ਕਿ ਮਾਤਰਾ ਤੋਂ ਬਿਨਾਂ ਲੱਗਦਾ ਹੈ, ਉਸ ਅੱਖਰ ਤੋਂ ਟਿੱਪੀ ਗਿਰਾਉਣ ਦੀ ਇਜ਼ਾਜਤ ਨਹੀ ਹੈ । । ਇਹ ਤੁਸੀਂ ਖ਼ੁਦ ਮਹਿਸੂਸ ਕਰੋਗੇ ਜਦੋਂ ਤੁਸੀਂ , ਸੰਗ, ਰੰਗ, ਵੰਗ, ਭੰਗ, ਨੰਗ ਆਦਿ ਨੂੰ ਸਗ, ਰਗ, ਵਗ, ਭਗ, ਨਗ  ਪੜੋਗੇ ਤਾਂ ਇਹਨਾਂ ਸ਼ਬਦਾਂ ਦੇ ਅਰਥਾਂ ਦੇ ਅਨਰਥ ਹੋ ਜਾਣਗੇ ।

ਐਬ ਏ ਤਅਦੀਦ, ਤਅਦੀਦ ਦੇ ਸ਼ਾਬਦਿਕ ਅਰਥ ਗੁੰਝਲ ਪੈ ਜਾਣ ਤੋਂ ਹਨ । ਪਰ ਅਰੂਜ਼ ਅਨੁਸਾਰ ਤਅਦੀਦ ਦਾ ਅਰਥ ਕਿਸੇ ਸ਼ਿਅਰ ਦੇ ਅਰਥ ਨਾ ਸਪਸ਼ਟ ਹੋਣ ਤੋਂ ਹੈ । ਇਹ ਗੁੰਝਲ ਦੋ ਤਰ੍ਹਾਂ ਦੀ ਹੁੰਦੀ ਹੈ । ਪਹਿਲੀ ਸ਼ਬਦ ਗੁੰਝਲ ਅਤੇ ਦੂਜੀ ਅਰਥ ਗੁੰਝਲ ।  ਸ਼ਬਦ ਗੁੰਝਲ ਉਦੋਂ ਕਹੀ ਜਾਂਦੀ ਹੈ ਜਦੋਂ ਸ਼ਿਅਰ ਵਿਚ ਦੋ ਨਾਲ ਨਾਲ ਆਉਣ ਵਾਲੇ ਸ਼ਬਦ ਇੱਕ ਦੂਸਰੇ ਤੋਂ ਦੂਰ ਚਲੇ ਜਾਂਦੇ ਹਨ । ਸ਼ਿਅਰ ਵਿੱਚ ਸ਼ਬਦ ਆਪਣੀ ਸਹੀ ਜਗ੍ਹਾ ਤੇ ਨਾ ਹੋਣ ਕਾਰਣ ਸ਼ਿਅਰ ਦੇ ਉਹ ਅਰਥ ਨਹੀ ਨਿੱਕਲਦੇ ਜੋ ਸ਼ਾਇਰ ਚਾਹੁੰਦਾ ਹੈ । ਗ਼ਜ਼ਲ ਦੇ ਸ਼ਿਅਰ ਵਿੱਚ ਖ਼ੂਬਸੂਰਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਢੁਕਵੇਂ ਸ਼ਬਦ ਆਪਣੀ ਢੁਕਵੀਂ ਥਾਂ ਤੇ ਹੋਣ । ਮਿਸਾਲ ਵਜ਼ੋਂ--

" ਪੋਲੇ ਪੋਲੇ ਪੱਥਰ ਤੇ ਪੱਬ ਧਰਦਾ ਹੈ,
ਤਿੜਕ ਜਾਣ ਤੋਂ ਪੰਛੀ ਕਿੰਨਾਂ ਡਰਦਾ ਹੈ ।"
ਉਪਰੋਕਤ ਸ਼ਿਅਰ ਦੇ ਦੋਹਾਂ ਮਿਸਰਿਆਂ ਵਿੱਚ ਸ਼ਬਦ ਆਪਣੇ ਅਸਲੀ ਥਾਂ ਤੋਂ ਦੂਰ ਚਲੇ ਗਏ ਹਨ । ਪਹਿਲੇ ਮਿਸਰੇ ਵਿੱਚ ਪੋਲੇ ਪੋਲੇ ਦਾ ਸਬੰਧ ਪੱਥਰ ਨਾਲ ਨਹੀ ਹੋ ਸਕਦਾ ਅਤੇ ਦੂਸਰੇ ਮਿਸਰੇ ਵਿੱਚ ਤਿੜਕ ਜਾਣ ਦਾ ਕੋਈ ਅਰਥ ਨਹੀ, ਇਹ ਗੁੰਝਲ ਦੂਰ ਹੋ ਸਕਦੀ ਸੀ ਜੇ ਇਹ ਮਤਲਾ ਇਸ ਤਰ੍ਹਾਂ ਆਖਿਆ ਜਾਂਦਾ--
"ਪੱਥਰ ਤੇ ਪੋਲੇ ਪੋਲੇ ਪੱਬ ਧਰਦਾ ਹੈ ,
ਤਿੜਕ ਨ ਜਾਵੇ ਪੱਥਰ ਪੰਛੀ ਡਰਦਾ ਹੈ ।"

ਅਰਥ ਗੁੰਝਲ--ਕਈ ਵਾਰੀ ਸ਼ਿਅਰ ਦੇ ਸ਼ਬਦਾਂ ਵਿੱਚ ਤਾਂ ਕੋਈ ਗੁੰਝਲ ਨਹੀ ਹੁੰਦੀ । ਬਹਿਰ ਕਾਫੀਆ ਰਦੀਫ਼ ਬਿਲਕੁਲ ਸਹੀ ਹੁੰਦੇ ਹਨ , ਪਰ ਸ਼ਾਇਰ ਕਹਿਣਾ ਕੀ ਚਾਹੁੰਦਾ ਹੈ , ਇਹ ਸਪਸ਼ਟ ਨਹੀ ਹੁੰਦਾ । ਮਿਸਾਲ ਵਜ਼ੋਂ--
"ਉਫ਼ ਇਹ ਲਾਚਾਰੀ ਕਿ ਪੰਛੀ ਵੇਚਦੇ ਨੇ ਪਿੰਜਰੇ,
ਉਫ਼ ਹਿਯਾਤੀ ਦੀ ਇਹ ਸੂਰਤ, ਮੌਤ ਜਿਸ ਤੋਂ ਡਰ ਗਈ ।"

ਪੰਛੀਆਂ ਦਾ ਲਾਚਾਰ ਹੋ ਪਿੰਜਰੇ ਵੇਚਣ ਨਾਲ ਸ਼ਿਅਰ ਦਾ ਕੋਈ ਅਰਥ ਸਪਸ਼ਟ ਨਹੀ ਹੁੰਦਾ । ਇਸ ਤਰ੍ਹਾਂ ਇਸ ਸ਼ਿਅਰ ਦੇ ਅਰਥਾਂ ਵਿੱਚ ਗੁੰਝਲ ਪੈ ਗਈ ਹੈ, ਅਤੇ ਇਹ ਪਤਾ ਨਹੀ ਲੱਗ ਰਿਹਾ ਕਿ ਸ਼ਾਇਰ ਕਹਿਣਾ ਕੀ ਚਾਹੁੰਦਾ ਹੈ ।

ਸ਼ੁਤਰ ਗੁਰਬਾ-- ਸ਼ੁਤਰ ਦੇ ਅਰਥ ਹਨ ਊਠ ਅਤੇ ਗੁਰਬਾ ਦੇ ਅਰਥ ਹਨ ਬਿੱਲੀ । ਅਰੂਜ਼ ਅਨੁਸਾਰ ਇਹ ਐਬ ਉਦੋਂ ਪੈਦਾ ਹੁੰਦਾ ਹੈ ਜਦੋਂ ਸ਼ਿਅਰ ਦੇ ਸੰਬੋਧਨ ਵਿੱਚ ਕਦੇ ਇੱਕ ਵਚਨ ਹੋਵੇ ਤੇ ਕਦੇ ਬਹੂਵਚਨ । ਜਿਵੇਂ--
"ਸੁਪਨਿਆਂ ਦੇ ਫਾਸਲੇ ਸਭ ਮਿਟਣ ਲਗਦੇ ਨੇ ਜਦੋਂ,
ਛਲਕਦਾ ਜ਼ਜਬਾਤ ਹੋਵੇ, ਸ਼ਬਦ ਹੋਵਣ ਬੇ-ਜ਼ੁਬਾਨ ।"

ਇਸ ਸ਼ਿਅਰ ਦੇ ਦੂਸਰੇ ਮਿਸਰੇ ਵਿੱਚ ਜ਼ਜਬਾਤ ਬਹੂਵਚਨ ਨਾਲ ਕਿਰਿਆ 'ਛਲਕਦਾ' ਇੱਕ ਵਚਨ ਲਾਈ ਹੋਈ ਹੈ । ਇਸ ਤਰ੍ਹਾਂ ਇਸ ਸ਼ਿਅਰ ਵਿੱਚ ਸ਼ੁਤਰ-ਗੁਰਬਾ ਦਾ ਦੋਸ਼ ਪੈਦਾ ਹੋ ਗਿਆ ।
 ਪੰਜਾਬੀ ਵਿੱਚ ਇਕ ਕਹਾਉਤ ਹੈ , ਊਠ ਬਲੇਦੇ ਦਾ ਸਾਥ' ਜਿਸਦਾ ਮਤਲਬ ਊਠ ਤੇ ਬਲਦ ਦੀ ਜੋੜੀ ਤੋਂ ਹੈ । ਇੰਝ ਹੀ ਸ਼ੁਤਰ ਗੁਰਬਾ ਵੀ ਏਹੋ ਅਣਜੋੜ ਦਾ ਸੰਕੇਤ ਕਰਦੇ ਹਨ ।

ਐਬ-ਏ-ਤਨਾਫ਼ਰ-- ਤਨਾਫਰ ਦਾ ਅਰਥ ਹੈ, ਨਫ਼ਰਤ । ਸ਼ਿਅਰ ਵਿੱਚ ਤਨਾਫ਼ਰ ਦਾ ਦੋਸ਼ ਉਦੋਂ ਪੈਦਾ ਹੁੰਦਾ ਹੈ ਜਦੋਂ ਕਿਤੇ ਸ਼ਬਦ ਦਾ ਅਖੀਰਲਾ ਮੁਕਤਾ ਅੱਖਰ ਅਤੇ ਅਗਲੇ ਸ਼ਬਦ ਦਾ ਮੁਢਲਾ ਮੁਕਤਾ ਅੱਖਰ ਇੱਕ ਹੀ ਹੋਵੇ । ਸ਼ਿਅਰ ਵਿੱਚ ਅਗਰ ਅਜਿਹੇ ਸ਼ਬਦ ਆਉਂਦੇ ਹੋਣ ਤਾਂ ਇਹਨਾਂ ਨੂੰ ਉਚਾਰਦਿਆਂ ਮੁਸ਼ਕਲ ਪੇਸ਼ ਆਉਂਦੀ ਹੈ । ਏਸ ਕਰਕੇ ਏਸ ਨੂੰ ਸ਼ਿਅਰ ਦਾ ਦੋਸ਼ ਗਿਣਿਆ ਜਾਂਦਾ ਹੈ । ਉਦਾਹਰਣ ਵਜੋਂ--
"ਧਰਤ ਚੋਂ ਹਲ਼ ਨਾਲ ਨਿਕਲੇ ਅੱਜ ਵੀ ਸੀਤਾ,
ਜਨਕ ਦੀ ਥਾਂ ਹਰ ਰਚੇ ਰਾਵਣ ਸੁਅੰਬਰ ।"
ਉਪਰੋਕਤ ਸ਼ਿਅਰ ਦੀ ਦੂਸਰੀ ਤੁਕ ਵਿਚ 'ਹਰ ਰਚੇ' ਸ਼ਬਦਾਂ ਚੋਂ ਪਹਿਲੇ ਸ਼ਬਦ ਹਰ ਦਾ ਆਖਰੀ ਮੁਕਤਾ ਅੱਖਰ 'ਰ' ਅਤੇ ਦੂਸਰੇ ਸ਼ਬਦ 'ਰਚੇ' ਦਾ ਪਹਿਲਾ ਮੁਕਤਾ ਅੱਖਰ  'ਰ' ਇੱਕ ਹੀ ਹਨ । ਇਸ ਤਰ੍ਹਾਂ ਇਸ ਸ਼ਿਅਰ ਵਿਚ ਤਨਾਫ਼ਰ ਦਾ ਦੋਸ਼ ਪੈਦਾ ਹੋ ਗਿਆ ਹੈ । ਇਹ ਸ਼ਿਅਰ ਤਨਾਫ਼ਰ ਮੁਕਤ ਹੋ ਸਕਦਾ ਸੀ ਅਗਰ ਇਸ ਨੂੰ ਇਸ ਤਰ੍ਹਾਂ ਕਹਿ ਲਿਆ ਜਾਂਦਾ--
"ਧਰਤ ਚੋਂ ਹਲ਼ ਨਾਲ ਨਿਕਲੇ ਅੱਜ ਵੀ ਸੀਤਾ,
ਜਨਕ ਦੀ ਥਾਂ ਤੇ ਰਚੇ ਰਾਵਣ ਸੁਅੰਬਰ ।"

ਸ਼ਬਦਾਂ ਦੀ ਘਾਟ (ਐਬ ਏ ਅਖ਼ਲਾਲ) ਕਈ ਵਾਰੀ ਸ਼ਿਅਰ ਵਿੱਚ ਕਿਸੇ ਸ਼ਬਦ ਦੀ ਘਾਟ ਮਹਿਸੂਸ ਹੁੰਦੀ ਹੈ, ਇਸ ਕਰਕੇ ਸ਼ਿਅਰ ਦੇ ਅਰਥ ਪੂਰੀ ਤਰ੍ਹਾਂ ਨਹੀ ਖੁੱਲ੍ਹਦੇ ।  ਜਿਸ ਤਰ੍ਹਾਂ ਵਾਰਤਕ ਵਿੱਚ ਵਿਆਕਰਣ ਨਿਯਮਾਂ ਦਾ ਪੂਰਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਸ਼ਾਇਰੀ ਵਿੱਚ ਵੀ  ਵਿਆਕਰਣਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ । ਸ਼ਿਅਰ ਵਿੱਚ ਕਰਤਾ, ਕਰਮ, ਕਿਰਿਆ, ਜਾਂ ਵਿਸ਼ੇਸ਼ਣ ਦੀ ਕਮੀ ਕਰਕੇ ਸ਼ਿਅਰ ਦੀ ਖ਼ੂਬਸੂਰਤੀ ਖਰਾਬ ਹੋ ਜਾਂਦੀ ਹੈ ਅਤੇ ਇਸ ਸ਼ਬਦਾਂ ਦੀ ਘਾਟ ਵਾਲੀ ਸ਼ਾਇਰੀ ਨੂੰ ਪਿਆਸੀ ਸ਼ਾਇਰੀ ਵੀ ਕਿਹਾ ਜਾਂਦਾ ਹੈ । ਜੇ ਕਿਸੇ ਸ਼ਿਅਰ ਵਿੱਚ ਸ਼ਬਦਾਂ ਦੀ ਥੁੜ ਮਹਿਸੂਸ ਹੋਵੇ ਤਾਂ ਉਸ ਨੂੰ ਐਬ ਏ ਅਖ਼ਲਾਲ ਕਿਹਾ ਜਾਂਦਾ ਹੈ । ਨਮੂਨੇ ਵਜ਼ੋਂ--

"ਕਦੇ ਪੌਣਾਂ ਚ ਮੈਂ ਖੁਸ਼ਬੂ ਤਰ੍ਹਾਂ ਸਾਂ,
ਮੈਂ ਆਖ਼ਰ ਖੁਰ ਗਿਆ ਰੰਗਾਂ ਚ ਵਹਿ ਕੇ ।"
ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਖੁਸ਼ਬੂ ਦੇ ਨਾਲ 'ਦੀ' ਸ਼ਬਦ ਦੀ ਘਾਟ ਮਹਿਸੂਸ ਹੁੰਦੀ ਹੈ ਅਤੇ ਸ਼ਿਅਰ ਵਿੱਚ ਐਬ ਏ ਅਖ਼ਲਾਲ ਪੈਦਾ ਹੋ ਗਿਆ ਹੈ ।

ਹਸ਼ਵ ਕਬੀਹ, ਹਸ਼ਵ ਦਾ ਅਰਥ ਹੈ ਭਰਤੀ ਅਤੇ ਕਬੀਹ ਦਾ ਅਰਥ ਹੈ ਭੱਦੀ । ਇਹ ਦੋਸ਼ ਐਬ-ਏ- ਅਖ਼ਲਾਲ ਜਾਣੀ ਪਿਆਸੀ ਸ਼ਾਇਰੀ ਤੋਂ ਬਿਲਕੁਲ ਉਲਟ ਹੈ । ਸ਼ਿਅਰ ਦਾ ਵਜ਼ਨ ਪੂਰਾ ਕਰਨ ਲਈ ਸ਼ਾਇਰ ਅਕਸਰ ਸ਼ਿਅਰ ਵਿੱਚ ਅਜਿਹੇ ਸ਼ਬਦ ਵਰਤ ਲੈਂਦੇ ਹਨ ਜਿਨ੍ਹਾਂ  ਦਾ ਸ਼ਿਅਰ ਵਿਚ ਕੋਈ ਅਰਥ ਨਹੀ ਹੁੰਦਾ । ਅਜੇਹੇ ਬੇਲੋੜੇ ਸ਼ਬਦ ਜੇ ਸ਼ਿਅਰ ਵਿੱਚੋਂ ਕੱਢ ਵੀ ਦਿੱਤੇ ਜਾਣ ਤਾਂ ਸ਼ਿਅਰ ਦੇ ਅਰਥਾਂ ਵਿੱਚ ਕੋਈ ਫਰਕ ਨਹੀ ਪੈਂਦਾ ।
"ਲੋਕ ਏਥੇ ਅੱਗ ਦੇ ਅੰਗਿਆਰਿਆਂ ਤੇ ਨੱਚਦੇ,
ਮੋਮ ਦੇ ਹੀ ਲੋਕ ਨੇ ਜਿੱਥੇ, ਇਹ ਉਹ ਬਸਤੀ ਨਹੀ ।"

ਵਜ਼ਨ ਪੂਰਾ ਕਰਨ ਲਈ ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿਚ ਅੱਗ ਦੇ ਸ਼ਬਦ ਖ਼ਰਾਬ ਭਰਤੀ ਹੈ , ਕਿਉਂ ਕਿ ਅੰਗਿਆਰੇ ਤਾਂ ਹੁੰਦੇ ਹੀ ਅੱਗ ਦੇ ਹਨ । ਜੇ ਇਹ ਅੱਗ ਦੇ ਸ਼ਬਦ ਸ਼ਿਅਰ ਵਿੱਚੋਂ ਕੱਢ ਵੀ ਦਿੱਤਾ ਜਾਵੇ ਤਾਂ ਅਰਥ ਉੱਤੇ ਕੋਈ ਵੀ ਫਰਕ ਨਹੀ ਪੈਂਦਾ । ਜੇ ਇਸ ਸ਼ਿਅਰ ਵਿੱਚ ਕੋਈ ਅਜੇਹਾ ਸ਼ਬਦ ਪਾ ਲਿਆ ਜਾਂਦਾ ਜਿਹੜਾ ਕੇ ਬੇਲੋੜਾ ਨਾ ਲਗਦਾ ਤਾਂ ਸ਼ਿਅਰ ਦਾ ਇਹ ਦੋਸ਼ ਦੂਰ ਹੋ ਜਾਣਾ ਸੀ । ਜਿਵੇਂ,
"ਲੋਕ ਏਥੇ ਰਾਤ ਦਿਨ ਅੰਗਿਆਰਿਆਂ ਤੇ ਨੱਚਦੇ"

ਐਬ-ਏ-ਤਅਕੀਬ, ਤਅਕੀਬ ਦਾ ਅਰਥ ਹੈ ਪਿੱਛੇ ਚਲੇ ਜਾਣਾ । ਇਹ ਦੋਸ਼ ਸ਼ਿਅਰ ਵਿੱਚ ਉਦੋਂ ਪੈਦਾ ਹੁੰਦਾ ਹੈ ਜਦੋਂ ਜਿਹੜੇ ਸ਼ਬਦ ਸ਼ਿਅਰ ਵਿੱਚ ਪਹਿਲਾਂ ਆਉਣੇ ਚਾਹੀਦੇ ਸੀ ਉਹ ਪਿੱਛੇ ਚਲੇ ਜਾਣ । ਜਿਵੇਂ--
"ਉਮਰ ਭਰ ਦੇ ਵਾਸਤੇ ਇਕ ਦਰਦ ਪੱਲੇ ਪਾ ਲਿਆ,
ਯਾਰ ਤੇਰੇ ਹੀ ਹਿਜ਼ਰ ਨੇ ਵਾਂਗ ਘੁਣ ਦੇ ਖਾ ਲਿਆ ।"
ਇਸ ਸ਼ਿਅਰ ਦੀ ਦੂਸਰੀ ਤੁਕ ਵਿੱਚ ਵਾਂਗ ਤੋਂ ਪਹਿਲਾਂ ਘੁਣ ਸ਼ਬਦ ਆਉਣਾ ਚਾਹੀਦਾ ਸੀ, ਜੋ ਕਿ ਪਿੱਛੇ ਚਲਾ ਗਿਆ ਹੈ । ਦੂਸਰੇ ਮਿਸਰੇ ਵਿੱਚ ਭਾਵੇਂ ਹੋਰ ਵੀ ਦੋਸ਼ ਹਨ ਪਰ ਏਥੇ ਅਸੀਂ ਸਿਰਫ਼ ਐਬ-ਏ- ਤਅਕੀਬ ਦਾ ਹੀ ਜ਼ਿਕਰ ਕੀਤਾ ਹੈ । ਤਅਕੀਬ ਦਾ ਦੋਸ਼ ਇਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਸੀ,
"ਹਿਜ਼ਰ ਤੇਰੇ ਨੇ ਤਾਂ ਮੈਨੂੰ ਘੁਣ ਦੇ ਵਾਂਗੂ ਖਾ ਲਿਆ "

ਪਹਿਲੂ-ਏ-ਜਮ, ਪਹਿਲੂ ਦਾ ਅਰਥ ਹੈ ਪਾਸੇ, ਜਮ ਦਾ ਅਰਥ ਹੈ ਬੁਰਾਈ । ਜਿਹੜੇ ਸ਼ਿਅਰ ਵਿੱਚ ਨਗਨਤਾ ਜਾਂ ਅਸ਼ਲੀਲਤਾ ਪੈਦਾ ਹੁੰਦੀ ਹੈ ਉਸ ਵਿੱਚ ਪਹਿਲੂ-ਏ-ਜਮ ਦਾ ਦੋਸ਼ ਹੁੰਦਾ ਹੈ । ਅਜੇਹੇ ਸ਼ਿਅਰ ਵਿੱਚ ਦੂਹਰੇ ਮਤਲਬ ਵਾਲੇ ਸ਼ਬਦ ਜਿਨ੍ਹਾਂ ਵਿੱਚੋਂ ਅਸ਼ਲੀਲਤਾ ਝਲਕਦੀ ਹੋਵੇ, ਵੀ ਇਹ ਦੋਸ਼ ਪੈਦਾ ਕਰ ਦਿੰਦੇ ਹਨ । ਕਈ ਵਾਰ ਤਾਂ ਸ਼ਾਇਰ ਜਾਣ ਬੁਝ ਕੇ ਅਜੇਹਾ ਕਰਦਾ ਹੈ ਪਰ ਕਈ ਵਾਰ ਅਵੇਸਲੇਪਣ ਵਿੱਚ ਵੀ ਅਜਿਹਾ ਵਾਪਰ ਜਾਂਦਾ ਹੈ । ਅਜੇਹੇ ਸ਼ਿਅਰ ਦੀ ਮਿਸਾਲ ਦੇਣ ਤੋਂ ਅਸੀਂ ਸੰਕੋਚ ਹੀ ਕਰਦੇ ਹਾਂ ।

ਮੁਹਾਵਰਾ ਬਿਗਾੜਨਾ , ਜੁਅਫ਼-ਏ-ਤਾਲੀਫ, ਮੁਹਾਵਰੇ ਅਤੇ ਅਖ਼ਾਣ ਕਿਸੇ ਭਾਸ਼ਾ ਦੇ ਗਹਿਣਿਆਂ ਵਾਂਗ ਹੁੰਦੇ ਹਨ , ਜੋ ਭਾਸ਼ਾ ਨੂੰ ਖ਼ੂਬਸੂਰਤੀ ਪ੍ਰਦਾਨ ਕਰਦੇ ਹਨ । ਵਜ਼ਨ ਪੂਰਾ ਕਰਨ ਹਿਤ ਕਿਸੇ ਮੁਹਾਵਰੇ ਦੇ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਦੇਣਾ ਬਹੁਤ ਵੱਡਾ ਦੋਸ਼ ਹੈ ।
"ਤਾਰਿਆਂ ਨੂੰ ਗਿਣਦਿਆਂ ਬਹਿ ਕੇ ਗੁਜ਼ਾਰਾਂ ਮੈਂ,
ਕੋਈ ਪਾ ਕੇ ਸਿਲਵਟਾਂ ਜਾਂਦੈਂ  ਮੇਰੇ ਬਿਸਤਰ ਕਿਵੇਂ ।"

ਸਹੀ ਮੁਹਾਵਰਾ ਤਾਰੇ ਗਿਣਨਾ ਹੈ , ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਆਪਣਾ ਵਜ਼ਨ ਬਹਿਰ ਪੂਰਾ ਕਰਨ ਹਿਤ ਮੁਹਾਵਰੇ ਦੇ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਕੇ ਮੁਹਾਵਰਾ ਵਿਗਾੜ ਦਿੱਤਾ ਹੈ । ਏਸੇ ਨੂੰ ਹੀ ਜ਼ੁਅਫ-ਏ-ਤਾਲੀਫ ਕਿਹਾ ਜਾਂਦਾ ਹੈ ।

ਗਲਤ ਮੁਹਾਵਰੇਬੰਦੀ, ਅਖਾਣ ਤੇ ਮੁਹਾਵਰੇ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੁੰਦੇ ਹਨ । ਮੁਹਾਵਰਿਆਂ ਦੇ ਸ਼ਾਬਦਿਕ ਅਰਥ ਨਹੀ ਬਲਕਿ ਭਾਵਅਰਥ ਹੁੰਦੇ ਹਨ । ਸ਼ਾਇਰ ਦਾ ਫਰਜ਼ ਬਣਦਾ ਹੈ ਕਿ ਉਹ ਮੁਹਾਵਰਿਆਂ ਦੀ ਸਹੀ ਵਰਤੋਂ ਕਰੇ । ਕਈ ਸ਼ਾਇਰ ਬਿਨਾ ਸੋਚੇ ਸਮਝੇ  ਹੀ ਗਲਤ ਮੁਹਾਵਰੇਬੰਦੀ ਕਰਕੇ ਸ਼ਿਅਰ ਦੀ ਖ਼ੂਬਸੂਰਤੀ ਵਿਗਾੜ ਦਿੰਦੇ ਹਨ ।

"ਜੇਕਰ ਤੈਨੂੰ ਨਜ਼ਰ ਵਿਛਾਉਣੀ ਆ ਜਾਂਦੀ,
ਮੈਨੂੰ ਮੇਰੀ ਵਾਟ ਮੁਕਾਉਣੀ ਆ ਜਾਂਦੀ ।"

ਸਹੀ ਮੁਹਾਵਰੇ ਅੱਖੀਆਂ ਵਿਛਾਉਣਾ ਹੈ, ਜਿਸ ਦਾ ਮਤਲਬ ਹੁੰਦਾ ਹੈ ਬੜੀ ਬੇਸਬਰੀ ਨਾਲ ਕਿਸੇ ਦੀ ਉਡੀਕ ਕਰਨੀ । ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਨਜ਼ਰ ਵਿਛਾਉਣੀ ਵਰਤਿਆ ਹੈ ਜੋ ਕਿ ਸਹੀ ਜ਼ੁਬਾਨਦਾਨੀ ਨਹੀ ਹੈ । ਵੈਸੇ ਵੀ ਅਸੀਂ ਮਹਿਬੂਬ ਦੇ ਰਾਹਾਂ ਵਿੱਚ ਅੱਖੀਆਂ ਵਿਛਾਉਨੇ ਹਾਂ ਕਦੇ ਮਹਿਬੂਬ ਨੂੰ ਇਹ ਨਹੀ ਕਹਿੰਦੇ ਕਿ ਤੈਨੂੰ ਸਾਡੇ ਰਾਹਾਂ ਵਿੱਚ ਅੱਖੀਆਂ ਵਿਛਾਉਣੀਆਂ ਨਹੀ ਆਉਂਦੀਆਂ , ਇਹ ਮੁਹੱਬਤ ਦੀ ਭਾਵਨਾ ਦੇ ਵਿਰੋਧੀ ਗੱਲ ਹੈ ।

ਐਬ-ਏ-ਤਜ਼ਮੀਨ, ਇਹ ਦੋਸ਼ ਸ਼ਿਅਰ ਵਿੱਚ ਉਦੋਂ ਪੈਦਾ ਹੁੰਦਾ ਹੈ ਜਦੋਂ ਸ਼ਿਅਰ ਦੀ ਪਹਿਲੀ ਤੁਕ ਵਿੱਚ ਜਿਹੜਾ ਸ਼ਬਦ ਆਉਣਾ ਚਾਹੀਦਾ ਸੀ ਉਹ ਦੂਸਰੀ ਤੁਕ ਵਿੱਚ ਚਲਿਆ ਜਾਂਦਾ ਹੈ । ਜਿਵੇਂ--
"ਖ਼ਿਆਲਾਂ ਨੂੰ ਸੂਲੀ, ਉਮੀਦਾਂ ਨੂੰ ਫਤਵੇ,
ਮਿਲੇ, ਪਰ ਦੀਵਾਨਾ, ਦੀਵਾਨਾ ਰਿਹਾ ।"

ਇਸ ਸ਼ਿਅਰ ਦੀ ਪਹਿਲੀ ਤੁਕ ਵਿਚ ਫਤਵੇਂ ਮਿਲੇ ਸ਼ਬਦ ਲਗਦਾ ਤਾਂ ਹੀ ਇਸ ਦਾ ਅਰਥ ਸਪਸ਼ਟ ਹੋਣਾ ਸੀ। ਪਹਿਲੀ ਤੁਕ ਦਾ ਸ਼ਬਦ ਦੂਸਰੀ ਤੁਕ ਵਿੱਚ ਚਲੇ ਜਾਣ ਨਾਲ ਸ਼ਿਅਰ ਵਿੱਚ ਐਬ-ਏ-ਤਜ਼ਮੀਨ ਪੈਦਾ ਹੋ ਗਿਆ ਹੈ ।

ਐਬ-ਦੋ ਲਖਤ, ਲਖਤ ਦਾ ਅਰਥ ਹੈ ਟੁਕੜੇ । ਤਾਂ ਹੀ ਮਾਪੇ ਅਪਣੇ ਬੱਚਿਆਂ ਨੂੰ ਲਖ਼ਤੇ ਜਿਗਰ  ਆਖਦੇ ਹਨ । ਸ਼ਿਅਰ ਵਿੱਚ ਇਹ ਦੋਸ਼ ਉਦੋਂ ਪੈਦਾ ਹੁੰਦਾ ਹੈ ਜਦੋਂ ਪਹਿਲੀ ਤੁਕ ਵਿੱਚ ਕਿਸੇ ਹੋਰ ਵਿਸ਼ੇ ਬਾਰੇ ਖ਼ਿਆਲ ਪ੍ਰਗਟਾਇਆ ਹੋਵੇ ਅਤੇ ਦੂਸਰੀ ਤੁਕ ਵਿੱਚ ਕਿਸੇ ਹੋਰ ਵਿਸ਼ੇ ਬਾਰੇ--
"ਰਤ ਧਰਤ ਦੀ ਚੂਸੀ ਹੈ, ਅਗਨੀ ਦੇ ਠੇਕੇਦਾਰਾਂ ,
ਕਾਲਾ ਗੁਲਾਬ ਉਗਦਾ ਤਾਂ ਹੀ ਤਾਂ ਹੈ ਬਥੇਰਾ ।"

ਇਸ ਸ਼ਿਅਰ ਦੀ ਪਹਿਲੀ ਤੁਕ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਖਸੁੱਟ ਦਾ ਜ਼ਿਕਰ ਹੈ, ਜਦ ਕਿ ਦੂਸਰੀ ਤੁਕ ਵਿੱਚ ਕਾਲੇ ਗੁਲਾਬ ਦੇ ਉੱਗਣ ਦਾ ਲੁੱਟ ਖਸੁੱਟ ਨਾਲ ਕੋਈ ਸਬੰਧ ਨਹੀ । ਇਸ ਤਰ੍ਹਾਂ ਇਸ ਸ਼ਿਅਰ ਵਿੱਚ ਐਬ ਦੋ ਲਖਤ ਪੈਦਾ ਹੋ ਗਿਆ ਹੈ ।

ਐਬ ਜ਼ਿਆਦਤੀ ਏ ਰੁਕਨ,  ਕਈ ਵਾਰ ਸ਼ਾਇਰ ਆਪਣੇ ਸ਼ਿਅਰ ਦੀ ਇਕ ਤੁਕ ਵਿਚ ਪੂਰਾ ਰੁਕਨ ਵਧਾ ਦਿੰਦੇ ਹਨ । ਆਪਣੀ ਪੁਸਤਕ 'ਗ਼ਜ਼ਲ ਕੀ ਹੈ' ਵਿੱਚ ਜਨਾਬ ਦੀਪਕ ਜੈਤੋਈ , ਸਵਰਗੀ ਨੰਦ ਲਾਲ ਨੂਰਪੁਰੀ ਦੇ ਇੱਕ ਸ਼ਿਅਰ ਦੀ ਉਦਾਹਰਣ ਦਿੰਦੇ ਹਨ--
"ਨੂਰਪੁਰੀਆ ਜ਼ਿਕਰ ਤੇਰਾ ਹੁੰਦਾ ਹੁੰਦਾ ਸੀ ਕਦੇ,
ਹੁਣ ਤਾਂ ਤੇਰਾ ਜ਼ਿਕਰ ਹੈ ਨਾ ਨਾਮ ਹੈ ।""
ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਇਕ ਪੂਰਾ ਰੁਕਨ 'ਫਾਇਲਾਤੁਨ' ਵਧ ਗਿਆ ਹੈ । ਏਸੇ ਨੂੰ ਹੀ ਜਿਆਦਤੀ ਏ ਰੁਕਨ ਦਾ ਦੋਸ਼ ਮੰਨਿਆ ਜਾਂਦਾ ਹੈ ।

ਐਬ-ਏ-ਕਮ ਰੁਕਨ, ਇਹ ਦੋਸ਼ ਐਬ ਏ ਜ਼ਿਆਦਤੀ ਰੁਕਨ ਦੇ ਬਿਲਕੁਲ ਉਲਟ ਦੋਸ਼ ਹੈ । ਇਸ ਦੋਸ਼ ਦੇ ਤਹਿਤ ਕਈ ਵਾਰ ਸ਼ਾਇਰ ਆਪਣੇ ਸ਼ਿਅਰ ਵਿੱਚ ਲੋੜੀਂਦੇ ਰੁਕਨ ਨਾਲੋਂ ਇਕ ਰੁਕਨ ਘਟਾ ਦਿੰਦੇ ਹਨ । ਉਦਾਹਰਣ ਵਜੋਂ--
"ਨਾ ਨਾ ਨਾ ਨਾ ਨਾ ਨਾ ਨਾ ਜੀ ਨਾ,
ਦਰਦ ਨਾ ਕੱਢਿਉ ਦਿਲ ਚੋਂ ਬੰਦਾ ਘਰ ਦਾ ਹੈ ।"

ਉਪਰੋਕਤ ਸ਼ਿਅਰ ਦਾ ਵਜ਼ਨ ਫਿਅਲੁਨ, ਫਿਅਲੁਨ, ਫਿਅਲੁਨ, ਫਿਅਲੁਨ , ਫਿਅਲੁਨ ਫੇ ਹੈ । ਪਰ ਸ਼ਾਇਰ ਨੇ ਪਹਿਲੀ ਤੁਕ ਵਿੱਚ ਇਕ ਪੂਰਾ ਰੁਕਨ ਘਟਾ ਦਿੱਤਾ ਹੈ । ਯਾਨੀ ਕਿ ਮਿਸਰਾ ਫਿਅਲੁਨ,ਫਿਅਲੁਨ,ਫਿਅਲੁਨ,ਫਿਅਲੁਨ ਫੇ ਰਹਿ ਗਿਆ ਹੈ ।

ਐਬ ਮੁਖਾਲਿਫ ਲੁਗਤ, ਇਸ ਦਾ ਸ਼ਾਬਦਿਕ ਅਰਥ , ਸ਼ਬਦ ਕੋਸ਼ ਦੇ ਵਿਰੁੱਧ ਹੈ । ਜਦੋਂ ਸ਼ਿਅਰ ਵਿੱਚ ਕੋਈ ਸ਼ਬਦ, ਸ਼ਬਦਕੋਸ਼ ਵਿੱਚ ਦਿੱਤੇ ਗਏ ਉਸ ਸ਼ਬਦ ਦੇ ਉਚਾਰਣ ਤੋਂ ਉਲਟ ਬੰਨਿਆ ਜਾਵੇ ਤਾਂ ਤਾਂ ਉਸ ਨੂੰ ਐਬ ਮੁਖ਼ਾਲਿਫ ਲੁਗਤ ਕਿਹਾ ਜਾਂਦਾ ਹੈ । ਇਹ ਐਬ ਖਾਸ ਕਰਕੇ ਤਿੰਨ ਅੱਖਰੇ ਸ਼ਬਦਾਂ ਤੇ ਲਾਗੂ ਹੁੰਦਾ ਹੈ । ਸ਼ਬਦਾਂ ਨੂੰ ਉਹਨਾਂ ਦੇ ਸਹੀ ਉਚਾਰਣ ਤੇ ਬੰਨਣਾ ਹੀ ਸ਼ਾਇਰਾਂ ਦੀ ਖ਼ੂਬੀ ਮੰਨੀ ਜਾਂਦੀ ਹੈ , ਕਿਉਂ ਕਿ ਵਾਰਤਿਕ ਵਿੱਚ ਤਾਂ ਕਿਸੇ ਸ਼ਬਦ ਦੇ ਸਹੀ ਉਚਾਰਣ ਦਾ ਪਤਾ ਹੀ ਨਹੀ ਲੱਗਦਾ । ਸ਼ਬਦਾਂ ਦਾ ਸਹੀ ਉਚਾਰਣ ਸ਼ਿਅਰ ਵਿੱਚ ਖ਼ੂਬਸੂਰਤੀ ਪੈਦਾ ਕਰਦਾ ਹੈ । ਮਿਸਾਲ ਵਜੋਂ ਹੁਸਨ ਸ਼ਬਦ ਦਾ ਉਚਾਰਣ ਸ਼ਬਦ ਕੋਸ਼ ਅਨੁਸਾਰ ਹੁਸ+ਨ ਹੈ , ਪਰ ਜੇ ਅਸੀਂ ਸ਼ਿਅਰ ਵਿੱਚ ਇਸ ਨੂੰ ਹੁ+ਸਨ ਦੇ ਵਜ਼ਨ ਤੇ ਬੰਨ੍ਹ ਦੇਈਏ ਤਾਂ ਇਹ ਘਸੁੰਨ ਵਰਗਾ ਲਗਦਾ ਹੈ । ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀ ਦੇ ਹਮਾਤੜ ਤਮਾਤੜ੍ਹ ਸ਼ਾਇਰ ਤਾਂ ਕੀ ਬਲਕਿ ਕਹਿੰਦੇ ਕਹਾਉਂਦੇ ਸ਼ਾਇਰ ਵੀ ਇਸ ਦੋਸ਼ ਤੋਂ ਮੁਕਤ ਨਹੀ ਹਨ ।
"ਉਹ ਮੇਰੇ ਕੋਲ ਆਉਂਦਾ ਹੈ, ਤਲਬ ਦੀ ਬਾਤ ਪਾਉਂਦਾ ਹੈ,
ਤਲਬ ਦੀ ਬਾਤ ਪਾਉਂਦਾ ਹੈ, ਸਬਰ ਨੂੰ ਸੰਨ੍ਹ ਲਾਉਂਦਾ ਹੈ ।"

ਜਦੋਂ ਉਹ ਪੱਥਰਾਂ ਨੂੰ ਝਰਨਿਆਂ ਦੇ ਸੁਰ ਸੁਣਾਉਂਦਾ ਹੈ,
ਤਾਂ ਉਹਦੇ ਹੁਨਰ ਦੀ ਲੈਅ ਤੇ ਹਿਮਾਲਾ ਤਿਲਮਿਲਾਉਂਦਾ ਹੈ ।

ਉਪਰੋਕਤ ਸ਼ਿਅਰਾਂ ਵਿੱਚੋਂ ਪਹਿਲੇ ਸ਼ਿਅਰ ਵਿਚ ਵਰਤੇ ਗਏ ਸਬਰ ਤੇ ਤਲਬ ਸ਼ਬਦਾਂ ਦਾ ਉਚਾਰਣ ਸਬ+ਰ ਤੇ ਤਲ+ਬ ਹੈ ਪਰ ਇਨ੍ਹਾਂ ਸ਼ਬਦਾਂ ਨੂੰ ਸ਼ਾਇਰ ਨੇ ਸ+ਬਰ ਤੇ ਤ+ਲਬ ਦੇ ਵਜ਼ਨ ਤੇ ਬੰਨਿਆ ਹੈ । ਇਸੇ ਤਰ੍ਹਾਂ ਦੂਸਰੇ ਸ਼ਿਅਰ ਵਿਚਲੇ ਸ਼ਬਦ ਹੁਨਰ ਦਾ ਉਚਾਰਣ ਹੁ+ਨਰ ਦੇ ਵਜ਼ਨ ਤੇ ਹੈ ਪਰ ਸ਼ਾਇਰ ਨੇ ਇਸ ਨੂੰ ਹੁਨ+ਰ ਦੇ ਵਜ਼ਨ ਤੇ ਬੰਨਿਆ ਹੈ ।

ਬੇਲੋੜੇ ਨੂੰ ਦੀ ਵਰਤੋਂ, ਕਈ ਵਾਰ ਸ਼ਾਇਰ ਵਜ਼ਨ ਬਹਿਰ ਦੀ ਪੂਰਤੀ ਕਰਨ ਖਾਤਰ ਉਹਨਾਂ ਸ਼ਬਦਾਂ ਨਾਲ ਵੀ ਨੂੰ ਸ਼ਬਦ ਵਰਤਦੇ ਹਨ ਜਿੱਥੇ ਇਸ ਦੀ ਲੋੜ ਹੀ ਨਹੀ ਹੁੰਦੀ । ਬੇਲੋੜੀ ਥਾਂ ਤੇ ਵਰਤਿਆ ਗਿਆ 'ਨੂੰ' ਸ਼ਿਅਰ ਵਿਚ ਬੇ-ਸੁਆਦੀ ਪੈਦਾ ਕਰਦਾ ਹੈ ।
"ਜੋ ਖਾਂਦੇ ਪਿੰਜਰਿਆਂ ਵਿੱਚ ਦਾਣਿਆਂ ਨੂੰ,
ਕਰਨਗੇ ਕੀ ਉਹ ਸੋਨੇ ਦੇ ਪਰਾਂ ਨੂੰ ।"
ਇਸ ਸ਼ਿਅਰ ਵਿੱਚ ਦਾਣਿਆਂ ਦੇ ਨਾਲ ਬੇ-ਲੋੜਾ 'ਨੂੰ' ਵਰਤਿਆ ਗਿਆ ਹੈ । ਦਾਣੇ ਖਾਣਾ ਕਹਿਣ ਨਾਲ ਵੀ ਸਰ ਜਾਣਾ ਸੀ । ਵੈਸੇ ਪੰਛੀ ਦਾਣਾ ਖਾਂਦੇ ਨਹੀ ਚੁਗਦੇ ਹਨ ।

///////////////////////////////////////////////
ਗ਼ਜ਼ਲ ਦੇ ਸ਼ਿਅਰਾਂ ਦੇ ਦੋਸ਼--
ਐਬ ਗ਼ੈਰ ਮਾਨੂਸ ਜਾਂ ਗਰਾਬਤ ਏ ਲਫ਼ਜੀ, ਇਹ ਦੋਸ਼ ਉਦੋਂ ਪੈਦਾ ਹੁੰਦਾ ਹੈ, ਜਦੋਂ ਕਿਸੇ ਸ਼ਿਅਰ ਵਿੱਚ ਉਹ ਸ਼ਬਦ ਵਰਤੇ ਜਾਣ, ਜਿਹੜੇ ਅਜ਼ੀਬੋ ਗ਼ਰੀਬ ਹੋਣ, ਜੋ ਸੁਣਨ ਵਾਸਤੇ ਚੰਗੇ ਨਾ ਲੱਗਣ । ਅਜੇਹੇ ਸ਼ਬਦ ਵਰਤਣ ਨਾਲ ਸ਼ਿਅਰਾਂ ਦੀ ਸੰਗੀਤਆਤਕਮਕਤਾ ਭੰਗ ਹੁੰਦੀ ਹੋਵੇ, ਗ਼ਜ਼ਲ ਦੀ ਜ਼ੁਬਾਨ ਇਕ ਖਾਸ ਕਿਸਮ ਦੀ ਜ਼ੁਬਾਨ ਹੁੰਦੀ ਹੈ , ਇਸ ਵਿੱਚ ਵਰਤੇ ਜਾਣ ਵਾਲੇ ਸ਼ਬਦ ਅਤਿ ਕੋਮਲ ਹੋਣੇ ਚਾਹੀਦੇ ਹਨ ।

"ਏਥੇ ਸੌਂ ਕੇ , ਬੰਨ੍ਹੀਏ ਸੁਪਨੇ ਵਿਚ ਓਥੇ,
ਪੰਜ ਕਲਿਆਣੀ, ਤੋਕੜ, ਕਾਲੀ ਬੱਲ੍ਹੀ, ਬੂਰੀ ।"

ਉਪਰੋਕਤ ਸ਼ਿਅਰ ਵਿੱਚ ਆਏ ਸ਼ਬਦ ਪੰਜ-ਕਲਿਆਣੀ, ਤੋਕੜ, ਕਾਲੀ, ਬੂਰੀ ਵਗੈਰਾ ਮੱਝਾਂ ਦੀਆਂ ਕਿਸਮਾਂ ਬਿਆਨ ਕਰਦੇ ਹਨ । ਸ਼ਾਇਰ ਨੇ ਸ਼ਿਅਰ ਵਿੱਚ ਪੂਰਾ ਪਸ਼ੂਆਂ ਦਾ ਚੌਣਾ ਛੱਡ ਦਿੱਤਾ ਹੈ । ਸ਼ਿਅਰ ਦਾ ਹਸ਼ਰ ਤੁਸੀਂ ਆਪ ਹੀ ਦੇਖ ਲਵੋ, ਤਰੰਨੁਮ ਚ ਪੜ੍ਹਦਿਆਂ ਕੀ ਨਜ਼ਾਰਾ ਬੱਝੇਗਾ, ਏਸ ਦਾ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਲਵੋ । ਉਪਰੋਕਤ ਸ਼ਿਅਰ ਵਿੱਚ ਐਬ ਗੈਰ ਮਾਨੂਸ ਰੜਕਦਾ ਹੈ । ਅਜੇਹੇ ਸ਼ਬਦ ਅਤੇ ਵਿਸ਼ੇ ਗ਼ਜ਼ਲ ਵਿੱਚ ਵਰਤਣ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ । ਗ਼ਜ਼ਲ ਦੇ ਪਾਠਕ ਜਾਂ ਸਰੋਤੇ ਪਹਿਲਾਂ ਹੀ ਬਹੁਤ ਘੱਟ ਹਨ ।

ਨ ਅਤੇ ਣ ਦਾ ਕਾਫ਼ੀਆ--
ਕਈ ਸ਼ਾਇਰ ਆਪਣੇ ਸ਼ਿਅਰ ਵਿੱਚ ਕਾਫ਼ੀਆ ਬੰਨ੍ਹਦਿਆਂ ਕਈ ਵਾਰੀ ਨ ਬੰਨ੍ਹਦੇ ਹਨ ਤੇ ਕਈ ਵਾਰ ਣ । ਇਹ ਜ਼ਾਇਜ ਨਹੀ ਠਹਿਰਾਇਆ ਜਾ ਸਕਦਾ । ਗ਼ਜ਼ਲ ਕਾਫ਼ੀ ਸੂਖਮ ਕਾਵਿ ਰੂਪ ਹੈ । ਇਸ ਤਰਾਂ ਦੀ ਛੇੜ ਛਾੜ ਵੀ ਇਹ  ਝੱਲਦੀ ਨਹੀ ।
"ਜ਼ਿੰਦਗੀ ਨੂੰ ਜੀਣ ਦਾ ਕੋਈ ਬਹਾਨਾ ਲੱਭ ਦਿੱਲਾ,
ਯਾਰ ਹੁਣ ਕੋਈ ਨਵਾਂ ਜਾਂ ਫਿਰ ਪੁਰਾਣਾ ਲੱਭ ਦਿਲਾ ।"
ਉਪਰੋਕਤ ਸ਼ਿਅਰ ਨ ਤੇ ਣ ਦਾ ਕਾਫ਼ੀਆ ਰੜਕਦਾ ਹੈ । ਕਰਤਾ ਵਿਹੂਣੇ ਸ਼ਿਅਰ ਵੀ ਕਹਿ ਜਾਂਦੇ ਹਨ ਜਿਨ੍ਹਾਂ ਵਿੱਚ ਕਰਤਾ ਗ਼ੈਰ-ਹਾਜ਼ਰ ਹੁੰਦਾ ਹੈ, ਇਹ ਵੀ ਇੱਕ ਐਬ ਹੈ ।
"ਕਣਕ ਬਥੇਰੀ ਉਗਦੀ ਫਿਰ ਵੀ ਖਾਂਦੇ ਨੇ,
ਮੁਰਗੇ, ਬੱਕਰੇ, ਗਾਵਾਂ ਵਿੱਚ ਪ੍ਰਦੇਸਾਂ ਦੇ ।"

ਉਪਰੋਕਤ ਸ਼ਿਅਰ ਵਿਚ ਇਹ ਪਤਾ ਨਹੀ ਲਗਦਾ ਕਿ ਮੁਰਗੇ, ਬੱਕਰੇ ਗਾਵਾਂ ਕੌਣ ਖਾਂਦੇ ਹਨ , ਸੋ ਇਸ ਤਰ੍ਹਾਂ ਉਪਰੋਕਤ ਸ਼ਿਅਰ  ਕਰਤਾ ਵਿਹੂਣਾ ਹੈ । ਵੈਸੇ ਵੀ ਦੁੱਖ ਦਾ ਸਬੰਧ ਭੁੱਖ ਨਾਲ ਹੈ । ਮੁਰਗੇ ਬੱਕਰੇ ਖਾਣ ਨਾਲ ਭੁੱਖ ਦਾ ਕੀ ਸਬੰਧ ਹੈ । ਵੈਸੇ ਵੀ ਅਜੇਹੇ ਸ਼ਬਦ ਗ਼ਜ਼ਲ ਦੇ ਅਨੁਕੂਲ ਨਹੀ ।

ਹਰਫ਼ ਏ ਇਸ਼ਾਰਾ ਜਾਂ ਸੰਕੇਤਕ ਅੱਖਰ ਦੀ ਘਾਟ--
ਕਈ ਵਾਰ ਸ਼ਿਅਰ ਵਿੱਚ ਮਹਿਬੂਬ ਦਾ ਜ਼ਿਕਰ ਕਰਦਿਆਂ ਸੰਕੇਤ ਦੀ ਘਾਟ ਰੜਕਦੀ ਹੈ । ਪਾਠਕ ਨੂੰ ਇਹ ਪਤਾ ਨਹੀ ਲਗਦਾ ਕਿ ਸ਼ਾਇਰ ਕਿਸ ਦੀ ਤਰਫ਼ ਇਸ਼ਾਰਾ ਕਰਦਾ ਹੈ ਏਸ ਕਰਕੇ ਸ਼ਿਅਰ ਦੇ ਅਰਥ ਸਪਸ਼ਟ ਨਹੀ ਹੁੰਦੇ, ਸੋ ਪਾਠਕ ਜਾਂ ਸਰੋਤਾ ਸ਼ਿਅਰ ਦਾ ਪੂਰਾ ਲੁਤਫ਼ ਨਹੀ ਉਠਾ ਸਕਦਾ

"ਆਖ ਦੇਵੋ ਹੁਣ ਤੁਸੀਂ ਹੀ ਦੋਸਤੋ,
ਇਸ ਤਰ੍ਹਾਂ ਤਾਂ ਜ਼ੁਲਮ ਨਾ ਢਾਇਆ ਕਰੇ।"

ਉਪਰੋਕਤ ਸ਼ਿਅਰ ਵਿੱਚ ਇਹ ਪਤਾ ਨਹੀ ਲਗਦਾ ਕਿ ਕੌਣ ਕਿਸ ਉੱਤੇ ਜ਼ੁਲਮ ਨਾ ਢਾਵੇ, ਦੋਵੇਂ ਧਿਰਾਂ ਗ਼ੈਰ-ਹਾਜ਼ਰ ਨੇ, ਇਹ ਤਾਂ ਹਵਾ ਚ ਡਾਗਾਂ ਮਾਰਨ ਵਾਲੀ ਗੱਲ ਹੈ । ਇਹ ਸ਼ਿਅਰ ਜੇ ਇਸ ਤਰ੍ਹਾਂ ਕਿਹਾ ਜਾਂਦਾ ਤਾਂ ਦੋਹਾਂ ਧਿਰਾਂ ਦੀ ਹਾਜ਼ਰੀ ਲੱਗ ਜਾਣੀ ਸੀ, ਤੇ ਇਹ ਸ਼ਿਅਰ ਸਪਸ਼ਟ ਹੋ ਜਾਣਾ ਸੀ ।
"ਆਖ ਦੇਵੋ ਹੁਣ ਤੁਸੀਂ ਹੀ ਓਸ ਨੂੰ,
ਅਪਣਿਆਂ ਤੇ ਜ਼ੁਲਮ ਨਾ ਢਾਇਆ ਕਰੇ ।"

ਸੋ ਸ਼ਿਅਰ ਵਿੱਚ ਹਰਫ਼-ਏ-ਇਸ਼ਾਰਾ ਬਹੁਤ ਜ਼ਰੂਰੀ ਹੈ ।

ਅੱਧਕ ਦੋਸ਼--
ਕਈ ਵਾਰੀ ਸ਼ਾਇਰ ਆਪਣੇ ਸ਼ਿਅਰ ਵਿੱਚ, ਅਜੇਹੇ ਕਾਫ਼ੀਏ ਲੈ ਲੈਂਦੇ ਹਨ ਜਿਨ੍ਹਾਂ ਵਿੱਚੋਂ ਕੁਛ ਕਾਫੀਏ ਅੱਧਕ ਵਾਲੇ ਹੁੰਦੇ ਹਨ, ਤੇ ਕੁਛ ਬਿਨਾਂ ਅੱਧਕ ਦੇ, ਇਸ ਤਰ੍ਹਾਂ ਸ਼ਿਅਰ ਦੀ ਖ਼ੂਬਸੂਰਤੀ ਭੰਗ ਹੋ ਜਾਂਦੀ ਹੈ ਤੇ ਅਰਥਾਂ ਦਾ ਵੀ ਅਨਰਥ ਹੋ ਜਾਂਦਾ ਹੈ ।

"ਪੀੜ ਧੁਖੀ ਤਾਂ ਸਫ਼ਿਆਂ ਉੱਤੇ ਹਰਫ਼ ਉਲੀਕਣ ਲੱਗ ਪੈਣਾ,
ਸਾਡਾ ਕੀ ਏ, ਅੱਥਰੂਆਂ ਦਾ, ਮਨ ਭਰਿਆ ਤਾਂ ਵਗ ਪੈਣਾ ।"

ਇਸ ਤਰ੍ਹਾਂ ਉਪਰੋਕਤ ਮਤਲੇ ਵਿੱਚ ਲੱਗ ਤੇ ਵਗ ਕਾਫੀਏ ਹਨ । ਜੋ ਕਿ ਵੱਖੋ ਵੱਖਰੀ ਤਰ੍ਹਾਂ ਦੇ ਹਨ । ਲੱਗ ਉੱਤੇ ਅਧਕ ਲਗਦੀ ਹੈ ਪਰ ਵਗ ਤੇ ਨਹੀ ਲਗਦੀ । ਜੇਕਰ ਵਗ ਤੇ ਅੱਧਕ ਲਾ ਦੇਈਏ ਤਾਂ ਇਹ ਵੱਗ ਬਣ ਜਾਂਦਾ ਹੈ ਅਤੇ ਇਸ ਦਾ ਅਰਥ ਵੀ ਬਦਲ ਜਾਂਦਾ ਹੈ । ਵੱਗ ਪਸ਼ੂਆਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਜੇ ਲੱਗ ਦਾ ਅੱਧਕ ਹਟਾ ਦਿੱਤਾ ਜਾਵੇ ਤਾਂ ਇਹ ਲਗ ਰਹਿ ਜਾਂਦਾ ਹੈ, ਜੋ ਕਿ ਇਕ ਮਾਤਰਾ  ਨੂੰ ਕਿਹਾ ਜਾਂਦਾ ਹੈ । ਇਸ ਲਈ ਅਰਥਾਂ ਤੋਂ ਅਨਰਥ ਕਰਨ ਵਾਲੇ ਕਾਫ਼ੀਏ ਵਰਤਣ ਤੋਂ ਸੰਕੋਚ ਕਰਨਾ ਚਾਹੀਦਾ ਹੈ ।

ਐਬ-ਤਕਾਬੁਲ ਏ ਰਦੀਫ਼ ਐਨ, --ਤਕਾਬੁਲ ਦਾ ਅਰਥ ਹੈ ਮੁਕਾਬਲਾ । ਤਕਾਬੁਲ ਵੈਸੇ ਸ਼ਿਅਰ ਦਾ ਗੁਣ ਮੰਨਿਆਂ ਜਾਂਦਾ ਹੈ । ਤਕਾਬੁਲ ਦੋਸ਼ ਉਦੋਂ ਬਣਦਾ ਹੈ ਜਦੋਂ ਕਿਸੇ ਸ਼ਿਅਰ ਦੀ ਪਹਿਲੀ ਤੁਕ ਦੇ ਅਖ਼ੀਰ ਉੱਤੇ ਉਹੀ ਲਗਾਂ ਜਾਂ ਅੱਖਰ ਆ ਰਹੇ ਹੋਣ ਜਿਹੜੇ ਦੂਜੀ  ਤੁਕ ਦੇ ਅਖ਼ੀਰ ਵਿੱਚ ਆਉਂਦੇ ਹੋਣ । ਦੂਸਰੀ ਤੁਕ ਦੇ ਅਖ਼ੀਰ ਵਿੱਚ ਰਦੀਫ ਹੋਣ ਕਰਕੇ ਇਸ ਨੂੰ ਰਦੀਫ ਦਾ ਟਕਰਾਉ ਕਿਹਾ ਜਾਂਦਾ ਹੈ । ਜੇ ਰਦੀਫ ਦੇ ਬਗੈਰ ਵੀ ਸ਼ਿਅਰ ਹੋਵੇ ਤਾਂ ਇਹ ਕਾਫ਼ੀਏ ਨਾਲ ਟਕਰਾਉ ਪੈਦਾ ਕਰਦਾ ਹੈ ਅਤੇ ਇਹ ਦੋਸ਼ ਮੰਨਿਆ ਜਾਂਦਾ ਹੈ --

"ਹਨੇਰੇ  ਦੇ ਜਦ ਵੀ, ਤੁਸੀਂ ਬੀਜ ਬੀਜੇ,
ਅਸੀਂ ਵੀ ਘਰਾਂ ਵਿੱਚ ਉਗਾਲਾਂਗੇ ਦੀਵੇ ।"

ਉਪਰੋਕਤ ਸ਼ਿਅਰ ਵਿੱਚ, ਦੂਜੀ ਤੁਕ ਵਿਚ ਦੀਵੇ, ਗ਼ਜ਼ਲ ਦਾ ਰਦੀਫ਼ ਹੈ । ਪਹਿਲੀ ਤੁਕ ਦੇ ਅਖ਼ੀਰ ਉੱਤੇ ਬੀਜੇ ਸ਼ਬਦ ਬੰਨ੍ਹਿਆ ਗਿਆ ਹੈ, ਇਸ ਤਰ੍ਹਾਂ ਸ਼ਿਅਰ ਮਤਲੇ ਦਾ ਭੁਲੇਖਾ ਪਾ ਜਾਂਦਾ ਹੈ ।

ਲ, ਲ਼ ਤੇ ਲ੍ਹ ਦਾ ਕਾਫ਼ੀਆ ਬੰਨਣਾ-- ਕਈ ਵਾਰੀ ਸ਼ਾਇਰ ਆਪਣੇ ਸ਼ਿਅਰਾਂ ਵਿਚ ਲ, ਲ਼, ਲ੍ਹ ਦਾ ਕਾਫੀਆ ਬੰਨ੍ਹ ਲੈਂਦੇ ਹਨ । ਇਨ੍ਹਾਂ ਅੱਖਰਾਂ ਦਾ ਉਚਾਰਣ ਵੱਖੋ- ਵੱਖਰਾ ਹੋਣ ਕਰਕੇ ਇਹ ਕਾਫੀਆ ਦਰੁਸਤ ਨਹੀ ਮੰਨਿਆ ਜਾਂਦਾ--
"ਕਿਸਮਤ ਦੇ ਸੁੱਕੇ ਬੀਜ਼ ਚੋਂ ਫੁੱਲਾਂ ਨੂੰ ਟੋਲ੍ਹਦੇ,
ਮਿੱਟੀ ਦੀਆਂ ਹੀ ਰਹਿ ਗਏ ਪਰਤਾਂ ਫਰੋਲ਼ਦੇ ।"

ਉਪਰੋਕਤ ਸ਼ਿਅਰ ਵਿੱਚ ਪਹਿਲੀ ਤੁਕ ਵਿੱਚ ਲ੍ਹ ਅਤੇ ਦੂਸਰੀ ਤੁਕ ਵਿੱਚ ਲ ਦਾ ਕਾਫੀਆ ਬੰਨ੍ਹਿਆ ਗਿਆ ਹੈ ।

ਐਬ ਇਤਸਾਲ, ਬਾਅਦ ਸਕੂਤ--- ਇਤਸਾਲ ਦਾ ਅਰਥ ਹੈ ਮਿਲਣਾ ਅਤੇ ਸਕੂਤ ਦਾ ਅਰਥ ਹੈ ਡਿਗਣਾ । ਭਾਵ ਕਿਸੇ ਅੱਖਰ ਦਾ ਮਿਲਣ ਮਗਰੋਂ ਡਿਗਣਾ ।  ਇਹ ਵੀ ਐਬ ਤਨਾਫ਼ਰ ਦਾ ਹੀ ਰੂਪ ਹੈ । ਐਬ ਏ ਤਨਾਫਰ ਕਿਸੇ ਸ਼ਬਦ ਦੇ ਅਖ਼ੀਰਲੇ ਅਤੇ ਉਸ ਤੋਂ ਅਗਲੇ ਸ਼ਬਦ ਦੇ ਪਹਿਲੇ ਅੱਖਰ ਦਾ ਟਕਰਾਉਣਾ ਹੈ । ਐਬ ਇਤਸਾਲ ਬਾਅਦ ਸਕੂਤ ਦਾ ਮਤਲਬ ਅੱਖਰ ਦਾ ਡਿਗਣ ਮਗਰੋਂ ਟਕਰਾਉਣਾ ਹੈ । ਸ਼ਿਅਰ ਵਿੱਚ ਕਈ ਵਾਰ ੳ, ਅ, ੲ ਜਾਂ ਫਿਰ ਕੋਈ ਦੀਰਘ ਲਗ ਬਹਿਰ ਦੀ ਮਜ਼ਬੂਰੀ ਕਾਰਣ ਗਿਰਾਉਣੀ ਪੈਂਦੀ ਹੈ, ਪਰ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਅੱਖਰ ਗਿਰਾਉਣ ਮਗਰੋਂ ਅਗਲੇ ਤੇ ਪਿਛਲੇ ਦੋਵੇਂ ਅੱਖਰ ਇੱਕੋ ਜਹੇ ਰਹਿ ਜਾਂਦੇ ਹਨ ਅਤੇ ਆਪਸ ਵਿੱਚ ਟਕਰਾ ਜਾਂਦੇ ਹਨ । ਇਸ ਤਰ੍ਹਾਂ ਸ਼ਿਅਰ ਵਿੱਚ ਇਤਸਾਲ ਬਾਅਦ ਸਕੂਤ ਦਾ ਦੋਸ਼ ਪੈਦਾ ਹੋ ਜਾਂਦਾ ਹੈ ।
"ਜਗੇ ਸੁਪਨੇ ਨੂੰ ਦੇ ਕੇ ਨੀਂਦ ਦੀ ਗੋਲੀ ਸੁਆਉਂਦੇ ਨੇ,
ਕਿ ਮਾਲੀ ਪਤਝੜਾਂ ਹੱਥੀਂ ਬਹਾਰਾਂ ਵੇਚ ਆਉਂਦੇ ਨੇ ।"

ਉਪਰੋਕਤ ਮਤਲੇ ਦੀ ਪਹਿਲੀ ਤੁਕ ਵਿਚ ਜਗੇ ਸੁਪਨੇ ਤੋਂ ਅਗਲੇ ਸ਼ਬਦ ਨੂੰ ਤੋਂ ਬਹਿਰ ਦੀ ਮਜ਼ਬੂਰੀ ਕਾਰਨ ਟਿੱਪੀ ਅਤੇ ਦੁਲੈਂਕੜ ਗਿਰਾਉਣੇ ਪੈਂਦੇ ਹਨ, ਇਸ ਤਰ੍ਹਾਂ  ਕੇਵਲ ਨ ਅੱਖਰ ਬਚਦਾ ਹੈ ਜੋ ਪਹਿਲੇ ਸ਼ਬਦ ਨੇ ਨਾਲ ਟਕਰਾਉਂਦਾ ਹੈ ।

ਗ਼ੈਰ ਫ਼ਸੀਹ ਐਬ--
ਫਸੀਹ ਦਾ ਅਰਥ ਹੁੰਦਾ ਹੈ ਖ਼ੁਸ਼ ਬਿਆਨੀ । ਕਹਿਣ ਦਾ ਮਤਲਬ ਹੈ ਜਦੋਂ ਸ਼ਬਦ ਗੈਰ-ਕਾਵਿਕ ਹੋਣ ਤਾਂ ਸੁਣਦਿਆਂ ਚੰਗੇ ਨਹੀ ਲੱਗਦੇ । ਅਜੇਹੇ ਸ਼ਬਦਾਂ ਤੇ ਗ਼ੈਰ ਫਸੀਹ ਹੋਣ ਦਾ ਦੋਸ਼ ਲਗਦਾ ਹੈ । ਕਿਉਂ ਕਿ ਖ਼ੁਸ਼ ਬਿਆਨੀ ਗ਼ਜ਼ਲ ਦੀ ਜਿੰਦ ਜਾਨ ਹੈ ।
"ਹਮੇਸ਼ਾ ਤਾਰਦਾ ਮੈਂ ਦੀਪ ਨੂੰ ਰਸਤਾ ਦਿਖਾਵਣ ਨੂੰ,
ਤਰਾ ਕੇ ਹੁਣ ਡੁਬੋਵਣ ਦਾ ਕੋਈ ਕਾਰਣ ਵੀ ਤਾਂ ਹੋਵੇ ।"

ਉਪਰੋਤਕ ਸ਼ਿਅਰ ਦੀ ਪਹਿਲੀ ਤੁਕ ਦਾ ਸ਼ਬਦ ਦਿਖਾਵਣ ਅਤੇ ਦੂਸਰੀ ਤੁਕ ਦਾ ਸ਼ਬਦ ਡੁਬੋਵਣ ਗ਼ੈਰ ਫਸੀਹ ਹਨ । ਅਜੇਹੇ ਸ਼ਬਦ ਵਰਤਣ ਨਾਲ ਸ਼ਿਅਰ ਦੀ ਖ਼ੂਬਸੂਰਤੀ ਜਾਂਦੀ ਰਹਿੰਦੀ ਹੈ ।

ਹਰਫ਼ੇ ਨਿਦਾ ਦੀ ਘਾਟ-- ਨਿਦਾ ਦਾ ਅਰਥ ਹੈ ਸੰਬੋਧਨ ਕਰਨਾ ਜਾਂ ਮੁਖ਼ਾਤਿਬ ਹੋਣਾ । ਐ ਜਾਂ ਓ ਸ਼ਬਦ ਹਰਫ਼ੇ ਨਿਦਾ ਜਾਂ ਸੰਬੋਧਨੀ ਸ਼ਬਦ ਕਹਾਉਂਦੇ ਹਨ । ਹਰਫ਼ੇ ਨਿਦਾ ਬਿਨਾਂ ਸ਼ਿਅਰ ਸਪਸ਼ਟ ਨਹੀ ਹੁੰਦਾ ।

" ਉਹ ਮੋਏ ਦਾ ਸੁਣ ਕੇ, ਖ਼ੁਸ਼ੀ ਨਾਲ ਆਇਆ,
ਫਰਿਸ਼ਤੇ ਅਜ਼ਲ ਤੂੰ ਰਹੀਂ ਰੋਜ਼ ਆਉਂਦਾ ।"

ਉਪਰੋਕਤ ਸ਼ਿਅਰ ਦੀ ਦੂਜੀ ਤੁਕ ਵਿੱਚ ਫਰਿਸ਼ਤੇ ਤੋਂ ਪਹਿਲਾਂ ਐ ਫਰਿਸ਼ਤੇ ਸੰਬੋਧਨੀ ਸ਼ਬਦ ਆਉਣਾ ਚਾਹੀਦਾ ਸੀ, ਤਾਂ ਹੀ ਸ਼ਿਅਰ ਖ਼ੂਬਸੂਰਤ ਹੋ ਸਕਦਾ ਸੀ ।

ਪਿਛਲੀਆਂ ਕਿਸ਼ਤਾਂ ਵਿੱਚ ਕਾਫ਼ੀਏ ਦਾ ਜ਼ਿਕਰ ਕਰਦੇ ਹੋਏ ਕਾਫ਼ੀਏ ਦੇ ਦੋਸ਼ਾਂ ਬਾਰੇ ਚਰਚਾ ਹੋ ਚੁੱਕੀ ਹੈ । ਹੁਣ ਕਾਫ਼ੀਏ ਦੇ ਦੋਸ਼ ਨਹੀ ਦੁਹਾਰਾਵਾਂਗੇ ।

ਜ਼ੁਬਾਨਦਾਨੀ---
ਅਜੋਕੇ ਦੌਰ ਵਿੱਚ ਸ਼ਾਇਰ ਅਣਗਹਿਲੀ ਕਰਕੇ ਜਾਂ ਨਾਦਾਨੀ ਕਰਕੇ ਚੰਗੀ ਭਲੀ ਜ਼ੁਬਾਨ ਵਿਗਾੜ ਰਹੇ ਹਨ । ਹਾਲਾਤ ਅਤੇ ਜਜ਼ਬਾਤ ਦੋਵੇਂ ਕ੍ਰਮਵਾਰ ਹਾਲਤ ਅਤੇ ਜਜ਼ਬੇ ਦੇ ਬਹੂਵਚਨ ਹਨ । ਪਰ ਕੁਝ ਸ਼ਾਇਰ ਹਾਲਾਤਾਂ ਅਤੇ ਜਜ਼ਬਾਤਾਂ ਦਾ ਕਾਫ਼ੀਆ ਬੰਨ੍ਹ ਰਹੇ ਹਨ, ਜੋ ਕਿ ਗ਼ਲਤ ਹੈ, ਕਿਉਂ ਕਿ ਬਹੂਵਚਨ ਦਾ ਅੱਗੇ ਹੋਰ ਬਹੂਵਚਨ ਕਰਨਾ ਹਾਸੋ-ਹੀਣਾ ਹੈ । ਇਸੇ ਤਰ੍ਹਾਂ ਕੁਝ ਸ਼ਾਇਰ ਰਵਾਨੀ ਦੀ ਥਾਂ ਤੇ ਰਵਾਨਗੀ ਸ਼ਬਦ ਵਰਤਕੇ ਅਰਥਾਂ ਦਾ ਅਨਰਥ ਕਰ ਦਿੰਦੇ ਹਨ । ਕਿਉਂ ਕਿ ਰਵਾਨੀ ਦਾ ਅਰਥ ਚਾਲ (Flow) ਅਤੇ ਰਵਾਨਗੀ ਦਾ ਅਰਥ ਵਿਦਾਇਗੀ ਹੈ । ਇਸੇ ਤਰ੍ਹਾਂ ਹੀ ਰੋਸੇ ਦੀ ਥਾਂ ਰੁਸਵਾਈ ਸ਼ਬਦ ਵਰਤਦਿਆਂ ਵੀ ਸਥਿਤੀ ਹਾਸੋ ਹੀਣੀ ਹੋ ਜਾਂਦੀ ਹੈ, ਕਿਉਂ ਕਿ ਰੁਸਵਾਈ ਸ਼ਬਦ ਦਾ ਮਤਲਬ ਬਦਨਾਮੀ ਹੁੰਦਾ ਹੈ । ਅਖ਼ਬਾਰ ਅਪਣੇ ਆਪ ਵਿੱਚ ਖ਼ਬਰਾਂ ਦਾ ਬਹੂਵਚਨ ਹੈ । ਪਰ ਅਸੀਂ ਅਖ਼ਬਾਰ ਤੋਂ ਅਖ਼ਬਾਰਾਂ ਬਣਾ ਰਹੇ ਹਾਂ । ਇਸੇ ਤਰ੍ਹਾਂ ਰੌਸ਼ਨੀ ਦੀ ਥਾਂ ਰੁਸ਼ਨਾਈ ਵਰਤ ਲਿਆ ਜਾਂਦਾ ਹੈ ਜਦਕਿ ਰੁਸ਼ਨਾਈ ਦਾ ਮਤਲਬ ਸ਼ਿਆਹੀ ਹੁੰਦਾ ਹੈ । ਜ਼ੁਬਾਨਦਾਨੀ ਦਾ ਖ਼ਿਆਲ ਰੱਖਣਾ ਸ਼ਾਇਰ ਵਾਸਤੇ ਬਹੁਤ ਜ਼ਰੂਰੀ ਹੈ । ਜਿਹੜੇ ਸ਼ਬਦ ਦੇ ਅਰਥ ਤੁਹਾਨੂੰ ਖ਼ੁਦ ਨੂੰ ਸਪਸ਼ਟ ਨਾ ਹੋਣ ਅਜਿਹੇ ਸ਼ਬਦ ਵਰਤਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ।

No comments:

Post a Comment