ਗ਼ਜ਼ਲ ਦੇ ਸ਼ਿਅਰਾਂ ਦੀਆਂ ਖ਼ੂਬੀਆਂ--( ਸ਼ਿਅਰਾਂ ਦੀਆਂ ਉਦਾਹਰਣਾਂ ਸਮੇਤ )
==
ਪਿਆਰੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਸ਼ਿਅਰਾਂ ਵਿਚ ਰਹਿ ਜਾਣ ਵਾਲੇ ਸੰਭਾਵਿਤ ਦੋਸ਼ਾਂ ਬਾਰੇ ਚਰਚਾ ਕਰ ਚੁੱਕੇ ਹਾਂ । ਸ਼ਿਅਰਾਂ ਵਿੱਚ ਰਹਿ ਜਾਣ ਵਾਲੀਆਂ ਕਮੀਆਂ ਦਾ ਜ਼ਿਕਰ ਅਸੀਂ ਇਸ ਕਰਕੇ ਪਹਿਲਾਂ ਕੀਤਾ ਹੈ, ਤਾਂ ਕਿ ਸਾਨੂੰ ਸ਼ਿਅਰਾਂ ਵਿੱਚ ਰਹਿ ਜਾਣ ਵਾਲੇ ਸੰਭਾਵਿਤ ਦੋਸ਼ਾਂ ਦੀ ਜਾਣਕਾਰੀ ਪਹਿਲਾਂ ਹੋ ਜਾਵੇ ਅਤੇ ਅਸੀਂ ਇਨ੍ਹਾਂ ਦੋਸ਼ਾਂ ਤੋਂ ਮੁਕਤ ਹੋ ਜਾਈਏ । ਜੇ ਸਾਡੀ ਸ਼ਾਇਰੀ ਦੋਸ਼ਾਂ ਤੋਂ ਮੁਕਤ ਹੋ ਜਾਵੇਗੀ ਤਾਂ ਅਸੀਂ ਸ਼ਿਅਰਾਂ ਵਿੱਚ ਖ਼ੂਬੀਆਂ ਪੈਦਾ ਕਰ ਸਕਾਂਗੇ ।
ਗ਼ਜ਼ਲ ਸਿਰਫ਼ ਪ੍ਰੰਪਰਾ ਤੇ ਹੀ ਰੁਕੀ ਨਹੀ ਰਹਿੰਦੀ ਸਗੋਂ ਵਕਤ ਦੇ ਅਨੁਸਾਰ ਆਪਣਾ ਮੁਹਾਂਦਰਾ ਵੀ ਬਦਲਦੀ ਰਹਿੰਦੀ ਹੈ , ਕੋਈ ਵਕਤ ਸੀ ਜਦੋਂ ਗ਼ਜ਼ਲ ਦਾ ਦਾਇਰਾ ਔਰਤਾਂ ਨਾਲ ਗੱਲਾਂ ਕਰਨ ਤੱਕ ਹੀ ਸੀਮਤ ਸੀ, ਫੇਰ ਏਸ ਵਿੱਚ ਰਿੰਦਾਨਾ ਰੰਗ ਵੀ ਆਉਣ ਲੱਗਾ, ਮਤਲਬ ਇਸ ਵਿੱਚ ਸਾਕੀ, ਸੁਰਾਹੀ, ਮਹਿਫਿਲ, ਜ਼ਾਮ ਵਗੈਰਾ ਦਾ ਜ਼ਿਕਰ ਵੀ ਆਉਣ ਲੱਗਾ, ਫਿਰ ਇਸ ਨੇ ਹੌਲੀ ਹੌਲੀ ਸੂਫੀਆਨਾ ਰੰਗ ਵੀ ਅਪਣਾ ਲਿਆ, ਯਾਨੀ ਇਸ ਵਿੱਚ ਆਸ਼ਕਾਨਾ, ਰਿੰਦਾਨਾ, ਤੇ ਸੂਫੀਆਨਾ ਵਿਸ਼ਿਆਂ ਦਾ ਬੋਲ-ਬਾਲਾ ਹੋ ਗਿਆ । ਅਜੋਕੇ ਦੌਰ ਦੀ ਗ਼ਜ਼ਲ ਵਿੱਚ ਜ਼ਿੰਦਗੀ ਦੇ ਹਰ ਸਰੋਕਾਰ ਦੀ ਗੱਲ ਹੋ ਸਕਦੀ ਹੈ । ਅੱਜ ਗ਼ਜ਼ਲ ਦਾ ਦਾਇਰਾ ਸਮਾਜਿਕ, ਰਾਜਨੀਤਿਕ, ਧਾਰਮਿਕ, ਬੌਧਿਕ, ਗੱਲ ਕੀ ਹਰ ਖੇਤਰ ਤੀਕ ਫੈਲਿਆ ਹੋਇਆ ਹੈ । ਵਿਸ਼ਿਆਂ ਦੇ ਅਨੁਸਾਰ ਗ਼ਜ਼ਲ ਵਿੱਚ ਨਵੇਂ, ਰੂਪਕ, ਬਿੰਬ, ਤਸਬੀਹਾਂ, ਵਗੈਰਾ ਵਰਤੀਆਂ ਜਾਣ ਲੱਗੀਆਂ ਹਨ ।
ਗ਼ਜ਼ਲ ਦਾ ਸ਼ਾਇਰ ਆਪਣੇ ਸ਼ਿਅਰਾਂ ਨੂੰ ਖ਼ੂਬਸੂਰਤੀ ਪ੍ਰਦਾਨ ਕਰਨ ਵਾਸਤੇ ਉਨ੍ਹਾਂ ਨੂੰ ਅਲੰਕਾਰਾਂ, ਰੂਪਕਾਂ, ਤਸਬੀਹਾਂ, ਬਿੰਬਾਂ ਨਾਲ ਸ਼ਿੰਗਾਰਦਾ ਸੰਵਾਰਦਾ ਹੈ, ਕਿਉਂ ਕਿ
"ਸ਼ਬਦਾਂ ਦੀ ਵੀ ਆਪਣੀ, ਮਿਕਨਾਤੀਸੀ ਖਿੱਚ,
ਪੜ੍ਹਦੇ ਸੁਣਦੇ ਸਾਰ ਜੋ, ਉਤਰਨ ਦਿਲ ਦੇ ਵਿੱਚ ।"
ਸ਼ਬਦ ਤਾਂ ਉਹੀ ਹੁੰਦੇ ਹਨ, ਜੋ ਸਾਰੇ ਲੋਕ ਬੋਲਦੇ ਹਨ, ਪਰ ਸ਼ਬਦਾਂ ਵਿੱਚ ਮਿਕਨਾਤੀਸੀ ਖਿੱਚ ਪੈਦਾ ਕਰਨਾ ਸ਼ਾਇਰ ਦੇ ਹੱਥ ਵੱਸ ਹੁੰਦਾ ਹੈ । ਸ਼ਾਇਰ ਆਪਣੇ ਸ਼ਬਦਾਂ ਵਿੱਚ ਉਹ ਅਸਰ ਪੈਦਾ ਕਰਦਾ ਹੈ, ਕਿ ਪੜ੍ਹਨ ਸੁਣਨ ਵਾਲੇ ਦੇ ਦਿਲ ਵਿੱਚ ਉਤਰ ਜਾਂਦੇ ਹਨ । ਕੁਦਰਤ ਨੇ ਸ਼ਾਇਰ ਨੂੰ ਉਹ ਤੌਫੀਕ ਦਿੱਤੀ ਹੈ ਕਿ ਉਹ ਸ਼ਬਦਾਂ ਵਿੱਚ ਜਾਦੂ ਭਰ ਸਕਦਾ ਹੈ, ਕਿਉਂ ਕਿ--
"ਸ਼ਬਦਾਂ ਦੀ ਜਾਦੂਗਰੀ, ਸ਼ਾਇਰ ਨੂੰ ਦਰਕਾਰ,
ਸ਼ਬਦ ਨਾ ਰਹਿੰਦੇ ਸ਼ਬਦ ਫਿਰ, ਹੋ ਨਿਬੜਨ ਅਲੰਕਾਰ ।"
ਸ਼ਬਦਾਂ ਵਿੱਚ ਜਾਦੂ ਜਗਾ ਕੇ ਸ਼ਿਅਰਾਂ ਵਿੱਚ ਮਿਕਨਾਤੀਸੀ ਖਿੱਚ ਕਿਸ ਤਰ੍ਹਾਂ ਪੈਦਾ ਕੀਤੀ ਜਾਵੇ, ਉਸਤਾਦ ਸ਼ਾਇਰਾਂ ਨੇ ਗੁਰ ਜਾਂ ਨੁਕਤੇ ਦਰਸਾਏ ਹਨ, ਉਨ੍ਹਾਂ ਦਾ ਸੰਖ਼ੇਪ ਜ਼ਿਕਰ ਕਰਦੇ ਹਾਂ । ਸ਼ਿਅਰਾਂ ਵਿੱਚ ਦੋ ਪ੍ਰਕਾਰ ਦੇ ਗੁਣ ਹੁੰਦੇ ਹਨ --
(1) ਸ਼ਬਦ ਅਲੰਕਾਰ (2) ਅਰਥ ਅਲੰਕਾਰ
(1) ਸ਼ਬਦ ਅਲੰਕਾਰ--- ਜਾਂ ਸਨਅਤ ਲਫ਼ਜ਼ੀ (ਸ਼ਬਦਾਂ ਦੀ ਕਾਰੀਗਰੀ) ਸ਼ਬਦਾਂ ਦੀ ਕਾਰੀਗਰੀ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਸ਼ਾਇਰ ਆਪਣੇ ਸ਼ਬਦਾਂ ਦੁਆਰਾ ਸ਼ਿਅਰਾਂ ਵਿਚ ਖ਼ੂਬਸੂਰਤੀ ਪੈਦਾ ਕਰਦਾ ਹੈ । ਸ਼ਾਇਰ ਆਪਣੇ ਸ਼ਿਅਰ ਵਿੱਚ ਸ਼ਬਦ ਦੀ ਜੜ੍ਹਤ ਇਸ ਤਰ੍ਹਾਂ ਕਰਦਾ ਹੈ ਕਿ ਪੜ੍ਹਨ ਸੁਣਨ ਵਾਲੇ ਦੇ ਦਿਲ ਚੋਂ ਆਪ ਮੁਹਾਰੇ ਵਾਹ ਵਾਹ ਨਿਕਲਦੀ ਹੈ, ਸ਼ਾਇਰਾਂ ਨੂੰ ਸਾਡਾ ਇਹੋ ਮਸ਼ਵਰਾ ਹੈ ਕਿ--
"ਮੰਗੇ ਤੋਂ ਮਿਲਦੀ ਨਹੀਂ, ਇਹ ਗੱਲ ਰੱਖੋ ਯਾਦ,
ਆਪ ਮੁਹਾਰੇ ਕ੍ਰਿਸ਼ਨ ਖ਼ੁਦ, ਲੋਕੀ ਦਿੰਦੇ ਦਾਦ ।"
2) ਅਰਥ ਅਲੰਕਾਰ-- ਅਰਥਾਂ ਦੀ ਕਾਰੀਗਰੀ ( ਸਨਅਤ ਮਾਅਨਵੀ ) ਉਸ ਨੂੰ ਕਹਿੰਦੇ ਹਨ, ਜਦੋਂ ਸ਼ਿਅਰ ਵਿੱਚ ਅਰਥਾਂ ਦੁਆਰਾ ਖ਼ੂਬਸੂਰਤੀ ਪੈਦਾ ਕੀਤੀ ਜਾਵੇ ।
ਹੁਣ ਪਹਿਲਾਂ ਅਸੀਂ ਸ਼ਬਦ ਅਲੰਕਾਰ ਬਾਰੇ ਜ਼ਿਕਰ ਕਰਾਂਗੇ । ਸ਼ਬਦ ਅਲੰਕਾਰ ਵਿੱਚ ਇੱਕੋ ਸ਼ਬਦ ਦਾ ਦੁਹਰਾਉ ( ਤਕਰਾਰ ਲਫ਼ਜ਼ੀ ) 2. ਇੱਕੋ ਸ਼ਬਦ ਜਿਸ ਦੇ ਵੱਖਰੇ ਵੱਖਰੇ ਅਰਥ ਨਿਕਲਦੇ ਹੋਣ (ਤਜਨੀਸ ) 3. ਇੱਕੋ ਸ਼ਬਦ ਤੋਂ ਦੂਜਾ ਸ਼ਬਦ ਬਣਾਉਣਾ (ਇਸ਼ਤਕਾਕ) 4. ਇੱਕੋ ਸ਼ਬਦ ਉਲਟਾ ਕੇ ਦੂਜਾ ਸ਼ਬਦ ਬਣਾਉਣਾ ( ਮਾਅਕੂਸ ) 5. ਪਹਿਲਾ ਸ਼ਬਦ ਪਿੱਛੋਂ ਵਰਤਣਾ ਤੇ ਪਿਛਲਾ ਸ਼ਬਦ ਪਹਿਲਾਂ ਵਰਤਣਾ ( ਰੱਦ ਉਲ ਅਜ਼ਿਜ ਅਲੀ ਉਲ ਸਦਰ ) ਭਾਵ ਪਹਿਲੀ ਤੁਕ ਦੇ ਪਿਛਲਾ ਸ਼ਬਦ ਦੂਜੀ ਤੁਕ ਦੇ ਪਹਿਲਾਂ ਲਿਆਉਣਾ 6. ਸ਼ਿਅਰ ਵਿੱਚ ਹਿਸਾਬ ਦੇ ਹਿੰਦਸੇ ਵਰਤਣੇ 7, ਚਿਹਰਾ (ਮੁਹਾਂਦਰਾ ) 8. ਖੁੱਲ੍ਹੇ ਬੁੱਲ੍ਹ ( ਵਾਸਿਆ ਓ ਸ਼ਫਤੀਨ ) 9. ਮਿਲੇ ਬੁੱਲ੍ਹ, ( ਵਾਸਲ ਓ ਸ਼ਫਤੀਨ ) 10. ਨਗੀਨੇ ਜੜ੍ਹਨਾ ( ਤਰਸੀਹ) 11. ਚਾਰ ਖਾਨਾ 12. ਸਿੰਘ-ਅਵਲੋਕਨ ( ਤਬਦੀਲ ) 13. ਇਕਹਿਰਾ ਕਾਫੀਆ 14 ਦੂਹਰਾ ਕਾਫ਼ੀਆ 15. ਤੀਹਰਾ ਕਾਫ਼ੀਆ 16. ਸਿਫ਼ਤ ਪ੍ਰਬੰਧ 17. ਤਲਮੀਹ ਵਗੈਰਾ ਸ਼ਬਦ ਅਲੰਕਾਰ ਹਨ ।
ਆਉ ਹੁਣ ਅਰਥ ਅਲੰਕਾਰ ਬਾਰੇ ਗੱਲ ਕਰੀਏ । ਅਰਥ ਅਲੰਕਾਰ ਜਾਂ ਅਰਥਾਂ ਦੀ ਕਾਰੀਗਰੀ (ਸਨਅਤ ਮਾਅਨਵੀ) , ਸ਼ਾਇਰਾਂ ਵੱਲੋਂ ਇਸ ਦੀ ਵਧੇਰੇ ਵਰਤੋਂ ਕਰਨ ਕਰਕੇ ਇਸ ਨੂੰ ਮਾਅਨਵੀ-ਲਫ਼ਜ਼ੀ (ਅਰਥਾਂ ਅਤੇ ਸ਼ਬਦਾਂ ) ਦੀ ਕਾਰੀਗਰੀ ਵੀ ਕਿਹਾ ਜਾਂਦਾ ਹੈ । 1. ਜਮਾਂ ਕਰਨ (ਮੁਰਾਤ ਓ ਨਜ਼ੀਰ) 2. ਤਜ਼ਾਦ ਜਾਂ ਤਕਾਬਲ 3.( ਭੁਲੇਖਾ) ਈਹਾਮ 4. ਨਿਗਾਹਬਾਨੀ (ਇਰੁਸਾਦ) 5. ਸੁਚੱਜੀ ਸਿਫ਼ਤ (ਮਦਾਹ ਸਬੀਹ) 6. ਸਿਫ਼ਤੀ ਸ਼ਬਦਾਂ ਚ ਨਿੰਦਿਆ ਕਰਨੀ ( ਹਜਵ ਮਲੀਹ) 7. ਅਖ਼ਾਣ ਦੇ ਉਲਟ (ਕੌਲ ਬਿਲ ਮੂਜ਼ਬ) 8. ਦਲੀਲ ਨਾਲ ਗੱਲ ਕਰਨੀ ( ਮੁਦੱਲਲ) 9. ਦੋ ਅਰਥੀ ਸ਼ਬਦ ਵਰਤਣੇ (ਓਮਾਜ ) 10. ਮੁਹਾਵਰੇਬੰਦੀ (ਈਰਾਦ ਉਲ ਮਿਸਲ ) 11. ਦੋ ਚੀਜ਼ਾਂ ਨੂੰ ਇੱਕੋ ਜਹੀਆਂ ਦੱਸਣਾ (ਮੁਜਾਵਿ ਜ਼ਾਹ) 12. ਜਾਣਕੇ ਮੁਕਰਨਾ ( ਤਜਾਹੁਲ- ਆਰਫ) 13. ਹਮਸ਼ਕਲ ਸ਼ਬਦ ਵਰਤਣੇ ( ਮੁਸ਼ਾਕਲ) 14. ਸ਼ਿਅਰ ਵਿੱਚ ਕਿਸੇ ਘਟਨਾ ਦਾ ਜ਼ਿਕਰ ਕਰਨਾ ( ਤਲਮੀਹ) 15. ਤਫ਼ਰੀਕ 16. ਗੱਲ ਤੋਂ ਫਿਰਨਾ ( ਰੁਜੂਅ) 17. ਅਤਿ-ਕਥਨੀ (ਮੁਬਾਲਗਾ )18. ਲਪੇਟਣਾ ਤੇ ਫੈਲਾਉਣਾ ( ਲਿਫ਼ ਓ ਨਸ਼ਰ) 19. ਤਕਸੀਮ 20. ਜੋੜ 21. ਸੋਜ਼ ਓ ਗੁਦਾਜ਼ (ਦਰਦ ਦਾ ਅਸਰ ਭਰਪੂਰ ਜ਼ਿਕਰ) 22. ਸਾਦਗੀ 23. ਬਾਤ ਪੈਦਾ ਕਰਨਾ (ਇਨਸ਼ਾਂ) 24. ਸੰਕੇਤ( ਕਿਨਾਇਆ) 25. ਪਵਿੱਤਰਤਾ ( ਪਾਕੀਜ਼ਗੀ) 26. ਬਿਆਨ ਦੀ ਮਜ਼ਬੂਤੀ ( ਪੁਖ਼ਤਗੀ) 27. ਸ਼ੋਖੀ ਜਾਂ ਸ਼ਰਾਰਤ 28. ਦ੍ਰਿਸ਼ ਚਿਤਰਣ ( ਮੰਜ਼ਰ ਨਿਗਾਰੀ )29. ਤਾਸੀਰ 30. ਸੂਫੀਆਨਾ 31. ਆਧੁਨਿਕਤਾ ( ਜਿੱਦਤ) 32. ਡੂੰਘੇ ਖ਼ਿਆਲ ( ਬਲਾਗ਼ਤ) 33. ਮਿਸਾਲ ਦੇਣਾ (ਤਮਸੀਲ) 34. ਵਿਅੰਗ 35. ਰੂਪਕ ( ਇਸਤਿਆਰਾ) 36. ਖ਼ੂਬਸੂਰਤ ਟੁਕੜੀਆਂ (ਤੇਵਰ) 37. ਕੁੱਜ਼ੇ ਵਿੱਚ ਸਮੁੰਦਰ ਬੰਦ ਕਰਨਾ ( ਇਖ਼ਤਿਸਾਰ ) 38. ਖ਼ੂਬਸੂਰਤ ਬਿਆਨ (ਅੰਦਾਜ਼ੇ ਬਿਆਂ) 39. ਤਗ਼ਜ਼ਲ ਆਦਿ ਖ਼ੂਬੀਆਂ ਅਰਥ ਅਲੰਕਾਰ ਸ਼੍ਰੇਣੀ ਵਿੱਚ ਆਉਂਦੀਆਂ ਹਨ ।
ਪਿਆਰੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਗ਼ਜ਼ਲ ਦੇ ਸ਼ਿਅਰਾਂ ਵਿੱਚ ਰਹਿ ਗਈਆਂ ਕਮੀਆਂ ਬਾਰੇ ਜ਼ਿਕਰ ਕਰ ਚੁੱਕੇ ਹਾਂ । ਸ਼ਿਅਰਾਂ ਦੀਆਂ ਕਮੀਆਂ ਵੱਲ ਸੰਕੇਤ ਕਰਦਿਆਂ ਅਸੀਂ ਕਿਸੇ ਸ਼ਾਇਰ ਦਾ ਨਾਂ ਉਜਾਗਰ ਨਹੀ ਕੀਤਾ, ਕਿਉਂ ਕਿ ਸਾਡਾ ਮੰਤਵ ਕਿਸੇ ਸ਼ਾਇਰ ਵਿਸ਼ੇਸ਼ ਨੂੰ ਹੀਣਾ ਦਰਸਾਉਣਾ ਨਹੀ ਸਗੋਂ ਸ਼ਿਅਰਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਿਵਾਉਣਾ ਹੈ । ਅਸੀਂ ਸਾਰੇ ਸ਼ਾਇਰਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ । ਸ਼ਿਅਰਾਂ ਵਿੱਚ ਰਹਿ ਗਈਆਂ ਕਮੀਆਂ ਬਾਰੇ ਪੜ੍ਹਕੇ ਬਹੁਤ ਸਾਰੇ ਸ਼ਾਇਰਾਂ ਨੇ ਸਾਡੇ ਨਾਲ ਨਿਜ਼ੀ ਸੰਪਰਕ ਕਰਕੇ ਸਾਡਾ ਸ਼ੁਕਰੀਆ ਅਦਾ ਕੀਤਾ ਹੈ , ਕਿ ਅਸੀਂ ਉਨ੍ਹਾਂ ਦੀਆਂ ਕਮੀਆਂ ਬਾਰੇ ਉਨ੍ਹਾਂ ਨੂੰ ਸੁਚੇਤ ਕੀਤਾ ਹੈ । ਪਰ ਸਾਡੇ ਇਕ ਅਤਿ ਅਜ਼ੀਜ਼ ਸ਼ਾਇਰ ਨੇ ਰੋਸਾ ਵੀ ਪ੍ਰਗਟਾਇਆ ਹੈ । ਜਦੋਂ ਕੋਈ ਪੁਸਤਕ ਛਪ ਕੇ ਲੋਕ- ਅਰਪਣ ਹੋ ਜਾਂਦੀ ਹੈ ਤਾਂ ਉਹ ਸਮੁੱਚੇ ਸਮਾਜ ਦੀ ਮਲਕੀਅਤ ਹੋ ਜਾਂਦੀ ਹੈ , ਲੇਖਕ ਦੀ ਨਿਜੀ ਨਹੀ ਰਹਿੰਦੀ । ਆਲੋਚਨਾ ਸਹਿਣ ਦਾ ਜੇਰਾ ਹਰ ਲੇਖਕ ਵਿੱਚ ਹੋਣਾ ਚਾਹੀਦਾ ਹੈ , ਤਾਂ ਹੀ ਅਸੀਂ ਕੁਛ ਚੰਗਾ ਲਿਖ ਸਕਾਂਗੇ । ਗ਼ਜ਼ਲ ਦੇ ਸ਼ਿਅਰਾਂ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਦੇ ਹੋਏ ਅਸੀਂ ਸ਼ਾਇਰਾਂ ਦਾ ਜ਼ਿਕਰ ਵੀ ਜ਼ਰੂਰ ਕਰਾਂਗੇ, ਜਿਨ੍ਹਾਂ ਦੇ ਸ਼ਿਅਰ ਅਸੀਂ ਕੋਟ ਕਰਾਂਗੇ ।
ਗ਼ਜ਼ਲ ਦੇ ਸ਼ਿਅਰਾਂ ਦੇ ਗ਼ੁਣ,
ਤਕਰਾਰ ਲਫ਼ਜ਼ੀ- ਤਕਰਾਰ ਦਾ ਸ਼ਾਬਦਿਕ ਅਰਥ ਝਗੜ੍ਹਾ ਹੁੰਦਾ ਹੈ ।ਸ਼ਾਇਰੀ ਦੀ ਜ਼ੁਬਾਨ ਵਿੱਚ ਜੇ ਕਿਸੇ ਸ਼ਿਅਰ ਵਿੱਚ ਇੱਕੋ ਸ਼ਬਦ ਵਾਰ ਵਾਰ ਵਰਤਿਆ ਜਾਵੇ , ਤਾਂ ਉਸ ਵਿੱਚ ਤਕਰਾਰ ਦਾ ਗੁਣ ਪੈਦਾ ਹੋ ਜਾਂਦਾ ਹੈ ।
ਮੁਸ਼ਕਲ ਨੂੰ ਮੁਸ਼ਕਲ ਜੇ ਸਮਝੇ ਤਾਂ ਜੀਣਾਂ ਮੁਸ਼ਕਲ ਹੋ ਜਾਂਦੈ
,,ਬਸ ਮੁਸ਼ਕਲ ਦਾ ਹੈ ਹੱਲ ਇੱਕੋ,ਕਿ ਮੁਸ਼ਕਲ ਦੀ ਨਾ ਗੱਲ ਕਰੀਏ (ਉਲਫ਼ਤ ਬਾਜਵਾ)
ਉਪਰੋਕਤ ਸ਼ਿਅਰ ਵਿੱਚ ਮੁਸ਼ਕਲ ਦਾ ਦੁਹਰਾਉ ਹੈ ਜੋ ਇਸ ਵਿੱਚ ਤਕਰਾਰ ਲਫ਼ਜ਼ੀ ਦਾ ਗੁਣ ਪੈਦਾ ਕਰਦਾ ਹੈ
ਤਜਨੀਸ-ਤਜਨੀਸ ਸ਼ਬਦ ਜਿਣਸ ਤੋਂ ਬਣਿਆਂ ਹੈ ਜਿਸਦਾ ਅਰਥ ਹੈ ਹਮਜਿਣਸ ,
ਸ਼ਾਇਰੀ ਦੀ ਜ਼ੁਬਾਨ ਵਿੱਚ ਜਦੋਂ ਇੱਕ ਸ਼ਿਅਰ ਵਿੱਚ ਕੋਈ ਇੱਕ ਸ਼ਿਅਰ ਦੁਹਰਾਇਆ ਜਾਵੇ ਜਿਸਦੇ ਦੋ ਵੱਖਰੇ ਅਰਥ ਨਿੱਕਲਦੇ ਹੋਣ ਤਾਂ ਤਜਨੀਸ ਦਾ ਗੁਣ ਪੈਦਾ ਹੋ ਜਾਂਦਾ ਹੈ ਪਿੰਗਲ ਵਿੱਚ ਇਸਨੂੰ ਯਮਕ ਅਲੰਕਾਰ ਕਿਹਾ ਜਾਂਦਾ ਹੈ ।
ਦੇਖ ਮੈਂ ਖ਼ੂਦ ਵੀ ਤਾਂ ਇੱਕ ਸ਼ੀਸ਼ਾ ਹਾਂ,
ਕਿੰਝ ਸ਼ੀਸ਼ੇ ਚ, ਉਤਰ ਜਾਵਾਂਗਾ । (ਜਸਪਾਲ ਘਈ)
ਉਪਰੋਕਤ ਸ਼ਿਅਰ ਵਿੱਚ ਸ਼ੀਸ਼ਾ ਦੋਹਰੇ ਅਰਥਾਂ ਵਿੱਚ ਵਰਤਿਆ ਗਿਆ ਹੈ ਇੱਕ ਵਸਤੂ ਦੇ ਤੌਰ ਤੇ ,ਦੂਜਾ ਮੁਹਾਵਰੇ ਦੇ ਰੂਪ ਵਿੱਚ ।
ਮੁਸਾਵਾਤ -ਮੁਸਾਵਾਤ ਦਾ ਅਰਥ ਬਰਾਬਰੀ ਤੋਂ ਹੈ, ਸ਼ਾਇਰੀ ਭਾਸ਼ਾ ਵਿੱਚ ਜਦੋਂ ਕਿਸੇ ਸ਼ਿਅਰ ਵਿੱਚ ਕੋਈ ਵੀ ਲਗ ਮਾਤਰਾ ਗਿਰਾਈ ਨਾ ਗਈ ਹੋਵੇ,
ਵਜ਼ਨ ਪੂਰਾ ਕਰਨ ਵਾਸਤੇ ਕੋਈ ਵੀ ਭਰਤੀ ਦਾ ਸ਼ਬਦ ਨਾ ਵਰਤਿਆ ਗਿਆ ਹੋਵੇ, ਤੇ ਸ਼ਿਅਰ ਦੇ ਅਰਥ ਵੀ ਸ਼ਪਸ਼ਟ ਹੁੰਦੇ ਹੋਣ ਤਾਂ ਇਹ ਸ਼ਿਅਰ ਦੀ ਖੂ਼ਬੀ ਮੰਨੀ ਜਾਂਦੀ ਹੈ ।
ਜਦ ਖ਼ੁਸ਼ੀ ਜਾਂ ਗ਼ਮੀਂ ਨਾ ਸਮੋਈ ਗਈ ,
ਵਾਫਰੀ ਖ਼ੂਬਸੂਰਤ ਗ਼ਜ਼ਲ ਹੋ ਗਈ । (ਕ੍ਰਿਸ਼ਨ ਭਨੋਟ)
ਮੁਆਮਲਾਬੰਦੀ ਜਾਂ ਮੁਹਾਕਾਤ-ਮੁਹਾਕਾਤ ਸ਼ਬਦ ਹਕਾਇਤ ਤੋਂ ਬਣਿਆ ਹੈ, ਹਕਾਇਤ ਦਾ ਅਰਥ ਹੈ ਕਹਾਣੀ ।ਸ਼ਾਇਰਾਨਾ ਜ਼ੁਬਾਨ ਵਿੱਚ ਜਦੋਂ ਕਿਸੇ ਸ਼ਿਅਰ ਵਿੱਚ ਹੁਸਨ, ਇਸ਼ਕ ਦੇ ਮੁਆਮਲੇ ਸਬੰਧੀ ਜ਼ਿਕਰ ਕੀਤਾ ਗਿਆ ਹੋਵੇ ਤਾਂ ਇਸ ਖ਼ੂਬੀ ਨੂੰ
ਮੁਆਮਲਾ ਬੰਦੀ ਕਿਹਾ ਜਾਂਦਾ ਹੈ ।
ਘੜ੍ਹਾ ਕੱਚਾ ਹੀ ਮਿਲਦਾ ਹੈ,ਮੁਹੱਬਤ ਨੂੰ ਝਨਾਂ ਅੰਦਰ,
ਹੁਣੇ ਹੀ ਵਰਜ ਸੋਹਣੀ ਨੂੰ,ਸੰਭਲ ਜਾਵੇ, ਸੰਭਲ ਜਾਵੇ (ਦਾਦਰ ਪੰਡੋਰਵੀ)
ਤਲਮੀਹ- ਤਲਮੀਹ ਦਾ ਅਰਥ, ਕਿਸੇ ਸ਼ਿਅਰ ਵਿੱਚ ਕਿਸੇ ਇਤਿਹਾਸਕ ਜਾਂ ਮਿਥਿਹਾਸਕ ਕਹਾਣੀ ਵੱਲ ਇਸ਼ਾਰਾ ਕਰਨਾ ਹੁੰਦਾ ਹੈ ।ਮੁਆਮਲਾਬੰਦੀ ਅਤੇ ਤਲਮੀਹ ਵਿੱਚ ਸਿਰਫ ਏਨਾ ਹੀ ਫ਼ਰਕ ਹੁੰਦਾ ਹੈ ਕਿ ਮੁਆਮਲਾਬੰਦੀ ਵਿੱਚ ਕਿਸੇ ਹੁਸਨ
ਇਸ਼ਕ ਦੀ ਘਟਨਾ ਦਾ ਜ਼ਿਕਰ ਹੁੰਦਾ ਹੈ ਤੇ ਤਲਮੀਹ ਵਿੱਚ ਕਾਸੇ ਹੋਰ ਇਤਿਹਾਸਕ,ਮਿਥਿਹਾਸਕ ਘਟਨਾ ਦਾ ।
ਉੱਚੇ ਟਿੱਬੇ ਤੋਂ ਸੁਰੀਲੀ ਤਾਨ ਸੁਣਕੇ,
ਵੱਗ ਹੀ ਮੁੜ੍ਹਦੇ ਨੇ ਹੇ ਗੋਪਾਲ ਤੇਰੇ,
ਮੁਕਟ ਲਾਹਕੇ ਜੇ ਵਜਾਉਂਦਾ ਬੰਸਰੀ ਤੂੰ ,
ਸਾਰਾ ਜੰਗਲ ਝੂੰਮਣਾਂ ਸੀ ਨਾਲ ਤੇਰੇ [ (ਜਸਵਿੰਦਰ)
ਏ ਸ ਸ਼ਿਅਰ ਵਿੱਚ ਮਹਾਂਭਾਰਤ ਦੇ ਨਾਇਕ ਕ੍ਰਿਸ਼ਨ ਦਾ ਜ਼ਿਕਰ ਕੀਤਾ ਗਿਆ ਹੈ ।
ਮੁਰਾਤ ਓ ਨਜ਼ੀਰ-ਮੁਰਾਤ ਓ ਨਜ਼ੀ ਰ ਦਾ ਅਰਥ ਹੈ ਜਮਾਂ ਕਰਨਾ ।ਸ਼ਾਇਰਾਨਾ ਜ਼ੁਬਾਨ ਵਿੱਚ ਜਦੋਂ ਕਿਸੇ ਸ਼ਿਅਰ ਵਿੱਚ ਅਜੇਹੇ ਸ਼ਬਦ ਵਰਤੇ ਜਾਣ ਜਿਨ੍ਹਾ ਦਾ ਆਪਸ ਵਿੱਚ ਸਬੰਧਹੋਵੇ,ਏਸ ਖ਼ੂਬੀ ਨੂੰ ਮੁਰਾਤ ਓ ਨਜ਼ੀਰ ਕਿਹਾ ਜਾਂਦਾ ਹੈ {
ਤਜ਼ਾਦ ਜ਼ਾਂ ਤਕਾਬਲ -ਤਜ਼ਾਦ ਦਾ ਅਰਥ ਵਿਰੋਧਤਾ ਤੇ ਤਕਾਬਲ ਦਾ ਅਰਥ ਹੈ ਮੁਕਾਬਲਾ ।ਇਹ ਦੋਵੇਂ ਸਮਅਰਥੀ ਸ਼ਬਦ ਹਨ,ਸ਼ਾਇਰਾਨਾ ਜ਼ੁਬਾਨ ਵਿੱਚ ,ਸ਼ਿਅਰ ਵਿੱਚ ਅਜੇਹੇ ਸ਼ਬਦ ਵਰਤਣੇ,ਜਿਨ੍ਹਾ ਦਾ ਆਪਸੈ ਵਿੋਰੋਧ ਹੋਵੇ ।
ਮਿਸਾਲ ਦੇ ਤੌਰ ਤੇ ਰਾਤ ਦਿਨ ਫੁੱਲ ,ਕੰਡੇ,ਅੱਗ, ਪਾਣੀ ਵਗੈਰਾ ।
ਹੈ ਦਿਲ ਸ਼ੀਸ਼ੇ ਜਿਹਾ ,ਤੇ ਕਰ ਲਿਆ ਇਤਬਾਰ ਪੱਥਰ ਦਾ
,
ਮੈਂ ਟੁੱਟ ਜਾਵਾਂਗੀ,ਜਦ ਟੁੱਟ ਜਾਏਗਾ ਇਕਰਾਰ ਪੱਥਰ ਦਾ ।
(ਅਨੁ ਬਾਲਾ)
ਉਪਰੋਕਤ ਸ਼ਿਅਰ ਵਿੱਚ ਪੱਥਰ ਤੇ ਸ਼ੀਸ਼ੇ ਦਾ ਤਜ਼ਾਦ ਹੈ ।
ਖ਼ੂਬਸੂਰਤ ਟੁਕੜੀਆਂ ਜਾਂ ਤੇਵਰ-,ਸ਼ਿਅਰਾਂ ਵਿੱਚ ਸ਼ਬਦਾਂ ਦੀਆਂ ਟੁਕੜ੍ਹੀਆਂ ਵਰਤਣਾਂ ਵੀ ਖ਼ੂਬੀ ਮੰਨੀ ਜਾਂਦੀ ਹੈ ।ਟੁਕੜ੍ਹੀਆਂ ਵਰਤਣ ਨੂੰ ਤੇਵਰ ਵੀ ਕਿਹਾ ਜਾਂਦਾ ਹੈ ।
ਪੀੜ੍ਹ,ਉਦਾਸੀ,ਬੇਚੈਨੀ ਚੁੱਪ ਤਨਹਾਈ,
ਰੋਜ਼ ਤਿਕਾਲੀਂ ਪਰਤਣ ਬੰਦੇ ਨਾਲ ਘਰੇ । ( ਵਿਜੇ ਵਿਵੇਕ)
ਇਰਸ਼ਾਦ-(ਨਿਗਾਹਬਾਨੀ)ਸ਼ਾਇਰਾਨਾ ਜ਼ੁਬਾਨ ਵਿੱਚ ਅਜੇਹਾ ਸ਼ਿਅਰ ਕਹਿਣਾ ਕਿ ਦੂਜੀ ਤੁਕ ਵਿੱਚ ਲੱਗਣ ਵਾਲਾ ਕਾਫੀਆ ਸਰੋਤੇ ਜ਼ੁਬਾਨ ਤੇ ਅਪਣੇ ਆਪ ਆ ਜਾਵੇ ਆਮ ਤੌਰ ਤੇ ਅਜੇਹਾ ਓਦੋਂ ਹੀ ਹੁੰਦੈ ਜਦੋਂ ਸ਼ਾਇਰ ਚੁਸਤ ਕਾਫੀਆ ਵਰਤਦੇ ਨੇ ।
ਇਸ ਤੋਂ ਤਾਂ ਚੰਗਾ ਉਹ ਮੇਰੇ ਹੋਵੇ ਨਾ ਸਾਮ੍ਹਣੇ,
ਹਰ ਵਾਰ ਆਕੇ ਇਸ ਤਰਾਂ,ਰੋਵੇ ਨਾ ਸਾਮ੍ਹਣੇ ।
ਲਾਹੁਣਾ ਪਵੇਗਾ ਮੁਕਟ ਤੇ ਖੁਰਨੇ ਨੇ ਰੰਗ ਵੀ,
ਤਾਂ ਹੀ ਤਾਂ ਉਹ ਚਿਹਰਾ ਕਦੀ , ਧੋਵੇ ਨਾ ਸਾਮ੍ਹਣੇ । (ਸੁਰਿੰਦਰ ਸੀਹਰਾ)
ਦੂਜੀ ਤੁਕ ਦਾ ਤਾਂ ਹੀ ਤਾਂ ਉਹ ਚਿਹਰਾ ਕਦੀ, ਅਪਣੇ ਆਪ ਹੀ ਸੁਣਨ ਵਾਲੇ ਦੇ ਮੂਹੋਂ,ਅਗਲਾ ਕਾਫੀਆ ,ਧੋਵੇ ਨਿਕਲ ਜਾਂਦਾ
ਹੈ ।
ਈਰਾਦੁ-ਉਲ-ਮਿਸਲ (ਮੁਹਾਵਰੇਬੰਦੀ) ਇਹਦਾ ਸ਼ਾਬਦਿਕ ਅਰਥ ਹੈ ਮਿਸਾਲ ਦੇਣੀ । ਇਹ ਖ਼ੂਬੀ ਸ਼ਿਅਰ ਵਿੱਚ ਉਦੋਂ ਪੈਦਾ ਹੁੰਦੀ ਹੈ ਸ਼ਾਇਰ ਅਪਣੇ ਸ਼ਿਅਰ ਵਿੱਚ ਕੋਈ ਮੁਹਾਵਰਾ ਬੰਨ੍ਹਦਾ ਹੈ ।
ਸਾਵਣ ਦੇ ਅੰਨ੍ਹੇ ਤਾਂ ਭੋਲੇ ਭਾਲੇ ਨੇ,
ਇਨ੍ਹਾਂ ਨੂੰ ਕਿਹੜ੍ਹਾ ਸਮਝਾਏ, ਕੀ ਕਰੀਏ । (ਹਰਦਮ ਸਿੰਘ ਮਾਨ)
ਉਪਰੋਕਤ ਸ਼ਿਅਰ ਵਿੱਚ ਸਾਵਣ,ਦੇ ਅੰਨੇ ਮੁਹਾਵਰਾ ਵਰਤਿਆ ਗਿਆ ਹੈ ।
ਵਾਸੀਆ- ਓ -ਸ਼ਫਤੀਨ- ਵਾਸਿਅ ਦਾ ਅਰਥ ਹੈ ਖੁਲ੍ਹਣਾ, ਸ਼ਫਤੀਨ ਦਾ ਅਰਥ ਹੈ ਦੋਵੇਂ ਬੁੱਲ੍ਹ ।ਇਹ ਗੁਣ ਸ਼ਿਅਰ ਵਿੱਚ ਓਦੋਂ ਪੈਦਾ ਹੁੰਦਾ ਹੈ ਕਿਸੇ ਸ਼ਿਅਰ ਵਿੱਚ ਸਾਰੇ ਅਜੇਹੇ ਸ਼ਬਦ ਹੀ ਵਰਤੇ ਜਾਣ ਜਿਨ੍ਹਾ ਨੂ ਉਚਾਰਦਿਆਂ ਹੋਇਆਂ ਬੁੱਲ੍ਹ
ਆਪੋ ਵਿੱਚ ਨਾ ਮਿਲਣ ।ਹਿੰਦੀ ਪਿੰਗਲ ਵਿੱਚ ਇਸ ਅਲੰਕਾਰ ਦਾ ਨਾਮ ਅਧਰ ਹੈ ।ਪੰਜਾਬੀ ਦੇ ਪੁਰਾਣੇ ਸਟੇਜੀ ਸ਼ਾਇਰ ਖ਼ਾਸ ਤੌਰ ਤੇ ਜਨਾਬ ਫ਼ਿਰੋਜ਼ ਦੀਨ ਸ਼ਰਫ ਤੇ ਉਸਤਾਦ ਸ਼ਾਇਰ, ਹਮਦਮਦੇ ਕਲਾਮ ਵਿੱਚ ਇਹ ਖੂਬੀ ਆਮ ਪਾਈ
ਜਾਂਦੀ ਹੈ । ਉਸਤਤਾਦ ਸ਼ਾਇਰ ਦੀਪਕ ਜੈਤੋਈ ਸਾਹਿਬ ਆਪਣੀ ਕਿਤਾਬ, ਗ਼ਜ਼ਲ ਕੀ ਹੈ, ਵਿੱਚ ਇਸਦੀ ਉਦਾਰਣ ਦਿੰਦੇ ਹਨ ਤਿਰੇ ਹਿੱਸੇ ਹੀ ਆਈ ਹੈ,ਤਿਰੀ ਤਕਦੀਰ ਐ ਸ਼ੀਸ਼ੇ
ਤਿਰੇ ਹੀ ਕੋਲ ਆਕੇ ਉਹ, ਸਦਾ ਲੈਂਦੇ ਨੇ ਅੰਗੜ੍ਹਾਈ ।
ਵਾਸਲ- ਓ ਦੇ -ਸ਼ਫ਼ਤੀਨ, ਵਾਸਲ ਦਾ ਅਰਥ ਹੈ ਮਿਲੇ ਹੋਏ ਤੇ ਸ਼ਫਤੀਨ ਦਾ ਅਰਥ ਹੈ ਦੋਵੇਂ ਬੁੱਲ੍ਹ-ਜਦੋਂ ਕਿਸੇ ਸ਼ਿਅਰ ਵਿੱਚ ਅਜੇਹੇ ਸ਼ਬਦ ਵਰਤੇ ਜਾਣ ਜਿਨ੍ਹਾ ਦੇ ਨਾਲ ਬੁਲ੍ਹ ਮਿਲਦੇ ਹੋਣ ਮਤਲਬ ਹਰ ਸ਼ਬਦ ਪਵਰਗ ਤੋਂ ਸ਼ੁਰੂ ਹੁੰਦਾ ਹੋਵੇ ,
ਭਾਵ ਪ ਫ ਬ ਭ ਮ ਤੋਂ । ਜੈਤੋਈ ਸਾਹਿਬ ਇਸਦੀ ਵੀ ਉਦਾਰਣ ਦਿੰਦੇ ਹਨ-ਮਰ ਗਏ ਮੁੱਹਬਤ ਵਿੱਚ ਭਾਵੇਂ, ਮਨ ਫਿਰ ਵੀ ਮੁਹੱਬਤ ਮੰਗਦਾ ਹੈ ।
ਮੁਦੱਲਲ-ਦਾ ਅਰਥ ਹੈ ਦਲੀਲ ਨਾਲ ਗੱਲ ਕਰਨੀ-ਜਦੋਂ ਕਿਸੇ ਸ਼ਿਅਰ ਵਿੱਚ ਸ਼ਾਇਰ ਦਲੀਲ ਨਾਲ ਆਪਣੀ ਗੱਲ ਸਮਝਾਉਂਦਾ ਹੈ ਤਾਂ ਸ਼ਿਅਰ ਵਿੱਚ ਮੁਦੱਲਲ ਦੀ ਖੂ਼ਬੀ ਪੈਦਾ ਹੋ ਜਾਂਦੀ ਹੈ
ਭੰਵਰ ਦੀ ਥਾਹ ਕਿਵੇਂ ਪਾਵਣ, ਜੁ ਕੰਢਿਆਂ ਤੇ ਖੜ੍ਹੇ,
ਕਿ ਥਾਹ ਉਹ ਪਾ ਸਕਣ ,ਜਿਹੜ੍ਹੇ ਭੰਵਰ ਵਿਚਾਲੇ ਹੋਣ (ਕ੍ਰਿਸ਼ਨ ਭਨੋਟ)
ਉਪਰੋਕਤ ਸ਼ਿਅਰ ਵਿੱਚ ਦਲੀਲ ਨਾਲ ਇਹ ਗੱਲ ਸਮਝਾਈ ਗਈ ਕਿ ਕੰਢਿਆਂ ਤੇ ਖੜ੍ਹ ਕੇ ਪਾਣੀ ਦੀ ਗਹਿਰਾਈ ਨਹੀਂ ਮਾਪੀ ਜਾ ਸਕਦੀ ਸੋ ਏਥੇ ਮੁਦੱਲਲ ਦੀ ਖ਼ੂਬੀ ਆ ਗਈ ਹੈ।
ਮੰਜ਼ਰਕਸ਼ੀ -(ਦ੍ਰਿਸ਼-ਚਿਤਰਣ) ਸ਼ਿਅਰ ਵਿੱਚ ਇਹ ਗੁਣ ਉਦੋਂ ਪੈਦਾ ਹੁੰਦਾ ਹੈ ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਸ਼ਬਦਾਂ ਦੀ ਅਜੇਹੀ ਕਾਰੀ ਗਰੀ ਦਿਖਾਉਂਦਾ ਹੈ ਕਿ ਪਾਠਕ ਜਾਂ ਸਰੋਤੇ ਅੱਗੇ ਇੱਕ ਜੀਵੰਤ ਦ੍ਰਿਸ਼ ਸਾਕਾਰ ਹੋ ਉਠਦਾ ਹੈ ।
ਪਰਿੰਦੇ ਉਡ ਗਏ ਤਾਂ ਓਸ ਟਹਿਣੀ ਨਾਲ ਪੱਤੇ,
ਵਿਦਾਈ ਦੀ ਅਦਾ ਵਿੱਚ ,ਦੇਰ ਤੱਕ ਹਿਲਦੇ ਰਹੇ ਨੇ । (ਕ੍ਰਿਸ਼ਨ ਭਨੋਟ)
ੳਪਰੋਕਤ ਸ਼ਿਅਰ ਵਿੱਚ ਪੰਛੀ ਦੇ ਉੱਡਣ ਤੋਂ ਮਗਰੋਂ ਟਹਿਣੀ ਨਾਲ ਪੱਤੇ ਹਿੱਲਣ ਦ੍ਰਿਸ਼ ਅੱਖਾਂ ਅੱਗੇ ਸਾਕਾਰ ਹੋ ਉਠਦਾ ਹੈ ।
-ਤਮਸੀਲ - ਦਾ ਅਰਥ ਹੈ ਮਿਸਾਲ ਦੇਕੇ ਆਪਣੀ ਗੱਲ ਸਮਝਾਉਣੀ-ਜਦੋਂ ਕਵੀ ਆਪਣੇ ਸ਼ਿਅਰ ਵਿੱਚ ਕਿਸੇ ਚੀਜ਼ ਦੀ ਮਿਸਾਲ ਦੇਕੇ ਆਪਣੀ ਗੱਲ ਸਮਝਾਊਂਦਾ ਹੈ ਤਾਂ ਏਸ ਖ਼ੂਬੀ ਨੂੰ ਤਮਸੀਲ ਆਖਦੇ ਹਨ,
ਅਸਾਡੀ ਤੁਹਾਡੀ ਮੁਲਾਕਾਤ ਹੋਈ,
ਜਿਵੇਂ ਸੜ੍ਹਦੇ ਜੰਗਲ ਤੇ ਬਰਸਾਤ ਹੋਈ (। ਸੁਰਜੀਤ ਪਾਤਰ)
ਉਪਰੋਕਤ ਸ਼ਿਅਰ ਵਿੱਚ ਸੜ੍ਹਦੇ ਜੰਗਲ ਤੇ ਬਰਸਾਤ ਹੋਣ ਦੀ ਮਿਸਾਲ ਦੇਕੇ ਮੁਲਾਕਾਤ ਦੀ ਸ਼ਿਦਤ ਨੂੰ ਬਿਆਨ ਕੀਤਾ ਗਿਆ ਹੈ
ਲਿਫ-ਨਸ਼ਰ-(ਲਪੇਟਣਾ-ਫੈਲਾਉਣਾ)-ਲਿਫ ਅਰਥ ਹੈ ਲਪੇਟਣਾ ਤੇ ਨਸ਼ਰ ਦਾ ਅਰਥ ਹੈ ਫੈਲਾਉਣਾ-ਜਦੋਂ ਕਿਸੇ ਸ਼ਿਅਰ ਵਿੱਚ ਕੁਝ ਅਜੇਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾਵੇ ਜਿਨ੍ਹਾ ਦਾ ਆਪਸ ਵਿੱਚ ਸਬੰਧ ਹੋਵੇ ।
ਅੱਗ ਨੂੰ ਨਦੀ ਨੂੰ ਪੌਣ ਨੂੰ ਮਿਲਿਆ ਹਾਂ ਸਿਰਫ ਮੈਂ,
ਇਕ ਸਾੜ੍ਹੇ, ਦੂਜੀ ਖੋਰਦੀ, ਤੀਜੀ ਬਿਖੇਰਦੀ ,(ਵਿਜੇ ਵਿਵੇਕ)
ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਅੱਗ ਦਾ, ਨਦੀ ਦਾ, ਤੇ ਪੌਣ ਦਾ ਜ਼ਿਕਰ ਆਇਆ ਹੈ ਅੱਗ ਦਾ ਸਬੰਧ ਸਾੜ੍ਹਨ ਨਾਲ ,ਨਦੀ ਦਾ ਸਬੰਧ ਖੋਰਨ ਨਾਲ,ਤੇ ਹਵਾ ਸਬੰਧ ਬਿਖੇਰਨ ਨਾਲ ਹੈ । ਏਸ ਤਰ੍ਹਾਂ ਏਸ ਸ਼ਿਅਰ ਵਿੱਚ ਲਫ -ਨਸ਼ਰ ਦੀ ਖ਼ੂਬੀ
ਪੈਦਾ ਹੋ ਗਈ ਹੈ ।
ਹਜਵ ਮਲੀਹ-ਇਸਦਾ ਅਰਥ ਹੈ ਅਜੇਹੇ ਸਬਦਾਂ ਵਿੱਚ ਤਾਰੀਫ ਕੀਤੀ ਜਾਵੇ ਜਿਹੜ੍ਹੀ ਦੇਖਣ ਵਿੱਚ ਤਾਂ ਤਾਰੀਫ ਲੱਗੇ ਪਰ ਹੋਵੇ ਨਿੰਦਿਆ,
ਓਸ ਦਾ ਧੂੰਆਂ ਤਾਂ ਸਾਰੀ ਛੱਤ ਕਾਲੀ ਕਰ ਗਿਆ,
ਜੋ ਅਸੀਂ ਦੀਵਾ ਜਗਾਇਆ ਸੀ ਤੁਹਾਡੀ ਯਾਦ ਵਿੱਚ। (ਸਤੀਸ਼ ਗੁਲਾਟੀ)
ੳਪਰੋਕਤ ਸ਼ਿਅਰ ਵਿੱਚ ਦੇਖਣ ਨੂੰ ਤਾਂ ਭਾਵੇਂ ਸਿਫਤ ਕੀਤੀ ਗਈ ਹੈ ਪਰ ਅਸਲ ਵਿੱਚ ਹੈ ਇਹ ਨਿੰਦਿਆ।
ਕੌਲ- ਬਿਲ-ਮੂਜਬ (ਕਿਸੇ ਧਾਰਨਾ ਜਾਂ ਅਖਾਣ ਦੇ ਉਲਟ ਅਰਥ ਕੱਢਣੇ) ਜਦੋਂ ਸ਼ਾਇਰ ਕਿਸੇ ਪ੍ਰਚਲਤ ਧਾਰਨਾ ਜਾਂ ਅਖਾਣ ਦੇ ਉਲਟ ਅਰਥ ਕੱਢੇ ਪਰ ਹੋਣ ਉਹ ਬਾ-ਦਲੀਲ।
ਦੁਨੀਆਂ ਤੇ ਨ ਥਿਰ ਕੁਝ ਵੀ, ਕਹਿੰਨੇ ਓਂ ਤਾਂ ਮੰਨ ਲਈਏ,
ਪਰ ਦਰਦ ਤੁਸੀਂ ਦੱਸੋ,ਕਿੳਂ ਦਿਲ ਚ,ਠਹਿਰ ਜਾਵੇ। (ਕ੍ਰਿਸ਼ਨ ਭਨੋਟ)
ਉਪਰੋਕਤ ਸ਼ਿਅਰ ਵਿੱਚ ਕਿ ਦੁਨੀਆਂ ਤੇ ਕੁਝ ਵੀ ਥਿਰ ਨਹੀਂ ਦੀ ਧਾਰਨਾ ਦੇ ਬਾ-ਦਲੀਲ ਉਲਟ ਅਰਥ ਕੱਢੇ ਗਏ ਹਨ
ਇਖ਼ਤਿਸਾਰ-(ਕੁੱਜੇ ਵਿੱਚ ਸਾਗਰ ਬੰਦ ਕਰਨਾ)-
ਪਲ ਕੁ ਲਗਦੈ ਜ਼ਖ਼ਮ ਡੂੰਘਾ ਕਰਨ ਤੇ
ਉਮਰ ਲਗ ਜਾਂਦੀ ਹੈ ਲੇਕਿਨ ਭਰਨ ਤੇ। ( ਸਤੀਸ਼ ਗੁਲਾਟੀ )
ਮੁਕੱਦਰ-ਮੁਕੱਦਰ ਦੇ ਅਰਥ ਹਨ ਅੰਦਾਜ਼ਾ ਕੀਤਾ ਗਿਆ।ਮੁਕੱਦਰ - ,ਸ਼ਿਅਰ ਦੀ ਉਸ ਖ਼ੂਬੀ ਨੂੰ ਕਿਹਾ ਜਾਂਦਾ ਹੈ ਜਦੋਂ ਸ਼ਿਅਰ ਵਿੱਚ ਕੋਈ ਸ਼ਬਦ ਲਿਆਂਦਾ ਤਾਂ ਨਾ ਗਿਆ ਹੋਵੇ ਪਰ ਸ਼ਿਅਰ ਜੜ੍ਹੇ ਸ਼ਬਦਾਂ ਦੀ ਸੁਚੱਜਤਾ ਸਾਫ ਦੱਸੇ ਕਿ ਇਸ ਵਿੱਚ ਫਲਾਨਾ ਸ਼ਬਦ ਮੁਕੱਦਰ
ਹੈ ਯਾਨੀ ਸ਼ਿਅਰ ਵਿੱਚ ਕਿਸੇ ਸ਼ਬਦ ਦੇ ਨਾ ਹੋਣ ਦੇ ਬਾਵਜੂਦ ਇਹ ਅੰਦਾਜ਼ਾ ਕਰ ਲਿਆ ਜਾਂਦੈਂ ਕਿ ਇਸ ਵਿੱਚ ਇਹ ਸ਼ਬਦ ਮੁਕੱਦਰ ਹੈ-
ਚਿਰਾਂ ਤੋਂ ਦਰ - ਬ-ਦਰ ਰੁਲਦੇ ਰਹੇ, ਕੁਝ ਬਣਨ ਦੀ ਖ਼ਾਤਰ,
ਜਦੋਂ ਪਰਤੇ, ਤਾਂ ਗਲ ਲੱਗ ਰੋ ਪਿਆ, ਵੀਰਾਨ ਘਰ ਯਾਰੋ
ਉਪਰੋਕਤ ਸ਼ਿਅਰ ਵਿੱਚ ਅਸੀਂ ਸ਼ਬਦ ਮੁਕੱਦਰ ਹੈ ਮਤਲਬ ਕਿ ਜਦੋਂ ਅਸੀਂ ਕੁਝ ਬਣਨ ਦੀ ਖ਼ਾਤਰ ਦਰ -ਬ-ਦਰ ਰੁਲਕੇ ਘਰ ਪਰਤੇ ਤਾਂ ਵੀਰਾਨ ਘਰ ਸਾਡੇ ਗਲ਼ ਲੱਗਕੇ ਰੋ ਪਿਆ।
ਇਸ਼ਤਕਾਕ ਦਾ ਅਰਥ ਹੈ ਇੱਕ ਸ਼ਬਦ ਤੋਂ ਦੂਜਾ ਸ਼ਬਦ ਬਣਾਉਣਾ। ਇਸ਼ਤਕਾਕ ਉਸ ਕਾਰੀਗਰੀ ਦਾ ਨਾਂ ਹੈ
-ਜਦੋਂ ਸ਼ਿਅਰ ਵਿੱਚ ਦੋ ਸ਼ਬਦ ਅਜੇਹੇ ਲਿਆਂਦੇ ਜਾਣ ਜਿਹੜ੍ਹੇ ਇੱਕੋ ਜੜ੍ਹ ਤੋਂ ਨਿੱਕਲੇ ਹੋਣ ,
ਬੜੀ ਮੁਸ਼ਕਲ ਚ, ਛੱਡਿਆ ਸਾਥ ਜਦ ਯਾਰਾਂ,ਬੜੀ ਹੋਈ,
ਘੜ੍ਹੀ ਔਖੀ ਚ, ਬਹੁੜ੍ਹੀ ਹੱਥ ਦੀ ਕਿਸਮਤ ਘੜ੍ਹੀ ਹੋਈ। ( ਤਰਲੋਕ ਜੱਜ)
ਉਪਰੋਕਤ ਸ਼ਿਅਰ ਵਿੱਚ ਬੜੀ ਸ਼ਬਦ ਦੋ ਅਰਥਾਂ ਵਿੱਚ ਆਇਆ ਤੇ ਏਸੇ ਤਰਾਂ ਘੜ੍ਹੀ ਸ਼ਬਦ ਵੀ ਦੋ ਅਰਥਾਂ ਵਿੱਚ।
ਤਫਰੀਕ-ਤਫਰੀਕ ਦਾ ਅਰਥ ਹੈ ਫਰਕ ਦੱਸਣਾ -ਜਦੋਂ ਕਿਸੇ ਸ਼ਿਅਰ ਵਿੱਚ ਸ਼ਾਇਰ ਇੱਕ ਚੀਜ਼ ਦਾ ਦੂਸਰੀ ਨਾਲੋਂ ਫਰਕ ਦਰਸਾਉਂਦਾ ਹੈ ਉਦੋਂ ਸ਼ਿਅਰ ਵਿੱਚ ਤਫਰੀਕ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ-
ਭਰਿਆ ਭਰਿਆ ਇੱਕ, ਤੇ ਇੱਕ ਖ਼ਾਲੀ ਖ਼ਾਲੀ,
ਕਿੰਨਾ ਅੰਤਰ, ਤੇਰੇ ਮੇਰੇ ਪੱਲੇ ਵਿੱਚ ( ਕ੍ਰਿਸ਼ਨ ਭਨੋਟ)
ਉਪਰੋਕਤ ਸ਼ਿਅਰ ਵਿੱਚ ਦੋਨਾਂ ਪੱਲਿਆਂ ਵਿੱਚ ਅੰਤਰ ਦਰਸਾਇਆ ਗਿਆ ਹੈ,ਇਸ ਕਰਕੇ ਇਸ ਵਿੱਚ ਤਫਰੀਕ ਦਾ ਗੁਣ ਪੈਦਾ ਹੋ ਗਿਆ ਹੈ।
ਰਜੁਅ (ਕਹਿਕੇ ਮੁੱਕਰ ਜਾਣਾ)ਇਹ ਗੁਣ ਸ਼ਿਅਰ ਵਿੱਚ ਓਦੋਂ ਪੈਦਾ ਹੁੰਦਾ ਹੈ ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਕਿਸੇ ਚੀਜ਼ ਨੂੰ ਪਹਿਲਾਂ ਇੱਕ ਚੀਜ਼ ਨਾਲ ਤੁਲਨਾ ਦਿੰਦਾ ਹੈ ਤੇ ਫਿਰ ਆਪ ਹੀ ਉਸ ਤੋਂ ਮੁੱਕਰਕੇ ਉਸ ਚੀਜ਼ ਦੀ ਕਿਸੇ ਦੂਜੀ ਚੀਜ਼ ਨਾਲ ਤਸ਼ਬੀਹ ਕਰ
ਦਿੰਦਾ ਹੈ-ਤੇਰਾ ਮੁਖੜ੍ਹਾ ਗੁਲਾਬ ਵਰਗਾ ਹੈ,
ਜੀ ਨਹੀਂ ਆਫ਼ਤਾਬ ਵਰਗਾ ਹੈ।
ਉਪਰੋਕਤ ਸ਼ਿਅਰ ਵਿੱਚ ਪਹਿਲਾਂ ਸ਼ਾਇਰ ਮਹਿਬੂਬ ਦੇ ਮੁਖੜ੍ਹੇ ਨੂੰ ਗੁਲਾਬ ਨਾਲ ਤਸ਼ਬੀਹ ਦਿੰਦਾਂ ਹੈ ,ਫੇਰ ਅਪਣੀ ਗੱਲ ਤੋਂ ਮੁੱਕਰਕੇ ਮੁਖੜ੍ਹੇ ਦੀ ਤੁਲਨਾ ਆਫ਼ਤਾਬ ਨਾਲ ਕਰ ਦਿੰਦਾ ਹੈ।
ਤਸੱਵਫ਼-(ਸੂਫੀਆਨਾ ਰੰਗ)-ਗ਼ਜ਼ਲ ਵਿੱਚ ਸੂਫੀਆਨਾ ਰੰਗ ਵੀ ਕਮਾਲ ਪੈਦਾ ਕਰਦਾ ਹੈ, ਕੋਈ ਵਕ਼ਤ ਸੀ ਜਦੋਂ ਗ਼ਜ਼ਲ ਦੇ ਤਿੰ ਨ ਵਿਸ਼ੇਸ਼ ੍ਰੰਗ ਮੰਨੇ ਜਾਂਦੇ ਸਨ, ਆਸ਼ਕਾਨਾ, ਰਿੰਦਾਨਾ,ਤੇ ਸੂਫ਼ੀਆਨਾ ।
ਹਵਾ ਇਸ ਬੁਲਬਲੇ ਦੀ ਫਿਰ, ਹਵਾ ਵਿੱਚ ਜਾਣ ਵਾਲੀ ਹੈ,
ਲਿਆਈ ਸੀ ਹਵਾ ਮੈਨੂੰ, ਲਿਜਾਏਗੀ ਹਵਾ ਮੈਨੂੰ। (ਉਲਫ਼ਤ ਬਾਜਵਾ)
ਉਪਰੋਕਤ ਸ਼ਿਅਰ ਵਿੱ ਚ ਜ਼ਿ ਦਗੀ ਤੇ ਮੌਤ ਸਬੰਧੀ ਚਰਚਾ ਕੀਤੀ ਗਈ ਹੈ ਇਸ ਨਾਲ ਸ਼ਿਅਰ ਵਿੱਚ ਤਸੱਵਫ਼ ਦਾ ਰੰਗ ਪੈਦਾ ਹੋ ਗਿਆ ਹੈ।
ਕਨਾਇਆ-(ਰਮਜ਼)-ਗ਼ਜ਼ਲ ਦੇ ਸ਼ਿਅਰਾਂ ਵਿੱਚ ਸਪਾਟ ਬਿਆਨੀ ਨਹੀਂ ਕੀਤੀ ਜਾ ਸਕਦੀ,ਰਮਜ਼ ਤੇ ਇਸ਼ਾਰਾ ਗ਼ਜ਼ਲ ਦੀ ਜਿੰਦ-ਜਾਨ ਹੁੰਦੇ ਹਨ।ਸਾਡੇ ਲੋਕ ਗੀਤਾਂ ਵਿੱਚ ਵੀ ਇਹ ਰਮਜ਼ ਹੀ ਪ੍ਰਧਾਨ ਹੈ,ਲਓ ਲੋਕ ਗੀਤ ਦੀ ਹੀ ਇੱਕ ਮਿਸਾਲ ਪੇਸ਼ ਹੈ-
ਪੱਲਾ ਮਾਰਕੇ ਬੁਝਾ ਗਈ ਦੀਵਾ,
ਅੱਖ ਨਾਲ ਗੱਲ ਗੱਲ ਕਰ ਗਈ।
ਉਪਰੋਕਤ ਲੋਕ ਬੋਲੀ ਵਿੱਚ ਕਿੰਨਾ ਖ਼ੂਬਸੂਰਤ ਇਸ਼ਾਰਾ ਕੀਤਾ ਗਿਆ ਹੈ।
ਸ਼ੋਖੀ-ਇਸਦਾ ਅਰਥ ਚੁਲਬਲਾਪਣ, ਸ਼ਰਾਰਤ ਹੈ,ਪੁਰਾਣੇ ਸ਼ਾਇਰ ਆਪਣੇ ਸ਼ਿਅਰਾਂ ਵਿੱਚ ਸਾਕੀ, ਜਾਮ , ਸੁਰਾਹੀ ਮੈਅਕਦਾ ਆਦਿ ਨਾਲ ਸ਼ਿਅਰਾਂ ਵਿੱਚ ,ਸ਼ੋਖੀ ਪੈਦਾ ਕਰ ਲੈਂਦੇ ਸਨ-ਮਿਸਾਲ ਵਜੋਂ ਇੱਕ ਉਰਦੂ ਸ਼ਿਅਰ ਹਾਜ਼ਰ ਹੈ-
ਮੈਅਕਦੇ ਮੇਂ ਆਪ ਕੈਸੇ ,ਸ਼ੈਖ਼ ਜੀ,
ਹਮ ਦੋ ਬੈਠੇ ਹੈਂ ਜ਼ਰੂਰੀ ਕਾਮ ਸੇ। ( ਸਰਦਾਰ ਪੰਛੀ)
ਉਪਰੋਕਤ ਸ਼ਿਅਰ ਵਿੱਚ ਇੱਕ ਰਿੰਦ ਯਾਨੀ ਸ਼ਰਾਬੀ ਦਾ ਇੱਕ ਸ਼ੈਖ਼ (ਪਰਹੇਜ਼ਗਾਰ ,ਜਿਹੜ੍ਹਾ ਸ਼ਰਾਬ ਨਹੀਂ ਪੀਂਦਾ) ਨੂੰ ਠੇਕੇ ਵਿੱਚ ਦੇਖਕੇ,ਇਹ ਸਵਾਲ ਪੁੱਛਣਾ ਕੀ ਉਹ ਠੇਕੇ ਵਿੱਚ ਕਿਵੇਂ ਆਇਆ ਹੈ ਤੇ ਆਪਣੇ ਬਾਰੇ ਕਹਿਣਾ ਕਿ ਮੈਂ ਤਾਂ ਭਲਾ ਜ਼ਰੂਰੀ ਕੰਮ ਆਇਆਂ ਹਾਂ ਸ਼ਿਅਰ ਵਿੱਚ ਲੋਹੜ੍ਹੇ ਦੀ ਸ਼ੋਖ਼ੀ ਪੈਦਾ ਕਰ ਦਿੰਦਾ ਹੈ।
ਫ਼ਬਤੀ-ਫ਼ਬਤੀ ਦਾ ਅਰਥ ਇਸ ਤਰਾਂ ਦੀ ਤਸ਼ਬੀਹ ਹੁੰਦਾ ਹੈ -ਜਦੋਂ ਇੱਕ ਚੀਜ਼ ਨੂੰ ਦੂਸਰੀ ਦੇ ਬਰਾਬਰ ਦੱਸਕੇ ਵਿਅੰਗ ਕਸਿਆ ਜਾਂਦਾ ਹੈ ,ਜਿਵੇਂ ਜੇ ਕੋਈ ਕਾਲਾ ਕਲੂਟਾ ਬੰਦਾ ਸਰ੍ਹੋਂ ਦੇ ਖਿੜ੍ਹੇ ਹੋਏ ਖੇਤ ਵਿੱਚ ਫਿਰਦਾ ਹੋਵੇ ਤਾਂ ਇਹ ਕਿਹਾ ਜਾਵੇ ਕਿ ਦੇਖੋ ਸਰ੍ਹੋਂ ਦੇ ਖੇਤ ਵਿੱਚ ਝੋਟਾ ਫਿਰਦਾ ਹੈ ।
ਤਸ਼ਬੀਹ ਅਤੇ ਫ਼ਬਤੀ ਵਿੱਚ ਫਰਕ ਏਨਾ ਕੁ ਹੁੰਦਾ ਹੈ ਕਿ ਤਸ਼ਬਬੀਹ ਤਾਂ ਥੋੜ੍ਹੇ ਬਹੁਤੇ ਫਰਕ ਨਾਲ ਦਿੱਤੀ ਜਾ ਸਕਦੀ ਹੈ ਪਰ ਫ਼ਬਤੀ ਓਨੀ ਦੇਰ ਨਹੀਂ ਕਸੀ ਜਾ ਸਕਦੀ ਜਿੰਨੈ ਦੇਰ ਹੂ-ਬ-ਹੂ ਨਾ ਮਿਲਦੀ ਹੋਵੇ , ਸਰ੍ਹੋਂ ਦੇ ਵਿੱਚ ਕਾਲਾ ਬੰਦੇ ਨੂੰ ਝੋਟਾ ਆਖਕੇ ਵਿਅੰਗ ਕਸਿਆ ਗਿਆ ਹੈ ਕਹਿਣ ਦਾ ਮਤਲਬ ਕਿ ਫ਼ਬਤੀ ਵਿੱਚ ਵਿਅੰਗ ਦੀ ਪੁੱਠ ਜ਼ਰੂਰੀ ਹੈ ।ਜਿਵੇਂ-
ਹਨ੍ਹੇਰੀ ਰਾਤ ਦੇ ਵਿੱਚ, ਹਬਸ਼ਣਾ ਕੁੜ੍ਹੀਆਂ ਜਦੋਂ ਨੱਚੀਆਂ,
ਨਜ਼ਰ ਆਇਆ ਜਿਵੇਂ, ਭੂਤਾਂ ਨੇ ਤੀਆਂ ਲਾਈਆਂ ਹੋਈਆਂ ਨੇ ।
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਹਨ੍ਹੇਰੀ ਰਾਤ ਵਿੱਚ ਨੱਚ ਰਹੀਆਂ ਹਬਸ਼ਣਾ ਕੁੜ੍ਹੀਆਂ ਨੂੰ ਭੂਤਾਂ ਕਹਿਕੇ ਫ਼ਬਤੀ ਕਸੀ ਹੈ
ਸਾਦਗੀ-ਸਾਦਗੀ ਸ਼ਿਅਰ ਦੀ ਸਭ ਤੋਂ ਵੱਡੀ ਖੂਬੀ ਮੰਨੀ ਜਾਂਦੀ ਹੈ ,ਸਾਦਗੀ ਭਰਪੂਰ ਸ਼ਿਅਰ ,ਪੜ੍ਹਨ ਸੁਣਨ ਵਾਲੇ ਦੀ ਜ਼ੁਬਾਨ ਤੇ ਝੱਟ ਪੱਟ ਚੜ੍ਹ ਜਾਂਦਾ ਹੈ । ਸਾਦਗੀ ਐਵੇਂ ਨਹੀਂ ਆ ਜਾਂਦੀ ਇਸ ਵਾਸਤੇ ਉਮਰ ਭਰ ਦੀ ਸਾਧਨਾ ਦਰਕਾਰ ਹੁੰਦੀ
ਹੈ
ਇਹ ਲੜ੍ਹਾਈ ਜ਼ਿੰਦਗੀ ਦੀ, ਮੈਂ ਲੜ੍ਹਾਂਗੀ ਉਮਰ ਭਰ,
ਮੈਂ ਨਹੀਂ ਸੁਕਰਾਤ ਜਿਸਨੇ, ਜ਼ਹਿਰ ਹਸਕੇ ਪੀ ਲਿਆ ।
ਉਪਰੋਕਤ ਸ਼ਿਅਰ ਵਿੱਚ ਸ਼ਾਇਰਾ ਨੇ ਬੜ੍ਹੇ ਸਿੱਧੇ ਸਾਦੇ ਢੰਗ ਨਾਲ ਆਪਣੀ ਵਿਚਾਰਧਾਰਾ ਦਾ ਇਜ਼ਹਾਰ ਕੀਤਾ ਹੈ ।
ਪੁਖ਼ਤਗੀ -ਪੁਖ਼ਤਗੀ ਦਾ ਅਰਥ ਮਜ਼ਬੂਤੀ ,ਬਿਆਨ ਦਾ ਜ਼ੋਰ ਹੈ । ਸ਼ਾਇਰ ਦੇ ਕਲਾਮ ਵਿੱਚ ਜਿੰਨੀ ਪੁਖ਼ਤਗੀ ਹੋਵੇਗੀ ਉਹ
ਓਨਾ ਹੀ ਮਕਬੂਲ ਹੋਵੇਗਾ
ਪਲਾਂ ਵਿੱਚ ਕਰ ਲਈ ਉਸਨੇ, ਸ਼ਨਾਖ਼ਤ ਮੇਰੀ ਸ਼ਿੱਦਤ ਦੀ,
ਅਜੇ ਨਾ ਬੁੱਲ੍ਹ ਫਰਕੇ ਸੀ,ਨਾ ਦੱਸਿਆ ਸੀ ਮੈਂ ਸਿਰਨਾਵਾਂ । ( ਦੇਵਿੰਦਰ ਦਿਲਰੂਪ )
ਉਪਰੋਕਤ ਸ਼ਿਅਰ ਵਿੱਚ ਬਿਆਨ ਦੀ ਪੁਖ਼ਤਗੀ ਦੇਖਣਯੋਗ ਹੈ ।
ਰੱਦੋ- ਉਲ-ਅਜ਼ਿਜ਼, ਅਲੀ -ਉਲ ਸਦਰ-(ਪਿੱਛਲਾ ਸ਼ਬਦ ਪਹਿਲਾਂ ਤੇ ਪਹਿਲਾ ਮਗਰੋਂ ਲਿਆਉਣਾ )-ਸ਼ਿਅਰ ਦੀ ਬਣਤਰ ਪੱਖੋਂ ਸ਼ਿਅਰ ਦੇ ਚਾਰ ਹਿੱਸੇ ਹੁੰਦੇ ਹਨ,ਪਹਿਲੀ ਤੁਕ ਦੇ ਪਹਿਲੇ ਸ਼ਬਦ ਨੂੰ ਸਦਰ ਕਿਹ ਜਾਂਦਾ ਹੈ ਤੇ ਅਖੀਰਲੇ
ਸ਼ਬਦ ਨੂੰ ਅਰੂਜ਼,ਦੂਜੀ ਤੁਕ ਦੇ ਪਹਿਲੇ ਸ਼ਬਦ ਨੂੰ ਇਬਤਦਾ ਕਹਿੰਦੇ ਹਨ ਤੇ ਮਗਰਲੇ ਨੂੰ ਅਜ਼ਿਜ਼ । ਇਨ੍ਹਾਂ ਚਾਰਾਂ ਸ਼ਬਦਾਂ ਦੇ ਆਪਸ ਵਿੱਚ ਸਥਾਨ ਬਦਲਣ ਨੂੰ ਹੀ ਰੱਦੋ-ਉਲ -ੳਜ਼ਿਜ਼ ਅਲੀ-ਉਲ -ਸਦਰ ਕਿਹਾ ਜਾਂਦਾ ਹੈ।ਜਦੋਂ ਸ਼ਾਇਰ ਆਪਣੇ
ਕਿਸੇ ਸ਼ਿਅਰ ਵਿੱਚ ਪਹਿਲੀ ਤੁਕ ਦੇ ਸ਼ਬਦਾਂ ਨੂੰ ਦੂਜੀ ਤੁਕ ਵਿੱਚ ਉਲਟਾ ਦਿੰਦਾ ਤਾਂ ਉਸ ਵਿੱਚ ਉਪਰੋਕਤ ਗੁਣ ਪੈਦਾ ਹੋ ਜਾਂਦਾ ਹੈ,
ਮਿਰੇ ਦੋਸਤੋ ਇਹ ਜ਼ਮਾਨਾ ਬੁਰਾ
ਜ਼ਮਾਨਾ ਬੁਰਾ ਇਹ ਮਿਰੇ ਦੋਸਤੋ।
ਮਅਕੂਸ- ਮਾਅਕੂਸ ਸ਼ਬਦ ਅਕਸ ਤੋਂ ਬਣਿਆ ਹੈ ਜਿਸਦਾ ਅਰਥ ਹੈ ਪ੍ਰਤੀਬਿੰਬ ਯਾਨੀ ਪ੍ਰਛਾਈ-ਇਸਦਾ ਅਰਥ ਉਲਟਾ ਵੀ ਹੁੰਦਾ ਹੈ ਕੋਈ ਸ਼ਾਇਰ ਜਦੋਂ ਆਪਣੇ ਸ਼ਿਅਰ ਵਿੱਚ ਦੋ ਅਜੇਹੇ ਸ਼ਬਦ ਵਰਤਦਾ ਹੈ ਜੇ ਉਨ੍ਹਾਂ ਨੂੰ ਉਲਟਾਇਆ ਜਾਵੇ ਤਾਂ ਉਹ ਇੱਕ ਦੂਜੇ ਵਰਗੇ ਬਣ ਜਾਂਦੇ ਹਨ। ਜਦੋਂ ਅਸੀਂ ਸ਼ੀਸ਼ਾ ਦੇਖਦੇ ਹਾਂ ਤਾਂ ਸਾਡਾ ਅਕਸ ਯਾਨੀ ਬਿੰਬ ,ਉਲਟਾ ਦਿਸਦਾ ਹੈ,ਪ੍ਰਤੀਬਿੰਬ ਨਜ਼ਰ ਆਂਉਦਾ ਹੈ । ਮਿਸਾਲ ਵਜੋਂ-
ਤਾਰ ਦਿਲ ਵਿੱਚ ਫਿਰੀ ਹੈ ਮਿਰੇ ਜਿਸ ਤਰਾਂ,
ਰਾਤ ਭਰ ਹੀ ਤੁਸੀਂ ਯਾਦ ਆਂਉਦੇ ਰਹੇ ।
ਉਪਰੋਕਤ ਸ਼ਿਅਰ ਵਿੱਚ ਪਹਿਲੀ ਤੁਕ ਦਾ ਸ਼ਬਦ ਤਾਰ ਦੂਜੀ ਤੁਕ ਵਿੱਚ ਉਲਟਕੇ ਰਾਤ ਬਣ ਗਿਆ ਹੈ ।ਇਸੇ ਤਰਾਂ ਜੇ ਅਸੀਂ ਰਾਤ ਸ਼ਬਦ ਨੂੰ ਉਲਟਾ ਦੇਈਏ ਤਾਂ ਉਹ ਤਾਰ ਬਣ ਜਾਵੇਗਾ।
ਇਸ ਤਰਾਂ ਇਸ ਸ਼ਿਅਰ ਵਿੱਚ ਮਾਅਕੂਸ ਦੀ ਖ਼ੂਬੀ ਪੈਦਾ ਹੋ ਗਈ ।
ਪੁਖ਼ਤਗੀ-ਪੁਖ਼ਤਗੀ ਦਾ ਅਰਥ ਹੈ ਮਜ਼ਬੂਤੀ,ਯਾਨੀ ਬਿਆਨ ਦਾ ਜ਼ੋਰਦਾਰ ਹੋਣਾ। ਸ਼ਿਅਰਾ ਵਿੱਚ ਪੁਖ਼ਤਗੀ ਹੀ ਸ਼ਿਅਰਾਂ ਨੂੰ ਖ਼ੂਬਸੂਰਤੀ ਬਖ਼ਸ਼ਦੀ ਹੈ ਕੱਚਾ ਪਿੱਲਾ ਸ਼ਿਅਰ ਸੁਣਨ ਜਾਂ ਪੜ੍ਹਨ ਵਾਲੇ ਦੇ ਮਨ ਤੇ ਅਸਰ ਨਹੀਂ ਪਾਉਂਦਾ।
ਆਮ ਇਨਸਾਨ ਹਾਂ ਮੈਂ ,ਸਿਕੰਦਰ ਨਹੀਂ,
ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖਾਂਹਿਸ਼ ਕੋਈ,
ਇਹ ਜ਼ਮਾਨਾ ਤਾਂ ਐਵੇਂ ਫਤਹਿ ਹੋ ਗਿਆ,
ਸਿਰਫ਼ ਤੈਨੂੰ ਫ਼ਤਹਿ ਕਰਦਿਆਂ,ਕਰਦਿਆਂ । ( ਸੁਰਜੀਤ ਸਖੀ )
ਉਪਰੋਕਤ ਸ਼ਿਅਰ ਵਿੱਚ ਬਿਆਨ ਦੀ ਪੁਖ਼ਤਗੀ ਮੱਲੋਮੱਲੀ ਧਿਆਨ ਖਿੱਚਦੀ ਹੈ ।
ਤਾਸੀਰ-ਤਾਸੀਰ ਦਾ ਅਰਥ ਹੈ ਅਸਰ ਭਰਪੂਰ ਹੋਣਾ ।ਖ਼ਿਆਲ ਭਾਵੇਂ ਕਿੰਨਾ ਵੀ ਬੁਲੰਦ ਕਿੳਂ ਨਾ ਹੋਵੇ ਜੇ ਉਸ ਵਿੱਚ ਤਾਸੀਰ ਪੈਦਾ ਨਾ ਕੀਤੀ ਜਾਵੇ,ਤਾਂ ਆਨੰਦ ਨਹੀਂ ਆਂਉਂਦਾ।ਸ਼ਿਅਰ ਵਿੱਚ ਅਸਰ ਪੈਦਾ ਕਰਨਾ ਬੜ੍ਹਾ ਵੱਡਾ ਗੁਣ ਸਮਝਿਆ ਜਾਂਦਾ ਹੈ ਤਾਸੀਰ ਦੀ ਖ਼ੂਬਸੂਰਤੀ ਨਾਲ ਸਧਾਰਣ ਖ਼ਿਆਲ ਵੀ ਬੁਲੰਦੀ ਤੇ ਪਹੁੰਚ ਜਾਂਦਾ ਹੈ ।
ਆਮ ਇਨਸਾਨ ਹਾਂ ਮੈਂ, ਸਿਕੰਦਰ ਨਹੀਂ,
ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖ਼ਾਹਿਸ਼ ਕੋਈ;
ਇਹ ਜ਼ਮਾਨਾ ਐਂਵੇਂ ਫਤਹਿ ਹੋ ਗਿਆ,
ਸਿਰਫ਼ ਤੈਨੂੰ ਫਤਹਿ ਕਰਦਿਆਂ, ਕਰਦਿਆਂ ।
ਜੱਮਅ-ਜੱਮਅ ਦਾ ਅਰਥ ਹੈ ਜੋੜ-ਇਹ ਖ਼ੂਬੀ ਸ਼ਿਅਰ ਵਿੱਚ ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸ਼ਾਇਰ ੲੱਕ ਸ਼ਿਅਰ ਵਿੱਚ ਕਈ ਚੀਜ਼ਾਂ ਨੂੰ ਇੱਕ ਸ਼ਿਅਰ ਵਿੱਚ ਇੱਕੱਠਾ ਕਰ ਦੇਵੇ,ਜਿਵੇਂ-
ਦੋਸਤਾ ਤੁਰ ਜਾਣੀਆਂ ਨੇ ਸਾਰੀਆਂ,
ਪਾਤਸ਼ਾਹੀਆਂ, ਪਦਵੀਆਂ, ਸਰਦਾਰੀਆਂ ।
ਅੱਜ ਦੇ ਅਹਿਸਾਸ ਦੀ ਨੇ ਆਰਸੀ,
ਸ਼ੁਹਰਤਾਂ, ਸ਼ੈਤਾਨੀਆਂ, ਮੱਕਾਰੀਆਂ । ( ਅਮਰੀਕ ਸਿੰਘ ਪੂਨੀ )
ਉਪਰੋਕਤ ਦੋਨਾਂ ਸ਼ਿਅਰਾਂ ਵਿੱਚ ,ਕ੍ਰਮਵਾਰ,ਪਾਤਸ਼ਾਹੀਆਂ,ਪਦਵੀਆਂ, ਸਰਦਾਰੀਆਂ ਤੇ ਸ਼ੁਹਰਤਾਂ,ਸ਼ੈਤਾਨੀਆਂ,ਮੱਕਾਰੀਆਂ ਇੱਕ ਜਗ੍ਹਾ ਇਕੱਠੀਆਂ ਕਰ ਦਿੱਤੀਆਂ ਗਈਆਂ ਹਨ । ਸੋ ਉਪਰੋਕਤ ਸ਼ਿਅਰ ਵਿੱਚ ਜੋੜ੍ਹ ਦੀ ਖੂਬੀ ਪੈਦਾ ਹੋ ਗਈ ਹੈ ।
ਮੁਬਾਲਗਾ-ਮੁਬਾਲਗਾ ਦਾ ਅਰਥ ਹੈ ਹੱਦੋਂ ਵੱਧ, ਅਸੰਭਵ, ਜੋ ਹੋ ਨਾ ਸਕਦਾ ਹੋਵੇ, ਕਿਸੇ ਸ਼ਿਅਰ ਵਿੱਚ ਮੁਬਾਲਗਾ ਦੀ ਖੂਬੀ
ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਕਿਸੇ ਦੀ ਇਸ ਹੱਦ ਤੱਕ ਤਾਰੀਫ਼ ਜਾਂ ਨਿੰਦੀਆ ਕਰੇ ਕਿ
ਨਾ-ਮੁਮਕਿਨ ਲੱਗੇ । ਪਿੰਗਲ ਅਨੁਸਾਰ ਮੁਬਾਲਗਾ ਨੂੰ ਅਤਿ -ਕਥਨੀ ਅਲੰਕਾਰ ਕਿਹਾ ਜਾਂਦਾ ਹੈ, ਜਿਵੇਂ-
ਡੁੱਬਿਆ ਰਿ੍ਹਾ ਹਾਂ ਇਸ ਕਦਰ ਤੇਰੇ ਖ਼ਿਆਲ ਵਿੱਚ,
ਮਿਸ਼ਰੀ ਦੀ ਥਾਂ ਤੇ ਬੰਨ੍ਹ ਲਿਆ, ਪਾਣੀ ਰੁਮਾਲ ਵਿੱਚ । ( ਤਿਰਲੋਕ ਸਿੰਘ ਆਨੰਦ)
ਉਪਰੋਕਤ ਸ਼ਿਅਰ ਵਿੱਚ ਕਿਸੇ ਦੇ ਵਿੱਚ ਡੁੱਬਕੇ , ਰੁਮਾਲ ਵਿੱਚ ਪਾਣੀ ਬੰਨ੍ਹਣਾ ,ਮੁਬਾਲਗਾ ਦੀ ਖ਼ੂਬਸੂਰਤ ਮਿਸਾਲ ਹੈ ।
ਪਾਕੀਜ਼ਗੀ-ਪਾਕੀਜ਼ਗੀ ਦਾ ਅਰਥ ਹੈ ਪਵਿੱਤਰਤਾ । ਕਿਸੇ ਸ਼ਿਅਰ ਵਿੱਚ ਪਾਕੀਜ਼ਗੀ ਦੀ ਖ਼ੂਬੀ ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਅਜੇਹੀ ਭਾਵਨਾ ਪੈਦਾ ਕਰੇ ਜਿਸ ਨਾਲ ਮਨ ਦੀ ਪਵਿੱਤਰਤਾ ਤੇ ਸੁਹਿਰਦਤਾ ਦਾ ਇਜ਼ਹਾਰ ਹੋਵੇ ।ਜਿਵੇਂ-
ਆ ਅੱਖਾਂ ਵਿੱਚ ਅੱਥਰੂ ਭਰਕੇ, ਦੋਵੇਂ ਕਰ ਲਈਏ ਇਕਬਾਲ,
ਕੀ ਕੀ ਆਪਾਂ ਝੂਠ ਬੋਲਿਆ, ਸੌਣ ਮਹੀਨੇ ਪਿਛਲੇ ਸਾਲ । (ਅਜਾਇਬ ਹੁੰਦਲ )
ਅੱਖਾਂ ਵਿੱਚ ਅੱਥਰੂ ਭਰਕੇ ,ਆਪਣੇ ਗ਼ੁਨਾਹ ਦਾ ਇਕਬਾਲ ਕਰਨਾ ਮਨ ਦੀ ਪਾਕੀਜ਼ਗੀ ਨੂੰ ਦਰਸਾਉਂਦਾ ਹੈ । ਏਸ ਕਰਕੇ ਇਸ ਸ਼ਿਅਰ ਵਿੱਚ ਪਾਕੀਜ਼ਗੀ ਦੀ ਖ਼ੂਬੀ ਪੈਦਾ ਹੋ ਗਈ ਹੈ ।ਇਹ ਪਾਕੀਜ਼ਗੀ ਖ਼ਿਆਲ ਨੂੰ ਬੁਲੰਦੀ ਬਖ਼ਸ਼ਦੀ ਹੈ।
ਬਲਾਗਤ-ਬਲਾਗਤ ਦਾ ਅਰਥ ਹੈ ਡੂੰਘੇ ਖ਼ਿਆਲਾਂ ਨੂੰ ਸਿੱਧੇ ਸਾਦੇ ਸ਼ਬਦਾਂ ਵਿੱਚ ਪੇਸ਼ ਕਰਨਾ-
ਕੁਝ ਇਕ ਚੇਤੇ ਸਾਹਵਾਂ ਵਰਗੇ ਹੁੰਦੇ ਨੇ,
ਅਪਣੇ ਪਿੰਡ ਦੇ ਰਾਹਵਾਂ ਵਰਗੇ ਹੁੰਦੇ ਨੇ,
ਕੁਝ ਸੱਜਣਾ ਦੀ ਯਾਦ ਆਏ ਤਾਂ ਸਿਰ ਝੁਕਦੈ,
ਪੈਗੰਬਰਾਂ ਦੇ ਨਾਵਾਂ ਵਰਗੇ ਹੁੰਦੇ ਨੇ । ( ਸਲੱਖਣ ਸਰਹੱਦੀ )
ਉਪਰੋਕਤ ਸ਼ਿਅਰ ਵਿੱਚ ਚੇਤਿਆਂ ਨੂੰ ਸਾਹਵਾਂ ਨਾਲ ਤਸ਼ਬੀਹ ਦੇਣੀ ਤੇ ਸੱਜਣਾ ਨੂੰ ਪੈਗੰਬਰ ਕਹਿਣਾ
, ਸ਼ਿਅਰ ਵਿੱਚ ਬਲਾਗਤ ਦੀ ਖ਼ੂਬੀ ਪੈਦਾ ਕਰਦਾ ਹੈ ।
ਰੂਪਕ-ਜਦ ਇੱਕ ਚੀਜ਼ ਨੂੰ ਬਿਲਕੁਲ ਦੂਜੀ ਵਰਗੀ ਦਰਸਾਇਆ ਜਾਵੇ-
ਮੈਨੂੰ ਤੇਰਾ ਸ਼ਬਾਬ ਲੈ ਬੈਠਾ,
ਰੰਗ ਗੋਰਾ ਗ਼ੁਲਾਬ ਲੈ ਬੈਠਾ । (ਸ਼ਿਵ ਕੁਮਾਰ ਬਟਾਲਵੀ )
ਉਪਰੋਕਤ ਸ਼ਿਅਰ ਵਿੱਚ ,ਗੋਰੇ ਨੂੰ ਗ਼ੁਲਾਬ ਕਿਹਾ ਗਿਆ ਹੈ।ਇਸ ਤਰ੍ਹਾਂ ਗੋਰਾ ਰੰਗ ਗ਼ੁਲਾਬ ਦਾ ਰੂਪਕ ਹੋ ਗਿਆ ਹੈ ।
ਤਨਜ਼-ਤਨਜ਼ ਦਾ ਅਰਥ ਹੈ-ਵਿਅੰਗ ਜਾਂ ਕਟਾਖਸ਼। ਕਿਸੇ ਦੀ ਕਮਜ਼ੋਰੀ ਜਾਂ ਔਗੁਣ ਤੇ ਵਿਅੰਗ ਕਸਣ ਨੂੰ ਹੀ ਤਨਜ਼ ਕਿਹਾ ਜਾਂਦਾ ਹੈ । ਤਨਜ਼ ਨੂੰ ਸ਼ਿਅਰ ਦੀ ਬਹੁਤ ਵੱਡੀ ਖ਼ੂਬੀ ਮੰਨਿਆ ਜਾਂਦਾ ਹੈ । ਤਨਜ਼ ਦੀ ਪੁੱਠ ਨਾਲ ਸਧਾਰਣ ਖ਼ਿਆਲ ਵੀ ਨਾਟਕੀ ਤੇ ਰੌਚਕ ਹੋ ਜਾਂਦਾ ਹੈ ।
ਬੇਠਕੇ ਇੱਕ ਭਵਨ ਵਿੱਚ , ਕੁਝ ਭੰਡ ਤੇ ਕੁਝ ਮਸਖ਼ਰੇ,
ਮਰਸੀਆ ਪੜ੍ਹਦੇ ਵਤਨ ਦਾ ,ਲੋਕ ਲਾਂਉਦੇ ਕਹਿਕਹੇ । (ਹਰਦਿਆਲ ਸਾਗਰ)
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਰਾਜਨੀਤਕ ਲੋਕਾਂ ਨੂੰ ਭੰਡ ਤੇ ਮਸਖਰੇ ਕਿਹਾ ਹੈ,ਜਿਹੜ੍ਹੇ ਸੰਸਦ ਵਿੱਚ ਬੈਠਕੇ ਦੇਸ ਦਾ ਮਰਸੀਆ ਪੜ੍ਹਦੇ ਹਨ ਤੇ ਲੋਕ ਉਨ੍ਹਾ ਦੀ ਕਾਰ-ਗੁਜ਼ਾਰੀ ਤੇ ਕਹਿਕਹੇ ਲਾਉਂਦੇ ਹਨ ।ਇਸ ਤਰ੍ਹਾਂ ਸ਼ਾਇਰ ਨੇ ਰਾਜਨੀਤਕ ਲੋਕਾਂ ਤੇ ਤਨਜ਼ ਕੀਤੀ ਹੈ ।
ਜਿੱਦਤ-ਨੁਦਰਤ-( ਨਵੀਨਤਾ-ਅਨੋਖਾਪਣ )-ਜਦ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਕਿਸੇ ਸਧਾਰਣ ਗੱਲ ਨੂੰ ਅਜੇਹੇ ਅੰਦਾਜ਼ ਵਿੱਚ ਕਹੇ ਕਿ ਉਹ ਨਵੀਂ ਤੇ ਅਨੋਖੀ ਲੱਗੇ ਤਾਂ ਉਸਨੂੰ ਜਿੱਦਤ ਤੇ ਨੁਦਰਤ ਕਹਿੰਦੇ ਹਨ ।ਜਿਵੇਂ ਕਿ-
ਇਹ ਦਿਲ ਦਫ਼਼ਤਰ ਹੈ, ਦਫ਼ਤਰ ਵਿੱਚ ਮੁਲਾਜ਼ਮ ਆਂੳਂਦੇ ਜਾਂਦੇ ਨੇ,
ਤੇ ਕਾਰੋਬਾਰ ਦਿਲ ਦਾ ਧੜ੍ਹਕਣਾਂ, ਦਮ ਆਂਉਦੇ ਜਾਂਦੇ ਨੇ ; (ਕ੍ਰਿਸ਼ਨ ਭਨੋਟ )
ਉਪਰੋਕਤ ਸ਼ਿਅਰ ਵਿੱਚ ਦਿਲ ਨੂੰ ਦਫ਼ਤਰ ਆਖਣਾਂ ਤੇ ਸਾਹਾਂ ਨੂੰ ਮੁਲਾਜ਼ਮ ਕਹਿਣਾ ਸ਼ਿਅਰ ਵਿੱਚ ਨਵੀਨਤਾ ਪੈਦਾ ਕਰਦੇ ਹਨ । ਇਸ ਤਰ੍ਹਾਂ ਇਸ ਸ਼ਿਅਰ ਵਿੱਚ ਜਿੱਦਤ ਤੇ ਨੁਦਰਤ ਦੈ ਖ਼ੂਬੀ ਪੈਦਾ ਹੋ ਗਈ ।
ਅੰਦਾਜ਼- ਏ-ਬਿਆਨ ( ਬਿਆਨ ਦੀ ਖ਼ੂਬਸੂ੍ਰਤੀ )-ਖ਼ੂਬਸੂਰਤ ਬਿਆਨ ਦਾਂ ਢੰਗ ਵੀ ਸ਼ਿਅਰ ਦੀ ਬਹੁਤ ਵੱਡੀ ਖ਼ੂਬੀ ਮੰਨੀ ਜਾਂਦੀ ਹੈ-ਮਿਰਜ਼ਾ ਗ਼ਾਲ਼ਿਬ ਦਾ ਇਹ ਮਕਤਾ ਜਣੇ ਖਣੇ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ-
ਹੈਂ ਔਰ ਭੀ ਦੁਨੀਆਂ ਮੇਂ, ਸੁਖ਼ਨਵਰ ਬਹੁਤ ਅੱਛੇ.
ਕਹਿਤੇਂ ਹੇਂ ਕਿ ਗ਼ਾਲ਼ਿਬ ਕਾ, ਅੰਦਾਜ਼ -ਏ-ਬਿਆਂ ਹੈ ਔਰ ।
ਸੋ ਖ਼ੂਬਸੂਰਤ ਬਿਆਨ ਦੀ ਸ਼ਿਅਰ ਵਿੱਚ ਬਹੁਤ ਮਹੱਤਤਾ ਹੈ ਦਰਅਸਲ ਕਿਸੇ ਸ਼ਾਇਰ ਦਾ ਆਪਣਾ ਬਿਆਨ ਢੰਗ, ਸ਼ੈਲੀ ਜਾਂ ਸਟਾਈਲ ਹੀ ਉਸਨੂੰ ਦੂਜੇ ਸ਼ਾਇਰਾਂ ਨਾਲੋਂ ਵੱਖ ਕਰਦਾ ਹੈ। ਨਿਮਨ-ਲਿਖਤ ਸ਼ਿਅਰਾਂ ਵਿੱਚ ਅੰਦਾਜ਼- ਏ-
ਬਿਆਨ ਦੇਖਣਯੋਗ ਹੈ -
ਮੈਂ ਕਿਹਾ ਕੀ ਸੋਚਦੇ ਹੋ? ਯਾਰ ਬੋਲੇ ਕੁਝ ਨਹੀਂ,
ਮੈਂ ਉਹਨਾ ਨੂੰ ਪੁੱਛਿਆ ਸੌ ਵਾਰ, ਬੋਲੇ ਕੁਝ ਨਹੀਂ ।
ਕੁਝ ਨਹੀਂ ਦਾ ਅਰਥ ਕੀ ਸਮਝਾਂ ਮੈਂ, ਦੱਸੋਗੇ ਹਜ਼ੂਰ?
ਉਹ ਮੇਰੇ ਮੂੰਹੋਂ ਇਹ ਸੁਣਦੇ ਸਾਰ ਬੋਲੇ, ਕੁਝ ਨਹੀਂ।
ਓਮਾਜ-ਓਮਾਜ ਅਰਥ ਹੈ,ਦੂਹਰੇ ਅਰਥਾਂ ਵਾਲੇ ਸ਼ਬਦ-ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਅਜੇਹਾ ਸ਼ਬਦ ਵਰਤੇ ਜਿਸਦੇ ਦੋ ਅਰਥ ਨਿੱਕਲਦੇ ਹੋਣ,ਤੇ ਦੋਵੇਂ ਅਰਥ ਸ਼ਿਅਰ ਵਿੱਚ ਪੂਰੀ ਤਰ੍ਹਾਂ ਢੁੱਕਦੇ ਹੋਣ, ਓਸ ਖ਼ੂਬੀ ਨੂੰ ਓਮਾਜ ਕਹਿੰਦੇ ਹਨ ।ਓਮਾਜ ਦੀ ਮਿਸਾਲ ਅਸੀਂ ਉਰਦੂ ਸ਼ਾਇਰੀ ਵਿੱਚੋਂ ਦਿਆਂਗੇ-
ਇੱਕ ਵਾਰੀ ਕਿਤੇ ਉਰਦੂ ਮੁਸ਼ਾਇਰਾ ਰੱਖਿਆ ਗਿਆ, ਮੁਸ਼ਾਇਰੇ ਦੇ ਪ੍ਰਬੰਧਕਾਂ ਨੇ ਜਾਾਣ ਬੁੱਝਕੇ ਅਜੇਹਾ ਤਰਹ-ਮਿਸਰਾ ( ਸਮੱਸਿਆ ) ਰੱਖ ਦਿੱਤਾ ਕਿ ਉਸ ਵਿੱਚ ਮੁਸਲਮਾਨ ਸ਼ਾਇਰ ਹੀ ਹਿੱਸਾ ਲੈ ਸਕਣ। ਇਸ ਮੁਸ਼ਾਇਰੇ ਵਾਸਤੇ ਜਨਾਬ ਹਰੀ ਚੰਦ ਅਖ਼ਤਰ ਨੂੰ ਵੀ ਸੱਦਾ ਪੱਤਰ ਮਿਲਿਆ । ਮੁਸ਼ਾਇਰੇ ਵਾਸਤੇ ਤਰਹ ਮਿਸਰਾ ਸੀ-ਵੁਹ ਹੈਂ ਕਾਫ਼ਿਰ ,ਜੋ ਕਿ ਸ਼ੈਦਾਈ ਨਹੀਂ ਇਸਲਾਮ ਕੇ ।
ਜਨਾਬ ਹਰੀ ਚੰਦ ਅਖ਼ਤਰ ਉਰਦੂ ਦੇ ਉਸਤਾਦ ਸ਼ਾਇਰ ਸਨ, ਮੁਸ਼ਾਇਰੇ ਤੇ ਪਹੁੰਚੇ,ਜਦ ਉਨ੍ਹਾਂ ਦੀ ਕ਼ਲਾਮ ਪੜ੍ਹਨ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਤਰਹ ਮਿਸਰੇ ਵਾਲੇ ਸ਼ਿਅਰ ਤੇ ਐਸੈ ਗਿਰਹ ਲਾਈ ਕਿ ਸਰੋਤੇ ਅਸ਼ ਅਸ਼ ਕਰ ਉੱਠੇ, ਤੁਹਾਡੇ ਨਾਲ ਉਹ ਸ਼ਿਅਰ ਸਾਂਝਾ ਕਰਦੇ ਹਾਂ- ਹੋ ਸਕਦਾ ਹੈ ਕਿ ਅਸੀਂ ਸਹੀ ਸ਼ਿਅਰ ਨਾ ਕਹਿ ਸਕੀਏ ,ਪਰ ਓਮਾਜ ਵਾਲੇ ਸ਼ਬਦ ਬਾਰੇ ਕੋਈ ਭੂਲੇਖਾ ਨਹੀਂ-
ਜ਼ੁਲਫ ਬਲ ਖਾਤੀ ਹੈ ਰੁਖ ਪੇ ਯੂੰ ਮਿਰੇ ਘਨਸ਼ਾਮ ਕੇ;
ਵੁਹ ਹੈਂ ਕ਼ਾਫ਼ਿਰ ਜੋ ਕਿ ਸ਼ੈਦਾਈ ਨਹੀਂ ਇਸ ਲਾਮ ਕੇ ।
ਉਰਦੂ ਜ਼ੁਬਾਨ ਵਿੱਚ ਲਾਮ ਵਾਲਾਂ ਦੀ ਲਿਟ ਨੂੰ ਕਿਹਾ ਜਾਂਦਾ ਹੈ।
ਉਪਰੋਕਤ ਸ਼ਿਅਰ ਵਿੱਚ ਇਸਲਾਮ ਸ਼ਬਦ ਦੋਹਰੇ ਅਰਥਾਂ ਵਿੱਚ ਵਰਤਿਆ ਗਿਆ ਹੈ, ਸੋ ਇਸ ਸ਼ਿਅਰ ਵਿੱਚ ਓਮਾਜ ਦੀ ਖ਼ੂਬੀ ਪੈਦਾ ਹੋ ਗਈ ।
ਹੁਸਨ-ਏ-ਤਰਤੀਬ-ਹੁਸਨ -ਏ ਤਰਤੀਬ ਦਾ ਅਰਥ ਹੈ ਸ਼ਬਦਾਂ ਨੂੰ ਤਰਤੀਬ ਅਨੁਸਾਰ ਰੱਖਣਾ , ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਸ਼ਬਦਾਂ ਨੂੰ ਲੜ੍ਹੀਵਾਰ ਇਸ ਤਰ੍ਹਾਂ ਵਿੱਚ ਰੱਖਦਾ ਹੈ ਜਿਵੇਂ -ਦਿਨ,ਮਹੀਨਾ,ਸਾਲ,ਤਾਂ ਓਸ ਸ਼ਿਅਰ ਵਿੱਚ
ਹੁਸਨ-ਏ-ਤਰਤੀਬ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ,ਜਿਵੇਂ-
ਜ਼ਿਦਗੀ ਜ਼ਿੰਦਾਦਿਲੀ ਦਾ ਪਿਆਮ ਹੈ, ਮੌਤ ਹੀ ਮੁਰਦਾਦਿਲੀ ਦਾ ਨਾਮ ਹੈ,
ਹੋ ਰਹੀ ਹੈ ਜ਼ਿੰਦਗੀ ਏਦਾਂ ਬਤੀਤ,ਹੁਣ ਸੁਬਹ,ਹੁਣ ਦੋਪਹਿਰ,ਹੁਣ ਸ਼ਾਮ ਹੈ ।
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ,ਸੁਬਹ,ਦੋਪਹਿਰ, ਸਾਂਮ ਤਰਤੀਬ ਅਨੁਸਾਰ ਰੱਖੇ ਹਨ । ਇਸ ਕਰਕੇ ਇਸ ਸ਼ਿਅਰ ਵਿੱਚ ਹੁਸਨ-ਏ ਤਰਤੀਬ ਦੀ ਖ਼ੂਬੀ ਪੈਦਾ ਹੋ ਗਈ ।
ਈਜਾਜ਼- ਈਜਜ਼ ਦਾ ਅਰਥ ਹੁੰਦੈ ,ਸੰਖੇਪਤਾ। ਜਦੋਂ ਕੋਈ ਸ਼ਾਇਰ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਹੀ ਪੂਰੀ ਕਹਾਣੀ ਬਿਆਨ ਕਰ ਦੇਵੇ ਤਾਂ ਉਸ ਖ਼ੂਬੀ ਨੂੰ ਈਜਾਜ਼ ਕਹਿੰਦੇ ਹਨ। ਜਿਵੇਂ-
ਪੈਰੀਂ ਝਾਂਜਰ,ਹੋਠੀਂ ਤਾਲਾ ,ਲੁਕਵੇਂ ਹੰਝ,
ਦਿਲ ਦੇ ਬਦਲੇ ਤੁਹਫ਼ੇ ਤਾਂ ਵਡਮੁੱਲੇ ਨੇ ( ਰਤਨੀਵ )
ਉਪਰੋਕਤ ਸਿਅਰ ਵਿੱਚ ਸ਼ਾਇਰਾ ਨੇ ਥੋੜ੍ਹੇ ਜਹੇ ਸ਼ਬਦਾਂ ਵਿੱਚ ਹੀ ਪੂ੍ਰੀ ਕਹਾਣੀ ਬਿਆਨ ਕਰ ਦਿੱਤੀ ਹੈ। ਪੈਰੀਂ ਝਾਂਜਰ ,ਹੋਠਾਂ ਤੇ ਤਾਲੇ ਲੁਕਵੇਂ ਹੰਝੂ ਸਿਰਫ਼ ਇਹ ਤਿੰਨੇ ਸ਼ਬਦ ਇੱਕ ਪੂਰੀ ਕਹਾਣੀ ਬਿਆਨ ਕਰ ਦਿੰਦੇ ਹਨ। ਸੋ ਇਸ ਤਰਾਂ ਏਸ ਸ਼ਿਅਰ ਵਿੱਚ ਈਜਜ਼ ਦੀ ਖ਼ੂਬੀ ਪੈਦਾ ਹੋ ਗਈ ਹੈ।
ਇਨਸ਼ਾ-ਦਾ ਅਰਥ ਹੈ ਬਾਤ ਪੈਦਾ ਕਰਨੀ। ਇਨਸ਼ਾ ਉਸ ਵਾਕ ਨੂੰ ਕਿਹਾ ਜਾਂਦਾ ਹੈ ਜਿਸ ਵਾਕ ਵਿੱਚ ਦਰਦ,ਖਾਹਿਸ਼ ਤੇ ਹੈਰਾਨੀ ਦੇ ਭਾਵ ਹੋਣ। ਇੱਕ ਸਧਾਰਣ ਖ਼ਬਰ ਨੂੰ ਵੀ ਸ਼ਾਇਰ ਆਪਣੇ ਕਮਾਲ ਨਾਲ ਇਨਸ਼ਾ ਬਣਾ ਲੈਂਦੇ ਹਨ। ਮਿਸਾਲ ਵਜ਼ੋਂ -
ਉਹ ਮਟਕ ਮਟਕ ਆਏ ,ਮੇਰੇ ਨਾਲ ਲੱਗਕੇ ਬਹਿ ਗਏ,
ਮੈਂਨੂੰ ਇਵੇਂ ਸੀ ਲੱਗਾ,ਜੀਕਣ ਮੈਂ ਖ਼ਾਬ ਡਿੱਠਾ ।
ਜੇ ਉਪਰੋਕਤ ਸ਼ਿਅਰ ਵਿੱਚ ਏਨੀ ਗੱਲ ਕਹੀ ਹੁੰਦੀ ਕਿ ਉਹ ਮੇਕ ਮਟਕ ਆਏ, ਮੇਰੇ ਨਾਲ ਲੱਗਕੇ ਬਹਿ ਗਏ,ਤਾਂ ਇਹ ਇੱਕ ਸਧਾਰਣ ਗੱਲ ਹੋਣੀ ਸੀ। ਪਰ ਮੈਨੂੰ ਇਵੇਂ ਸੀ ਲੱਗਾ ,ਜੀਕਣ ਮੈਂ ਖ਼ਾਬ ਡਿੱਠਾ। ਕਹਿਣ ਨਾਲ ਸ਼ਿਅਰ ਵਿੱਚ ਖ਼ੂਬਸੂਰਤੀ ਤੇ ਲੁਤਖ਼ ਪੈਦਾ ਹੋ ਗਿਆ ਹੇ
ਇਸ ਤਰਾਂ ਇਸ ਸ਼ਿਅਰ ਵਿੱਚ ਇਨਸ਼ਾ ਦੀ ਖ਼ੂਬੀ ਪੈਦਾ ਹੋ ਗਈ।
ਤਕਸੀਮ-( ਵੰਡਣਾ ) ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਕੁਝ ਚੀਜ਼ਾਂ ਇਕੱਠੀਆਂ ਕਰਕੇ ਅੱਗੇ ਵੰਡਦਾ ਹੈ ਤਾਂ ਸ਼ਿਅਰ ਵਿੱਚ ਤਕਸੀਮ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ। ਉਦਾਹਰਣ ਦੇ ਤੌਰ ਤੇ-
ਆਡ ਦਾ ਪਾਣੀ, ਖ਼ੂਸਬੂ, ਰਸਤਾ, ਖੰਭ, ਕ਼ਲਮ, ਰੰਗ, ਨੂਰ,
ਦਿਲ ਕਰਦੈ ਸਰਹੱਦੀ ਤੈਨੂੰ , ਇਹ ਸਭ ਲਕਬ ਦਿਆਂ। ( ਸੁਲੱਖਣ ਸਰਹੱਦੀ )
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਕੁਝ ਚੀਜ਼ਾਂ ਇਕੱਠੀਆਂ ਕਰਕੇ ਅੱਗੇ ਵੰਡ ਦਿੱਤੀਆਂ ਹਨ,
ਇਸ ਤਰਾਂ ਇਸ ਸ਼ਿਅਰ ਵਿੱਚ ਤਕਸੀਮ ਦੀ ਖ਼ੂਬੀ ਪੈਦਾ ਹੋ ਗਈ ਹੈ।
ਈਹਾਮ- ਦਾ ਅਰਥ ਹੈ ਭੁਲੇਖਾ ਪਾਉਣਾ। ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਕੋਈ ਅਜੇਹਾ ਸ਼ਬਦ ਵਰਤੇ ਜਿਸਦੇ ਦੋ ਅਰਥ ਨਿਕਲਦੇ ਹੋਣ , ਇੱਕ ਨੇੜ੍ਹੇ ਦਾ ,ਇੱਕ ਦੂਰ ਦਾ । ਸ਼ਾਇਰ ਦਾ ਮੰਤਵ ਦੂਰ ਦੇ ਅਰਥਾਂ ਤੋਂ ਹੋਵੇ ,ਪਰ ਸਰੋਤਾ ਜਾਂ ਪਾਠਕ ਨੇੜ੍ਹੇ ਦੇ ਅਰਥ ਕੱਢੇ ਤਾਂ ਸ਼ਿੳਰ ਵਿੱਚ ਈਹਾਮ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ।ਮਿਸਾਲ ਵਜ਼ੋਂ-
ਉਸਨੂੰ ਕਿਸਨੇ ਆਖਿਆ ਝੂਠੀ ਕਸਮ । ( ਗੁਰਚਰਨ ਕੌਰ ਕੋਚਰ )
ਖਾਣ ਵਾਲੀ ਚੀਜ਼ ਹੈ, ਖਾਇਆ ਕਰੋ।
ਉਪਰੋਕਤ ਸ਼ਿਅਰ ਵਿੱਚ ਇਹੋ ਖ਼ੂਬੀ ਹੈ।
ਚਾਰਖਾਨਾ-ਜਦੋਂ ਹਰ ਸ਼ਿਅਰ ਚਾਰ ਵਿੱਚ ਵੰਡਿਆ ਹੋਵੇ ਤੇ ਹਰ ਹਿੱਸੇ ਵਿੱਚ ਵਿੱਚ ਨਵਾਂ ਕਾਫੀਆ ਹੋਵੇ ਤਾਂ ਓਸ ਸ਼ਿਅਰ ਵਿੱਚ ਚਾਰ ਖਾਨੇ ਦੀ ਖੂਬੀ ਪੈਦਾ ਹੋ ਜਾਂਦੀ ਹੈ। ਇਹ ਖੂਬੀ ਸਿਰਫ਼ ਲੰਮੀਆਂ ਬਹਿਰਾਂ ਵਿੱਚ ਹੀ ਪੈਦਾ ਹੋ ਸਕਦੀ ਹੈ,ਜਿਨਹਾ ਵਿੱਚ ਰੁਕਨਾਂ ਦੇ ਦੋ ਦੋ ਟੋਟੇ ਕਰਕੇ ਕਾਫ਼ੀਆਬੰਦ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਤੇ-
ਅਸੀਂ ਤਾਂ ਫਿਰਦੇ ਮਲੰਗ ਹੋਏ, ਤੇ ਜ਼ਿੰਦਗੀ ਤੋਂ ਹਾਂ ਤੰਗ ਹੋਏ,
ਤੁਸੀਂ ਵੀ ਦਿਲਬਰ ਨਾ ਸੰਗ ਹੋਏ,ਅਜੇਹਾ ਜੀਣਾ ਨਿਸੰਗ ਹੋਏ।
ਨਾ ਪੁੱਛੋ ਕਿ ਸ਼ਬ ਕਿਵੇਂ ਬਿਤਾਈ, ਨਾ ਚੈਨ ਆਇਆ ਨਾ ਨੀਂਦ ਆਈ,
ਸਿਤਾਰੇ ਦਿੰਦੇ ਰਹੇ ਦੁਹਾਈ, ਵਿਚਾਰੇ ਤਕ ਤਕ ਕੇ ਦੰਗ ਹੋਏ।
ਉਪਰੋਕਤ ਸ਼ਿਅਰ ਵਿੱਚ ਮਲੰਗ, ਤੰਗ , ਸੰਗ, ਨਿਸੰਗ, ਪਹਿਲੀ ਤੁਕ ਵਿੱਚ ਤੇ ਦੂਜਿ ਤੁਕ ਵਿੱਚ ਬਿਤਾਈ, ਆਈ, ਦੁਹਾਈ, ਵਗੈਰਾ ਚਾਰ ਚਾਰ ਕਾਫੀਏ ਸ਼ਿਅਰ ਵਿੱਚ ਚਾਰ ਖਾਨਾ ਦੀ ਖੂਬੀ ਪੈਦਾ ਕਰਦੇ ਹਨ।
ਤਰਸੀਹ ( ਨਗੀਨੇ ਜੜ੍ਹਨਾ )
ਤਰਸੀਹ ਦਾ ਅਰਥ ਹੈ ਨਗੀਨੇ ਜੜ੍ਹਨਾ, ਇਹ ਸ਼ਬਦ ਵੈਸੇ ਤਾਂ ਸਵਰਨਕਾਰਾਂ ਦੇ ਕਿੱਤੇ ਨਾਲ ਸਬੰਧਤ ਹੈ ਕਿਉਂਕਿ ਸਵਰਨਕਾਰ ਗਹਿਣੇ ਘੜ੍ਹਦਿਆਂ ਹੋਇਆਂ ਗਹਿਣਿਆਂ ਵਿੱਚ ਨਗੀਨੇ ਜੜ੍ਹਦੇ ਹਨ, ਇਸ ਤਰ੍ਹਾਂ ਗਹਿਣਿਆਂ ਦੀ ਖ਼ੂਬਸੂਰਤੀ ਵਧ ਜਾਂਦੀ ਹੈ, ਐਪਰ ਸ਼ਾਇਰਾਨਾ ਜ਼ੁਬਾਨ ਵਿੱਚ ਜਦੋਂ ਕੋਈ ਸ਼ਾਇਰ ਦੋ ਤੁਕਾਂ ਵਿੱਚ ਕੁਝ ਅਜੇਹੇ ਸ਼ਬਦ ਵਰਤਦਾ ਹੈ, ਜਿਨ੍ਹਾਂ ਸ਼ਬਦਾਂ ਦਾ ਕ੍ਰਮਵਾਰ ਕਾਫੀਆ ਵੀ ਮਿਲਦਾ ਹੋਵੇ ਤੇ ਉਹ ਆਪਸ ਵਿੱਚ ਹਮਵਜ਼ਨ ਵੀ ਹੋਣ ,ਤਾਂ ਇਸ ਖ਼ੂਬੀ ਨੂੰ ਤਰਸੀਹ ਯਾਨੀ ਨਗੀਨੇ ਜੜ੍ਹਨਾ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ ਤੇ-
ਨਾਮ ਤੇਰਾ ਹੈ, ਜ਼ਿੰਦਗੀ ਮੇਰੀ ,
ਕਾਮ ਮੇਰਾ ਹੈ ,ਬੰਦਗੀ ਤੇਰੀ।
ਉਪਰੋਕਤ ਸ਼ਿਅਰ ਦੀਆਂ ਦੋਨਾਂ ਤੁਕਾਂ ਵਿੱਚ ਕ੍ਰਮਵਾਰ , ਨਾਮ,ਕਾਮ, ਤੇਰਾ, ਮੇਰਾ, ਜ਼ਿਦਗੀ, ਬੰਦਗੀ, ਮੇਰੀ, ਤੇਰੀ, ਸ਼ਬਦ ਆਪਸ ਵਿੱਚ ਕਾਫੀਆਬੰਦ ਵੀ ਹਨ ਤੇ ਹਮਵਜ਼ਨ ਵੀ। ਇਸ ਤਰ੍ਹਾਂ ਇਸ ਸ਼ਿਅਰ ਵਿੱਚ ਤਰਸੀਹ ਦੀ ਖ਼ੂਬੀ ਪੈਦਾ ਹੋ ਗਈ ਹੈ।
ਨਾਜ਼ੁਕ-ਬਿਆਨੀ - ਨਾਜ਼ੁਕ ਬਿਆਨੀ ਸ਼ਿਅਰ ਵਿੱਚ ਅੰਤਾਂ ਦੀ ਖ਼ੂਬਸੂਰਤੀ ਪੈਦਾ ਕਰ ਦਿੰਦੀ ਹੈ। ਸ਼ਾਇਰ ਜਦੋਂ ਕਿਸੇ ਖਿਆਲ ਨੂੰ ਨਾਜ਼ੁਕਤਾ ਨਾਲ ਬਿਆਨ ਕਰਦਾ ਹੈ ਤਾਂ ਪਾਠਕ ਜਾਂ ਸਰੋਤੇ ਦੇ ਮੂੰਹੋਂ ਬਦੋ ਬਦੀ ਵਾਹ ਤੇ ਆਹ ਨਿਕਲ ਜਾਂਦੀਆਂ ਹਨ। ਨਾਜ਼ੁਕ ਬਿਆਨੀ ਦੀ ਇੱਕ ਮਿਸਾਲ ਪੇਸ਼ ਹੈ-
ਫੁੱਲ ਦੀ ਪੱਤੀ ਵੀ, ਕਰ ਸਕਦੀ ਹੈ ਕੋਈ ਹਾਦਸਾ,
ਲਾਜ਼ਮੀ ਹੁੰਦਾ ਨਹੀਂ, ਪੱਥਰ ਹੀ ਠੋਕਰ ਵਾਸਤੇ। ( ਜਸਵਿੰਦਰ )
ਉਪਰੋਕਤ ਸ਼ਿਅਰ ਨਾਜ਼ੁਕ ਬਿਆਨੀ ਦੀ ਖ਼ੂਬਸੂਰਤ ਮਿਸਾਲ ਹੈ।
ਆਧੁਨਿੱਕਤਾ-ਬਦਲਦੇ ਸਮੇਂ ਅਨੁਸਾਰ ਪੰਜਾਬੀ ਗ਼ਜ਼ਲ ਵੀ ਸਮੇਂ ਦੀ ਹਾਣੀ ਹੁੰਦੀ ਰਹੀ ਹੈ।ਇਹ ਹਮੇਸ਼ਾਂ ਨਵੇਂ ਵਿਚਾਰ, ਆਪਣੇ ਵਿੱਚ ਸਮਾਉਂਦੀ ਰਹੀ ਹੈ । ਜਿਵੇਂ ਕਿ-
ਇਨ੍ਹਾਂ ਨੂੰ ਕੁਝ ਸਮਾਜਿਕ ਹੋਣ ਬਾਰੇ ਵੀ ਤੁਸੀਂ ਦੱਸੋ,
ਇਕੱਲਾ ਬੱਚਿਆਂ ਨੂੰ ਕਰਦੈ ਇੰਟਰਨੈੱਟ ਦਾ ਚੁੰਬਕ।
ਕਿਸੇ ਚੀਜ਼ ਖਾਤਰ , ਕਿਤੇ ਵਿਕ ਨਾ ਜਾਵਾਂ,
ਬਹੁਤ ਡਰ ਗਿਆਂ ਹਾਂ ਮੈਂ, ਬਾਜ਼ਾਰ ਆਕੇ । ( ਦਵਿੰਦਰ ਪੂਨੀਆਂ )
ਉਪਰੋਕਤ ਦੋਵੇਂ ਸ਼ਿਅਰ ਨਵੇਂ ਭਾਵ-ਬੋਧ ਨੂੰ ਪ੍ਰਗਟਉਂਦੇ ਹਨ।
ਯਥਾਰਥਵਾਦ ਜਾਂ ਹਕੀਕਤ ਬਿਆਨੀ-ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸ਼ਿਅਰ ਵਿੱਚ ਬਿਆਨ ਕਰਨਾ ਵੀ ਸ਼ਿਅਰ ਦੀ ਖ਼ੂਬੀ ਗਿਣੀ ਜਾਦੀ ਹੈ।ਜਿਵੇਂ
ਅਜੋਕੇ ਦੌਰ ਵਿੱਚ ਕੁਝ ਐਸੀਆਂ ਵੀ ਮੰਡੀਆਂ ਤੱਕੀਆਂ। ( ਹਰਚਰਨ ਸ਼ਰੀਫ )
ਉਪਰੋਕਤ ਸ਼ਿਅਰਾਂ ਵਿੱਚ ਜ਼ਿੰਦਗੀ ਦੀਆਂ ਹਕੀਕਤਾਂ ਬਿਆਨੀਆਂ ਗਈਆਂ ਹਨ,।
ਸ਼ੋਜ਼- ਓ- ਗੁਦਾਜ਼- ( ਦਰਦ ਤੇ ਤੜ੍ਹਪ ) - ਸ਼ਿਅਰ ਵਿੱਚ ਦਰਦ ਤੇ ਤੜ੍ਹਪ ਪੈਦਾ ਕਰਨੀ ਸ਼ਿਅਰ ਦੀ ਖੂਬੀ ਮੰਨੀ ਜਾਂਦੀ ਹੈ ਦਰਦ ਤੇ ਤੜ੍ਹਪ ਹੀ ਸ਼ਿਅਰਾਂ ਵਿੱਚ ਤਾਸੀਰ ਪੈਦਾ ਕਰਦੇ ਹਨ। ਜਿਵੇਂ-
ਖ਼ੂਸ਼ੀਆਂ ਨਹੀਂ ਤਾਂ ਨਾ ਸਹੀ, ਹਉਕਾ ਤਾਂ ਭਰ ਸਕਾਂ,
ਐਨਾ ਕੁ ਹਕ ਤਾਂ ਦੇ, ਤੇਰੇ ਪਹਿਲੂ ਚ, ਮਰ ਸਕਾਂ।
ਸੰਜਮ ਦੇ ਵਰ੍ਹ ਤੂੰ , ਮੇਰੀ ਪਿਆਸ ਤੇ ਨਾ ਜਾ,
ਐਨੀ ਨਮੀ ਨਾ ਨਾ ਦੇ ਕਿ ਮੈਂ, ਔੜ੍ਹਾਂ ਨਾ ਜਰ ਸਕਾਂ।
ਉਪਰੋਕਤ ਸ਼ਿਅਰਾਂ ਵਿੱਚ ਦਰਦ ਦੀ ਏਨੀ ਸ਼ਿੱਦਤ ਹੈ ਕਿ ਇਹ ਸ਼ਿਅਰ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ।
ਤੁਗ਼ਜ਼ਲ-ਤੁਗ਼ਜ਼ਲ ਸ਼ਿਅਰ ਦੀ ਇੱਕ ਅਹਿਮ ਖ਼ੂਬੀ ਮੰਨਿਆ ਜਾਂਦਾ ਹੈ। ਤੁਗ਼ਜ਼ਲ ਭਰਪੂਰ ਸ਼ਿਅਰ ਉਹ ਹੁੰਦਾ ਹੈ ਜਿਸ ਵਿੱਚ ਮੁਹੱਬਤ ਦਾ ਦਿਲ ਪਿਘਲਾ ਦੇਣ ਵਾਲਾ ਬਿਆਨ ਹੋਵੇ। ਤੁਗ਼ਜ਼ਲ ਸ਼ਿਅਰ ਦੀ ਜਿੰਦਜਾਨ ਮੰਨਿਆ ਜਾਂਦਾ ਹੈ। ਮਿਸਾਲ ਵਜ਼ੋਂ ਹੇਠ ਲਿਖੇ ਸ਼ਿਅਰ ਹਾਜ਼ਰ ਹਨ-
ਤੂੰ ਜੇ ਆਖੇਂ ਤਾਂ ਮਹੁਰਾ ਵੀ ਹਸ ਖਾ ਲਵਾਂ,
ਤੂੰ ਜੇ ਆਖੇਂ ਤਾਂ ਮੈਂ ਦੂਜਾ ਸਾਹ ਨਾ ਲਵਾਂ।
ਤੇਰੇ ਇਸ਼ਕ ਚ, ਪਾਗਲ ਹੋਈ ਰਾਂਝਣਾਂ,
ਬੇਲੇ ਹਿਜਰਾਂ ਦੇ ਦਿਨ ਰਾਤ ਗਾਹੁੰਦੀ ਹਾਂ ਮੈਂ। ( ਸਿਮਰਨਜੋਤ ਮਾਨ )
ਬੱਦਲੀ ਨਾ ਅਪਣੇ ਮੋਹ ਦੀ ਕਰ ਬੇਕਰਾਰ ਏਨੀ,
ਤੂੰ ਠਹਿਰ ਹਾਲੇ ਮੇਰੇ ਦਿਲ ਨੇ ਜ਼ਮੀਨ ਹੋਣਾ। ( ਅਨੂ ਬਾਲਾ )
ਉਪਰੋਕਤ ਸ਼ਿਅਰ ਤੁਗ਼ਜ਼ਲ ਭਰਪੂਰ ਸ਼ਿਅਰ ਹਨ।
ਪਿਆਰੇ ਦੋਸਤੋ ਇਨ੍ਹਾਂ ਖੂਬੀਆਂ ਤੋਂ ਇਲਾਵਾ ਕਾਫੀਏ ਸਬੰਧੀ ਖ਼ੂਬੀਆਂ, ਜਿਵੇਂ ਯਕ ਕਾਫੀਆ ਗ਼ਜ਼ਲ , ਜਿਸ ਵਿੱਚ ਸਾਰੀ ਗ਼ਜ਼ਲ ਵਿੱਚ ਇੱਕੋ ਕਾਫੀਆ ( ਯਕ ਕਾਫੀਆ ਗ਼ਜ਼ਲ ) ਗ਼ਜ਼ਲ ਜਿਸ ਵਿੱਚ ਇੱਕੋ ਕਾਫੀਆਂ ਵਰਤਿਆ ਜਾਵੇ,ਪਰ ਸ਼ਰਤ ਇਹ ਹੈ ਕਿ ਉਸਦਾ ਅਰਥ ਹਰ ਸ਼ਿਅਰ ਵਿੱਚ ਵੱਖੋ ਵੱਖਰਾ ਹੋਵੇ।
ਦੂਹਰੇ ਕਾਫੀਏ ਵਾਲੀ ਗ਼ਜ਼ਲ- ( ਜੂ ਕਾਫੀਆ ਗ਼ਜ਼ਲ ) -ਜਿਸ ਗ਼ਜ਼ਲ ਵਿੱਚ ਦੂਹਰਾ ਕਾਫੀਆਂ ਨਿਭਾਇਆ ਜਾਵੇ।
ਤੀਹਰੇ ਕਾਫੀਏ ਵਾਲੀ ,ਚੌਹਰੇ ਕਾਫੀਏ ਵਾਲੀ ਤੇ ਤੀਕ ਕਿ ਛੇ ਕਾਫੀਏ ਵਾਲੀ ਗ਼ਜ਼ਲ ਵੀ ਲਿਖੀ ਜਾ ਸਕਦੀ ਹੈ। ਕਾਫੀਏ ਦੀ ਪਛਾਣ ਤੁਸੀਂ ਆਪ ਹੀ ਕਰ ਲੈਣੀ ਹੈ ,ਏਸ ਕਰਕੇ ਅਸੀਂ ਉਦਾਹਰਣਾਂ ਦੇਣੀਆਂ ਜ਼ਰੂਰੀ ਨਹੀਂ ਸਮਝਦੇ। ਗ਼ਜ਼ਲ ਦੇ ਸ਼ਿਅਰਾਂ ਦੀਆਂ ਉਦਾਹਰਣਾਂ ਅਸੀਂ ਸਾਡੇ ਕੋਲ ਉਪਲਭਦ ਸਮੱਗਰੀ ਵਿੱਚੋਂ ਹੀ ਦੇ ਸਕੇ ਹਾਂ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਸ਼ਾਇਰ ਨਾਲ ਵਿਤਕਰਾ ਕਰਦੇ ਹਾਂ, ਅਸੀਂ ਸਾਰੇ ਸ਼ਾਇਰਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਸ਼ਿਅਰਾਂ ਦੀ ਮਿਸਾਲ ਸਿਰਫ ਓਸ ਵੇਲੇ ਹੀ ਦਿੱਤੀ ਹੈ ਜਦੋਂ ਸਾਨੂੰ ਉਪਲਬਦ ਸਮੱਗਰੀ ਵਿੱਚੋਂ ਕੋਈ ਹੋਰ ਮਿਸਾਲ ਨਹੀਂ ਮਿਲੀ।
No comments:
Post a Comment