ਪਿਆਰੇ ਦੋਸਤੋ ਹੁਣ ਤੱਕ ਆਪਾਂ ਗ਼ਜ਼ਲ ਦੀਆਂ ਬਹਿਰਾਂ ਅਤੇ ਬਹਿਰਾਂ ਵਿੱਚ ਲਈਆਂ ਜਾਣ ਵਾਲੀਆਂ ਖੁੱਲ੍ਹਾਂ, ਭਾਵ ਅੱਖਰ ਗਿਰਾਉਣ ਦੇ ਵਿਧੀ ਵਿਧਾਨ ਬਾਰੇ ਚਰਚਾ ਕਰ ਚੁੱਕੇ ਹਾਂ । ਹੁਣ ਆਪਾਂ ਗ਼ਜ਼ਲ ਦੇ ਇੱਕ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਜ਼ਿਹਾਫ ਬਾਰੇ ਵਿਚਾਰ ਚਰਚਾ ਕਰਾਂਗੇ । ਜਿਵੇਂ ਕਿ ਆਪਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਗ਼ਜ਼ਲ ਦੀਆਂ ਉੱਨੀ (19) ਸਾਲਮ ਬਹਿਰਾਂ ਹਨ , ਪਰ ਇਨ੍ਹਾਂ ਤੇ ਜ਼ਿਹਾਫ ਲਾ ਕੇ ਅਸੀਂ ਇੱਕ ਇੱਕ ਸਾਲਮ ਬਹਿਰ ਦੇ ਅਨੇਕਾਂ ਰੂਪ ਬਣਾ ਸਕਦੇ ਹਾਂ । ਜਿਹਾਫ਼ਾਂ ਬਾਰੇ ਜਾਣਕਾਰੀ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ, ਕਿਉਂ ਕਿ ਜਿਹਾਫ਼ਾ ਦੀ ਜਾਣਕਾਰੀ ਤੋਂ ਬਗੈਰ ਨਾ ਤਾਂ ਅਸੀਂ ਖ਼ੁਦ ਗ਼ਜ਼ਲ ਲਿਖ ਸਕਦੇ ਹਾਂ ਤੇ ਨਾ ਹੀ ਦੂਸਰੇ ਸ਼ਾਇਰਾਂ ਦੀਆਂ ਲਿਖੀਆਂ ਹੋਈਆਂ ਗ਼ਜ਼ਲਾਂ ਦੀਆਂ ਬਹਿਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਕਿਉਂ ਕਿ ਇੱਕ ਬਹਿਰ ਤੇ ਵੱਖ ਵੱਖ ਜਿਹਾਫ਼ ਲਾ ਕੇ ਅਸੀਂ ਉਸੇ ਬਹਿਰ ਨੂੰ ਅਨੇਕਾਂ ਢੰਗਾਂ ਨਾਲ ਵਰਤ ਸਕਦੇ ਹਾਂ । ਇਸ ਤਰ੍ਹਾਂ ਜ਼ਿਹਾਫਾਂ ਦੀ ਜਾਣਕਾਰੀ ਹੋਣ ਨਾਲ ਹੀ ਅਸੀਂ ਕਿਸੇ ਗ਼ਜ਼ਲ ਦੀ ਸਹੀ ਤਕਤੀਹ ਕਰਕੇ ਦੱਸ ਸਕਦੇ ਹਾਂ ਕਿ ਇਹ ਗ਼ਜ਼ਲ ਕਿਸ ਬਹਿਰ ਵਿੱਚ ਲਿਖੀ ਗਈ ਹੈ ਅਤੇ ਇਸ ਵਿਚ ਕਿਹੜੇ ਕਿਹੜੇ ਜ਼ਿਹਾਫ ਵਰਤੇ ਗਏ ਹਨ । ਸਾਲਮ ਬਹਿਰ ਤੋਂ ਇਲਾਵਾ ਜੇ ਕਿਸੇ ਹੋਰ ਬਹਿਰ ਦਾ ਨਾਮ ਨਿਰਧਾਰਿਤ ਕਰਨਾ ਹੋਵੇ ਤਾਂ ਉਸ ਵਿੱਚ ਵਰਤੇ ਗਏ ਜ਼ਿਹਾਫ ਦੇ ਅਧਾਰ ਤੇ ਹੀ ਉਸ ਦਾ ਨਾਮ ਨਿਸ਼ਚਿਤ ਕੀਤਾ ਜਾਂਦਾ ਹੈ , ਜਾਂ ਇਹ ਕਹਿ ਲਿਆ ਜਾਵੇ ਕਿ ਕਿਸੇ ਬਹਿਰ ਦਾ ਨਾਮ ਹੀ ਇਹ ਸੰਕੇਤ ਦੇ ਦਿੰਦਾ ਹੈ ਕਿ ਉਸ ਵਿੱਚ ਕਿਹੜੇ ਕਿਹੜੇ ਜ਼ਿਹਾਫ ਵਰਤੇ ਗਏ ਹਨ ।
ਅਜੋਕੇ ਦੌਰ ਵਿਚ ਅਰੂਜ਼ ਸਬੰਧੀ ਭਾਵੇਂ ਇੱਕ ਦਰਜਣ ਤੋਂ ਵੱਧ ਅਰੂਜ਼ ਦੇ ਵਿਦਵਾਨਾਂ ਦੀਆਂ ਪੁਸਤਕਾਂ ਉਪਲਬਧ ਹਨ, ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਜ਼ਿਹਾਫਾਂ ਬਾਰੇ ਜਾਣਕਾਰੀ ਦਿੰਦਿਆਂ ਬਹੁਤੇ ਵਿਦਾਵਾਨਾਂ ਨੇ ਗਿਣਤੀ ਦੇ ਜ਼ਿਹਾਫਾਂ ਦਾ ਹੀ ਵੇਰਵਾ ਦਿੱਤਾ ਹੈ, ਜਦ ਕਿ ਜਿਹਾਫ਼ਾਂ ਦੀ ਗਿਣਤੀ ਤਰਤਾਲੀ (43) ਦੇ ਲੱਗਪੱਗ ਬਣਦੀ ਹੈ ।
ਡਾ: ਨਰੇਸ਼ ਨੇ ਆਪਣੀ ਪੁਸਤਕ ਗ਼ਜ਼ਲ ਦੀ ਪਰਖ਼ ਅਤੇ ਠਾਕਰ ਭਾਰਤੀ ਨੇ ਪੰਜਾਬੀ ਕਵਿਤਾ ਵਿਧਾਨ, ਨਾਮੀ ਪੁਸਤਕ ਵਿਚ ਜ਼ਿਹਾਫਾਂ ਬਾਰੇ ਕੋਈ ਵੀ ਜ਼ਿਕਰ ਨਹੀ ਕੀਤਾ । ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਕਹੇ ਜਾਂਦੇ ਦੀਪਕ ਜੈਤੋਈ ਹੋਰਾਂ ਨੇ ਆਪਣੀ ਪੁਸਤਕ 'ਗ਼ਜ਼ਲ ਕੀ ਹੈ' ਵਿਚ ਤੇਈ (23) ਕੁ ਜਿਹਾਫ਼ਾਂ ਬਾਰੇ, ਸੁਲੱਖਣ ਸਰਹੱਦੀ ਹੋਰਾਂ ਨੇ ਆਪਣੀ ਪੁਸਤਕ ' ਸਰਲ ਪਿੰਗਲ ਤੇ ਅਰੂਜ਼' ਵਿੱਚ ਅਤੇ ਡ: ਐਸ ਤਰਸੇਮ ਨੇ ਆਪਣੀ ਪੁਸਤਕ ਵਿਚ ਬਾਈ ਬਾਈ (22) ਜਿਹਾਫ਼ਾਂ ਬਾਰੇ ਜਾਣਕਾਰੀ ਦਿੱਤੀ ਹੈ । ਇਸੇ ਤਰ੍ਹਾਂ ਅਮਰਜੀਤ ਸਿੰਘ ਸੰਧੂ ਹੁਰਾਂ ਦੀ ਪੁਸਤਕ ' ਆਉ ਗ਼ਜ਼ਲ ਲਿਖੀਏ' ਵਿਚ ਜਿਹਾਫ਼ਾਂ ਬਾਰੇ ਕੋਈ ਵੱਖਰਾ ਅਧਿਆਏ ਤਾਂ ਨਹੀ ਦਿੱਤਾ ਪਰ ਤਕਤੀਹ ਵਾਲੇ ਅਧਿਆਏ ਵਿੱਚ ਸ਼ਿਅਰਾਂ ਦੀ ਤਕਤੀਹ ਕਰਦਿਆਂ ਕੁਝ ਕੁ ਜ਼ਿਹਾਫਾਂ ਦੀ ਵਿਆਖਿਆ ਕੀਤੀ ਹੈ । ਹਾਂ ਡਾ: ਜੋਗਿੰਦਰ ਸਿੰਘ ਨੇ ਆਪਣੀ ਪੁਸਤਕ 'ਪਿੰਗਲ ਤੇ ਅਰੂਜ਼ ' ਵਿੱਚ ਜ਼ਿਹਾਫਾਂ ਬਾਰੇ ਮੁਕੰਮਲ ਜਾਣਕਾਰੀ ਜ਼ਰੂਰ ਦਿੱਤੀ ਹੈ ।
ਸਾਡੇ ਖਿਆਲ ਅਨੁਸਾਰ ਸਾਡੇ ਅਰੂਜ਼ੀ ਵਿਦਵਾਨਾਂ ਨੇ ਕੇਵਲ ਉਨ੍ਹਾਂ ਜ਼ਿਹਾਫਾਂ ਬਾਰੇ ਜਾਣਕਾਰੀ ਦੇਣੀ ਹੀ ਮੁਨਾਸਿਬ ਸਮਝੀ ਹੈ, ਜੋ ਪੰਜਾਬੀ ਵਿੱਚ ਪ੍ਰਚਲਿਤ ਹਨ । ਪਿਆਰੇ ਦੋਸਤੋ ਆਉਣ ਵਾਲੀਆਂ ਨਸਲਾਂ ਵਾਸਤੇ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਜ਼ਰੂਰਤ ਹੈ , ਜੇ ਅਸੀਂ ਕੁਝ ਬਹਿਰਾਂ ਵਿੱਚ ਹੀ ਗ਼ਜ਼ਲਾਂ ਕਹਿ ਸਕੇ ਹਾਂ ਤਾਂ ਇਹ ਜ਼ਰੂਰੀ ਨਹੀ ਕਿ ਆਉਣ ਵਾਲੀਆਂ ਨਸਲਾਂ ਵੀ ਉਨ੍ਹਾਂ ਕੁਝ ਕੁ ਬਹਿਰਾਂ ਵਿੱਚ ਹੀ ਆਪਣੀਆਂ ਗ਼ਜ਼ਲਾਂ ਕਹਿਣ ।
ਸਾਡੀਆਂ ਆਉਣ ਵਾਲੀਆਂ ਨਸਲਾਂ ਤੇਜ਼ ਤਰਾਰ ਬੁੱਧੀ ਵਾਲੀਆਂ ਹੋਣਗੀਆਂ । ਅੱਜ ਅਸੀਂ ਕਲਾ ਦੇ ਖ਼ੇਤਰ ਵਿੱਚ ਜਿਸ ਮੁਕਾਮ ਤੱਕ ਪਹੁੰਚੇ ਹਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਸ਼ੁਰੂਆਤ ਏਥੋਂ ਹੀ ਹੋਵੇਗੀ, ਵਿਕਾਸ ਦਾ ਰੁਖ਼ ਹਮੇਸ਼ਾ ਅਗਰਗਾਮੀ ਰਿਹਾ ਹੈ । ਇਹ ਸਾਡਾ ਵਿਸ਼ਾਵਾਸ ਹੀ ਨਹੀ ਸਗੋਂ ਇੱਟ ਵਰਗਾ ਪੱਕਾ ਯਕੀਨ ਹੈ, ਏਸੇ ਕਰਕੇ ਹੀ ਬੱਚੇ ਨੂੰ ਮਨੁੱਖ ਦਾ ਪਿਉ ਕਿਹਾ ਜਾਂਦਾ ਹੈ , ਅਤੇ ਪੰਜਾਬੀ ਦਾ ਅਖਾਣ ਵੀ ਹੈ ਕਿ ਦੁਨੀਆਂ ਪਰੇ ਤੋਂ ਪਰੇ ਪਈ ਹੈ । ਕਿਸੇ ਵੇਲੇ ਮਨੁੱਖ ਦਾ ਮਾਊਂਟ ਐਵਰੈਸਟ ਤੇ ਚੜ੍ਹਨਾਂ ਅਸੰਭਵ ਮੰਨਿਆ ਜਾਂਦਾ ਸੀ, ਪਰ ਅੱਜ ਇਹ ਇੱਕ ਸਧਾਰਾਣ ਵਤੀਰਾ ਬਣ ਗਿਆ ਹੈ ।
ਸਾਡੇ ਏਸ ਕਥਨ ਦੀ ਪੁਸ਼ਟੀ ਵਾਸਤੇ ਅਸੀਂ ਇਕ ਉਦਾਹਰਣ ਦੇਣੀ ਚਾਹੁੰਦੇ ਹਾਂ ਕਿ ਕੁਝ ਦਹਾਕੇ ਪਹਿਲਾਂ ਪੰਜਾਬੀ ਭਾਸ਼ਾ ਤੇ ਕਥਿਤ ਵਿਦਵਾਨਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਗ਼ਜ਼ਲ ਪੰਜਾਬੀ ਵਿੱਚ ਲਿਖੀ ਹੀ ਨਹੀ ਜਾ ਸਕਦੀ ਕਿਉਂ ਕਿ ਪੰਜਾਬੀ ਭਾਸ਼ਾ ਗ਼ਜ਼ਲ ਦੇ ਅਨੁਕੂਲ ਹੀ ਨਹੀਂ । ਉਨ੍ਹਾਂ ਦਾ ਮੱਤ ਸੀ ਕਿ ਪੰਜਾਬੀ ਭਾਸ਼ਾ ਇਕ ਗੰਵਾਰੂ ਭਾਸ਼ਾ ਹੈ, ਇਹ ਤਾਂ ਸਿਰਫ਼ ਗਾਲ਼੍ਹਾਂ ਕੱਢਣ ਦੇ ਹੀ ਕੰਮ ਆਉਂਦੀ ਹੈ । ਅਸਲ ਵਿੱਚ ਇਹ ਕਮਜ਼ੋਰੀ ਪੰਜਾਬੀ ਜ਼ੁਬਾਨ ਵਿੱਚ ਨਹੀ ਸੀ ਬਲਕਿ ਉਹਨਾਂ ਦੇ ਆਪਣੇ ਬੌਧਿਕ ਦਿਵਾਲੀਏ ਹੋਣ ਦਾ ਪ੍ਰਮਾਣ ਸੀ । ਪ੍ਰਤੱਖ ਨੂੰ ਪਰਮਾਣ ਦੀ ਕੀ ਲੋੜ ਦੇ ਕਥਨ ਅਨੁਸਾਰ ਅੱਜ ਗ਼ਜ਼ਲ ਪੰਜਾਬੀ ਵਿੱਚ ਨਾ ਸਿਰਫ਼ ਧੜੱਲੇ ਨਾਲ ਲਿਖੀ ਜਾ ਰਹੀ ਹੈ ਬਲਕਿ ਪੰਜਾਬੀ ਦੇ ਦੂਸਰੇ ਕਾਵਿ ਰੂਪਾਂ ਨਾਲੋਂ ਵਧੇਰੇ ਪ੍ਰਵਾਨ ਵੀ ਚੜ੍ਹ ਰਹੀ ਹੈ ।
1960 ਤੋਂ ਮਗਰੋਂ ਕੁਝ ਸ਼ਾਇਰਾਂ ਨੇ ਗ਼ਜ਼ਲ ਕਹਿਣ ਵੱਲ ਤਵੱਜ਼ੋਂ ਦਿੱਤੀ । ਪਹਿਲਾਂ ਪਹਿਲਾਂ ਉਨ੍ਹਾਂ ਨੇ ਕੁਝ ਮੁਫ਼ਰਦ ਬਹਿਰਾਂ ਤੇ ਹੀ ਕ਼ਲਮ ਆਜ਼ਮਾਈ, ਖਾਸ ਤੌਰ ਤੇ ਬਹਿਰ ਹਜਜ਼, ਬਹਿਰ ਰਮਲ, ਬਹਿਰ ਮੁਤਦਾਰਿਕ ਅਤੇ ਬਹਿਰ ਮੁਤਕਾਰਿਬ ਵਿੱਚ ਗ਼ਜ਼ਲਾਂ ਕਹੀਆਂ । ਬਹਿਰ ਰਜ਼ਜ ਵੱਲ ਵੀ ਘੱਟ ਧਿਆਨ ਦਿੱਤਾ ਜਾਂਦਾ ਰਿਹਾ, ਕਿਉਂ ਕਿ ਇਹ ਬਹਿਰ ਆਪਣੇ ਰੁਕਨਾਂ ਦੀ ਖਾਸ ਬਣਤਰ ਕਰਕੇ ਬੀਰ ਰਸੀ, ਜੰਗ ਜੂ ਵਿਸ਼ੇ ਹੀ ਲਈ ਅਨੁਕੂਲ ਮੰਨੀ ਜਾਂਦੀ ਹੈ ।
ਦੋ ਮੁਫਰਦ ਬਹਿਰਾਂ, ਬਹਿਰ ਕਾਮਲ ਅਤੇ ਬਹਿਰ ਵਾਫ਼ਰ ਵਿਚ ਗ਼ਜ਼ਲ ਲਿਖਣਾ ਤਾਂ ਕਿ ਸ਼ਾਇਰ ਸੋਚਣ ਤੋਂ ਵੀ ਗੁਰੇਜ਼ ਕਰਦੇ ਸਨ । ਅੱਜ ਸਥਿਤੀ ਇਹ ਹੈ ਕਿ ਪੰਜਾਬੀ ਦੇ ਅਨੇਕਾਂ ਗਜ਼ਲਗੋਆਂ ਨੇ ਬਹਿਰ ਕਾਮਲ, ਸਫ਼ਲਤਾ ਸਹਿਤ ਨਿਭਾਈ ਹੈ । ਇਸੇ ਤਰ੍ਹਾਂ ਹੀ ਉਸਤਾਦ ਸ਼ਾਇਰ ਬਹਿਰ ਵਾਫ਼ਰ ਵਿੱਚ ਵੀ ਗ਼ਜ਼ਲ ਕਹਿਣ ਤੋਂ ਝਿਜਕਦੇ ਸਨ । ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਕਹੇ ਜਾਂਦੇ ਦੀਪਕ ਜੈਤੋਈ ਦੇ ਬਹਿਰ ਵਾਫ਼ਰ ਬਾਰੇ ਇਹ ਖਿਆਲ ਸਨ --
"ਵਾਫਰ ਦਾ ਅਰਥ ਹੁੰਦਾ ਹੈ, ਬਹੁਤ ਜਿਆਦਾ । ਇਸ ਬਹਿਰ ਵਿਚ ਚੂੰਕਿ ਹਰਕਤਾਂ ਬਹੁਤ ਜ਼ਿਆਦਾ ਹਨ, ਯਾਨੀ ਸੱਤ ਅੱਖਰਾਂ ਦੇ ਇਸ ਮੁਫਾ-ਇਲੁ-ਤੁਨ ਰੁਕਨ ਵਿਚ ਪੰਜ ਅੱਖਰ ਮੁਤਹੱਰਕ ਹਨ, ਅਤੇ ਕੇਵਲ ਦੋ ਸਾਕਿਨ ਹਨ । ਪੰਜਾਬੀ ਵਿਚ ਇਹ ਸੰਭਵ ਨਹੀ ।"
ਦੀਪਕ ਸਾਹਿਬ ਨੂੰ ਕੀ ਪਤਾ ਸੀ ਕਿ ਪੰਜਾਬੀ ਗ਼ਜ਼ਲ ਨੂੰ ਜਨੂਨ ਦੀ ਹੱਦ ਤੱਕ ਪਿਆਰ ਕਰਨ ਵਾਲੇ ਕੁਝ ਸ਼ਾਇਰ ਭਾਸ਼ਾ ਦੀਆਂ ਹੱਦਾਂ ਤੋੜ ਕੇ ਇਹ ਬਹਿਰ ਵੀ ਪੰਜਾਬੀ ਵਿੱਚ ਨਿਭਾ ਲੈਣਗੇ । ਪੰਜਾਬੀ ਜ਼ੁਬਾਨ ਦੀ ਸਮਰੱਥਾ ਬਾਰੇ ਸਾਡਾ ਭੁਲੇਖਾ ਵੀ ਕਈ ਵਾਰ ਸਾਨੂੰ ਅਜੇਹੀਆਂ ਗ਼ਲਤ-ਫਹਿਮੀਆਂ ਪਾਲਣ ਲਾ ਦਿੰਦਾ ਹੈ । ਹੁਣ ਬਹਿਰ ਵਾਫ਼ਰ ਨੂੰ ਕੁਝ ਸ਼ਾਇਰਾਂ ਨੇ ਸਫ਼ਲਤਾ ਪੂਰਵਕ ਨਿਭਾ ਕੇ ਪੰਜਾਬੀ ਜ਼ੁਬਾਨ ਦੀ ਸਮਰੱਥਾ ਦਾ ਸਬੂਤ ਦਿੱਤਾ ਹੈ । ਬਹਿਰ ਵਾਫ਼ਰ ਦੀਆਂ ਉਦਾਹਰਣਾਂ ਅਸੀਂ ਅੱਗੇ ਚੱਲ ਕੇ ਦਿਆਂਗੇ । ਅੱਜ ਸਾਨੂੰ ਇਹ ਕਹਿੰਦਿਆਂ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਅਰੂਜ਼ ਦੀਆਂ ਉੱਨੀ ਦੀਆਂ ਉੱਨੀ ਬਹਿਰਾਂ ਪੰਜਾਬੀ ਸ਼ਾਇਰਾਂ ਨੇ ਨਿਭਾ ਲਈਆਂ ਹਨ । ਹੁਣ ਕਈ ਸ਼ਾਇਰ ਅਸੰਭਵ ਮੰਨੀਆਂ ਜਾਣ ਵਾਲੀਆਂ ਬਹਿਰਾਂ ਵਿੱਚ ਗ਼ਜ਼ਲਾਂ ਲਿਖ ਰਹੇ ਹਨ । ਪੰਜਾਬੀ ਵਿੱਚ ਗ਼ਜ਼ਲ ਦੇ ਹਰਮਨ ਪਿਆਰੀ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਹੁਣ ਤਕ ਅਰੂਜ਼ ਦੀਆਂ ਅਨੇਕਾਂ ਪੁਸਤਕਾਂ ਛਪ ਚੁੱਕੀਆਂ ਹਨ । ਅਸੀਂ ਪਿਛਲ ਝਾਤ ਮਾਰੀਏ ਤਾਂ 1978-79 ਵਿੱਚ ਜਦ ਅਸੀਂ ਗ਼ਜ਼ਲ ਕਹਿਣੀ ਸ਼ੁਰੂ ਕੀਤੀ ਤਾਂ ਉਸ ਵੇਲੇ ਸਰਦਾਰ ਜੋਗਿੰਦਰ ਸਿੰਘ ਦੀ ਅਰੂਜ਼ ਦੀ ਕੇਵਲ ਇੱਕੋ ਇੱਕ ਪੁਸਤਕ 'ਪਿੰਗਲ ਤੇ ਅਰੂਜ਼ ' ਹੀ ਪ੍ਰਕਾਸ਼ਿਤ ਹੋਈ ਸੀ । ਉਹ ਵੀ ਐਡੀਸ਼ਨ ਖ਼ਤਮ ਹੋਣ ਕਰਕੇ ਕਿਤਿਉਂ ਵੀ ਮਿਲ ਨਹੀ ਸੀ ਰਹੀ । ਸਾਨੂੰ ਬੜੀ ਮੁਸ਼ਕਲ ਨਾਲ ਉਹ ਪੁਸਤਕ ਦੇਖਣੀ ਨਸੀਬ ਹੋਈ ਸੀ ।
ਆਪਾਂ ਗੱਲ ਜ਼ਿਹਾਫਾਂ ਬਾਰੇ ਸ਼ੁਰੂ ਕੀਤੀ ਸੀ, ਹੁਣ ਏਸ ਮੁੱਦੇ ਤੇ ਆਉਂਦੇ ਹਾਂ, ਪਹਿਲਾਂ ਸਾਡੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਜ਼ਿਹਾਫ ਹਨ ਕੀ ?
"ਕਰੀਏ ਸ਼ਬਦ ਜ਼ਿਹਾਫ ਦਾ ਆਪਾਂ ਮਤਲਬ ਸਾਫ਼,
ਕਾਂਟ ਛਾਂਟ ਅਰਕਾਨ ਦੀ, ਉਸ ਨੂੰ ਕਹਿਣ ਜ਼ਿਹਾਫ "
ਜ਼ਿਹਾਫ ਦਾ ਸ਼ਾਬਦਿਕ ਅਰਥ ਹੈ ਅਸਲੋਂ ਦੂਰ ਜਾਣਾ, ਜਾਂ ਤੀਰ ਨਿਸ਼ਾਨੇ ਤੇ ਨਾ ਲੱਗਣਾ ਪਰ ਨਿਸ਼ਾਨੇ ਦੇ ਨੇੜੇ ਤੇੜੇ ਪਹੁੰਚ ਜਾਣਾ । ਪਰ ਅਰੂਜ਼ ਦੀ ਪਰਿਭਾਸ਼ਾ ਅਨੁਸਾਰ ਰੁਕਨਾਂ ਦੀ ਕਾਂਟ ਛਾਂਟ ਜਾਂ ਰੁਕਨਾਂ ਦੇ ਹਰਫਾਂ ਵਿਚ ਵਾਧਾ ਘਾਟਾ ਕਰਨਾ । ਰੁਕਨਾਂ ਵਿੱਚ ਇਹ ਤਬਦੀਲੀ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ ।-
1. ਰੁਕਨਾਂ ਦੇ ਹਰਫਾਂ ਵਿੱਚ ਵਾਧਾ ਕਰਕੇ
2. ਰੁਕਨਾਂ ਦੇ ਹਰਫਾਂ ਨੂੰ ਘਟਾ ਕੇ
3. ਰੁਕਨਾਂ ਦੇ ਮੁਤਹੱਰਕ ਅੱਖਰਾਂ ਨੂੰ ਸਾਕਿਨ ਕਰਕੇ
ਰੁਕਨਾਂ ਦੇ ਹਰਫਾਂ ਵਿਚ ਵਾਧਾ ਤਾਂ ਇੱਕ ਜਾਂ ਦੋ ਹਰਫਾਂ ਦਾ ਹੀ ਹੁੰਦਾ ਹੈ । ਪਰ ਰੁਕਨਾਂ ਵਿਚ ਹਰਫਾਂ ਦੀ ਕਾਂਟ ਛਾਂਟ ਦੇ ਨੁਕਤੇ ਤੋਂ ਇਸ ਵਿੱਚ ਗੰਭੀਰ ਤਬਦੀਲੀਆਂ ਆਉਂਦੀਆਂ ਹਨ । ਜ਼ਿਹਾਫਾਂ ਦੀ ਕਾਢ ਅਰੂਜ਼ੀ ਵਿਦਵਾਨਾਂ ਨੇ ਏਸ ਕਰਕੇ ਕੱਢੀ ਕਿ ਰੁਕਨਾਂ ਤੇ ਜ਼ਿਹਾਫਾਂ ਮਿਲ ਕੇ ਹਰ ਇੱਕ ਸ਼ਬਦ ਦਾ ਸਹੀ ਨਾਪ ਤੋਲ ਕਰ ਸਕਣ । ਸਾਰੇ ਰੁਕਨ ਪੰਜ ਹਰਫ਼ੀ ਜਾਂ ਸੱਤ ਹਰਫ਼ੀ ਹਨ ਤੇ ਇਨ੍ਹਾਂ ਰੁਕਨਾਂ ਵਿਚ ਸਬੱਬ ਜਾਂ ਵਤਦ ਦੀ ਅਦਲਾ ਬਦਲੀ ਕਰਨ ਦੇ ਨਾਲ ਇਹ ਹਰ ਤਰ੍ਹਾਂ ਦੇ ਪੰਜ ਹਰਫ਼ੀ ਤੇ ਸੱਤ ਹਰਫ਼ੀ ਸ਼ਬਦਾਂ ਦੇ ਵਜ਼ਨ ਹਾੜਨ ਵਾਸਤੇ ਕਾਰਆਮਦ ਹਨ । ਪਰ ਜਿਹੜੇ ਹਰਫ਼ ਪੰਜ ਜਾਂ ਸੱਤ ਹਰਫ਼ਾਂ ਤੋਂ ਵੱਧ ਜਾਂ ਘੱਟ ਹਨ ਉਹਨਾਂ ਦੇ ਵਜ਼ਨ ਹਾੜਨ ਵਾਸਤੇ ਜ਼ਿਹਾਫਾਂ ਦੀ ਲੋੜ ਪੈਂਦੀ ਹੈ । ਇਨ੍ਹਾਂ ਜ਼ਿਹਾਫਾਂ ਨਾਲ ਦੋ ਹਰਫਾਂ ਤੋਂ ਲੈ ਕੇ ਨੌ ਹਰਫ਼ਾਂ ਤੱਕ ਵਾਲੇ ਸ਼ਬਦਾਂ ਦੇ ਵਜ਼ਨ ਦਾ ਨਾਪ ਤੋਲ ਕੀਤਾ ਜਾ ਸਕਦਾ ਹੈ । ਸੋ ਜ਼ਿਹਾਫਾਂ ਦੀ ਮਦਦ ਨਾਲ ਸ਼ਿਅਰ ਵਿਚ ਵਰਤੇ ਹਰ ਤਰ੍ਹਾਂ ਦੇ ਸ਼ਬਦ ਦਾ ਵਜ਼ਨ ਹਾੜਿਆ ਜਾ ਸਕਦਾ ਹੈ ।
" ਇਕ ਦੋ ਹਰਫਾਂ ਦਾ ਕਰਨ, ਰੁਕਨਾਂ ਵਿੱਚ ਵਿਸਤਾਰ,
ਪਹਿਲ ਪ੍ਰਿਥਮ ਜ਼ਿਹਾਫ ਉਹ, ਲਈਏ ਕ੍ਰਿਸ਼ਨ ਵਿਚਾਰ ।"
ਪਹਿਲਾਂ ਆਪਾਂ ਉਹਨਾਂ ਜ਼ਿਹਾਫਾਂ ਤੇ ਵਿਚਾਰ ਕਰਦੇ ਹਾਂ ਜਿਹੜੇ ਜ਼ਿਹਾਫ ਰੁਕਨਾਂ ਦੇ ਅਖੀਰ ਤੇ ਇਕ ਦੋ ਹਰਫਾਂ ਦਾ ਵਾਧਾ ਕਰ ਦਿੰਦੇ ਹਨ । ਕੇਵਲ ਤਿੰਨ ਹੀ ਜ਼ਿਹਾਫ ਅਜਿਹੇ ਹਨ ਜਿਨ੍ਹਾਂ ਨਾਲ ਰੁਕਨ ਵਿਚ ਇੱਕ ਜਾਂ ਦੋ ਹਰਫਾਂ ਦਾ ਵਾਧਾ ਕੀਤਾ ਜਾ ਸਕਦਾ ਹੈ ।
1. ਇਜ਼ਾਲ--- ਇਜ਼ਾਲ ਦਾ ਅਰਥ ਹੈ 'ਪੱਲਾ ਅੱਡਣਾ', ਪਰ ਅਰੂਜ਼ੀ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਰੁਕਨਾਂ ਦੇ ਅਖੀਰ ਤੇ ਵਤਦ ਮਜ਼ਮੂਅ ਯਾਨੀ IS ਆਉਂਦਾ ਹੈ ਉਸ ਦੇ ਅਖ਼ੀਰਲੇ ਸਾਕਿਨ ਅੱਖਰ ਤੋਂ ਪਹਿਲਾਂ ਕੰਨਾਂ ਵਧਾਉਣ ਦੀ ਕਿਰਿਆ ਹੈ । ਇਹ ਜ਼ਿਹਾਫ ਮੁਤੁਫਾਇਲੁਨ (IISIS) ਫਾਇਲੁਨ (SIS) ਅਤੇ ਮੁਸਤਫ਼ਇਲੁਨ (SSIS) ਰੁਕਨਾਂ ਦੇ ਅਖ਼ੀਰਲੇ ਸਾਕਿਨ ਅੱਖਰ, ਨ ਤੋਂ ਪਹਿਲਾਂ ਇਕ ਕੰਨਾਂ ਵਧਾ ਕੇ ਲਾਗੂ ਕੀਤਾ ਜਾਂਦਾ ਹੈ । ਇਸ ਤਰ੍ਹਾਂ ਇਹ ਰੁਕਨ ਕ੍ਰਮਵਾਰ ਮੁਤੁਫਾਇਲਾਨ, ਫਾਇਲਾਨ ਅਤੇ ਮੁਸਤਫ਼ਇਲਾਨ ਬਣ ਜਾਂਦੇ ਹਨ । ਇੱਥੇ ਹੁਣ ਮੁਕਤਾ ਅੱਖਰ ਨ ਕੇਵਲ ਬਿੰਦੀ ਦੀ ਅਵਾਜ਼ ਪੈਦਾ ਕਰਦਾ ਹੈ ਅਤੇ ਇਹ ਰੁਕਨ ਕ੍ਰਮਵਾਰ ਮੁਤੁਫਾਇਲਾਂ, ਫਾਇਲਾਂ, ਤੇ ਮੁਸਤਫਇਲਾਂ ਬਣ ਜਾਣਗੇ । ਭਾਵੇਂ ਇਸ ਤਰ੍ਹਾਂ ਕਰਨ ਨਾਲ ਰੁਕਨ ਦੇ ਵਜ਼ਨ ਵਿਚ ਕੋਈ ਫਰਕ ਨਹੀ ਪੈਂਦਾ, ਕਿਉਂ ਕਿ ਬਿੰਦੀ ਵਜ਼ਨ ਵਿੱਚ ਗਿਣੀ ਹੀ ਨਹੀ ਜਾਂਦੀ । ਪਰ ਗਾਇਕ ਅਖ਼ੀਰ ਤੇ ਬਿੰਦੀ ਦੀ ਅਵਾਜ਼ ਅਦਾ ਕਰ ਸਕੇਗਾ, ਜੇ ਇਹ ਬਿੰਦੀ ਅਖੀਰਲੇ ਅੱਖਰ ਤੇ ਆਉਣ ਦੀ ਬਜਾਇ ਕਿਸੇ ਹੋਰ ਅੱਖਰ ਤੇ ਹੁੰਦੀ ਤਾਂ ਇਹ ਵਜ਼ਨੋਂ ਖਾਰਜ ਹੋ ਜਾਣੀ ਸੀ । ਇਹ ਰੁਕਨ ਅਖੀਰ ਤੇ ਬਿੰਦੀ ਲਾਉਣ ਨਾਲ ਭਾਵੇਂ ਸਿਧਾਂਤਕ ਤੌਰ ਤੇ ਅੱਠ ਅੱਖਰਾਂ ਦੇ ਹੋ ਗਏ ਹਨ ਪਰ ਉਚਾਰਣ ਵਿੱਚ ਸਿਰਫ ਸੱਤ ਅੱਖਰ ਹੀ ਗਿਣੇ ਜਾਣਗੇ । ਇਹ ਜ਼ਿਹਾਫ ਰਜਜ਼, ਮੁਤਦਾਰਿਕ, ਬਸੀਤ, ਕਾਮਿਲ, ਸਰੀਅ, ਮੁਨਸਰਿਹ ਅਤੇ ਮੁਕਤਜ਼ਬ ਬਹਿਰਾਂ ਤੇ ਲਾਗੂ ਹੁੰਦੀ ਹੈ ।
2. ਤਸਬੀਗ--- ਤਸਬੀਗ ਦਾ ਅਰਥ ਹੈ, ਪੂਰਾ ਕਰਨਾ । ਅਰੂਜ਼ੀ ਭਾਸ਼ਾ ਅਨੁਸਾਰ ਸਬੱਬ ਖਫੀਫ ਯਾਨੀ S ਤੇ ਮੁੱਕਣ ਵਾਲੇ ਰੁਕਨਾਂ ਵਿੱਚ ਸਾਕਿਨ ਹਰਫ਼ ਤੋਂ ਪਹਿਲਾਂ ਕੰਨਾਂ ਵਧਾਉਣ ਦੀ ਕਿਰਿਆ ਨੂੰ ਤਸਬੀਗ ਕਿਹਾ ਜਾਂਦਾ ਹੈ । ਇਹ ਜਿਹਾਫ਼ ਸਿਰਫ ਉਹਨਾਂ ਰੁਕਨਾਂ ਤੇ ਲਾਗੂ ਹੁੰਦੀ ਹੈ, ਜਿਨ੍ਹਾਂ ਰੁਕਨਾਂ ਦੇ ਅਖੀਰ ਵਿੱਚ ਦੋ ਸਬੱਬ ਖਫੀਫ ਭਾਵ SS ਹੋਣ । ਇਹ ਕੇਵਲ ਫਾਇਲਾਤੁਨ (SISS) ਮੁਫਾਈਲੁਨ (ISSS), ਤੇ ਫਊਲੁਨ (ISS) ਤੇ ਲਾਗੂ ਹੁੰਦੀ ਹੈ । ਤਸਬੀਗ ਜਿਹਾਫ਼ ਲਾ ਕੇ ਇਹ ਰੁਕਨ ਕ੍ਰਮਵਾਰ ਫਾਇਲਾਤਾਨ, ਮੁਫਾਈਲਾਨ, ਅਤੇ ਫਊਲਾਨ ਬਣ ਜਾਂਦੇ ਹਨ ਅਤੇ ਫਿਰ ਤੋਂ ਅਖੀਰਲਾਂ ਨ ਕੇਵਲ ਬਿੰਦੀ ਦੀ ਅਵਾਜ਼ ਅਦਾ ਕਰਦਾ ਹੈ ਇਸ ਤਰ੍ਹਾਂ ਇਹਨਾਂ ਰੁਕਨਾਂ ਨੂੰ ਕ੍ਰਮਵਾਰ ਫਾਇਲਾਤਾਂ, ਮੁਫਾਈਲਾਂ ਅਤੇ ਫਊਲਾਂ ਕਿਹਾ ਜਾਂਦਾ ਹੈ । ਇਕ ਵਾਰ ਫਿਰ ਤੋਂ ਸਪਸ਼ਟ ਕਰ ਦਈਏ ਕਿ ਇਸ ਜ਼ਿਹਾਫ ਨਾਲ ਰੁਕਨ ਦੇ ਵਜ਼ਨ ਤੇ ਕੋਈ ਫਰਕ ਨਹੀ ਪੈਂਦਾ ਪਰ ਗਾਉਣ ਦੇ ਵਕਤ ਗਾਇਕ ਅੰਤ ਵਿੱਚ ਬਿੰਦੀ ਦੀ ਅਵਾਜ਼ ਅਦਾ ਕਰ ਸਕਦਾ ਹੈ । ਇਹ ਰੁਕਨ ਵੀ ਸਿਧਾਂਤਕ ਤੌਰ ਤੇ ਅੱਠ ਹਰਫ਼ੇ ਹੁੰਦੇ ਹੋਏ ਵੀ ਸੱਤ ਹਰਫ਼ੇ ਰੁਕਨਾਂ ਵਾਂਗ ਹੀ ਉਚਾਰੇ ਜਾਂਦੇ ਹਨ , ਕਿਉਂ ਕਿ ਬਿੰਦੀ ਗਿਣਤੀ ਚ ਨਹੀ ਆਉਂਦੀ ।
3. ਤਰਫ਼ੀਲ--- ਤਰਫ਼ੀਲ ਦਾ ਅਰਥ ਹੈ, ਪੱਲਾ ਘੜੀਸਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਰੁਕਨਾਂ ਦੇ ਅੰਤ ਵਿੱਚ ਵਤਦ ਮਜ਼ਮੂਅ ਯਾਨੀ IS ਹੈ ਉਹਨਾਂ ਵਿੱਚ ਅਖ਼ੀਰਲੇ ਰੁਕਨ ਨਾਲ ਇੱਕ ਸਬੱਬ ਖਫ਼ੀਫ ਯਾਨੀ S ਵਧਾਉਣ ਦੀ ਕ੍ਰਿਆ ਦਾ ਨਾਮ ਹੈ । ਇਹ ਜ਼ਿਹਾਫ ਮੁਸਤਫਇਲੁਨ (SSIS) ਮੁਤੁਫਾਇਲੁਨ (IISIS) ਦੋਹਾਂ ਰੁਕਨਾਂ ਤੇ ਹੀ ਲਾਗੂ ਹੁੰਦੀ ਹੈ । ਇਸ ਨੂੰ ਫਾਇਲੁਨ (SIS) ਰੁਕਨ ਤੇ ਲਾਗੂ ਨਹੀ ਕੀਤਾ ਜਾ ਸਕਦਾ ਭਾਵੇਂ ਕਿ ਇਸ ਦੇ ਅਖੀਰ ਤੇ ਵੀ ਵਤਦ ਮਜ਼ਮੂਅ ਹੈ। ਇਹਨਾਂ ਦੋਨਾਂ ਰੁਕਨਾਂ ਤੇ ਤਰਫ਼ੀਲ ਜ਼ਿਹਾਫ ਲਾਗੂ ਕਰਨ ਨਾਲ ਇਨ੍ਹਾਂ ਦਾ ਰੂਪ ਕ੍ਰਮਵਾਰ ਮੁਸਤਫ਼ਇਲਨਤੁਨ, ਅਤੇ ਮੁਤੁਫਾਇਲੁਨਤੁਨ ਬਣ ਜਾਂਦਾ ਹੈ ਤੇ ਅਸੀਂ ਇਹਨਾਂ ਨੂੰ ਮੁਸਤਫ਼ਇਲਾਤੁਨ ਅਤੇ ਮੁਤੁਫਾਇਲਾਤੁਨ ਦੇ ਨਾਲ ਬਦਲ ਲੈਂਦੇ ਹਾਂ ।
ਜਿਹੜੀਆਂ ਬਹਿਰਾਂ ਤੇ ਇਜ਼ਾਲ, ਤਸਬੀਗ ਅਤੇ ਤਫ਼ਰੀਲ ਜ਼ਿਹਾਫ ਲਾਗੂ ਹੋਣ ਉਹਨਾਂ ਬਹਿਰਾਂ ਦੇ ਨਾਮ ਨਾਲ ਕ੍ਰਮਵਾਰ ਮੁਜ਼ਾਲ, ਮੁਸੱਬਗ ਤੇ ਮੁਰੱਫਲ ਵਰਤਿਆ ਜਾਂਦਾ ਹੈ । ਕਿਉਂ ਕਿ ਹਰੇਕ ਜ਼ਿਹਾਫ ਦਾ ਨਾਮ ਬਹਿਰ ਵਿੱਚ ਵਰਤਣ ਨਾਲ ਇਹ ਸ਼ਬਦ ਕ੍ਰਿਆ ਵਾਚੀ ਰੂਪ ਵਿੱਚ ਬਦਲ ਜਾਂਦੇ ਹਨ । ਜਿਵੇਂ ਪੰਜਾਬੀ ਵਿੱਚ ਦੌੜ ਤੋਂ ਦੌੜਨਾ, ਖੇਡ ਤੋਂ ਖੇਡਣਾ ਅਤੇ ਕੱਟ ਤੋਂ ਕੱਟਣਾ ਕ੍ਰਮਵਾਰ ਦੌੜ, ਖੇਡ, ਅਤੇ ਕੱਟ ਦੇ ਕ੍ਰਿਆਵਾਚੀ ਰੂਪ ਹਨ ।
ਪਿਆਰੇ ਦੋਸਤੋ ਹੁਣ ਆਪਾਂ ਉਹਨਾਂ ਜ਼ਿਹਾਫਾਂ ਦਾ ਵਰਣਨ ਕਰਾਂਗੇ ਜਿਹੜੇ ਜ਼ਿਹਾਫ ਬਹਿਰ ਦੇ ਸਿਰਫ਼ ਇਕ ਹਰਫ਼ ਤੇ ਹੀ ਅਸਰ ਕਰਦੇ ਹਨ । ਇਹ ਤਬਦੀਲੀ ਇਸ ਤਰ੍ਹਾਂ ਹੋ ਸਕਦੀ ਹੈ ।
(1) ਇੱਕ ਸਾਕਿਨ ਅੱਖਰ ਨੂੰ ਉਡਾਉਂਦੇ ਹਨ ।
(2) ਇੱਕ ਮੁਤਹੱਰਕ ਅੱਖਰ ਨੂੰ ਉਡਾਉਂਦੇ ਹਨ ।
(3) ਇੱਕ ਮੁਤਹੱਰਕ ਅੱਖਰ ਨੂੰ ਸਾਕਿਨ ਕਰ ਦਿੰਦੇ ਹਨ ।
ਇੱਕ ਸਾਕਿਨ ਅੱਖਰ ਨੂੰ ਉਡਾਉਣ ਵਾਲੇ ਜ਼ਿਹਾਫ
1. ਖ਼ਬਨ--- ਖ਼ਬਨ ਦਾ ਅਰਥ ਹੈ ਚੌੜਾ ਕਰਨਾਂ ਜਾਂ ਪਲੇਟ ਪਾਉਣੇ ਤਾਂ ਜੋ ਪੱਲਾ ਛੋਟਾ ਹੋ ਜਾਵੇ । ਅਰੂਜ਼ੀ ਪਰਿਭਾਸ਼ਾ ਅਨੁਸਾਰ ਕਿਸੇ ਰੁਕਨ ਦੇ ਦੂਸਰੇ ਸਾਕਿਨ ਹਰਫ਼ ਉਡਾ ਦੇਣ ਨੂੰ ਖ਼ਬਨ ਆਖਦੇ ਹਨ । ਇਹ ਜ਼ਿਹਾਫ ਕੇਵਲ ਉਹਨਾਂ ਰੁਕਨਾਂ ਤੇ ਹੀ ਲਾਗੂ ਹੁੰਦਾ ਹੈ ਜਿਨ੍ਹਾਂ ਰੁਕਨਾਂ ਦਾ ਦੂਜਾ ਹਰਫ਼ ਸਾਕਿਨ ਹੋਵੇ । ਇਸ ਤਰ੍ਹਾਂ ਖ਼ਬਨ ਜ਼ਿਹਾਫ ਫਾਇਲਾਤੁਨ (SISS), ਮੁਸਤਫ਼ਇਲੁਨ (SSIS), ਫਾਇਲੁਨ (SIS) ਅਤੇ ਮਫ਼ਊਲਾਤ (SSSI) ਤੇ ਲਾਗੂ ਹੁੰਦੀ ਹੈ , ਕਿਉਂ ਕਿ ਇਹ ਰੁਕਨ ਸਬੱਬ ਖਫੀਫ ਯਾਨੀ S ਤੋਂ ਸ਼ੁਰੂ ਹੁੰਦੇ ਹਨ । ਆਉ ਦੇਖੀਏ ਖ਼ਬਨ ਜ਼ਿਹਾਫ ਨਾਲ ਇਨ੍ਹਾਂ ਰੁਕਨਾਂ ਵਿੱਚ ਕੀ ਤਬਦੀਲੀ ਆਉਂਦੀ ਹੈ ।
(ੳ)...ਫਾਇਲਾਤਨੁ ਰੁਕਨ ਦਾ ਦੂਜਾ ਸਾਕਿਨ ਅੱਖਰ ਕੰਨਾਂ ਗਿਰਾ ਦੇਣ ਨਾਲ ਇਹ ਰੁਕਨ ਫਇਲਾਤੁਨ ਦਾ ਰੂਪ ਲੈ ਲੈਂਦਾ ਹੈ ਯਾਨੀ ਫਾਇਲਾਤੁਨ ਦਾ ਰੂਪ IISS ਹੋ ਜਾਵੇਗਾ । ਸਬੱਬ ਖਫੀਫ਼ ਸਬੱਬ ਸਕੀਲ ਬਣ ਜਾਵੇਗਾ ।
(ਅ)... ਮੁਸਤਫ਼ਇਲੁਨ ਰੁਕਨ ਦਾ ਦੂਜਾ ਹਰਫ਼ ਸ ਮੁਕਤਾ ਉਡ ਜਾਵੇਗਾ ਤੇ ਇਹ ਮੁਤਫਇਲੁਨ ਯਾਨੀ ਮੁ ਤਫ਼ ਇ ਲੁਨ ਬਣ ਜਾਵੇਗਾ । ਮੁਤਫ਼ ਦੇ ਬਰਵਜ਼ਨ ਸ਼ਬਦ ਮੁਫਾ ਹੈ ਇਸ ਲਈ ਇਸ ਨੂੰ ਮੁਫਾਇਲੁਨ ਯਾਨੀ ISIS ਰੁਕਨ ਦੇ ਬਰਾਬਰ ਕਰ ਲਿਆ ਜਾਵੇਗਾ ।
(ੲ) ... ਫਾਇਲੁਨ ਰੁਕਨ ਦਾ ਦੂਜਾ ਸਾਕਿਨ ਅੱਖਰ ਕੰਨਾਂ ਝੜ ਜਾਵੇਗਾ ਅਤੇ ਇਹ ਫਇਲੁਨ ਰਹਿ ਜਾਵੇਗਾ, ਯਾਨੀ IIS, ਯਾਨੀ ਸਬੱਬ ਸਕੀਲ + ਸਬੱਬ ਖਫ਼ੀਫ ਯਾਨੀ ਕਿ ਵਤਦ ਕਸਰਤ ।
(ਸ)... ਮਫ਼ਊਲਾਤ ਰੁਕਨ ਦਾ ਦੂਜਾ ਸਾਕਿਨ ਅੱਖਰ ਫ਼ ਝੜ ਕੇ ਮ ਊ ਲਾ ਤੁ ਰਹਿ ਜਾਵੇਗਾ । ਮਊ ਕਿਉਂ ਕਿ ਵਤਦ ਮਜ਼ਮੂਅ ਯਾਨੀ ਕਿ IS ਦੇ ਬਰਵਜ਼ਨ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਇਸ ਵਾਸਤੇ ਪ੍ਰਚਲਤ ਸ਼ਬਦਾ ਫ਼ਊ ਨਾਲ ਬਦਲ ਜਾਵੇਗਾ ਅਤੇ ਫ਼ਊਲਾਤ ਕਿਹਾ ਜਾਵੇਗਾ ।
ਜਿਸ ਬਹਿਰ ਵਿੱਚ ਇਹ ਜਿਹਾਫ਼ ਲਾਗੂ ਹੋਵੇਗੀ ਉਸ ਦੇ ਨਾਮ ਨਾਲ ਮਖ਼ਬੂਨ ਸ਼ਬਦ ਜੋੜ ਲਿਆ ਜਾਵੇਗਾ ।
2. ਤੈ ----- ਤੈ ਦਾ ਅਰਥ ਹੈ ਲਪੇਟਣਾ, ਅਰੂਜ਼ੀ ਪਰਿਭਾਸ਼ਾ ਵਿੱਚ ਤੈ ਰੁਕਨ ਦੇ ਮੁੱਢ ਵਿੱਚੋਂ ਚੌਥੇ ਸਾਕਿਨ ਅੱਖਰ ਨੂੰ ਝਾੜਨ ਵਾਸਤੇ ਵਰਤਿਆ ਜਾਂਦਾ ਹੈ । ਇਸ ਨਾਲ ਇਕ ਹੋਰ ਸ਼ਰਤ ਇਹ ਵੀ ਹੈ ਕਿ ਇਹ ਸਾਕਿਨ ਹਰਫ਼ ਨਾਲ ਨਾਲ ਆਉਣ ਵਾਲੇ ਦੋ ਸਬੱਬ ਖਫ਼ੀਫਾਂ ਵਿੱਚ ਆਉਂਦਾ ਹੋਵੇ । ਦੋ ਸਬੱਬ ਖਫ਼ੀਫਾਂ ਨਾਲ ਸ਼ੁਰੂ ਹੋਣ ਵਾਲੇ ਰੁਕਨਾਂ, ਮੁਸਤਫ਼ਇਲੁਨ ਅਤੇ ਮਫ਼ਊਲਾਤ ਉੱਤੇ ਹੀ ਇਹ ਜ਼ਿਹਾਫ ਲਾਗੂ ਹੁੰਦੀ ਹੈ । ਆਉ ਦੇਖੀਏ ਕਿ ਤੈ ਜ਼ਿਹਾਫ ਲਾਉਣ ਨਾਲ ਰੁਕਨਾਂ ਦਾ ਕੀ ਰੂਪ ਬਣਦਾ ਹੈ ।
(ੳ) ਮੁਸਤਫ਼ਇਲੁਨ- ਇਸ ਰੁਕਨ ਦਾ ਚੌਥਾ ਸਾਕਿਨ ਅੱਖਰ ਫ਼ ਝੜ ਕੇ ਇਹ ਰੁਕਨ ਮੁਸ ਤ ਇ ਲੁਨ ਰਹਿ ਜਾਂਦਾ ਹੈ । ਹੁਣ ਪਹਿਲਾਂ ਸਬੱਬ ਖਫ਼ੀਫ S ਯਾਨੀ ਮੁਸ ਨੂੰ ਇਸ ਦੇ ਬਰਵਜ਼ਨ ਸ਼ਬਦ ਮੁਫ਼ ਨਾਲ ਬਦਲ ਕੇ ਇਹ ਰੁਕਨ ਮੁਫ਼ਤੁਇਲੁਨ ਬਣ ਜਾਵੇਗਾ । ਇਸ ਤਰ੍ਹਾਂ ਇਸ ਦਾ ਰੂਪ SSIS ਤੋਂ ਬਦਲ ਕੇ SIIS ਹੋ ਜਾਵੇਗਾ ।
(ਅ) ਮਫ਼ਊਲਾਤ- ਰੁਕਨ ਦਾ ਚੌਥਾ ਸਾਕਿਨ ਅੱਖਰ ਦੁ਼ਲੈਂਕੜੇ ਝੜਕੇ ਇਹ ਮਫ਼ ੳ ਲਾ ਤ ਰਹਿ ਜਾਵੇਗਾ । ਯਾਨੀ ਇਸ ਰੁਕਨ ਦਾ ਰੂਪ SSSI ਤੋਂ SISI ਯਾਨੀ ਫਾਇਲਾਤ ਬਣ ਜਾਵੇਗਾ । ਬਹਿਰ ਵਿੱਚ ਇਸ ਜ਼ਿਹਾਫ ਦਾ ਨਾਮ ਮਤਵੀ ਸ਼ਬਦ ਜੋੜ ਕੇ ਦਰਸਾਇਆ ਜਾਂਦਾ ਹੈ ।
3. ਕਬਜ਼---- ਕਬਜ਼ ਦਾ ਅਰਥ ਹੈ ਪਕੜਨਾ, ਫੜਨਾ ਅਰੂਜ਼ੀ ਪਰਿਭਾਸ਼ਾ ਅਨੁਸਾਰ ਕੇਵਲ ਦੋ ਰੁਕਨਾ, ਮੁਫਾਈਲੁਨ ਤੇ ਫਊਲੁਨ ਦੇ ਪੰਜਵੇਂ ਸਾਕਿਨ ਹਰਫ਼ ਨੂੰ ਝਾੜਨ ਦਾ ਨਾਮ ਹੈ । ਇਹਨਾਂ ਦੋਹਾਂ ਰੁਕਨਾਂ ਤੇ ਕਬਜ਼ ਜ਼ਿਹਾਫ ਲਾ ਕੇ ਇਹ ਰੁਕਨ ਕਿਸ ਤਰ੍ਹਾਂ ਦੀ ਸ਼ਕਲ ਇਖ਼ਿਤਿਆਰ ਕਰਦੇ ਹਨ ਆਉ ਦੇਖੀਏ ।
(ੳ) ਮੁਫਾਈਲੁਨ ਰੁਕਨ ਦਾ ਪੰਜਵਾਂ ਸਾਕਿਨ ਹਰਫ਼ੀ ਗਿਰਕੇ ਇਹ ਰੁਕਨ ਮੁਫਾਇਲੁਨ ਦਾ ਰੂਪ ਲੈ ਲੈਂਦਾ ਹੈ, ਜਿਵੇਂ ਕਿ ਅੱਖਰ ਗਿਰਾਉਣ ਵਧਾਨ ਅਧੀਨ ਆਪਾਂ ਪੜ੍ਹ ਚੁੱਕੇ ਹਾਂ ਕਿ ਬਿਹਾਰੀ ਗਿਰ ਕੇ ਸਿਹਾਰੀ ਵਿਚ ਤਬਦੀਲ ਹੋ ਜਾਂਦੀ ਹੈ । ਯਾਨੀ ਮੁਫਾਈਲੁਨ (ISSS) ਰੁਕਨ ਕਬਜ਼ ਜ਼ਿਹਾਫ ਲਾ ਕੇ ਮੁਫਾਇਲੁਨ (ISIS)ਬਣ ਜਾਂਦਾ ਹੈ ।
(ਅ) ਫਊਲੁਨ ਰੁਕਨ ਦਾ ਪੰਜਵਾਂ ਸਾਕਿਨ ਹਰਫ਼ ਨ ਝਾੜ ਦਿੱਤਾ ਜਾਂਦਾ ਹੈ ਅਤੇ ਫਊਲੁਨ ਦਾ ਫਊਲ (ISI) ਹੋ ਕੇ ਰਹਿ ਜਾਂਦਾ ਹੈ ।
ਜਿਸ ਬਹਿਰ ਤੇ ਇਹ ਜ਼ਿਹਾਫ ਲਾਗੂ ਹੋਵੇ ਉਸ ਦੇ ਨਾਮ ਨਾਲ ਮਕਬੂਜ਼ ਸ਼ਬਦ ਜੋੜ ਦਿੱਤਾ ਜਾਂਦਾ ਹੈ ।
4 ਕਫ਼------- ਕਫ਼ ਦਾ ਅਰਥ ਹੈ ਰੋਕਣਾ । ਪ੍ਰੰਤੂ ਅਰੂਜ਼ੀ ਪਰਿਭਾਸ਼ਾ ਅਨੁਸਾਰ ਕੇਵਲ ਦੋ ਰੁਕਨਾਂ ਫਾਇਲਾਤੁਨ ਤੇ ਮੁਫਾਈਲੁਨ ਦੇ ਸੱਤਵੇਂ ਸਾਕਿਨ ਹਰਫ਼ ਨ ਨੂੰ ਉਡਾਉਣ ਦੀ ਕਿਰਿਆ ਨੂੰ ਕਫ਼ ਕਿਹਾ ਜਾਂਦਾ ਹੈ । ਇਹਨਾਂ ਦੋਨਾਂ ਰੁਕਨਾਂ ਦਾ ਸੱਤਵਾਂ ਸਾਕਿਨ ਅੱਖਰ ਉਡਾ ਕੇ ਹੇਠ ਲਿਖੇ ਰੂਪ ਬਣਦੇ ਹਨ ।
(ੳ) ਫਾਇਲਾਤੁਨ ਦਾ ਸੱਤਵਾਂ ਸਾਕਿਨ ਅੱਖਰ 'ਨ' ਹੈ ਅਗਰ ਇਸ ਜ਼ਿਹਾਫ ਤਹਿਤ ਇਹ ਅੱਖਰ ਗਿਰਾ ਦਿੱਤਾ ਜਾਵੇ ਤਾਂ ਰੁਕਨ ਫਾਇਲਾਤੁਨ ਤੋਂ ਫਾਇਲਾਤ ਰਹਿ ਜਾਂਦਾ ਹੈ । ਭਾਵ SISS ਤੋਂ ਬਦਲ ਕੇ SISI ਦਾ ਰੂਪ ਲੈ ਲੈਂਦਾ ਹੈ ।
(ਅ) ਇਸੇ ਤਰ੍ਹਾਂ ਹੀ ਮੁਫਾਈਲੁਨ ਦਾ ਸੱਤਵਾਂ ਸਾਕਿਨ ਅੱਖਰ 'ਨ' ਗਿਰਾ ਦਿਤਾ ਜਾਵੇ ਤਾਂ ਇਹ ਮੁਫਾਈਲ ਰਹਿ ਜਾਂਦਾ ਹੈ ਅਤੇ ISSS ਤੋਂ ਬਦਲ ਕੇ ਇਹ ISSI ਰਹਿ ਜਾਂਦਾ ਹੈ ।
ਇਹ ਜ਼ਿਹਾਫ ਜਿਸ ਬਹਿਰ ਤੇ ਲਾਗੂ ਕੀਤਾ ਜਾਵੇ ਉਸ ਬਹਿਰ ਦੇ ਨਾਮ ਨਾਲ ਮਕਫੂਫ ਵਰਤਿਆ ਜਾਂਦਾ ਹੈ ।
ਹੁਣ ਤੱਕ ਆਪਾਂ ਇਕ ਸਾਕਿਨ ਅੱਖਰ ਗਿਰਾਉਣ ਵਾਲੀਆਂ ਜ਼ਿਹਾਫਾਂ ਤੇ ਵਿਚਾਰ ਕੀਤਾ ਹੈ । ਹੁਣ ਆਪਾਂ ਮੁਤਹੱਰਕ ਅੱਖਰ ਗਿਰਾਉਣ ਵਾਲੀਆਂ ਜ਼ਿਹਾਫਾਂ ਬਾਰੇ ਗੱਲ ਕਰਦੇ ਹਾਂ ।
ਪਹਿਲਾ ਮੁਤਹੱਰਕ ਅੱਖਰ ਗਿਰਾਉਣਾ
ਪਹਿਲਾ ਮੁਤਹੱਰਕ ਅੱਖਰ ਗਿਰਾਉਣ ਵਾਲੀਆਂ ਤਿੰਨ ਜ਼ਿਹਾਫਾਂ ਹਨ । ਇਹ ਤਿੰਨੇ ਜ਼ਿਹਾਫਾਂ ਕੇਵਲ ਉਹਨਾਂ ਰੁਕਨਾਂ ਤੇ ਹੀ ਲਾਗੂ ਹੁੰਦੀਆਂ ਹਨ ਜਿਹੜੇ ਰੁਕਨ ਵਤਦ ਮਜ਼ਮੂਅ ਯਾਨੀ ਕਿ IS ਤੋਂ ਸ਼ੁਰੂ ਹੁੰਦੇ ਹੋਣ । ਜਿਵੇਂ ਮੁਫਾਈਲੁਨ(ISSS), ਫਊਲੁਨ (ISS), ਮੁਫਾਇਲੁਤੁਨ (ISIIS) ।
ਇਹ ਗੱਲ ਵਿਸ਼ੇਸ਼ ਤੌਰ ਤੇ ਯਾਦ ਰੱਖਣ ਵਾਲੀ ਹੈ ਕਿ ਇਨਾਂ ਤਿੰਨਾਂ ਵੱਖਰੇ ਵੱਖਰੇ ਰੁਕਨਾਂ ਦਾ ਪਹਿਲਾ ਮੁਤਹੱਰਕ ਅੱਖਰ ਮੁ ਗਿਰਾਉਣ ਵਾਲੇ ਜ਼ਿਹਾਫਾਂ ਦਾ ਨਾਮ ਵੀ ਵੱਖਰਾ ਹੈ ।
1. ਖ਼ਰਮ--- ਖ਼ਰਮ ਦਾ ਅਰਥ ਹੈ ਨੱਕ ਵਿੰਨਣਾ, ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਈਲੁਨ ਰੁਕਨ ਤੇ ਪਹਿਲੇ ਮੁਤਹੱਰਕ 'ਮੁ' ਨੂੰ ਗਿਰਾਉਣਾ ਹੈ । ਮੁਫਾਈਲਨ ਰੁਕਨ ਨਾਲੋਂ 'ਮੁ' ਝਾੜ ਕੇ ਬਾਕੀ ਫਾਈਲੁਨ ਬਚਦਾ ਹੈ ਤੇ ਫਾਈਲੁਨ ਨੂੰ ਇਸੇ ਸ਼ਬਦ ਦੇ ਬਰਵਜ਼ਨ ਮਫ਼ਊਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਜਿਸ ਬਹਿਰ ਵਿੱਚ ਵੀ ਖਰਮ ਜ਼ਿਹਾਫ ਲਾਗੂ ਹੋਵੇ ਉਸ ਦੇ ਨਾਮ ਨਾਲ ਅਖ਼ਰਮ ਸ਼ਬਦ ਜੋੜ ਦਿੱਤਾ ਜਾਂਦਾ ਹੈ ।
2. ਸ਼ਲਮ---ਸ਼ਲਮ ਦਾ ਅਰਥ ਹੈ ਰਖਣਾ, ਰਖਣੇ ਤੋਂ ਭਾਵ ਹੈ ਕਿ ਜਿਸ ਵਿੱਚ ਕੋਈ ਵਸਤੂ ਰੱਖੀ ਜਾਵੇ । ਪੁਰਾਣੇ ਜ਼ਮਾਨੇ ਵਿੱਚ ਦਿਵਾਰ ਵਿੱਚ ਦੀਵਾ ਰੱਖਣ ਲਈ ਥਾਂ ਰੱਖੀ ਜਾਂਦੀ ਸੀ । ਜਾਂ ਮੇਜ਼ ਦੇ ਦਰਾਜ਼ ਜਿਸ ਵਿੱਚ ਕਾਗਜ਼ ਪੱਤਰ ਰੱਖੇ ਜਾਂਦੇ ਹਨ, ਇਸ ਦਾ ਇੱਕ ਹੋਰ ਅਰਥ ਮੋਰੀ ਕਰਨਾ ਵੀ ਹੈ । ਅਰੂਜ਼ੀ ਪਰਿਭਾਸ਼ਾ ਅਨੁਸਾਰ ਫਊਲੁਨ ਰੁਕਨ ਦੇ ਪਹਿਲੇ ਮੁਤਹੱਰਕ ਅੱਖਰ 'ਫ' ਨੂੰ ਉਡਾ ਦੇਣ ਨੂੰ ਸ਼ਲਮ ਕਿਹਾ ਜਾਂਦਾ ਹੈ । ਫਊਲੁਨ ਭਾਵ ISS ਤੋਂ 'ਫ' ਝੜ ਕੇ ਇਹ ਊਲੁਨ ਬਚਦਾ ਹੈ ਜਿਸ ਨੂੰ ਫਿਅਲੁਨ ਦੇ ਨਾਲ ਬਦਲ ਲੈਂਦੇ ਹਾਂ । ਇਸ ਨੂੰ ਫੇਲੁਨ ਵੀ ਕਹਿ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਅਸ਼ਲਮ ਹੁੰਦਾ ਹੈ ।
3. ਅਜ਼ਬ---- ਅਜ਼ਬ ਦਾ ਅਰਥ ਹੁੰਦਾ ਹੈ ਟੁੱਟੀ ਹੋਈ ਟਹਿਣੀ । ਅਰੂਜ਼ੀ ਪਰਿਭਾਸ਼ਾ ਅਨੁਸਾਰ ਇਸ ਦਾ ਅਰਥ ਰੁਕਨ ਮੁਫਾਇਲੁਤੁਨ ਦਾ ਪਹਿਲਾ ਮੁਤਹੱਰਕ 'ਮੁ' ਝਾੜਨਾ ਹੈ । ਇਸ ਤਰ੍ਹਾਂ 'ਮੁ' ਝਾੜਨ ਤੋਂ ਬਾਦ ਇਹ ਫਾਇਲੁਤੁਨ ਰਹਿ ਜਾਂਦਾ ਹੈ ਅਤੇ ਇਸ ਨੂੰ ਮੁਫ਼ਤੁਇਲੁਨ ਵਿਚ ਬਦਲ ਲਿਆ ਜਾਂਦਾ ਹੈ । ਇੰਝ ਇਹ ਮੁਫਾਇਲੁਤੁਨ (ISIIS) ਤੋਂ ਬਦਲ ਕੇ ਮੁਫ਼ਤੁਇਲੁਨ (SIIS) ਦਾ ਰੂਪ ਲੈ ਲੈਂਦਾ ਹੈ ।
ਇਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਵਤਦ ਮਜ਼ਮੂਅ ਤੋਂ ਸ਼ੁਰੂ ਹੋਣ ਵਾਲੇ ਤਿੰਨਾਂ ਰੁਕਨਾਂ ਮੁਫਾਈਲੁਨ, ਫਊਲੁਨ, ਅਤੇ ਮੁਫਾਇਲੁਤੁਨ ਦਾ ਪਹਿਲਾਂ ਮੁਤਹੱਰਕ ਝਾੜਨ ਵਾਸਤੇ ਤਿੰਨ ਵੱਖਰੇ ਵੱਖਰੇ ਜ਼ਿਹਾਫ ਲਾਗੂ ਹੁੰਦੇ ਹਨ ।
ਦੂਜਾ ਮੁਤਹੱਰਕ ਅੱਖਰ ਗਿਰਉਣਾ
ਕੇਵਲ ਇੱਕ ਜ਼ਿਹਾਫ ਹੀ ਰੁਕਨ ਦਾ ਦੂਜਾ ਮੁਤਹੱਰਕ ਅੱਖਰ ਗਿਰਾਉਂਦੀ ਹੈ ।
ਵਕਸ਼----- ਇਸ ਦਾ ਅਰਥ ਹੈ ਗਰਦਣ ਤੋੜਨਾ । ਅਰੂਜ਼ੀ ਪਰਿਭਾਸ਼ਾ ਵਿੱਚ ਰੁਕਨ ਮੁਤੁਫਾਇਲੁਨ ਵਿਚ ਰੁਕਨ ਦਾ ਦੂਜਾ ਮੁਤਹੱਰਕ 'ਤੁ' ਗਿਰਾ ਦੇਣ ਨੂੰ ਵਕਸ਼ ਕਿਹਾ ਜਾਂਦਾ ਹੈ । ਇਹ ਜ਼ਿਹਾਫ ਸਿਰਫ ਬਹਿਰ ਕਾਮਿਲ ਤੇ ਹੀ ਲਾਗੂ ਹੁੰਦੀ ਹੈ । ਇਸ ਰੁਕਨ ਤੇ ਵਕਸ਼ ਜ਼ਿਹਾਫ ਲਾਗੂ ਕਰਨ ਨਾਲ ਮੁਤੁਫਾਇਲੁਨ ਦਾ ਦੂਜਾ ਮੁਤਹੱਰਕ ਅੱਖਰ 'ਤੁ' ਝੜਕੇ ਮੁਫਇਲੁਨ ਰਹਿ ਜਾਂਦਾ ਹੈ ਅਤੇ ਇਹ ਮੁਤੁਫਾਇਲੁਨ (IISIS) ਤੋਂ ਮੁਫਾਇਲੁਨ (ISIS) ਵਿੱਚ ਤਬਦੀਲ ਹੋ ਜਾਂਦਾ ਹੈ ।
ਤਸ਼ਈਸ--- ਇਸ ਦਾ ਅਰਥ ਹੈ ਬਿਖਰ ਜਾਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਇਹ ਜ਼ਿਹਾਫ ਕੇਵਲ ਇੱਕ ਰੁਕਨ ਫਾਇਲਾਤੁਨ ਤੇ ਹੀ ਲਾਗੂ ਹੁੰਦੀ ਹੈ । ਇਸ ਦੇ ਅਨੁਸਾਰ ਅਸੀਂ ਫਾਇਲਾਤੁਨ ਰੁਕਨ ਦੇ ਵਿਚਕਾਰਲੇ ਵਤਦ ਮਜ਼ਮੂਅ ਯਾਨੀ IS ਵਿੱਚੋਂ ਇਕ ਮੁਤਹੱਰਕ ਇ ਜਾਂ ਲ ਅੱਖਰ ਗਿਰਾ ਦੇਈਏ । ਫਾਇਲਾਤੁਨ ਰੁਕਨ ਦੇ ਪਹਿਲੇ ਮੁਤਹੱਰਕ 'ਇ' ਨੂੰ ਡੇਗੀਏ ਤਾਂ ਫਾਲਾਤੁਨ ਬਚਦਾ ਹੈ ਪਰ ਜੇ 'ਲ' ਨੂੰ ਡੇਗੀਏ ਤਾਂ ਇਹ ਫਾਆਤੁਨ ਬਚਦਾ ਹੈ ਇਹਨਾਂ ਦੋਨਾਂ ਦੇ ਬਰਵਜ਼ਨ ਸ਼ਬਦ ਮਫ਼ਊਲੁਨ ਰੱਖ ਲਈਦਾ ਹੈ । ਫਾਇਲਾਤੁਨ (SISS) ਤੇ ਵਕਸ਼ ਜ਼ਿਹਾਫ ਲਾ ਕੇ ਇਹ ਮਫ਼ਊਲ ਯਾਨੀ SSS ਦੇ ਬਰਾਬਰ ਰਹਿ ਜਾਂਦੀ ਹੈ । ਬਹਿਰ ਵਿੱਚ ਇਸ ਦਾ ਨਾਮ ਮੁਅੱਸ਼ਸ਼ ਹੈ ।
ਪੰਜਵਾਂ ਮੁਤਹੱਰਕ ਅੱਖਰ ਗਿਰਾਉਣਾ
ਪੰਜਵਾਂ ਮੁਤਹੱਰਕ ਅੱਖਰ ਕੇਵਲ ਇੱਕੋ ਰੁਕਨ ਦਾ ਹੀ ਗਿਰਦਾ ਹੈ
ਅਕਲ----ਅਕਲ ਦਾ ਅਰਥ ਹੈ ਊਠ ਦੇ ਅਗਲੇ ਪੈਰਾਂ ਵਿਚ ਨਿਉਲ ਲਾਉਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਮੁਫਾਇਲਤੁਨ ਦੇ ਪੰਜਵੇਂ ਮੁਤਹੱਰਕ ਅੱਖਰ 'ਲ' ਨੂੰ ਝਾੜਨਾ ਹੈ । ਮੁਫਾਇਲਤੁਨ ਦਾ 'ਲ' ਝਾੜਨ ਮਗਰੋਂ ਇਹ ਮੁਫਾਇਤੁਨ ਰਹਿ ਜਾਵੇਗਾ, ਇਤੁਨ ਹੁਣ ਇਲੁਨ ਵਿੱਚ ਬਦਲ ਜਾਵੇਗਾ ਇਸ ਤਰ੍ਹਾਂ ਮੁਫਾਇਲਤੁਨ (ISIIS) ਰੁਕਨ ਅਕਲ ਜ਼ਿਹਾਫ ਲਾਉਣ ਨਾਲ ਮੁਫਾਇਲੁਨ (ISIS) ਵਿੱਚ ਬਦਲ ਜਾਵੇਗਾ ।
ਸੱਤਵਾਂ ਮੁਤਹੱਰਕ ਅੱਖਰ ਗਿਰਾਉਣਾ
ਕਸ਼ਫ---ਕਸ਼ਫ ਦਾ ਅਰਥ ਹੈ ਊਠ ਦੀ ਖੁੱਚ ਵੱਢਣਾ । ਰੁਕਨਾਂ ਦੀ ਬਣਤਰ ਅਨੁਸਾਰ ਕੇਵਲ ਇੱਕੋ ਇੱਕ ਰੁਕਨ ਮਫਊਲਾਤੁ ਹੀ ਅਜੇਹਾ ਰੁਕਨ ਹੈ ਜਿਸ ਦੇ ਅਖ਼ੀਰ ਤੇ ਮੁਤਹੱਰਕ ਅੱਖਰ 'ਤੁ' ਹੈ । ਇਹ 'ਤੁ' ਕਸ਼ਫ ਜ਼ਿਹਾਫ ਰਾਹੀਂ ਗਿਰਾਇਆ ਜਾਂਦਾ ਹੈ । ਮਫ਼ਊਲਾਤੁ ਯਾਨੀ SSSI, ਅਖ਼ੀਰਲਾ 'ਤੁ' ਗਿਰਾਉਣ ਨਾਲ ਮਫ਼ਊਲਨ ਯਾਨੀ SSS ਦੇ ਬਰਾਬਰ ਰਹਿ ਜਾਂਦਾ ਹੈ । ਇਹ ਮਫਊਲਾ ਰਹਿ ਜਾਂਦਾ ਹੈ ਅਤੇ ਇਸ ਨੂੰ ਮਫ਼ਊਲੁਨ ਦੇ ਨਾਲ ਬਦਲ ਲਈਦਾ ਹੈ ।
ਆਉ ਹੁਣ ਅਸੀਂ ਉਹਨਾਂ ਜ਼ਿਹਾਫਾਂ ਦਾ ਵਰਣਨ ਕਰੀਏ ਜਿਹੜੇ ਜ਼ਿਹਾਫ ਮੁਤਹੱਰਕ ਅੱਖਰ ਨੂੰ ਸਾਕਿਨ ਕਰਦੇ ਹਨ ।
ਇਜ਼ਮਾਰ----ਇਜ਼ਮਾਰ ਦਾ ਅਰਥ ਹੈ ਘੋੜੇ ਨੂੰ ਕਮਜ਼ੋਰ ਕਰਨਾ, ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਤੁਫਾਇਲੁਨ ਰੁਕਨ ਦੇ ਦੂਜੇ ਮੁਤਹੱਰਕ ਅੱਖਰ 'ਤੁ' ਨੂੰ ਸਾਕਿਨ ਕਰਨਾ ਹੈ । ਜਦੋਂ ਮੁਤੁਫਾਇਲੁਨ ਰੁਕਨ ਦੇ ਤੁ ਨੂੰ ਇਜ਼ਮਾਰ ਜਿਹਾਫ਼ ਤਹਿਤ ਸਾਕੀ ਕੀਤਾ ਜਾਂਦਾ ਹੈ ਤਾਂ ਇਸ ਦਾ ਰੂਪ ਮੁਤੁਫਾਇਲੁਨ ਹੋ ਜਾਂਦਾ ਹੈ ਤੇ ਇਸ ਨੂੰ ਏਸ ਦੇ ਬਰਵਜ਼ਨ ਰੁਕਨ ਮੁਸਤਫ਼ਇਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਹੁਣ ਮੁਤੁਫਾਇਲੁਨ (IISIS) ਤੋਂ ਮੁਸਤਫ਼ਇਲੁਨ (SSIS) ਕਰ ਲਿਆ ਜਾਂਦਾ ਹੈ ।
ਪੰਜਵੇ ਮੁਤਹੱਰਕ ਅੱਖਰ ਨੂੰ ਸਾਕਿਨ ਕਰਨਾ
ਅਸ਼ਬ--- ਅਸ਼ਬ ਦਾ ਅਰਥ ਹੈ, ਬਾਲਣ ਵਾਸਤੇ ਲੱਕੜੀਆਂ ਇਕੱਠੀਆਂ ਕਰਨਾਂ ਜਾਂ ਥੁੱਕ ਦਾ ਮੂੰਹ ਵਿੱਚ ਹੀ ਖ਼ੁਸ਼ਕ ਹੋ ਜਾਣਾ । ਅਰੂਜ਼ੀ ਪਰਿਭਾਸ਼ਾ ਦੇ ਅਨੁਸਾਰ ਇਸ ਦਾ ਅਰਥ ਮੁਫਾਇਲੁਤੁਨ ਦੇ ਪੰਜਵੇ ਮੁਤਹੱਰਕ ਅੱਖਰ 'ਲ' ਨੂੰ ਸਾਕਿਨ ਕਰਨਾ ਹੈ । ਮੁਫਾਇਲੁਤੁਨ ਦੇ 'ਲ' ਨੂ ਸਾਕਿਨ ਕਰਨ ਨਾਲ ਇਹ ਮੁਫਾਇਲਤੁਨ ਬਣ ਜਾਂਦਾ ਹੈ । ਯਾਨੀ ਕਿ ਮੁਫਾਇਲੁਤੁਨ (ISIIS) ਅਸ਼ਬ ਜ਼ਿਹਾਫ ਤੋਂ ਬਾਦ ਮੁਫਾਈਲੁਨ (ISSS) ਦੇ ਬਰਾਬਰ ਬਣ ਜਾਂਦਾ ਹੈ ।
ਸੱਤਵੇਂ ਮੁਤਹੱਰਕ ਅੱਖਰ ਨੂੰ ਸਾਕਿਨ ਕਰਨਾ
ਵਕਫ਼-----ਵਕਫ਼ ਦਾ ਅਰਥ ਹੈ ਰੁਕਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਮਫ਼ਊਲਾਤੁ ਦੇ ਸੱਤਵੇਂ ਮੁਤਹੱਰਕ ਅੱਖਰ 'ਤੁ' ਨੂੰ ਸਾਕਿਨ ਕਰਨਾ ਹੈ । ਇਸ ਤਰ੍ਹਾਂ ਇਸ ਰੁਕਨ ਦਾ ਸੱਤਵਾਂ ਅੱਖਰ ਸਾਕਿਨ ਕਰਕੇ ਇਸ ਨੂੰ ਮੁਫਾਈਲਾਂ ਦੇ ਬਰਾਬਰ ਕਰ ਲਿਆ ਜਾਂਦਾ ਹੈ ।
ਇਸ ਤਰ੍ਹਾਂ ਦੋਸਤੋ ਤੁਸੀਂ ਦੇਖ ਹੀ ਲਿਆ ਹੈ ਕਿ ਰੁਕਨਾਂ ਵਿੱਚ ਸਿਰਫ਼ ਇਕ ਹਰਫ਼ ਦੇ ਵਧਾ ਘਟਾ ਕਰਨ ਨਾਲ ਬਹਿਰ ਦੀ ਚਾਲ ਬਦਲ ਜਾਂਦੀ ਹੈ । ਇੱਕੋ ਬਹਿਰ ਦੇ ਅਨੇਕਾਂ ਰੂਪ ਬਣ ਜਾਂਦੇ ਹਨ । ਹੁਣ ਤਕ ਆਪਾਂ ਸਿਰਫ਼ ਰੁਕਨਾਂ ਵਿੱਚ ਇੱਕੋ ਹਰਫ਼ ਦੀ ਤਬਦੀਲੀ ਵਾਲੇ ਜ਼ਿਹਾਫਾਂ ਦਾ ਜ਼ਿਕਰ ਕੀਤਾ ਹੈ । ਹੁਣ ਅਸੀਂ ਦੋ ਜਾਂ ਤਿੰਨ ਹਰਫ਼ਾਂ ਦੀ ਤਬਦੀਲੀ ਵਾਲੇ ਜ਼ਿਹਾਫਾਂ ਬਾਰੇ ਜਾਣਕਾਰੀ ਲਈਏ ।
ਰੁਕਨਾਂ ਦੇ ਦੋ ਜਾਂ ਤਿੰਨ ਹਰਫਾਂ ਤੇ ਅਸਰ ਪਾਉਣ ਵਾਲੇ ਜ਼ਿਹਾਫਾਂ ਦਾ ਵੇਰਵਾ
ਕਸਰ--- ਕਸਰ ਦਾ ਅਰਥ ਹੈ ਛੋਟਾ ਕਰਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਦੇ ਅਖੀਰਲੇ ਸਬੱਬ ਖ਼ਫੀਫ ਦਾ ਸਾਕਿਨ ਹਰਫ਼ ਝਾੜਨ ਅਤੇ ਉਸ ਤੋਂ ਪਹਿਲੇ ਮੁਤਹੱਰਕ ਅੱਖਰ ਨੂੰ ਸਾਕਿਨ ਕਰਨ ਦਾ ਨਾਮ ਹੈ । ਇਹ ਜਿਹਾਫ਼ ਫਾਇਲਾਤੁਨ ਅਤੇ ਮੁਫਾਈਲੁਨ ਰੁਕਨਾਂ ਤੇ ਲਾਗੂ ਹੁੰਦਾ ਹੈ ।
ਫਾਇਲਾਤੁਨ (SISS) ਦੇ ਅਖੀਰਲੇ 'ਨ' ਸਾਕਿਨ ਨੂੰ ਉਡਾ ਦੇਣ ਤੇ ਫਾਇਲਾਤੁ ਰਹਿ ਜਾਂਦਾ ਹੈ, ਮੁਤਹੱਰਕ 'ਤੁ' ਨੂੰ ਸਾਕਿਨ ਕਰਨ ਤੇ ਇਹ ਫਾਇਲਾਤ ਰਹਿ ਜਾਂਦਾ ਹੈ । ਸਾਕਿਨ ਅੱਖਰ ਤ ਅਸਲ ਵਿਚ ਅ ਦੀ ਅਵਾਜ਼ ਦਿੰਦਾ ਹੈ ਇਸ ਲਈ ਇਸ ਨੂੰ ਫਾਇਲਾਂ ਵਿੱਚ ਬਦਲ ਲੈਂਦੇ ਹਾਂ ।
ਰੁਕਨ ਫਊਲੁਨ ਦਾ ਅਖੀਰਲਾ ਨ ਸਾਕਿਨ ਉਡਾ ਦੇਣ ਤੇ ਫਊਲ ਰਹਿ ਜਾਂਦਾ ਹੈ ਇਸ ਤਰਾਂ ਮੁਫਾਈਲੁਨ ਰੁਕਨ ਦਾ ਅਖੀਰਲਾ ਸਾਕਿਨ ਹਰਫ਼ ਨ ਝਾੜ ਕੇ ਮੁਫਾਈਲੁ ਤੇ ਲੁ ਮੁਤਹੱਰਕ ਸਾਕਿਨ ਕਰਕੇ ਮੁਫਾਈਲ ਰਹਿ ਜਾਂਦਾ ਹੈ । ਬਹਿਰ ਵਿੱਚ ਇਸ ਨੂੰ ਮਕਸੂਰ ਆਖਦੇ ਹਨ ।
ਕਤਅ---- ਕਤਅ ਦਾ ਅਰਥ ਹੈ ਕੱਪਣਾ । ਇਹ ਉਹ ਕੱਪਣਾ ਹੈ ਜਿਸ ਬਾਰੇ ਬਾਬਾ ਫਰੀਦ ਆਪਣੇ ਸ਼ਲੋਕ ਵਿੱਚ ਆਖਦੇ ਹਨ ' ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ' । ਅਰੂਜ਼ੀ ਪਰਿਭਾਸ਼ਾ ਅਨੁਸਾਰ ਵਤਦ ਮਜ਼ਮੂਅ ਦੇ ਅੰਤ ਤੋਂ ਸਾਕਿਨ ਹਰਫ਼ ਕੱਟਣ ਤੇ ਉਸ ਤੋਂ ਅਗਲੇ ਮੁਤਹੱਰਕ ਅੱਖਰ ਨੂੰ ਸਾਕਿਨ ਕਰਨ ਦਾ ਨਾਮ ਹੈ ।
ਮੁਸਤਫਇਲੁਨ ਦੇ ਵਤਦ ਮਜ਼ਮੂਅ ਇਲੁਨ IS ਦਾ ਅੰਤਲਾ ਸਾਕਿਨ ਹਰਫ਼ ਨ ਉਡਾਉਣ ਤੇ ਪਿੱਛੋਂ ਇਲੁ ਬਚ ਜਾਂਦਾ ਹੈ । ਇਲੁ ਦੇ ਲੁ ਮੁਤਹੱਰਕ ਨੂੰ ਸਾਕਿਨ ਕਰਨ ਤੇ ਇਲ ਬਚਿਆ ਇਸ ਤਰਾਂ ਮੁਸਤਫ਼ਇਲੁਨ ਰੁਕਨ ਦਾ ਰੂਪ ਮੁਸਤਫ਼ਇਲ ਬਣ ਗਿਆ ਹੈ ਤੇ ਇਸ ਨੂੰ ਇਸ ਦੇ ਬਰਵਜ਼ਨ ਸ਼ਬਦ ਮਫ਼ਊਲਨ ਦੇ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਸਤਫ਼ਇਲੁਨ ਰੁਕਨ ਤੇ ਕਤਅ ਜਿਹਾਫ਼ ਲਾਉਣ ਦੇ ਨਾਲ ਇਸ ਦਾ ਰੂਪ SSIS ਤੋਂ SSS ਬਣ ਗਿਆ ।
ਮੁਤੁਫਾਇਲੁਨ ਰੁਕਨ ਦੇ ਵਤਦ ਮਜ਼ਮੂਅ ਇਲੁਨ ਦਾ ਸਾਕਿਨ ਅੱਖਰ ਗਿਰ ਕੇ ਇਲੁ ਬਚਿਆ ਤੇ ਇਲੁ ਦਾ ਲੁ ਮੁਤਹੱਰਕ ਸਾਕਿਨ ਕਰਕੇ ਇਲ ਰਹਿ ਗਿਆ । ਯਾਨੀ ਮੁਤੁਫਾਇਲੁਨ ਦਾ ਰੂਪ ਮੁਤੁਫਾਇਲ ਬਾਕੀ ਰਹਿ ਜਾਂਦਾ ਹੈ । ਇਸ ਨੂੰ ਫਿਇਲਾਤੁਨ ਵਿਚ ਬਦਲ ਲਿਆ ਜਾਂਦਾ ਹੈ । ਯਾਨੀ ਕਿ ਮੁਤੁਫਾਇਲੁਨ (IISIS) ਤੋਂ (IISS) ਬਣ ਗਿਆ ਹੈ ।
ਫਾਇਲੁਨ ਰੁਕਨ ਦੇ ਇਲੁਨ ਵਤਦ ਮਜ਼ਮੂਅ ਦਾ ਨ ਸਾਕਿਨ ਗਿਰਾ ਕੇ ਫਾਇਲੁ ਬਚਿਆ ਤੇ ਇਲੁ ਦਾ ਮੁਤਹੱਰਕ ਲੁ ਸਾਕਿਨ ਕਰਕੇ ਇਲ ਰਹਿ ਗਿਆ ਤੇ ਇਸ ਤਰ੍ਹਾਂ ਫਾਇਲੁਨ ਰੁਕਨ ਫਾਇਲ ਰਹਿ ਗਿਆ ਇਸ ਦੀ ਤਾਂ ਤੇ ਪ੍ਰਚਲਤ ਸ਼ਬਦ ਫਿਅਲੁਨ ਰੱਖ ਲਿਆ ਜਾਂਦਾ ਹੈ।
ਜਿਸ ਬਹਿਰ ਵਿਚ ਕਤਅ ਜ਼ਿਹਾਫ ਲਾਗੂ ਕੀਤਾ ਜਾਂਦਾ ਹੈ ਉਸ ਬਹਿਰ ਦਾ ਨਾਮ ਮਕਤੂਅ ਕਰ ਲਿਆ ਜਾਂਦਾ ਹੈ ।
ਦੋ ਜਾਂ ਦੋ ਤੋਂ ਵਧ ਹਰਫ਼ ਗਿਰਾਉਣ ਵਾਲੇ ਜ਼ਿਹਾਫ
ਹਜ਼ਫ਼-----ਹਜ਼ਫ਼ ਦਾ ਅਰਥ ਹੈ ਅਲੋਪ ਕਰਨਾ । ਅਰੂਜ਼ ਅਨੁਸਾਰ ਰੁਕਨ ਦਾ ਅਖੀਰਲਾ ਸਬੱਬ ਖਫੀਫ ਅਲੋਪ ਕਰਨ ਨੂੰ ਹਜ਼ਫ ਕਹਿੰਦੇ ਹਨ ।
ਫਊਲੁਨ ISS ਰੁਕਨ ਦਾ ਅਖੀਰਲਾ ਸਬੱਬ ਖਫ਼ੀਫ ਅਲੋਪ ਕਰਨ ਤੇ ਫਊ ਰਹਿ ਜਾਂਦਾ ਹੈ । ਜਿਸ ਨੂੰ ਪ੍ਰਚਲਤ ਰੁਕਨ ਫ਼ਿਅਲ ਦੇ ਨਾਲ ਬਦਲ ਲਿਆ ਜਾਂਦਾ ਹੈ ।
ਫਾਇਲਾਤੁਨ ਰੁਕਨ ਦਾ ਅਖੀਰਲਾ ਸਬੱਬ ਖਫ਼ੀਫ ਤੁਨ ਅਲੋਪ ਹੋ ਕੇ ਫਾਇਲਾ ਰਹਿ ਜਾਂਦਾ ਹੈ । ਜਿਸਨੂੰ ਇਸ ਦੇ ਬਰਵਜ਼ਨ ਰੁਕਨ ਫਾਇਲੁਨ ਦੇ ਨਾਲ ਤਬਦੀਲ ਕਰ ਲਿਆ ਜਾਂਦਾ ਹੈ । ਯਾਨੀ ਫਾਇਲਾਤੁਨ ਤੇ ਹਜ਼ਫ ਜ਼ਿਹਾਫ ਲੱਗ ਕੇ ਫਾਇਲਾਤੁਨ ਰੁਕਨ ਯਾਨੀ SISS ਦਾ ਫਾਇਲੁਨ ਰੁਕਨ SIS ਬਣ ਜਾਂਦਾ ਹੈ ।
ਇਸੇ ਤਰ੍ਹਾਂ ਮੁਫਾਈਲੁਨ ਰੁਕਨ ਤੇ ਹਜ਼ਫ ਜ਼ਿਹਾਫ ਲਾ ਕੇ ਇਸ ਦਾ ਅਖੀਰਲਾ ਸਬੱਬ ਖਫ਼ੀਫ ਲੁਨ ਅਲੋਪ ਹੋ ਜਾਂਦਾ ਹੈ ਤੇ ਪਿੱਛੇ ਮੁਫਾਈ ਬਚ ਜਾਂਦਾ ਹੈ । ਇਸ ਨੂੰ ਇਸ ਦੇ ਬਰਵਜ਼ਨ ਪ੍ਰਚਲਤ ਰੁਕਨ ਫਊਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਇਸ ਤਰ੍ਹਾਂ ਮੁਫਾਈਲੁਨ ਰੁਕਨ ISSS ਹਜ਼ਫ਼ ਜ਼ਿਹਾਫ ਦੇ ਮਗਰੋਂ ਫਊਲੁਨ ISS ਵਿੱਚ ਤਬਦੀਲ ਹੋ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਹਿਜ਼ੂਫ ਹੁੰਦਾ ਹੈ ।
ਕਤ਼ਫ---- ਕਤਫ਼ ਦਾ ਅਰਥ ਹੈ ਅੰਗੂਰ ਤੋੜਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਇਲੁਤੁਨ ਰੁਕਨ ਦਾ ਅਖ਼ੀਰਲਾ ਸਬੱਬ ਖ਼ਫ਼ੀਫ ਅਲੋਪ ਕਰਕੇ ਉਸਤੋਂ ਪਹਿਲੇ ਮੁਤਹੱਰਕ ਨੂੰ ਸਾਕਿਨ ਕਰਨਾ ਹੈ । ਇਸ ਅਨੁਸਾਰ ਮੁਫਾਇਲੁਤੁਨ ਰੁਕਨ ਦਾ ਅੰਤਲਾ ਸਬੱਬ ਖਫ਼ੀਫ ਤੁਨ ਗਿਰ ਜਾਂਦਾ ਹੈ । ਤੇ ਮੁਫਾਇਲੁ ਰਹਿ ਜਾਂਦਾ ਹੈ । ਫਿਰ ਮੁਫਇਲੁ ਦੇ ਮੁਤਹੱਰਕ ਲੁ ਨੂੰ ਸਾਕਿਨ ਕਰਕੇ ਮੁਫਇਲ ਰਹਿ ਜਾਂਦਾ ਹੈ । ਤੇ ਇਸ ਨੂੰ ਇਸ ਦੇ ਬਰਵਜ਼ਨ ਪ੍ਰਚਲਤ ਰੁਕਨ ਫ਼ਊਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਫਾਇਲੁਤੁਨ ਰੁਕਨ ISIIS ਕਤਫ਼ ਜ਼ਿਹਾਫ ਮਗਰੋਂ ਫਊਲੁਨ ਬਣ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਕਤੂਫ਼ ਹੋ ਜਾਂਦਾ ਹੈ ।
ਹਜਜ----- ਹਜਜ ਦਾ ਅਰਥ ਹੈ ਛੋਟਾ ਹੋਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਦਾ ਅਖ਼ੀਰਲਾ ਵਤਦ ਮਜ਼ਮੂਅ IS ਉਡਾ ਦੇਣਾ ਹੁੰਦਾ ਹੈ । ਸੋ ਇਹ ਜ਼ਿਹਾਫ ਉਹਨਾਂ ਰੁਕਨਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦੇ ਅਖੀਰ ਤੇ ਵਤਦ ਮਜ਼ਮੂਅ ਆਉਂਦਾ ਹੈ । ਸੋ ਇਹ ਜਿਹਾਫ਼ ਮੁਸਤਫ਼ਇਲਨ, ਮੁਤੁਫਾਇਲੁਨ ਤੇ ਫਾਇਲੁਨ ਤੇ ਲਾਗੂ ਹੁੰਦਾ ਹੈ । ਮੁਸਤਫ਼ਇਲੁਨ ਰੁਕਨ ਦਾ ਅਖੀਰਲਾ ਵਤਦ ਮਜ਼ਮੂਅ ਹਜਜ ਜ਼ਿਹਾਫ ਰਾਹੀਂ ਗਿਰਾ ਕੇ ਮੁਸਤਫ਼ ਰਹਿ ਜਾਂਦਾ ਹੈ । ਸੋ ਮਸਤਫ਼ ਇਸ ਦੇ ਬਰਵਜ਼ਨ ਪ੍ਰਚਲਤ ਰੁਕਨ ਫਿਅਲੁਨ ਵਿਚ ਬਦਲ ਲਈਦਾ ਹੈ । ਇੰਝ ਮੁਸਤਫ਼ਇਲੁਨ ਹਜਜ ਜ਼ਿਹਾਫ ਰਾਹੀਂ ਫਿਅਲੁਨ ਬਣ ਜਾਂਦਾ ਹੈ ਅਤੇ SSIS ਤੋਂ SS ਰਹਿ ਜਾਂਦਾ ਹੈ । ਮੁਤੁਫਾਇਲੁਨ ਅਖੀਰਲਾ ਵਤਦ ਮਜ਼ਮੂਅ ਗਿਰਾਉਣ ਤੋਂ ਮਗਰੋਂ ਮੁਤੁਫਾ ਰਹਿ ਜਾਂਦਾ ਹੈ । ਮੁਤਫ਼ਾ ਨੂੰ ਇਸ ਦੇ ਵਜ਼ਨ ਰੁਕਨ ਫਿਅਲੁਨ ਯਾਨੀ IISS ਫਾਸਲਾ ਨਾਲ ਬਦਲ ਲੈਂਦੇ ਹਨ । ਫਇਲੁਨ ਰੁਕਨ ਦਾ ਵਤਦ ਮਜ਼ਮੂਅ ਇਲੁਨ ਗਿਰ ਕੇ ਕੇਵਲ ਫਾ ਬਚਦਾ ਹੈ । ਤੇ ਇਸ ਨੂੰ ਇਸਦੇ ਬਰਵਜ਼ਨ ਰੁਕਨ ਫਿਅ ਜਾਂ ਫੇ ਨਾਲ ਬਦਲ ਲਈਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਹਿਜ਼ੂਜ ਹੈ ।
ਫਾਇਲਾਤੁਨ ਰੁਕਨ ਦੇ ਹਜ਼ਫ ਤੇ ਕਤਅ ਜ਼ਿਹਾਫ ਮਿਲ ਕੇ ਲਾਗੂ ਹੁੰਦੇ ਹਨ, ਹਜ਼ਫ ਤੇ ਕਤਅ ਜ਼ਿਹਾਫ ਮਿਲ ਕੇ ਲਾਗੂ ਹੁੰਦੇ ਹਨ । ਹਜ਼ਫ ਜ਼ਿਹਾਫ ਫਾਇਲਾਤੁਨ ਦੇ ਅਖੀਰਲੇ ਸਬੱਬ ਖਫ਼ੀਫ ਤੁਨ ਨੂੰ ਉਡਾ ਦਿੰਦੀ ਹੈ । ਪਿੱਛੇ ਫਾਇਲਾਂ ਰਹਿ ਜਾਂਦਾ ਹੈ ਤਾਂ ਕਤਅ ਜ਼ਿਹਾਫ ਦੁਆਰਾ ਇਸਦੇ ਵਤਦ ਮਜ਼ਮੂਅ ਇਲਾ ਦੇ ਦੂਜੇ ਸਾਕਿਨ ਹਰਫ਼ ਯਾਨੀ ਇਲਾ ਦਾ ਕੰਨਾ ਗਿਰਾ ਦਿੱਤਾ ਜਾਂਦਾ ਹੈ ਅਤੇ ਮੁਤਹੱਰਕ ਲ ਨੁੰ ਸਾਕਿਨ ਕਰ ਲੈਂਦੇ ਹਨ ਤੇ ਅਖੀਰ ਤੇ ਫਾਇਲ ਬਚ ਜਾਂਦਾ ਹੈ ਇਸ ਨੂੰ ਇਸ ਦੇ ਬਰਵਜ਼ਨ ਸ਼ਬਦ ਫਿਅਲੁਨ ਨਾਲ ਤਬਦੀਲ ਕਰ ਲੈਂਦੇ ਹਨ । ਸੋ ਫਾਇਲਾਤੁਨ ਇੱਕੋ ਇੱਕ ਰੁਕਨ ਹੈ ਜਿਸ ਤੇ ਹਜ਼ਫ ਅਤੇ ਕਤਅ ਜ਼ਿਹਾਫ ਇਕੱਠੇ ਲਾਗੂ ਹੁੰਦੇ ਹਨ ਤੇ ਬਹਿਰ ਵਿੱਚ ਇਸ ਦਾ ਨਾਮ ਮਹਜ਼ੂਫ ਮਕਤੂਅ ਹੋ ਜਾਂਦਾ ਹੈ ।
ਬਤਰ----- ਬਤਰ ਦਾ ਅਰਥ ਹੈ ਪੂਛ ਕੁਤਰਨਾ । ਅਰੂਜ਼ ਅਨੁਸਾਰ ਇਹ ਜ਼ਿਹਾਫ ਤਿੰਨ ਰੁਕਨਾ ਵਿੱਚ ਵੱਖਰੇ ਵੱਖਰੇ ਢੰਗ ਨਾਲ ਤਬਦੀਲੀ ਕਰਦਾ ਹੈ ।
ਇਹ ਰੁਕਨ ਹਨ ਫਊਲੁਨ, ਫਾਇਲਾਤੁਨ, ਮੁਫਾਈਲੁਨ । ਇਹ ਅਜੇਹੇ ਰੁਕਨ ਹਨ ਜਿਨ੍ਹਾਂ ਦੇ ਅਖੀਰ ਤੇ ਸਬੱਬ ਖ਼ਫ਼ੀਫ ਹੈ । ਇਨ੍ਹਾਂ ਤਿੰਨਾਂ ਰੁਕਨਾਂ ਤੇ ਜਦੋਂ ਬਤਰ ਜਿਹਾਫ਼ ਲਾਗੂ ਹੁੰਦਾ ਹੈ ਤਾਂ ਤਿੰਨਾਂ ਰੁਕਨਾਂ ਵਿਚ ਆਖਰ ਤੇ ਸਿਰਫ ਫਅ ਸ਼ਬਦ ਬਚਦਾ ਹੈ । ਸੋ ਫ਼ਊਲੁਨ ਤੇ ਮੁਫਾਈਲੁਨ ਰੁਕਨਾਂ ਵਿੱਚੋਂ ਫਾਅ ਬਾਕੀ ਰੱਖਣ ਲਈ ਇਨ੍ਹਾਂ ਰੁਕਨਾਂ ਵਿਚ ਭਿੰਨ ਭਿੰਨ ਤਬਦੀਲੀ ਦੀ ਲੋੜ ਪੈਂਦੀ ਹੈ । ਇਸ ਲਈ ਅਰੂਜ਼ੀ ਇਸ ਨੂੰ ਦੋ ਜ਼ਿਹਾਫਾਂ ਦੇ ਮੇਲ ਤੋਂ ਕੱਢਦੇ ਹਨ ।
ਫਊਲੁਨ ਰੁਕਨ ਦੇ ਅਖ਼ੀਰ ਤੋਂ ਸਬੱਬ ਖਫ਼ੀਫ ਹਟਾਉਣ ਤੇ ਜਦੋਂ ਫਊ ਰਹਿ ਜਾਵੇ ਤਾਂ ਉਸ ਦਾ ਫ ਉਡਾ ਦੇਣ ਨੂੰ ਕਹਿੰਦੇ ਹਨ ਇਸ ਤਰ੍ਹਾਂ ਊ ਬਾਕੀ ਰਹਿ ਜਾਂਦਾ ਹੈ ਜਿਸ ਨੂੰ ਪ੍ਰਚਲਤ ਫਅ ਰੁਕਨ ਨਾਲ ਤਬਦੀਲ ਕਰ ਲਿਆ ਜਾਂਦਾ ਹੈ ।
ਫਾਇਲਾਤੁਨ ਰੁਕਨ ਵਿੱਚ ਬਤਰ ਜਿਹਾਫ਼ ਕਤਅ ਤੇ ਹਜ਼ਫ ਜਿਹਾਫ਼ ਦਾ ਮੇਲ ਹੈ । ਹਜ਼ਫ਼ ਫਾਇਲਤੁਨ ਦੇ ਸਬੱਬ ਖਫ਼ੀਫ ਤੁਨ ਝਾੜ ਦਿੰਦਾ ਹੈ ਤਾਂ ਬਾਕੀ ਫਾਇਲਾ ਰਹਿ ਜਾਂਦਾ ਹੈ । ਫਾਇਲਾ ਜੋ ਵਤਦ ਮਜ਼ਮੂਅ IS ਹੈ, ਦਾ ਸਾਕਿਨ ਅੱਖਰ ਕੰਨਾਂ ਕਤਅ ਜ਼ਿਹਾਫ ਰਾਹੀਂ ਝਾੜ ਦਿੱਤਾ ਜਾਂਦਾ ਹੈ ਤਾਂ ਬਾਕੀ ਫਾਇਲ ਰਹਿ ਜਾਂਦਾ ਹੈ ਤੇ ਇਸ ਨੂੰ ਫਅ ਨਾਲ ਬਦਲ ਲੈਂਦੇ ਹਨ ।
ਮੁਫਾਈਲੁਨ ਰੁਕਨ ਤੇ ਬਤਰ ਲਾਗੂ ਕਰਨ ਲਈ ਪਹਿਲਾਂ ਖਰਮ ਜ਼ਿਹਾਫ ਰਾਹੀਂ ਪਹਿਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ । ਪਿੱਛੇ ਫਾਇਲੁਨ ਰਹਿ ਜਾਂਦਾ ਹੈ ਤੇ ਇਸ ਦੇ ਦੋਵੇਂ ਸਬੱਬ ਖਫ਼ੀਫ ਝਾੜ ਦਿੱਤੇ ਜਾਂਦੇ ਹਨ ਤਾਂ ਪਿੱਛੇ ਸਿਰਫ ਫਾ ਰਹਿ ਜਾਂਦਾ ਹੈ ਜਿਸ ਨੂੰ ਫਅ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ ।
ਰਫ਼ਅ --------------ਰਫ਼ਅ ਦਾ ਅਰਥ ਹੈ ਉਡਾਉਣਾ ਜਾਂ ਖਤਮ ਕਰਨਾ । ਰਫ਼ਅ ਪੰਜਾਬੀ ਬੋਲਣ ਵਾਲਿਆਂ ਦਾ ਜਾਣਿਆਂ ਪਛਾਣਿਆਂ ਸ਼ਬਦ ਹੈ ਇਸ ਤੋਂ ਰਫਾਅ ਦਫ਼ਾਅ ਸ਼ਬਦ ਬਣਿਆ ਹੈ ਜੋ ਅਸੀਂ ਕਈ ਵਾਰ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਵਰਤਦੇ ਹਾਂ, ਰਫ਼ਾਅ ਦਫ਼ਾਅ ਕਰੋ, ਇਸ ਗੱਲ ਤੇ ਮਿੱਟੀ ਪਾਉ ਵਗੈਰਾ ਵਗੈਰਾ । ਇਹ ਸ਼ਬਦ ਪਤਾ ਨਹੀ ਕਦੋਂ ਪੰਜਾਬੀ ਵਿੱਚ ਆ ਰਲ਼ਿਆ ਹੋਵੇਗਾ । ਅਰੂਜ਼ ਅਨੁਸਾਰ ਜੇ ਕਿਸੇ ਰੁਕਨ ਦੇ ਮੁੱਢ ਵਿੱਚ ਦੋ ਸਬੱਬ ਖਫ਼ੀਫ ਹੋਣ ਤਾਂ ਇਕ ਸਬੱਬ ਖਫ਼ੀਫ ਝਾੜਨ ਦਾ ਨਾਮ ਰਫ਼ਅ ਹੈ । ਮੁਸਤਫ਼ਇਲੁਨ ਦਾ ਸਬੱਬ ਖਫ਼ੀਫ ਮੁਸ ਝੜਕੇ ਤਫ਼ਇਲੁਨ ਬਚਦਾ ਹੈ ਜਿਸ ਨੂੰ ਫਾਇਲੁਨ ਦੇ ਨਾਲ ਬਦਲ ਲੈਂਦੇ ਹਾਂ । ਯਾਨੀ ਮੁਸਤਫ਼ਇਲੁਨ SSIS ਤੇ ਰਫ਼ਅ ਜ਼ਿਹਾਫ ਲਗਾਉਣ ਨਾਲ ਇਹ ਬਦਲ ਕੇ ਫਾਇਲੁਨ (SIS) ਹੋ ਜਾਂਦਾ ਹੈ । ਮਫ਼ਊਲਾਤ ਰੁਕਨ ਦਾ ਸਬੱਬ ਖਫ਼ੀਫ ਮਫ਼ ਅਲੋਪ ਹੋ ਕੇ ਊਲਾਤ ਰਹਿ ਜਾਂਦਾ ਹੈ । ਜਿਸ ਨੂੰ ਮਫ਼ਊ਼ਲ ਨਾਲ ਬਦਲ ਲੈਂਦੇ ਹਾਂ । ਯਾਨੀ ਰੁਕਨ ਮਫ਼ਊ਼ਲਾਤ SSSI ਰਫ਼ਅ ਜ਼ਿਹਾਫ ਲੱਗ ਕੇ ਮਫਊਲ SSI ਰਹਿ ਜਾਂਦਾ ਹੈ ।
ਦੋ ਜ਼ਿਹਾਫਾਂ ਦੇ ਮੇਲ ਤੋਂ ਬਣੀਆਂ ਜ਼ਿਹਾਫਾਂ
ਪਿਆਰੇ ਦੋਸਤੋ ਹੁਣ ਅਸੀਂ ਕੁਛ ਅਜੇਹੀਆਂ ਜ਼ਿਹਾਫਾਂ ਦਾ ਵਰਣਨ ਕਰਾਂਗੇ ਜਿਹੜੀਆਂ ਦੋ ਦੋ ਜ਼ਿਹਾਫਾਂ ਦੇ ਮੇਲ ਤੋਂ ਬਣਦੀਆਂ ਹਨ ।
ਖ਼ਬਲ-----ਖ਼ਬਲ ਦਾ ਅਰਥ ਹੈ ਹੱਥ ਪੈਰ ਵੱਢਣਾ, ਅਰੂਜ਼ੀ ਪਰਿਭਾਸ਼ਾ ਅਨੁਸਾਰ ਖ਼ਬਲ ਦੋ ਜ਼ਿਹਾਫਾਂ ਖ਼ਬਨ ਤੇ ਤੈ ਦੇ ਮੇਲ ਤੋਂ ਬਣਦੀ ਹੈ । ਇਹ ਕੇਵਲ ਦੋ ਰੁਕਨਾਂ ਜਿਨ੍ਹਾਂ ਦੇ ਮੁੱਢ ਵਿਚ ਸਬੱਬ ਖਫ਼ੀਫ ਹਨ, ਤੇ ਲਾਗੂ ਹੁੰਦੀ ਹੈ ।
ਮੁਸਤਫ਼ਇਲੁਨ ਰੁਕਨ ਤੇ ਜ਼ਿਹਾਫ ਦੁਆਰਾ ਉਸ ਦਾ ਚੌਥਾ ਸਾਕਿਨ ਹਰਫ਼ ਫ਼ ਝੜ ਜਾਂਦਾ ਹੈ । ਤੇ ਖ਼ਬਲ ਜਿਹਾਫ਼ ਦੁਆਰਾ ਉਸ ਦਾ ਦੂਸਰਾ ਸਾਕਿਨ ਹਰਫ ਸ ਗਿਰ ਜਾਂਦਾ ਹੈ । ਬਾਕੀ ਬਚਦਾ ਹੈ ਮੁਤੁਇਲੁਨ ਜਿਸ ਨੂੰ ਫਿਇਲੁਤੁਨ ਵਿਚ ਬਦਲ ਲੈਂਦੇ ਹਨ । ਯਾਨੀ ਮੁਸਤਫ਼ਇਲੁਨ ਖ਼ਬਲ ਜ਼ਿਹਾਫ ਦੁਆਰਾ SSIS ਤੋਂ IIIS ਬਣ ਜਾਂਦਾ ਹੈ , ਇਸ ਰੁਕਨ ਨੂੰ ਫਾਸਲਾ, ਕੁਬਰਾ, ਫਾਜ਼ਲ ਜਾਂ ਸਰਲ ਢੰਗ ਨਾਲ ਸਬੱਬ ਸਕੀਲ + ਵਤਦ ਮਜ਼ਮੂਅ ਕਿਹਾ ਜਾਂਦਾ ਹੈ ।
ਮਫ਼ਊਲਾਤ ਰੁਕਨ ਉੱਤੇ ਖ਼ਬਲ ਜ਼ਿਹਾਫ ਲੱਗ ਕੇ ਮਫ਼ਊਲਾਤ ਦਾ ਤੈ ਜ਼ਿਹਾਫ ਦੁਆਰਾ ਚੌਥਾ ਸਾਕਿਨ ਹਰਫ਼ ਦੁਲੈਂਕੜ ਝੜ ਜਾਂਦੇ ਹਨ ਤੇ ਖ਼ਬਨ ਜ਼ਿਹਾਫ ਦੁਆਰਾ ਦੂਜਾ ਸਾਕਿਨ ਅੱਖਰ ਫ ਝੜ ਕੇ ਮਅਲਾਤੁ ਰਹਿ ਜਾਂਦਾ ਹੈ ਜਿਸ ਨੂੰ ਫਿਇਲਾਤੁ ਵਿੱਚ ਬਦਲ ਲੈਂਦੇ ਹਨ । ਯਾਨੀ ਮਫ਼ਊਲਾਤ ਖ਼ਬਲ ਜ਼ਿਹਾਫ ਦੁਆਰਾ ਫਿਇਲਾਤ IISI ਬਣ ਜਾਂਦਾ ਹੈ । ਜੋ ਕਿ ਸਬੱਬ ਸਕੀਲ + ਵਤਦ ਮਫ਼ਰੂਕ ਦੇ ਬਰਾਬਰ ਹੈ ।
ਖ਼ਜ਼ਲ------ ਇਸ ਦਾ ਅਰਥ ਹੈ ਕੱਟਿਆ ਜਾਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਇਹ ਜ਼ਿਹਾਫ ਇਜ਼ਮਾਰ ਤੇ ਤੈ ਜ਼ਿਹਾਫ ਦਾ ਮੇਲ ਹੈ । ਇਹ ਜ਼ਿਹਾਫ ਕੇਵਲ ਮੁਤੁਫਾਇਲੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ , ਕਿਉਂ ਕਿ ਕੇਵਲ ਮੁਤੁਫਾਇਲੁਨ ਰੁਕਨ ਦੇ ਮੁੱਢ ਵਿੱਚ ਹੀ ਕੇਵਲ ਸਬੱਬ ਸਕੀਲ ਯਾਨੀ ਦੋ ਮੁਤਹੱਰਕ ਹਰਫ਼ ਹਨ । ਮੁਤੁਫਾਇਲੁਨ ਰੁਕਨ ਤੇ ਜਦ ਖ਼ਜ਼ਲ ਜ਼ਿਹਾਫ ਲਗਦੀ ਹੈ ਤਾਂ ਪਹਿਲਾਂ ਤੈ ਜ਼ਿਹਾਫ ਦੁਆਰਾ ਚੌਥਾ ਸਾਕਿਨ ਹਰਫ਼ ਕੰਨਾਂ ਝੜ ਜਾਂਦਾ ਹੈ ਤੇ ਫਿਰ ਇਜ਼ਮਾਰ ਜਿਹਾਫ਼ ਦੁਆਰਾ ਦੂਜੇ ਮੁਤਹੱਰਕ ਹਰਫ਼ ਨੂੰ ਸਾਕਿਨ ਕਰ ਦਿੱਤਾ ਜਾਂਦਾ ਹੈ । ਹੁਣ ਮੁਤਫਇਲੁਨ ਬਾਕੀ ਰਹਿ ਜਾਂਦਾ ਹੈ ਜਿਸ ਨੂੰ ਮੁਫਤੁਇਲੁਨ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਤੁਫਾਇਲੁਨ ਰੁਕਨ ਤੇ ਜਦ ਖ਼ਜ਼ਲ ਜਿਹਾਫ਼ ਲਾਗੂ ਹੁੰਦੀ ਹੈ ਤਾਂ ਇਸ ਦਾ ਰੂਪ IISIS ਤੋਂ SIIS ਬਣ ਜਾਂਦਾ ਹੈ , ਜਾਂ ਸਰਲ ਸ਼ਬਦਾਂ ਵਿੱਚ ਇਹ ਵਤਦ ਮਫ਼ਰੂਕ + ਵਤਦ ਮਜ਼ਮੂਅ ਬਣ ਜਾਂਦਾ ਹੈ ।
ਸ਼ਕਲ------ ਇਸ ਦਾ ਅਰਥ ਹੈ ਘੋੜੇ ਦੇ ਪਿਛਾੜੀ ਲਾਉਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਖ਼ਬਨ ਤੇ ਕਫ਼ ਦੇ ਮੇਲ ਨੂੰ ਸ਼ਕਲ ਕਿਹਾ ਜਾਂਦਾ ਹੈ । ਇਹ ਜ਼ਿਹਾਫ ਕੇਵਲ ਦੋ ਰੁਕਨਾਂ ਫਾਇਲਾਤੁਨ ਅਤੇ ਮੁਸਤਫ਼ਇਲੁਨ ਤੇ ਹੀ ਲਾਗੂ ਹੁੰਦੀ ਹੈ । ਫਾਇਲਾਤੁਨ ਰੁਕਨ ਦਾ ਪਹਿਲਾਂ ਖ਼ਬਨ ਜ਼ਿਹਾਫ ਦੁਆਰਾ ਦੂਜਾ ਸਾਕਿਨ ਹਰਫ਼ ਕੰਨਾਂ ਝਾੜ ਦਿੱਤਾ ਜਾਂਦਾ ਹੈ ਤੇ ਫੇਰ ਕਫ਼ ਜ਼ਿਹਾਫ ਇਸ ਦਾ ਸੱਤਵਾਂ ਸਾਕਿਨ ਹਰਫ਼ ਨ ਝਾੜ ਦਿੰਦਾ ਹੈ । ਇਸ ਤਰ੍ਹਾਂ ਬਾਕੀ ਫਇਲਾਤੁ ਯਾਨੀ IISI ਬਚਦਾ ਹੈ ।
ਇਸੇ ਤਰ੍ਹਾਂ ਹੀ ਮੁਸਤਫ਼ਇਲੁਨ ਰੁਕਨ ਦਾ ਖ਼ਬਨ ਜ਼ਿਹਾਫ ਦੁਆਰਾ ਦੂਜਾ ਸਾਕਿਨ ਅੱਖਰ ਸ ਝੜ ਜਾਂਦਾ ਹੈ ਤੇ ਕਫ਼ ਦੁਆਰਾ ਸੱਤਵਾਂ ਸਾਕਿਨ ਅੱਖਰ ਨ ਝੜ ਜਾਂਦਾ ਹੈ ਤੇ ਮੁਤੁਫਇਲ ਬਾਕੀ ਬਚਦਾ ਹੈ । ਇਸ ਨੂੰ ਮੁਫਾਇਲੁ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਸਤਫ਼ਇਲੁਨ ਰੁਕਨ ਤੇ ਸ਼ਕਲ ਜਿਹਾਫ਼ ਲਾ ਕੇ SSIS ਤੋਂ ISII ਬਣ ਜਾਵੇਗਾ ਯਾਨੀ ਕਿ ਵਤਦ ਮਜ਼ਮੂਅ + ਸਬੱਬ ਸਕੀਲ ।
ਨਕਸ਼---- ਇਸ ਦਾ ਅਰਥ ਹੈ ਘਟਾਉਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਅਸ਼ਬ ਤੇ ਕਫ਼ ਜਿਹਾਫ਼ ਦੇ ਮੇਲ ਨੂੰ ਕਿਹਾ ਜਾਂਦਾ ਹੈ । ਇਹ ਜ਼ਿਹਾਫ ਕੇਵਲ ਮੁਫ਼ਾਇਲਤੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ । ਮੁਫ਼ਾਇਲੁਤੁਨ ਰੁਕਨ ਤੇ ਪਹਿਲਾਂ ਅਸ਼ਬ ਜ਼ਿਹਾਫ ਲਾ ਕੇ ਇਸ ਦੇ ਪੰਜਵੇਂ ਮੁਤਹੱਰਕ ਅੱਖਰ ਲ ਨੂੰ ਸਾਕਿਨ ਕਰ ਲਿਆ ਜਾਂਦਾ ਹੈ ਤੇ ਬਾਕੀ ਬਚਦੇ ਮੁਫਾਇਲਤੁਨ ਨੂੰ ਮਫਾਈਲੁਨ ਨਾਲ ਬਦਲ ਲਿਆ ਜਾਂਦਾ ਹੈ । ਫੇਰ ਇਸ ਤੇ ਕਫ਼ ਜ਼ਿਹਾਫ ਲਾ ਕੇ ਇਸ ਦਾ ਸੱਤਵਾਂ ਸਾਕਿਨ ਅੱਖਰ ਕੱਟ ਕੇ ਮੁਫਾਈਲੁ ਰਹਿ ਜਾਂਦਾ ਹੈ ਯਾਨੀ ਮੁਫਾਇਲੁਤੁਨ ISIIS ਤੋਂ ISSI ਰਹਿ ਜਾਂਦਾ ਹੈ ।
ਸ਼ਰਮ--- ਇਸ ਦਾ ਅਰਥ ਹੈ ਮੁਹਰਲੇ ਦੰਦ ਝਾੜਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਸ਼ਲਮ ਤੇ ਕਬ਼ਜ਼ ਜ਼ਿਹਾਫ ਦੇ ਮੇਲ ਨੂੰ ਸ਼ਰਮ ਕਿਹਾ ਜਾਂਦਾ ਹੈ । ਇਹ ਜ਼ਿਹਾਫ ਸਿਰਫ ਫਊਲੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ । ਫ਼ਊਲੁਨ ਰੁਕਨ ਦਾ ਕਬ਼ਜ਼ ਜ਼ਿਹਾਫ ਨਾਲ ਪੰਜਵਾਂ ਸਾਕਿਨ ਅੱਖਰ ਨ ਝਾੜ ਕੇ ਜਦੋਂ ਫ਼ਊਲ ਰਹਿ ਜਾਂਦਾ ਹੈ ਤਾਂ ਇਸ ਤੇ ਸ਼ਲਮ ਜ਼ਿਹਾਫ ਲਾ ਕੇ ਇਸ ਦਾ ਪਹਿਲਾ ਮੁਤਹੱਰਕ ਫ ਝਾੜ ਦਿੱਤਾ ਜਾਂਦਾ ਹੈ ਜਿਸ ਨਾਲ ਬਾਕੀ ਬਚੇ ਊਲ ਨੂੰ ਫਾਅ ਦੇ ਨਾਲ ਬਦਲ ਲਿਆ ਜਾਂਦਾ ਹੈ ਯਾਨੀ ਕਿ ਫ਼ਊਲੁਨ (ISS)ਰੁਕਨ ਤੇ ਸ਼ਰਮ ਜ਼ਿਹਾਫ ਮਗਰੋਂ ਇਹ ਕੇਵਲ ਫਾਅ ਯਾਨੀ ਕਿ SI ਬਚਦਾ ਹੈ । ਜਿਸ ਦਾ ਮਤਲਬ ਵਤਦ ਮਫ਼ਰੂਕ ਹੁੰਦਾ ਹੈ ।
ਸ਼ਤਰ---- ਇਸ ਦਾ ਅਰਥ ਹੈ ਪਲਕ ਦਾ ਉਲਟ ਜਾਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਖ਼ਰਮ ਤੇ ਕਬ਼ਜ਼ ਜ਼ਿਹਾਫ ਦੇ ਮੇਲ ਨੂੰ ਸ਼ਤਰ ਕਿਹਾ ਜਾਂਦਾ ਹੈ । ਇਹ ਜ਼ਿਹਾਫ ਕੇਵਲ ਮੁਫਾਈਲੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ । ਮੁਫਾਈਲੁਨ ਰੁਕਨ ਤੇ ਪਹਿਲਾਂ ਖ਼ਰਮ ਜ਼ਿਹਾਫ ਨਾਲ ਇਸ ਦਾ ਮੁਢਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ ਤੇ ਬਾਕੀ ਬਚੇ ਫਾਈਲੁਨ ਦਾ ਪੰਜਵਾਂ ਸਾਕਿਨ ਹਰਫ ਡੇਗਣ ਮਗਰੋਂ ਫਾਇਲੁਨ ਬਚ ਜਾਂਦਾ ਹੈ । ਬਹਿਰ ਵਿਚ ਇਸ ਨੂੰ ਅਸ਼ਤਰ ਕਿਹਾ ਜਾਂਦਾ ਹੈ ।
ਖ਼ਰਬ--- ਇਸ ਦਾ ਅਰਥ ਹੁੰਦਾ ਹੈ ਖਰਾਬ ਹੋਣਾ ਜਾਂ ਉਜੜਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫ਼ਾਈਲੁਨ ਰੁਕਨ ਤੇ ਖ਼ਰਮ ਤੇ ਕਫ਼ ਜ਼ਿਹਾਫ ਇਕੱਠੇ ਲਾ ਦੇਣ ਨੂੰ ਖ਼ਰਬ ਦਾ ਨਾਮ ਦਿੱਤਾ ਜਾਂਦਾ ਹੈ । ਮੁਫਾਈਲੁਨ ਰੁਕਨ ਦਾ ਪਹਿਲਾਂ ਖ਼ਰਮ ਜ਼ਿਹਾਫ ਲਾ ਕੇ ਮੁ ਮੁਤਹੱਰਕ ਝਾੜ ਦਿੱਤਾ ਜਾਂਦਾ ਹੈ ਤੇ ਫਿਰ ਕਫ਼ ਜ਼ਿਹਾਫ ਲਾ ਕੇ ਅਖੀਰਲਾ ਸਾਕਿਨ ਨ ਅੱਖਰ ਵੀ ਡੇਗ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਇਹ ਫਾਇਲੁ ਰਹਿ ਜਾਂਦਾ ਹੈ । ਜਿਸ ਦੀ ਥਾਂ ਤੇ ਮਫ਼ਊਲ ਰੁਕਨ ਰੱਖ ਲਈਦਾ ਹੈ । ਬਹਿਰ ਵਿੱਚ ਇਸ ਦਾ ਨਾਮ ਅਖ਼ਰਬ ਹੁੰਦਾ ਹੈ ।
ਕਸ਼ਮ------ ਇਸ ਦਾ ਅਰਥ ਹੈ ਟੁੱਟੇ ਦੰਦਾਂ ਵਾਲਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਇਲੁਤੁਨ ਰੁਕਨ ਤੇ ਖ਼ਰਮ ਅਤੇ ਅਸ਼ਬ ਜ਼ਿਹਾਫ ਇਕੱਠੇ ਲਾ ਦੇਣ ਨੂੰ ਕਸ਼ਮ ਕਿਹਾ ਜਾਂਦਾ ਹੈ । ਪਹਿਲਾਂ ਖ਼ਰਮ ਜ਼ਿਹਾਫ ਰਾਹੀਂ ਇਸ ਰੁਕਨ ਦਾ ਪਹਿਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ ਅਤੇ ਫਿਰ ਅਸ਼ਬ ਜ਼ਿਹਾਫ ਰਾਹੀਂ ਪੰਜਵਾਂ ਮੁਤਹਰਕ ਹਰਫ ਲੁ ਸਾਕਿਨ ਕਰ ਲਿਆ ਜਾਂਦਾ ਹੈ । ਪਿੱਛੇ ਫਾਇਲਤੁਨ ਰਹਿ ਜਾਂਦਾ ਹੈ ਜਿਸ ਦੀ ਥਾਂ ਤੇ ਇਸ ਦਾ ਬਰਵਜ਼ਨ ਰੁਕਨ ਮਫ਼ਊਲੁਨ ਰੱਖ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਅਕਸ਼ਮ ਹੁੰਦਾ ਹੈ ।
ਜਮਮ----ਇਸ ਦਾ ਅਰਥ ਹੈ ਜੰਗ ਵਿਚ ਜਵਾਨ ਦਾ ਖਾਲੀ ਹੱਥ ਹੋਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਇਲੁਤੁਨ ਰੁਕਨ ਤੇ ਖ਼ਰਮ ਤੇ ਅਕਲ ਜ਼ਿਹਾਫ ਇਕੱਠੇ ਲਾਉਣ ਨੂੰ ਜਮਮ ਕਿਹਾ ਜਾਂਦਾ ਹੈ । ਪਹਿਲਾਂ ਖਰਮ ਜ਼ਿਹਾਫ ਪਹਿਲਾ ਮੁਤਹੱਰਕ ਮੁ ਝਾੜ ਦਿੰਦਾ ਹੈ ਤੇ ਫੇਰ ਅਕਲ ਜ਼ਿਹਾਫ ਪੰਜਵਾਂ ਮੁਤਹੱਰਕ ਲੁ ਝਾੜ ਦਿੰਦੀ ਹੈ । ਬਾਕੀ ਬਚੇ ਫਾਇਤੁਨ ਦੀ ਥਾਂ ਤੇ ਫਾਇਲੁਨ ਰੱਖ ਲਿਆ ਜਾਂਦਾ ਹੈ ਅਤੇ ਬਹਿਰ ਵਿੱਚ ਇਸ ਨੂੰ ਅਜ਼ੱਮ ਆਖਿਆ ਜਾਂਦਾ ਹੈ ।
ਅਕਸ਼-----ਇਸ ਦਾ ਅਰਥ ਹੈ ਜ਼ੁਲਫ ਜਾਂ ਲਿਟਾਂ ਮਰੋੜਨਾ । ਅਰੂਜ਼ ਅਨੁਸਾਰ ਮੁਫਾਇਲਤੁਨ ਰੁਕਨ ਤੇ ਖ਼ਰਮ ਤੇ ਕਫ਼ ਜ਼ਿਹਾਫ ਇਕੱਠੇ ਲਾ ਦੇਣ ਨੂੰ ਅਕਸ਼ ਕਿਹਾ ਜਾਂਦਾ ਹੈ । ਖ਼ਰਮ ਜਿਹਾਫ਼ ਦੁਆਰਾ ਮੁਫਾਇਲਤੁਨ ਦਾ ਪਹਿਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ ਫਿਰ ਕਫ਼ ਜ਼ਿਹਾਫ ਦੁਆਰਾ ਸੱਤਵਾਂ ਸਾਕਿਨ ਅੱਖਰ ਨ ਗਿਰਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਬਾਕੀ ਫਾਇਲਤੁ ਰਹਿ ਜਾਂਦਾ ਹੈ ਜਿਸ ਨੂੰ ਮਫ਼ਊਲ ਨਾਲ ਬਦਲ ਲਿਆ ਜਾਂਦਾ ਹੈ ।
ਪਿਆਰੇ ਦੋਸਤੋ ਉਪਰੋਕਤ ਪੈਂਤੀ ਜ਼ਿਹਾਫਾਂ ਤਾਂ ਅਰੂਜ਼ ਦੇ ਬਾਨੀ ਖ਼ਲੀਲ ਬਿਨ ਅਹਿਮਦ ਵੱਲੋਂ ਈਜ਼ਾਦ ਕੀਤੀਆਂ ਗਈਆਂ ਹਨ ਹੁਣ ਆਪਾਂ ਕੁਛ ਉਹਨਾਂ ਜ਼ਿਹਾਫਾਂ ਦਾ ਵਰਣਨ ਕਰਦੇ ਹਾਂ ਜੋ ਖਲੀਲ ਬਿਨ ਅਹਿਮਦ ਤੋਂ ਬਾਦ ਵਿੱਚ ਹੋਰ ਅਰੂਜ਼ੀ ਵਿਦਵਾਨਾਂ ਨੇ ਈਜ਼ਾਦ ਕੀਤੀਆਂ । ਇਹਨਾਂ ਜ਼ਿਹਾਫਾਂ ਦੀ ਕੁੱਲ ਗਿਣਤੀ ਅੱਠ ਹੈ ।
1. ਜ਼ਬ------- ਇਸ ਦਾ ਅਰਥ ਹੈ ਖੱਸੀ ਕਰਨਾ । ਅਰੂਜ਼ ਅਨੁਸਾਰ ਮੁਫਾਈਲੁਨ ਦੇ ਪਿਛਲੇ ਦੋ ਸਬੱਬ ਖਫੀਫ ਇਕੱਠੇ ਝਾੜ ਦੇਣ ਨੂੰ ਜ਼ਬ ਕਿਹਾ ਜਾਂਦਾ ਹੈ । ਜ਼ਬ ਅਨੁਸਾਰ ਮੁਫਾਈਲੁਨ ਦੇ ਸਬੱਬ ਖ਼ਫ਼ੀਫ ਈ ਤੇ ਲੁਨ ਝੜ ਜਾਂਦੇ ਹਨ । ਪਿੱਛੇ ਮੁਫਾ ਰਹਿ ਜਾਂਦਾ ਹੈ ਤੇ ਇਸ ਨੂੰ ਫਿਅਲ ਨਾਲ ਬਦਲ ਲਿਆ ਜਾਂਦਾ ਹੈ ।
2. ਨਹਰ--- ਇਸ ਦਾ ਅਰਥ ਹੈ ਗਲਾ ਕੱਟਣਾ । ਅਰੂਜ਼ ਅਨੁਸਾਰ ਮਫ਼ਊਲਾਤ ਰੁਕਨ ਦੇ ਪਿਛਲੇ ਦੋ ਸਬੱਬ ਖ਼ਫ਼ੀਫ ਅਤੇ ਪਿਛਲਾ ਮੁਤਹੱਰਕ ਤੁ ਇਕੱਠੇ ਹੀ ਝਾੜ ਦਿੱਤੇ ਜਾਣ ਤਾਂ ਇਸ ਨੂੰ ਨਹਰ ਜ਼ਿਹਾਫ ਦਾ ਨਾਮ ਦਿਤਾ ਜਾਂਦਾ ਹੈ । ਜ਼ਬ ਮਫ਼ਊਲਾਤ ਦਾ ਊਲਾਤ ਝਾੜ ਦਿੰਦੀ ਹੈ ਤੇ ਪਿੱਛੇ ਰਹੇ ਮਫ਼ ਦੀ ਥਾਂ ਤੇ ਫਿਅ ਰੱਖ ਲਿਆ ਜਾਂਦਾ ਹੈ ।
3. ਜਦਅ---- ਇਸ ਦਾ ਅਰਥ ਹੈ ਨੱਕ, ਕੰਨ, ਤੇ ਹੱਥ ਕੱਟਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮਫ਼ਊਲਾਤ ਰੁਕਨ ਦੇ ਅਗਲੇ ਦੋਵੇਂ ਸਬੱਬ ਖ਼ਫ਼ੀਫ ਝਾੜਨੇ ਤੇ ਪਿੱਛਲੇ ਮੁਤਹੱਰਕ ਤੁ ਨੂੰ ਸਾਕਿਨ ਕਰ ਦੇਣ ਨੂੰ ਜਦਅ ਕਿਹਾ ਜਾਂਦਾ ਹੈ । ਜਦਅ ਜ਼ਿਹਾਫ ਮਫ਼ਊਲਾਤ ਦੇ ਦੋਵੇਂ ਅਗਲੇ ਸਬੱਬ ਖ਼ਫ਼ੀਫ ਮਫ਼ ਤੇ ਊ ਝਾੜ ਦਿੰਦੀ ਹੈ ਤੇ ਤੁ ਨੂੰ ਸਾਕਿਨ ਕਰ ਦਿੰਦੀ ਹੈ ਹੁਣ ਪਿੱਛੇ ਬਚੇ ਲਾਤ ਦਾ ਥਾਂ ਫਾਅ ਰੱਖ ਲਿਆ ਜਾਂਦਾ ਹੈ ਅਤੇ ਬਹਿਰ ਵਿੱਚ ਇਸ ਦਾ ਨਾਮ ਮਜ਼ਦੂਅ ਹੁੰਦਾ ਹੈ ।
4. ਜਹਫ਼----- ਇਸ ਦਾ ਅਰਥ ਹੈ ਨੁਕਸਾਨ ਕਰਨਾ । ਅਰੂਜ਼ ਅਨੁਸਾਰ ਰੁਕਨ ਫਾਇਲਾਤੁਨ ਤੇ ਖ਼ਬਨ ਜ਼ਿਹਾਫ ਲਾ ਕੇ ਦੂਜੇ ਸਾਕਨ ਹਰਫ਼ ਕੰਨੇ ਨੂੰ ਗਿਰਾ ਦਿੱਤਾ ਜਾਂਦਾ ਹੈ ਅਤੇ ਪਿੱਛੇ ਰਹਿ ਗਏ ਫਇਲਾਤੁਨ ਜੋ ਫਾਸਲਾ ਹੈ ਯਾਨੀ IIS ਹੈ ਨੂੰ ਗਿਰਾ ਦਿੰਦੇ ਹਨ ਸਿਰਫ਼ ਤੁਨ ਬਾਕੀ ਰਹਿ ਜਾਂਦਾ ਹੈ । ਜਿਸ ਦੀ ਥਾਂ ਤੇ ਫਿਅ ਰੱਖ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਜਹੂਫ਼ ਹੁੰਦਾ ਹੈ ।
ਇਹਨਾਂ ਤੋਂ ਅਗਲੀਆਂ ਚਾਰ ਜ਼ਿਹਾਫਾਂ ਦੋ ਜਾਂ ਤਿੰਨ ਜ਼ਿਹਾਫਾਂ ਦੇ ਮੇਲ ਤੋਂ ਬਣਦੀਆਂ ਹਨ ।
5. ਹਤਮ----ਹਤਮ ਦਾ ਅਰਥ ਹੈ ਜੜ੍ਹੋਂ ਦੰਦ ਭੰਨਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਈਲੁਨ ਰੁਕਨ ਤੇ ਹਜ਼ਫ ਤੇ ਕਸ਼ਰ ਜ਼ਿਹਾਫ ਦੇ ਮੇਲ ਨੂੰ ਹਤਮ ਕਿਹਾ ਜਾਂਦਾ ਹੈ । ਮੁਫਾਈਲੁਨ ਰੁਕਨ ਤੇ ਹਜ਼ਫ ਲੱਗ ਕੇ ਪਿਛਲਾ ਸਬੱਬ ਖ਼ਫ਼ੀਫ ਲੁਨ ਕੱਟਿਆ ਜਾਂਦਾ ਹੈ ਫਿਰ ਕਸ਼ਰ ਜ਼ਿਹਾਫ ਰਾਹੀਂ ਪਿੱਛੇ ਰਹਿ ਗਏ ਮੁਫਾਈ ਦੇ ਸਬੱਬ ਖ਼ਫ਼ੀਫ ਦੇ ਸਾਕਿਨ ਹਰਫ ੀ ਗਿਰਾ ਕੇ ੲ ਮੁਤਹੱਰਕ ਨੂੰ ਸਾਕਿਨ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਬਾਕੀ ਬਚੇ ਮੁਫਾਅ ਦੀ ਥਾਂ ਤੇ ਫਊਲ ਰੱਖ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਨੂੰ ਅਹਤਮ ਕਿਹਾ ਜਾਂਦਾ ਹੈ ।
6. ਜ਼ਲਲ---- ਇਸ ਦਾ ਅਰਥ ਹੈ ਪੱਟ ਦਾ ਮਾਸ ਹੀਣ ਹੋਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਈਲੁਨ ਰੁਕਨ ਤੇ ਖ਼ਰਮ ਅਤੇ ਤੈ ਜ਼ਿਹਾਫਾਂ ਦੇ ਮੇਲ ਨੂੰ ਜਲਲ ਕਿਹਾ ਜਾਂਦਾ ਹੈ । ਖ਼ਰਮ ਜ਼ਿਹਾਫ ਦੇ ਨਾਲ ਪਹਿਲਾਂ ਮੁਫਾਈਲੁਨ ਦਾ ਪਹਿਲਾ ਮੁਤਹੱਰਕ ਮੁ ਕੱਟਿਆ ਜਾਂਦਾ ਹੈ ਤੇ ਬਾਕੀ ਬਚੇ ਰੁਕਨ ਤੇ ਫਾਈਲੁਨ ਦਾ ਹਜ਼ਫ ਜ਼ਿਹਾਫ ਦੁਆਰਾ ਪਿਛਲਾ ਸਬੱਬ ਖਫੀਫ ਲੁਨ ਗਿਰਾ ਦਿੱਤਾ ਜਾਂਦਾ ਹੈ । ਹੁਣ ਬਾਕੀ ਰਹਿੰਦੇ ਫਾਈ ਦਾ ਚੌਥਾ ਸਾਕਿਨ ਰਹਫ਼ੀ ਵੀ ਤੈ ਜ਼ਿਹਾਫ ਲਾ ਕੇ ਹਟਾ ਦਿੱਤਾ ਜਾਂਦਾ ਹੈ । ਫਾੲ ਦੀ ਥਾਂ ਤੇ ਫਾਅ ਰੱਖ ਲਿਆ ਜਾਂਦਾ ਹੈ । ਬਹਿਰ ਵਿਚ ਇਸ ਦਾ ਨਾਮ ਅਜ਼ਲ ਹੁੰਦਾ ਹੈ ।
7 ਖ਼ਲਅ---- ਇਸ ਦਾ ਅਰਥ ਹੈ ਕੱਪੜੇ ਲਾਹੁਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਮੁਸਤਫ਼ਇਲੁਨ ਤੇ ਫਾਇਲੁਨ ਤੇ ਖ਼ਬਨ ਤੇ ਕਤਅ ਜ਼ਿਹਾਫ ਦਾ ਇਕੱਠੇ ਲੱਗਣਾ ਹੀ ਖ਼ਲਅ ਕਹਾਉਂਦਾ ਹੈ । ਮੁਸਤਫ਼ਇਲੁਨ ਰੁਕਨ ਤੇ ਖ਼ਬਨ ਜ਼ਿਹਾਫ ਲਾ ਕੇ ਦੂਸਰਾ ਸਾਕਿਨ ਹਰਫ਼ ਸ ਗਿਰਾ ਦਿੱਤਾ ਜਾਂਦਾ ਹੈ ।ਮੁਤਫਇਲੁਨ ਯਾਨੀ ਮੁਫਾਇਲੁਨ ਤੇ ਕਤਅ ਜ਼ਿਹਾਫ ਲਾਗੂ ਕਰਕੇ ਸਾਕਿਨ ਹਰਫ ਨ ਅਲੋਪ ਕਰ ਦਿੱਤਾ ਜਾਂਦਾ ਹੈ । ਤੇ ਮੁਤਹੱਰਕ ਲੁ ਸਾਕਿਨ ਕਰ ਲਿਆ ਜਾਂਦਾ ਹੈ । ਹੁਣ ਬਾਕੀ ਬਚੇ ਮੁਫਾਇਲ ਦੀ ਥਾਂ ਤੇ ਫ਼ਊਲੁਨ ਰੱਖ ਲਿਆ ਜਾਂਦਾ ਹੈ । ਫਾਇਲੁਨ ਰੁਕਨ ਤੇ ਖ਼ਲਅ ਜ਼ਿਹਾਫ ਲਾਗੂ ਕਰਦਿਆਂ ਪਹਿਲਾਂ ਖ਼ਬਨ ਜ਼ਿਹਾਫ ਦੁਆਰਾ ਇਸ ਦਾ ਦੂਜਾ ਸਾਕਿਨ ਹਰਫ ਕੰਨਾਂ ਅਲੋਪ ਕਰ ਦਿੱਤਾ ਜਾਂਦਾ ਹੈ ਤੇ ਇਲੁਨ ਵਤਦ ਮਜ਼ਮੂਅ ਦਾ ਕਤਅ ਜ਼ਿਹਾਫ ਰਾਹੀਂ ਸਾਕਿਨ ਹਰਫ਼ ਨ ਝਾੜ ਕੇ ਮੁਤਹੱਰਕ ਹਰਫ ਲੁ ਸਾਕਿਨ ਕਰ ਲਿਆ ਜਾਂਦਾ ਹੈ । ਹੁਣ ਬਾਕੀ ਬਚੇ ਫਇਲ ਨੂੰ ਫਾਅ ਜਾਂ ਫਿਅਲ ਵਿਚ ਬਦਲ ਲਿਆ ਜਾਂਦਾ ਹੈ ਅਤੇ ਬਹਿਰ ਵਿੱਚ ਇਸ ਦਾ ਨਾਮ ਮੁਖ਼ਲਅ ਹੁੰਦਾ ਹੈ ।
8. ਰਬਅ ----- ਇਸ ਦਾ ਅਰਥ ਚਾਰ ਹੁੰਦਾ ਹੈ । ਇਸ ਰਬਅ ਤੋਂ ਰੁਬਾਈ ਕਾਵਿ ਰੂਪ ਦਾ ਨਾਮਕਰਣ ਹੋਇਆ ਹੈ । ਅਰੂਜ਼ੀ ਪਰਿਭਾਸ਼ਾ ਅਨੁਸਾਰ ਫਾਇਲਾਤੁਨ ਰੁਕਨ ਤੇ ਤਿੰਨ ਜ਼ਿਹਾਫਾਂ ਖ਼ਬਨ ਹਜ਼ਫ ਤੇ ਕਤਅ ਦੇ ਮੇਲ ਨੂੰ ਰਬਅ ਕਿਹਾ ਜਾਂਦਾ ਹੈ । ਫਾਇਲਾਤੁਨ ਦੇ ਫਾ ਦਾ ਕੰਨਾਂ ਖ਼ਬਨ ਜ਼ਿਹਾਫ ਰਾਹੀਂ ਅਤੇ ਹਜ਼ਫ ਜ਼ਿਹਾਫ ਰਾਹੀ ਸਬੱਬ ਖ਼ਫ਼ੀਫ ਤੁਨ ਗਿਰਾ ਦਿੱਤਾ ਜਾਂਦਾ ਹੈ । ਫਇਲਾ ਜੋ ਵਤਦ ਮਜ਼ਮੂਅ ਹੈ ਦਾ ਕਤਅ ਜ਼ਿਹਾਫ ਰਹੀ ਕੰਨਾਂ ਗਿਰਾ ਕੇ ਇ ਮੁਤਹੱਰਕ ਨੂੰ ਸਾਕਿਨ ਕਰ ਲਿਆ ਜਾਂਦਾ ਹੈ, ਰਹਿ ਗਏ ਫਇਲ ਨੂੰ ਫਾਅਲ ਵਿਚ ਬਦਲ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਰਬੂਅ ਹੈ ।
ਪਿਆਰੇ ਦੋਸਤੋ ਜ਼ਿਹਾਫਾਂ ਦਾ ਵਿਸਤਾਰ ਸਹਿਤ ਵਰਣਨ ਅਸੀਂ ਇਸ ਕਰਕੇ ਕੀਤਾ ਹੈ ਤਾਂ ਕਿ ਜ਼ਿਹਾਫਾਂ ਦੀ ਵਰਤੋਂ ਨਾਲ ਅਸੀਂ ਇਕ ਬਹਿਰ ਨੂੰ ਅਨੇਕਾਂ ਰੂਪਾਂ ਵਿੱਚ ਵਰਤ ਸਕੀਏ । ਤੁਹਾਡੀ ਤਬੀਅਤ ਨੂੰ ਬਹਿਰ ਦਾ ਜਿਹੜਾ ਰੂਪ ਪਸੰਦ ਆਵੇ ਤੁਸੀਂ ਉਸੇ ਬਹਿਰ ਵਿੱਚ ਆਪਣੇ ਖ਼ਿਆਲ ਕਹਿ ਸਕਦੇ ਹੋ । ਆਪਣੇ ਕੋਲ ਮੂਲ ਰੁਕਨ ਤਾਂ ਕੇਵਲ ਅੱਠ ਹੀ ਹਨ । ਇਹ ਅੱਠ ਰੁਕਨ ਸਿਰਫ਼ ਸਾਲਮ ਬਹਿਰਾਂ ਵਾਸਤੇ ਹੀ ਹਨ । ਪਰ ਜ਼ਿਹਾਫਾਂ ਦੀ ਮਦਦ ਨਾਲ ਤੁਸੀਂ ਹਰ ਕਿਸਮ ਦੇ ਸ਼ਬਦਾਂ ਵਿੱਚ ਆਪਣੇ ਖ਼ਿਆਲ ਪ੍ਰਗਟ ਕਰ ਸਕਦੇ ਹੋ । ਮੂਲ ਰੁਕਨਾਂ ਤੋਂ ਇਲਾਵਾ ਜ਼ਿਹਾਫਾਂ ਤੁਹਾਡੇ ਲਈ ਪੰਦਰਾਂ ਕੁ ਹੋਰ ਰੁਕਨ ਬਣਾ ਦਿੰਦੀਆਂ ਹਨ ।
ਪਿਆਰੇ ਦੋਸਤੋ, ਆਮ ਤੌਰ ਤੈ ਅਰੂਜ਼ ਦੇ ਅੱਠ ਰੁਕਨਾਂ ਦਾ ਜ਼ਿਕਰ ਹੀ ਕੀਤਾ ਜਾਂਦਾ ਹੈ , ਪਰ ਇਹਨਾਂ ਅੱਠ ਰੁਕਨਾਂ ਤੋਂ ਇਲਾਵਾ , ਰੁਕਨਾ ਦੀ ਛਾਂਟ ਕਰਕੇ ਜਿਹੜੈ ਰੂਪ ਬਣਦੇ ਹਨ, ਉਹਨਾਂ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ, ਪੇਸ਼ ਹਨ ਮੂਲ ਰੁਕਨ ਤੇ ਉਹਨਾਂ ਤੋਂ ਬਣਨ ਵਾਲੇ ਹੋਰ ਰੁਕਨ -
ਫਾਇਲੁਨ ਫ਼ਊਲੁਨ, ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲੁਤੁਨ, ਮਫਊਲਾਤ
SIS , ISS , ISSS, SISS, SSIS, IISIS, ISIIS, SSSI
ਛੇ ਹਰਫ਼ੀ ਸ਼ਬਦਾਂ ਦਾ ਮਾਪ ਤੋਲ ਕਰਨ ਵਾਲੇ ਰੁਕਨ
1 ਮਫ਼ਊਲਨ sss ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ
2 ਮੁਫਾਇਲੁਨ ISIS ਵਤਦ ਮਜ਼ਮੂਅ + ਵਤਦ ਮਜ਼ਮੂਅ
3 ਮੁਫਾਈਲੁ ISSI ਵਤਦ ਮਜ਼ਮੂਅ + ਵਤਦ ਮਫ਼ਰੂਕ
4 ਫਾਇਲਾਤ SISI ਵਤਦ ਮਫ਼ਰੂਕ + ਵਤਦ ਮਫਰੂਕ
5 ਫਿਇਲਾਤੁਨ IISS ਸਬੱਬ ਸਕੀਲ +ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ
6 ਮੁ਼ਫ਼ਤੁਇਲੁਨ SIIS ਸਬੱਬ ਖ਼ਫ਼ੀਫ + ਸਬੱਬ ਸਕੀਲ + ਸਬੱਬ ਖ਼ਫ਼ੀਫ
ਪੰਜ ਹਰਫ਼ੀ ਸ਼ਬਦਾਂ ਨੂੰ ਹਾੜਨ ਵਾਲੇ ਰੁਕਨਨ
1 ਮਫ਼ਊਲ SSI ਸਬੱਬ ਖ਼ਫ਼ੀਫ + ਵਤਦ ਮਫ਼ਰੂਕ
2 ਫਿਇਲਾਤ IISI ਸਬੱਬ ਸਕੀਲ + ਵਤਦ ਮਫ਼ਰੂਕ
3 ਫਿਇਲੁਤੁਨ IIIS ਫਾਸਲਾ + ਸਬੱਬ ਖ਼ਫ਼ੀਫ
ਚਾਰ ਹਰਫੇ ਸ਼ਬਦਾਂ ਨੂੰ ਹਾੜਨ ਵਾਲੇ ਰੁਕਨ
1 ਫਿਅਲੁਨ SS ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ
2 ਫਊਲ ISI ਮੁਤਹੱਰਕ + ਵਤਦ ਮਫ਼ਰੂਕ
3 ਫਿਇਲੁਨ IIS ਸਬੱਬ ਸਕੀਲ + ਸਬੱਬ ਖ਼ਫ਼ੀਫ
ਤਿੰਨ ਹਰਫੀ ਸ਼ਬਦਾਂ ਨੂੰ ਹਾੜਨ ਵਾਲੇ ਰੁਕਨ
ਫਿਅਲ IS ਵਤਦ ਮਜ਼ਮੂਅ
ਫਾਇ SI ਵਤਦ ਮਫ਼ਰੂਕ
ਮੁਤਫਾਇਲੁਨ, ਫਾਇਲੁਨ, ਅਤੇ ਮੁਸਤਫ਼ਇਲੁਨ , ਜਿਨ੍ਹਾਂ ਰੁਕਨਾਂ ਦੇ ਅਖ਼ੀਰ ਉੱਤੇ ਇਲੁਨ ਮਤਲਬ ਵਤਦ ਮਜ਼ਮੂਅ ਹੈ । ਜੇ ਉਨ੍ਹਾਂ ਦੇ ਅਖੀਰਲੇ ਹਰਫ ਉੱਤੇ ਬਿੰਦੀ ਹੋਵੇ ਤਾਂ ਉਹ ਬਿੰਦੀ ਵਜ਼ਨ ਵਿੱਚ ਗਿਣ ਲਈ ਜਾਂਦੀ ਹੈ, ਤੇ ਇਜ਼ਾਲ ਜ਼ਿਹਾਫ ਅਨੁਸਾਰ ਇਨ੍ਹਾਂ ਰੁਕਨਾਂ ਦੀ ਬਣਤਰ ਮੁਤੁਫਾਇਲਾਂ, ਫਾਇਲਾਂ ਤੇ ਮੁਸਤਫ਼ਇਲਾਂ ਹੋ ਜਾਵੇਗੀ । ਭਾਵੇਂ ਕਿ ਇਹਨਾਂ ਦਾ ਉਚਾਰਣ ਸੱਤ ਸੱਤ ਹਰਫਾਂ ਦਾ ਹੀ ਰਹੇਗਾ ।
ਇਸੇ ਤਰ੍ਹਾਂ ਜੇ ਫਾਇਲਾਤੁਨ, ਮੁਫਾਈਲੁਨ ਅਤੇ ਫਊਲੁਨ ਰੁਕਨਾਂ ਤੇ ਅਖੀਰਲੇ ਹਰਫ ਉੱਤੇ ਬਿੰਦੇ ਹੋਵੇ ਤਾਂ ਉਹ ਗਿਣਤੀ ਵਿੱਚ ਆ ਜਾਂਦੀ ਹੈ । ਇਹਨਾਂ ਰੁਕਨਾਂ ਦੇ ਅਖੀਰਲੇ ਸਬੱਬ ਖ਼ਫ਼ੀਫ ਤੇ ਇਹ ਬਿੰਦੀ ਆਉਂਦੀ ਹੈ, ਤੇ ਤਸਬੀਗ ਜ਼ਿਹਾਫ ਅਨੁਸਾਰ ਇਨਾਂ ਰੁਕਨਾਂ ਦੀ ਬਣਤਰ ਫਾਇਲੀਯਾਂ, ਮੁਫਾਈਲਾਂ ਤੇ ਫਊਲਾਂ ਹੋ ਜਾਵੇਗੀ । ਇਨਾਂ ਦਾ ਉਚਾਰਣ ਵੀ ਸੱਤ ਸੱਤ ਹਰਫਾਂ ਦਾ ਹੀ ਰਹੇਗਾ।
ਜਿਨ੍ਹਾਂ ਰੁਕਨਾਂ ਦੇ ਅਖੀਰ ਵਿੱਚ ਵਤਦ ਮਜ਼ਮੂਅ ਹੈ, ਜਦੋਂ ਉਨਾਂ ਤੇ ਤਰਫੀਲ ਜ਼ਿਹਾਫ ਲਾਗੂ ਹੋਵੇਗੀ ਭਾਵ ਇੱਕ ਸਬੱਬ ਖ਼ਫ਼ੀਫ ਵਧਾ ਦਿੱਤੀ ਜਾਵੇਗੀ ਮਤਲਬ ਜੇ ਮੁਤੁਫਾਇਲੁਨ ਤੇ ਮੁਸਤਫ਼ਇਲੁਨ ਦੇ ਪਿੱਛੇ ਇਕ ਹੋਰ ਸਬੱਬ ਖ਼ਫ਼ੀਫ ਯਾਨੀ ਗੁਰੂ s ਵਧਾ ਦਿੱਤਾ ਜਾਵੇ ਤਾਂ ਇਹਨਾਂ ਰੁਕਨਾਂ ਦੀ ਬਣਤਰ ਮੁਤੁਫਾਈਲਤੁਨ, ਮੁਸਤਫਇਲਾਤੁਨ ਹੋ ਜਾਂਦੀ ਹੈ ਤੇ ਇਨ੍ਹਾਂ ਰੁਕਨਾਂ ਦੇ ਹਰਫਾਂ ਦੀ ਗਿਣਤੀ ਨੌ ਹੋ ਜਾਂਦੀ ਹੈ । ਸੋ ਇਸ ਤਰ੍ਹਾਂ ਜ਼ਿਹਾਫਾਂ ਦੀ ਮਦਦ ਨਾਲ ਹੋਰ ਰੁਕਨ ਬਣ ਜਾਂਦੇ ਹਨ ।
1. ਮੁਤੁਫਾਇਲਾਂ 2. ਮੁਸਤਫ਼ਇਲਾਂ 3. ਫਾਇਲਾਂ 4. ਫਾਇਲੀਆਂ 5. ਮੁਫਾਈਲਾਂ 6. ਫਊਲਾਂ 7. ਮੁਤਫਾਇਲਤੁਨ 8. ਮੁਸਤਫ਼ਇਲਤੁਨ
ਇੰਝ ਜ਼ਿਹਾਫਾਂ ਦੇ ਨਾਲ ਰੁਕਨਾਂ ਦੀ ਗਿਣਤੀ 8+15+8 =31 ਹੋ ਜਾਂਦੀ ਹੈ । ਇਨ੍ਹਾਂ ਰੁਕਨਾਂ ਨਾਲ ਅਸੀਂ ਇੱਕ ਤੋਂ ਲੈ ਕੇ ਨੌ ਹਰਫਾਂ ਤੱਕ ਦੇ ਸ਼ਬਦਾਂ ਦਾ ਮਾਪ ਤੋਲ ਕਰ ਸਕਦੇ ਹਾਂ ।
No comments:
Post a Comment