Tuesday, 17 January 2017
ਅਰੂਜ਼ ਦੇ ਅਰਕਾਨ ਦੀ ਬਣਤਰ
ਦੋਸਤੋ ਜਿਵੇਂ ਪੁੱਤਰ, ਪੋਤੇ, ਧੀਆਂ, ਦਾਦਾ ,ਦਾਦੀ, ਮਾਂ, ਬਾਪ ਸਾਰੇ ਰਲ਼ ਕੇ ਪਰਿਵਾਰ ਦੀਆਂ ਇਕਾਈਆਂ ਹਨ ਅਤੇ ਇਨ੍ਹਾਂ ਸਾਰੀਆਂ ਇਕਾਈਆਂ ਨੂੰ ਮਿਲਾ ਕੇ ਇਕ ਪਰਿਵਾਰ ਬਣਦਾ ਹੈ । ਇਸੇ ਤਰ੍ਹਾਂ ਹੀ ਮਤਲਾ, ਮਕਤਾ, ਸ਼ਿਅਰ, ਕਾਫ਼ੀਆ, ਰਦੀਫ਼, ਬਹਿਰ, ਸਾਕਿਨ, ਮੁਤਹੱਰਕ,ਸਬਬ ਅਤੇ ਵਤਦ ਸਾਰੀਆਂ ਗ਼ਜ਼ਲ ਦੇ ਪਰਿਵਾਰ ਦੀਆਂ ਇਕਾਈਆਂ ਹਨ । ਇਹਨਾਂ ਸਾਰੀਆਂ ਇਕਾਈਆਂ ਦੇ ਨਾਲ ਹੀ ਗ਼ਜ਼ਲ ਹੋਂਦ ਵਿਚ ਆਉਂਦੀ ਹੈ । ਗ਼ਜ਼ਲ ਪਰਿਵਾਰ ਦੇ ਕਾਫੀ ਸਾਰੇ ਜੀਆਂ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਵਾ ਚੁੱਕੇ ਹਾਂ । ਆਉ ਹੁਣ ਇਕ ਹੋਰ ਮੈਂਬਰ ਨਾਲ ਤੁਹਾਡੀ ਜਾਣ-ਪਛਾਣ ਕਰਵਾਈਏ ।
ਰੁਕਨ ਸ਼ਬਦ ਦਾ ਬਹੁਵਚਨ ਅਰਕਾਨ ਹੈ । ਇਹ ਰੁਕਨ ਹੀ ਹਨ ਜੋ ਗ਼ਜ਼ਲ ਦੀ ਬਹਿਰ ਨਿਰਧਾਰਿਤ ਕਰਦੇ ਹਨ । ਬਹਿਰ ਜਾਣੀ ਮੀਟਰ, ਗ਼ਜ਼ਲ ਦੀ ਜਿੰਦ ਜਾਨ ਹੈ , ਜਿਹੜੀ ਗ਼ਜ਼ਲ ਨੂੰ ਲੈਅ-ਬੱਧ ਅਤੇ ਸੰਗੀਤਮਈ ਬਣਾਉਂਦੀ ਹੈ । ਬਿਨਾਂ ਮੀਟਰ ਜਾਂ ਬਹਿਰ ਦੇ ਗ਼ਜ਼ਲ ਦਾ ਕੋਈ ਵਜ਼ੂਦ ਨਹੀ । ਹੁਣ ਦੇਖਦੇ ਹਾਂ ਕਿ ਅਰਕਾਨ ਕੀ ਹੁੰਦੇ ਹਨ --
ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਉਹ ਸ਼ਬਦ ਰੂਪੀ ਵੱਟੇ ਹਨ ਜਿਹੜੇ ਗ਼ਜ਼ਲ ਦੀ ਬਹਿਰ ਨਿਸ਼ਚਿਤ ਕਰਦੇ ਹਨ । ਇਹਨਾਂ ਵੱਟਿਆਂ ਨਾਲ ਹੀ ਸ਼ਿਅਰ ਦੇ ਵਜ਼ਨ ਨੂੰ ਤੋਲਿਆ ਜਾਂਦਾ ਹੈ । ਗ਼ਜ਼ਲ ਵਿਚ ਅਰਕਾਨ ਦਾ ਬੜਾ ਮਹੱਤਵ ਹੈ, ਕਿਉਂ ਕਿ ਗ਼ਜ਼ਲ ਵਜ਼ਨ ਦੀ ਵਾਧ ਘਾਟ ਨੂੰ ਨਹੀ ਸਹਾਰਦੀ । ਵਜ਼ਨ ਦੀ ਵਾਧ ਘਾਟ ਦਾ ਗਿਆਨ ਰੁਕਨਾਂ ਦੀ ਜਾਣਕਾਰੀ ਤੋਂ ਬਿਨਾ ਸੰਭਵ ਨਹੀ ।
"ਜੀਕਣ ਦਾਲ ਚ ਕੋਕੜੂ, ਰੜਕ ਪਵੇ ਝੱਟ ਪੱਟ,
ਗਜ਼ਲਾਂ ਵਿਚ ਨਾ ਪੁੱਗਦੀ, ਲਗ ਮਾਤਰ ਵੱਧ ਘੱਟ ।"
ਸਬਬ ਅਤੇ ਵਤਦ ਦੇ ਮੇਲ ਤੋਂ ਰੁਕਨ ਬਣਦੇ ਹਨ । ਸਬਬ ਅਤੇ ਵਤਦ ਦੀ ਤਰਤੀਬ ਨੂੰ ਅੱਗੇ ਪਿੱਛੇ ਕਰਦਿਆਂ ਅਰੂਜ਼ ਦੇ ਅੱਠ ਰੁਕਨ ਬਣਦੇ ਹਨ । ਸਬਬ ਅਤੇ ਵਤਦ ਬਾਰੇ ਗਲਬਾਤ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ । ਦੋ ਅੱਖਰਾਂ ਦੇ ਸ਼ਬਦ ਨੂੰ ਸਬਬ ਅਤੇ ਤਿੰਨ ਅੱਖਰਾਂ ਦੇ ਸ਼ਬਦ ਨੂੰ ਵਤਦ ਆਖ਼ਦੇ ਹਨ । ਵੱਖਰੇ ਵੱਖਰੇ ਰੁਕਨ ਵੱਖਰੀਆਂ ਵੱਖਰੀਆਂ ਬਹਿਰਾਂ ਬਣਾਉਂਦੇ ਹਨ । ਬਹਿਰਾਂ ਬਾਰੇ ਆਪਾ ਅੱਗੇ ਚੱਲ ਕੇ ਗੱਲਬਾਤ ਕਰਾਂਗੇ ।
"ਵਤਦ ਸਬਬ ਮਿਲ ਕੇ, ਜਦੋਂ ਬਣ ਜਾਂਦੇ ਅਰਕਾਨ,
ਰੁਕਨ ਬਣਾਉਂਦੇ ਬਹਿਰ ਫਿਰ, ਰੁਕਨ ਗਜ਼ਲ ਦੀ ਸ਼ਾਨ ।"
ਅਰੂਜ਼ ਦੀ ਭਾਸ਼ਾ ਅਨੁਸਾਰ ਰੁਕਨ ਦਾ ਮਤਲਬ ਥੰਮ ਜਾਂ ਥੰਮੀ ਹੁੰਦਾ ਹੈ । ਥੰਮਾਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਘਰਾਂ ਦੀਆਂ ਛੱਤਾਂ ਆਮ ਕਰਕੇ ਥੰਮਾਂ ਸਹਾਰੇ ਹੀ ਖੜ੍ਹੀਆਂ ਹੁੰਦੀਆਂ ਹਨ । ਥੰਮ ਵਾਸਤੇ ਅੰਗਰੇਜ਼ੀ ਦਾ ਸਮਾਨ-ਅਰਥੀ ਸ਼ਬਦ ਬੀਮ ਹੈ । ਦੂਜੇ ਪਾਸੇ ਗ਼ਜ਼ਲ ਵਿਚ ਰੁਕਨ ਉਹ ਥੰਮ ਹਨ ਜਿਨ੍ਹਾਂ ਦੇ ਸਹਾਰੇ ਬਹਿਰ ਖੜ੍ਹੀ ਹੈ । ਰੁਕਨ ਗ਼ਜ਼ਲ ਦੇ ਅਜਿਹੇ ਸ਼ਬਦ ਰੂਪੀ ਵੱਟੇ ਹਨ ਜਿਹੜੇ ਗ਼ਜ਼ਲ ਦੀ ਚਾਲ ਨਿਸ਼ਚਿਤ ਕਰਦੇ ਹਨ । ਇਹਨਾਂ ਵੱਟਿਆਂ ਨਾਲ ਹੀ ਸ਼ਿਅਰ ਦੇ ਵਜ਼ਨ ਨੂੰ ਨਾਪਿਆ ਤੋਲਿਆ ਜਾਂਦਾ ਹੈ । ਇਸ ਤਰ੍ਹਾਂ ਰੁਕਨ ਗ਼ਜ਼ਲ ਦੀ ਬਹਿਰ ਵਜ਼ਨ ਨੂੰ ਨਾਪਣ ਤੋਲਣ ਦਾ ਪੈਮਾਨਾ ਜਾਂ ਮੀਟਰ ਹੈ । ਰੁਕਨ ਨੂੰ ਅਫ਼ਾਈਲ ਵੀ ਕਿਹਾ ਜਾਂਦਾ ਹੈ । ਅੰਗਰੇਜ਼ੀ ਵਿਚ ਇਸ ਦਾ ਸਮਾਨ-ਅਰਥੀ ਸ਼ਬਦ Foot ਹੈ ।
ਅਰੂਜ਼ੀ ਪਰਿਭਾਸ਼ਾ ਤੋਂ ਬਿਨਾ ਰੁਕਨ ਦੇ ਅਰਬੀ ਵਿਚ ਹੋਰ ਵੀ ਕਈ ਅਰਥ ਹਨ । ਕਿਸੇ ਸਭਾ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਵੀ ਰੁਕਨ ਕਿਹਾ ਜਾਂਦਾ ਹੈ । ਵਜ਼ਾਰਤ ਦੇ ਮੰਤਰੀਆਂ ਵਗੈਰਾ ਨੂੰ ਵੀ ਵਜ਼ਾਰਤੀ ਰੁਕਨ ਕਿਹਾ ਜਾਂਦਾ ਹੈ । ਪਰਿਵਾਰ ਦੇ ਮੈਂਬਰਾਂ ਨੂੰ ਵੀ ਪਰਿਵਾਰਿਕ ਰੁਕਨ ਕਿਹਾ ਜਾਂਦਾ ਹੈ ।
ਦੋਸਤੋ ਪਿੰਗਲ ਦੇ ਅੱਠ ਗਣਾਂ ਵਾਂਗਰ ਹੀ ਅਰੂਜ਼ ਵੀ ਅੱਠ ਰੁਕਨਾਂ ਤੇ ਹੀ ਅਧਾਰਤ ਹੈ । ਰੁਕਨ ਦਾ ਪੰਜਾਬੀ ਵਿਚ ਸਮਾਨ-ਅਰਥੀ ਸ਼ਬਦ ਗਣ ਪ੍ਰਚਲਤ ਹੈ । ਆਉ ਹੁਣ ਅਰਕਾਨ ਦੀ ਬਣਤਰ ਵਲ ਪਾਰਖ਼ੂ ਨਜ਼ਰ ਮਾਰੀਏ ---
ਪੰਜ ਅੱਖਰੀ ਰੁਕਨ
ਪਹਿਲਾਂ ਆਪਾਂ ਅਰੂਜ਼ ਦੇ ਪੰਜ ਅੱਖਰੀ ਰੁਕਨਾਂ ਦੀ ਬਣਤਰ ਦੀ ਗੱਲ ਕਰਦੇ ਹਾਂ । ਅਰੂਜ਼ ਦੇ ਅੱਠ ਰੁਕਨਾਂ ਵਿਚੋਂ ਦੋ ਪੰਜ ਅੱਖਰੀ ਸ਼ਬਦਾਂ ਨਾਲ ਤੇ ਬਾਕੀ ਦੇ ਸੱਤ ਅੱਖਰੀ ਸ਼ਬਦਾਂ ਨਾਲ ਬਣਦੇ ਹਨ । ਪੰਜ ਅੱਖਰੀ ਸ਼ਬਦਾਂ ਨਲ ਬਣਨ ਵਾਲੇ ਰੁਕਨ ਫਾਇਲਨ ਅਤੇ ਫਊਲਨ ਹਨ ।
ਫਾਇਲਨ--- ਰੁਕਨ ਦੋ ਅੱਖਰੀ ਸ਼ਬਦ ਸਬਬ ਖਫੀਫ ਅਤੇ ਤਿੰਨ ਅੱਖਰੀ ਸ਼ਬਦ ਵਤਦ ਮਜ਼ਮੂਅ ਦੇ ਮੇਲ ਤੋਂ ਬਣਦਾ ਹੈ । ਹੇਠ ਅਸੀਂ ਫਾਇਲਨ ਰੁਕਨ ਦੀ ਬਣਤਰ ਅਰੂਜ਼ ਅਤੇ ਪਿੰਗਲ ਅਨੁਸਾਰ ਦਰਸਾਉਣ ਦਾ ਯਤਨ ਕੀਤਾ ਹੈ--
ਅਰੂਜ਼ ਪਿੰਗਲ
ਫਇਲਨ ਸਬਬ ਖਫੀਫ+ ਵਤਦ ਮਜ਼ਮੂਅ ਗੁਰੂ+ਲਘੂ+ ਗੁਰੂ (SIS)
ਫਊਲਨ--- ਇਹ ਰੁਕਨ ਉਪਰੋਕਤ ਫਾਇਲੁਨ ਰੁਕਨ ਦੇ ਸਬਬ ਖਫ਼ੀਫ ਅਤੇ ਵਤਦ ਮਜ਼ਮੂਅ ਦੀ ਸਥਿਤੀ ਦੇ ਉਲਟਾਉਣ ਨਾਲ ਬਣਦਾ ਹੈ । ਇਸ ਤਰਾਂ ਕਰਨ ਨਾਲ ਇਸ ਦੀ ਹੇਠ ਲਿਖੀ ਸਥਿਤੀ ਨਜ਼ਰ ਆਉਂਦੀ ਹੈ
ਫਊਲਨ= ਵਤਦ ਮਜ਼ਮੂਅ + ਸਬਬ ਖਫੀਫ = ISS
ਹੁਣ ਆਪਾਂ ਅਰੂਜ਼ ਦੇ ਸੱਤ ਅੱਖਰੀ ਅਰਕਾਨ ਦੀ ਬਣਤਰ ਬਾਰੇ ਵਿਚਾਰ ਕਰਦੇ ਹਾਂ । ਤਾਂ ਕਿ ਇਹਨਾਂ ਦੀ ਮੁਸ਼ਕਲ ਦਿਸਦੀ ਬਣਤਰ ਨੂੰ ਸੌਖੇ ਸ਼ਬਦਾਂ ਵਿਚ ਜਾਣ ਸਕੀਏ । ਸੱਤ ਅੱਖਰੀ ਰੁਕਨਾਂ ਦੀ ਬਣਤਰ ਇਸ ਤਰ੍ਹਾਂ ਹੈ ।
1. ਮੁਫਾਈਲਨ= ਵਤਦ ਮਜ਼ਮੂਅ + ਸਬਬ ਖਫੀਫ+ ਸਬਬ ਖਫੀਫ = ISSS
ਉਪਰੋਕਤ ਰੁਕਨ ਦਾ ਮੁਢਲਾ ਸ਼ਬਦ ਵਦਤ ਮਜ਼ਮੂਅ ਜੇ ਅਸੀਂ ਰੁਕਨ ਦੇ ਵਿਚਾਲੇ ਲੈ ਜਾਈਏ ਤਾਂ ਇਹ ਫਇਲਾਤੁਨ ਰੁਕਨ ਬਣ ਜਾਵੇਗਾ । ਅਤੇ ਇਸ ਦੀ ਬਣਤਰ ਹੋਵੇਗੀ--
2. ਫਾਇਲਾਤੁਨ= ਸਬਬ ਖਫੀਫ+ ਵਤਦ ਮਜ਼ਮੂਅ +ਸਬਬ ਖਫੀਫ = SISS
ਹੁਣ ਜੇ ਫਾਇਲਾਤੁਨ ਦੇ ਵਿਚਾਲੇ ਆਉਣ ਵਾਲਾ ਵਤਦ ਮਜ਼ਮੂਅ ਬਦਲ ਕੇ ਰੁਕਨ ਦੇ ਪਿੱਛੇ ਲਗਾ ਦਈਏ ਤਾਂ ਇਸ ਰੁਕਨ ਦਾ ਨਾਮ ਬਦਲ ਕੇ ਮੁਸਤਫ਼ਇਲੁਨ ਹੋ ਜਾਵੇਗਾ ।
3. ਮੁਸਤਫ਼ਇਲੁਨ= ਸਬਬ ਖਫੀਫ + ਸਬਬ ਖਫੀਫ+ ਵਤਦ ਮਜ਼ਮੂਅ = SSIS
ਇਸ ਤਰ੍ਹਾਂ ਉਪਰੋਕਤ ਤਿੰਨੇ ਹੀ ਰੁਕਨ ਸਬਬ ਖਫੀਫ ਅਤੇ ਵਤਦ ਮਜ਼ਮੂਅ ਦੀ ਵੱਖਰੀ ਵੱਖਰੀ ਤਰਤੀਬ ਨਾਲ ਹੀ ਹੋਂਦ ਵਿਚ ਆਏ ਹਨ । ਹੁਣ ਆਪਾਂ ਅਰੂਜ਼ ਦੇ ਅਗਲੇ ਤਿੰਨ ਸੱਤ ਹਰਫ਼ੀ ਰੁਕਨਾਂ ਦੀ ਬਣਤਰ ਬਾਰੇ ਗਲਬਾਤ ਕਰਦੇ ਹਾਂ ।
ਫਾਸਿਲਾ ਸੁਗਰਾ--
ਅਰੂਜ਼ ਅਨੁਸਾਰ ਅਗਰ ਸਬਬ ਸਕੀਲ ਅਤੇ ਸਬਬ ਖਫੀਫ ਇਕੱਠੇ ਹੋ ਜਾਣ ਤਾਂ ਉਸ ਸਥਿਤੀ ਨੂੰ ਫਾਸਿਲਾ ਸੁਗਰਾ ਕਿਹਾ ਜਾਂਦਾ ਹੈ । ਪਿੰਗਲ ਅਨੁਸਾਰ ਇਸ ਸਥਿਤੀ ਨੂੰ IIS ਦੇ ਚਿਨ੍ਹਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ ।
ਮੁਤੁਫਾਇਲੁਨ ਰੁਕਨ ਇਕ ਸੱਤ ਹਰਫ਼ੀ ਰੁਕਨ ਹੈ ਜਿਸ ਦੀ ਬਣਤਰ ਇਸ ਤਰ੍ਹਾਂ ਹੈ ।
4. ਮੁਤੁਫਾਇਲੁਨ= ਫਾਸਿਲਾ ਸੁਗਰਾ+ਵਤਦ ਮਜ਼ਮੂਅ = IISIS
ਉਪਰੋਕਤ ਰੁਕਨ ਵਿਚ ਜੇ ਫਾਸਿਲਾ ਸੁਗਰਾ ਅਤੇ ਵਤਦ ਮਜ਼ਮੂਅ ਦੀ ਤਰਤੀਬ ਬਦਲ ਦੇਈਏ ਤਾਂ ਇਹ ਇਕ ਨਵਾਂ ਰੁਕਨ ਬਣ ਜਾਵੇਗਾ ਜਿਸ ਨੂੰ ਮੁਫਾਇਲੁਤੁਨ ਕਿਹਾ ਜਾਂਦਾ ਹੈ
5. ਮੁਫਾਇਲੁਤੁਨ= ਵਤਦ ਮਜ਼ਮੂਅ + ਫਾਸਿਲਾ ਸੁਗਰਾ = ISIIS
ਅਗਲੇ ਰੁਕਨ ਮਫ਼ਊਲਾਤ ਦੀ ਬਣਤਰ ਦੇਖੀਏ ਤਾਂ ਇਸ ਵਿਚ ਦੋ ਵਾਰ ਸਬਬ ਖਫੀਫ ਦੇ ਨਾਲ ਵਤਦ ਮਜ਼ਮੂਅ ਆਉਂਦਾ ਹੈ
6. ਮਫਊਲਾਤ = ਸਬਬ ਖਫੀਫ + ਸਬਬ ਖਫੀਫ + ਵਤਦ ਮਜ਼ਮੂਅ = SSSI
ਇਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਸਬਬ ਅਤੇ ਵਤਦ ਦੀ ਤਰਤੀਬ ਤੋਂ ਹੀ ਅਰੂਜ਼ ਦੇ ਅੱਠ ਰੁਕਨ ਹੋਂਦ ਵਿਚ ਆਉਂਦੇ ਹਨ । ਇਹਨਾਂ ਅਰਕਾਨ ਤੋਂ ਹੀ ਗ਼ਜ਼ਲ ਦੀਆਂ ਭਿੰਨ ਭਿੰਨ ਬਹਿਰਾਂ ਬਣਦੀਆਂ ਹਨ । ਇਸ ਤਰਾਂ ਇਹ ਅਰਕਾਨ ਹਨ--
ਫਾਇਲੁਨ, ਫ਼ਊਲੁਨ, ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲੁਤੁਨ, ਮਫਊਲਾਤ
SIS , ISS , ISSS, SISS, SSIS, IISIS, ISIIS, SSSI
Labels:
ਅਰੂਜ਼
Subscribe to:
Post Comments (Atom)
Sir ਤੁਸੀ,,, ਪਿੰਗਲ ਤੇ ਅਰੂਜ਼ ਵਿਚ ਫਰਕ ਤੇ ਸਮਾਨਤਾ,, ਵਾਲੇ ਪੇਜ ਤੇ ਆਰੂਜ ਦੇ ਰੁਕਨ ਦੇ ਨਾਮ ਰਹੋਬ ਦੱਸੇ ਇਧਰ ਹੋਰ ਦੱਸ ਰਹੇ ਹੋਜੀ ੦
ReplyDeleteਪਿੰਗਲ ਦੇ ਗਣ ਅਰੂਜ਼ ਦੇ ਰੁਕਨ
ReplyDeleteਯਗਣ ISS ਫਊਲੁਨ
ਮਗਣ SSS ਮਫਊਲੁਨ
ਤਗਣ SSI ਮਫ਼ਊਲ
ਰਗਣ SIS ਫਾਇਲੁਨ
ਜਗਣ ISI ਫਊਲ
ਭਗਣ SII ਸਬੱਬ ਖਫੀਫ + ਸਬੱਬ ਸਕੀਲ
ਨਗਣ III ਵਤਦ ਕਸਰਤ
ਸਗਣ IIS ਫਿਇਲਾ
ਗੁਰੂ S ਫੇ (ਸਬੱਬ ਖਫ਼ੀਫ)
ਲਘੂ I ਮੁਤਹਰਕ
ਮਫਊਲਾਤ = ਸਬਬ ਖਫੀਫ + ਸਬਬ ਖਫੀਫ + ਵਤਦ ਮਜ਼ਮੂਅ = SSSI
ReplyDeleteਸਰ ਜੀ ਇਸ ਵਿਚ ਵੀ ਤੁਸੀ ਗਲਤ ਲਿਖਿਆ ਹੋਇਆ ਹੈ ਵਤਦ ਮਜਮੂਅ ਦੀ ਜਗਾ ਵਤਦ ਮਫਰੂਕ ਆਣਾ ਸੀ ਸਾਇਦ