ਮੁਰੱਕਬ ਬਹਿਰਾਂ-- ਮੁਰੱਕਬ ਬਹਿਰਾਂ ਦੋ ਦੋ ਰੁਕਨਾਂ ਦੇ ਸੁਮੇਲ ਤੋਂ ਬਣਦੀਆਂ ਹਨ ।
8 ਬਹਿਰ ਮੁਜਸਤ--
ਮੁਜਸਤ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਸ਼ਾਬਦਿਕ ਅਰਥ ਜੜੋਂ ਉਖਾੜ੍ਹਨਾ ਹੁੰਦਾ ਹੈ । ਇਸ ਬਹਿਰ ਦਾ ਨਾਂ ਮੁਜਸਤ ਇਸ ਕਰਕੇ ਪਿਆ ਹੈ ਕਿ ਇਹ ਬਹਿਰ ਖ਼ਫੀਫ਼ ਵਿੱਚੋਂ ਕੱਢੀ ਗਈ ਹੈ । ਇਹ ਦੋ ਰੁਕਨਾਂ ਦੇ ਸੁਮੇਲ ਤੋਂ ਬਣਾਈ ਗਈ ਹੈ । ਇਸ ਬਹਿਰ ਦੇ ਅਰਕਾਨ ਹਨ--
ਮੁਸਤਫ਼ਇਲੁਨ ਫਾਇਲਾਤੁਨ ਮੁਸਤਫ਼ਇਲੁਨ ਫਾਇਲਾਤੁਨ
SSIS SISS SSIS SISS
ਇਹ ਬਹਿਰ ਉਰਦੂ ਵਿੱਚ ਸਾਲਿਮ ਨਹੀ ਮਿਲਦੀ , ਜਿਹਾਫ਼ਾਂ ਨਾਲ ਮਿਲਦੀ ਹੈ , ਅਤੇ ਉਰਦੂ ਵਿੱਚ ਬੜੀ ਹਰਮਨ ਪਿਆਰੀ ਹੈ । ਪੰਜਾਬੀ ਸ਼ਾਇਰਾਂ ਨੇ ਵੀ ਇਸ ਬਹਿਰ ਵਿੱਚ ਗ਼ਜ਼ਲਾਂ ਕਹੀਆਂ ਹਨ ।
9 ਬਹਿਰ ਮੁਜ਼ਾਰਿਆ
ਮੁਜ਼ਾਰਿਆ ਦਾ ਅਰਬੀ ਭਾਸ਼ਾ ਵਿੱਚ ਅਰਥ, ਕਿਸੇ ਵਰਗਾ ਹੋਣਾ, ਕਿਸੇ ਦੇ ਸਮਰੂਪ ਹੋਣਾ ਹੈ । ਕਈ ਵਿਦਵਾਨ ਇਸ ਨੂੰ ਹਜ਼ਜ ਬਹਿਰ ਵਰਗੀ ਮੰਨਦੇ ਹਨ ਅਤੇ ਕਈ ਵਿਦਵਾਨ ਬਹਿਰ ਮੁਨਸਰਿਹ ਵਰਗੀ । ਏਸੇ ਅਧਾਰ ਤੇ ਇਸ ਬਹਿਰ ਦਾ ਨਾਮ ਬਹਿਰ ਮੁਜ਼ਾਰਿਆ ਰੱਖਿਆ ਗਿਆ ਹੈ । ਇਹ ਬਹਿਰ ਪੰਜਾਬੀ ਵਿਚ ਘੱਟ ਵਰਤੀ ਗਈ ਹੈ ਪਰ ਇਸ ਦੇ ਦੋ ਕੁ ਜਿਹਾਫ਼ੇ ਰੂਪ ਪੰਜਾਬੀ ਵਿੱਚ ਬੜੇ ਹਰਮਨ ਪਿਆਰੇ ਹਨ । ਇਸ ਦੇ ਅਰਕਾਨ ਹਨ.
ਮੁਫਾਈਲੁਨ ਫਾਇਲਾਤੁਨ ਮੁਫਾਈਲੁਨ ਫਾਇਲਾਤੁਨ
ISSS SISS ISSS SISS
10. ਬਹਿਰ ਮੁਨਸਰਿਹ
ਮੁਨਸਰਿਹ ਦਾ ਅਰਬੀ ਭਾਸ਼ਾ ਵਿੱਚ ਅਰਥ ਸੌਖਾ ਸਰਲ ਜਾਂ ਅਸਾਨ ਹੈ । ਮੁਨਸਰਿਹ ਦਾ ਇੱਕ ਅਰਥ ਕੱਪੜਿਆਂ ਤੋਂ ਬਾਹਰ ਹੋਣਾ ਵੀ ਹੁੰਦਾ ਹੈ । ਕਿਸੇ ਟਾਂਵੇਂ ਵਿਰਲੇ ਸ਼ਾਇਰ ਨੇ ਹੀ ਇਸ ਬਹਿਰ ਵਿੱਚ ਗ਼ਜ਼ਲ ਕਹੀ ਹੈ । ਇਹ ਬਹਿਰ ਦੋ ਰੁਕਨਾਂ ਮੁਸਤਫ਼ਇਲੁਨ ਅਤੇ ਮਫ਼ਊਲਾਤ ਤੋਂ ਬਣੀ ਹੈ । ਇਸ ਬਹਿਰ ਦੇ ਅਰਕਾਨ ਹਨ-
ਮੁਸਤਫ਼ਇਲੁਨ ਮਫ਼ਊਲਾਤ ਮੁਸਤਫ਼ਇਲੁਨ ਮਫ਼ਊਲਾਤ
SSIS SSSI SSIS SSSI
11 ਬਹਿਰ ਮੁਕਤਜ਼ਬ
ਮੁਕਤਜ਼ਬ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਕੱਟਣਾ । ਬਹਿਰ ਮੁਕਤਜ਼ਬ ਦਾ ਇਹ ਨਾਂ ਇਸ ਕਰਕੇ ਪਿਆ ਕਿ ਇਹ ਬਹਿਰ ਮੁਨਸਰਿਹ ਚੋਂ ਕੱਟ ਕੇ ਕੱਢੀ ਗਈ ਹੈ । ਬਹਿਰ ਮੁਨਸਰਿਹ ਦੇ ਰੁਕਨ ਕ੍ਰਮਵਾਰ ਮੁਸਤਫ਼ਇਲੁਨ ਮਫ਼ਊਲਾਤ ਦੋ ਵਾਰ ਦੁਹਰਾਏ ਗਏ ਹਨ । ਏਸ ਬਹਿਰ ਵਿਚ ਇਨ੍ਹਾਂ ਰੁਕਨਾਂ ਦੀ ਤਰਤੀਬ ਉਲਟਾ ਦਿੱਤੀ ਗਈ ਹੈ । ਬਹਿਰ ਮੁਕਤਜ਼ਬ ਦੇ ਰੁਕਨ ਹਨ--
ਮਫ਼ਊਲਾਤ ਮੁਸਤਫ਼ਇਲੁਨ ਮਫ਼ਊਲਾਤ ਮੁਸਤਫ਼ਇਲੁਨ
SSSI SSIS SSSI SSIS
ਇਹ ਬਹਿਰ ਵੀ ਪੰਜਾਬੀ ਵਿਚ ਕਿਸੇ ਇਕ ਅੱਧੇ ਸ਼ਾਇਰ ਨੇ ਹੀ ਕਹੀ ਹੈ । ਇਸ ਕਰਕੇ ਇਹ ਬਹਿਰ ਵੀ ਪੰਜਾਬੀ ਵਿੱਚ ਬਹੁਤੀ ਪ੍ਰਚਲਿਤ ਨਹੀ ਹੈ ।
12 ਬਹਿਰ ਤਵੀਲ
ਤਵੀਲ ਦਾ ਅਰਬੀ ਸ਼ਬਦਾਰਥ 'ਲੰਮੀ' ਹੁੰਦਾ ਹੈ । ਇਸ ਬਹਿਰ ਦਾ ਨਾਮ ਬਹਿਰ ਤਵੀਲ ਇਸੇ ਕਰਕੇ ਪਿਆ ਕਿ ਜਦੋਂ ਅਰਬ ਵਿੱਚ ਸ਼ਾਇਰ ਲੋਕ ਸ਼ਿਅਰ ਕਹਿਣ ਲੱਗੇ ਤਾਂ ਇਸ ਬਹਿਰ ਨਾਲੋਂ ਲੰਮੀ ਹੋਰ ਕੋਈ ਵੀ ਬਹਿਰ ਨਹੀ ਸੀ । ਮਗਰੋਂ ਜਾ ਕੇ ਇਸ ਨਾਲੋਂ ਵੀ ਹੋਰ ਕਿਤੇ ਲੰਮੀਆਂ ਬਹਿਰਾਂ ਵਰਤੀਆਂ ਜਾਣ ਲੱਗ ਪਈਆਂ । ਇਹ ਬਹਿਰ ਫ਼ਊ਼ੁਲੁਨ ਅਤੇ ਮੁਫਾਈਲੁਨ ਰੁਕਨ ਤੋਂ ਮਿਲ ਕੇ ਬਣੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ--
ਫ਼ਊਲੁਨ ਮੁਫਾਈਲੁਨ ਫ਼ਊਲੁਨ ਮੂਫਾਈਲੁਨ
ISS ISSS ISS ISSS
13 ਬਹਿਰ ਮਦੀਦ
ਮਦੀਦ ਦਾ ਅਰਬੀ ਭਾਸ਼ਾ ਵਿਚ ਅਰਥ ਹੈ 'ਖਿੱਚਣਾ' । ਇਸ ਬਹਿਰ ਦਾ ਨਾਮ ਬਹਿਰ ਮਦੀਦ ਇਸ ਕਰਕੇ ਰੱਖਿਆ ਗਿਆ ਕਿ ਇਹ ਬਹਿਰ ਤਵੀਲ ਚੋਂ ਖਿੱਚ ਕੇ ਬਣਾਈ ਗਈ ਹੈ । ਇਹ ਬਹਿਰ ਅਰਬੀ ਵਿੱਚ ਹੀ ਕਹੀ ਜਾਂਦੀ ਹੈ । ਉਰਦੂ ਫਾਰਸੀ ਵਿੱਚ ਵੀ ਜਿਆਦਾ ਹਰਮਨ ਪਿਆਰੀ ਨਹੀ । ਇਸ ਦੇ ਰੁਕਨ ਹਨ--
ਫਾਇਲਾਤੁਨ ਫਾਇਲੁਨ ਫਾਇਲਾਤੁਨ ਫਾਇਲੁਨ
SISS SIS SISS SIS
14. ਬਹਿਰ ਬਸੀਤ
ਬਸੀਤ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਵਿਛਿਆ ਹੋਇਆ । ਇਸ ਬਹਿਰ ਦੇ ਰੁਕਨ ਜਦੋਂ ਉਚਾਰੇ ਜਾਂਦੇ ਹਨ ਤਾਂ ਇਉਂ ਲਗਦਾ ਹੈ ਜਿਵੇਂ ਸ਼ਬਦ ਵਿਛੇ ਹੋਏ ਹੋਣ । ਇਸ ਦੇ ਰੁਕਨ ਹਨ-
ਮੁਸਤਫ਼ਇਲੁਨ ਫਾਇਲੁਨ ਮੁਸਤਫ਼ਇਲੁਨ ਫਾਇਲੁਨ
SSIS SIS SSIS SIS
ਇਹ ਬਹਿਰ ਵੀ ਪੰਜਾਬੀ ਵਿੱਚ ਪ੍ਰਚਲਿਤ ਨਹੀ ਹੈ ।
ਉਪਰੋਕ ਸੱਤ ਮੁਰੱਕਬ ਬਹਿਰਾਂ ਅੱਠ ਅੱਠ ਰੁਕਨਾਂ ਤੋਂ ਬਣੀਆਂ ਹੋਈਆਂ ਹਨ, ਅਰਥਾਤ ਸ਼ਿਅਰ ਵਿੱਚ ਅੱਠ ਰੁਕਨ ਵਰਤੇ ਜਾਂਦੇ ਹਨ ।ਇਕ ਮਿਸਰੇ ਵਿੱਚ ਚਾਰ ਚਾਰ ਰੁਕਨ ਹੋਣ ਤਾਂ ਬਹਿਰ ਨੂੰ ਮੁਸੱਮਨ ਬਹਿਰ ਕਿਹਾ ਜਾਂਦਾ ਹੈ । ਮੁਸੱਮਨ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਅੱਠ ਹੁੰਦਾ ਹੈ ।
ਹੁਣ ਅਸੀਂ ਪੰਜ ਹੋਰ ਮੁਕਰੱਬ ਬਹਿਰਾਂ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਨੁੰ ਮੁਸੱਦਸ ਬਹਿਰਾਂ ਕਿਹਾ ਜਾਂਦਾ ਹੈ । ਮੁਸੱਦਸ ਦਾ ਅਰਥ ਅਰਬੀ ਵਿੱਚ ਛੇ ਹੁੰਦਾ ਹੈ । ਜਿਸ ਦਾ ਭਾਵ ਇਹ ਹੈ ਕਿ ਇਹ ਛੇ ਰੁਕਨੀਂ ਬਹਿਰਾਂ ਹਨ ।
15 ਬਹਿਰ ਸਰੀਅ
ਸਰੀਅ ਦਾ ਅਰਥ ਹੈ ਛੇਤੀ ਯਾਨੀ ਜਲਦੀ । ਇਸ ਬਹਿਰ ਦੇ ਰੁਕਨ ਅਜੇਹੇ ਹਨ, ਜਿਹੜੇ ਪੜ੍ਹਨ ਸਮੇਂ ਛੇਤੀ ਉਚਾਰੇ ਜਾਂਦੇ ਹਨ । ਏਸ ਕਰਕੇ ਇਸ ਬਹਿਰ ਦਾ ਨਾਮ ਸਰੀਅ ਰੱਖਿਆ ਗਿਆ ਹੈ । ਇਹ ਬਹਿਰ ਵੀ ਪੰਜਾਬੀ ਵਿੱਚ ਸਾਲਮ ਨਹੀ ਵਰਤੀ ਜਾਂਦੀ । ਇਸ ਦਾ ਇੱਕ ਅੱਧਾ ਜਿਹਾਫ਼ਿਆ ਰੂਪ ਕਿਸੇ ਕਿਸੇ ਪੰਜਾਬੀ ਸ਼ਾਇਰ ਨੇ ਵਰਤਿਆ ਹੈ । ਬਹਿਰ ਸਰੀਅ ਦੇ ਰੁਕਨ ਹਨ--
ਮੁਸਤਫ਼ਇਲੁਨ ਮੁਸਤਫ਼ਇਲੁਨ ਮਫ਼ਊਲਾਤ
SSIS SSIS SSSI
16. ਬਹਿਰ ਖਫ਼ੀਫ
ਖਫ਼ੀਫ ਦਾ ਅਰਥ ਹੈ ਹਲਕੀ ਫੁਲਕੀ । ਬਹਿਰ ਖਫ਼ੀਫ ਛੇ ਰੁਕਨੀਂ ਯਾਨੀ ਮੁਸੱਦਸ ਬਹਿਰ ਹੈ । ਇਸ ਦੇ ਰੁਕਨ ਵੀ ਬੜੀ ਅਸਾਨੀ ਨਾਲ ਉਚਾਰੇ ਜਾਂਦੇ ਹਨ, ਭਾਵ ਉਚਾਰਨ ਸਮੇਂ ਬੋਝਲ ਨਹੀ ਲਗਦੇ । ਇਸ ਦੇ ਏਸੇ ਗੁਣ ਕਰਕੇ ਇਸ ਦਾ ਨਾਮ ਖਫ਼ੀਫ ਰੱਖਿਆ ਗਿਆ ਹੈ । ਬਹਿਰ ਖਫ਼ੀਫ ਵੀ ਪੰਜਾਬੀ ਵਿੱਚ ਸਾਲਮ ਨਹੀ ਵਰਤੀ ਜਾਂਦੀ । ਇਸ ਦਾ ਵੀ ਇੱਕ ਜਿਹਾਫ਼ਿਆ ਰੂਪ ਹੈ ਜਿਹੜਾ ਪੰਜਾਬੀ ਵਿੱਚ ਬਹੁਤ ਹਰਮਨ ਪਿਆਰਾ ਹੈ । ਉਰਦੂ ਫਾਰਸੀ ਵਿੱਚ ਇਹ ਬਹਿਰ ਬੜੀ ਮਕ਼ਬੂਲ ਹੈ । ਇਸ ਦੇ ਰੁਕਨ ਹਨ--
ਫਾਇਲਾਤੁਨ ਮੁਸਤਫ਼ਇਲੁਨ ਫਾਇਲਾਤੁਨ
SISS SSIS SISS
17 ਬਹਿਰ ਕਰੀਬ
ਬਹਿਰ ਕਰੀਬ ਖਲੀਲ ਬਿਨ ਅਹਿਮਦ ਤੋਂ ਲਗਪਗ ਇਕ ਹਜ਼ਾਰ ਸਾਲ ਪਿੱਛੋਂ ਅਠਾਰਵੀਂ ਸਦੀ ਵਿੱਚ ਮੌਲਾਨਾ ਯੁਸਫ਼ ਨੇਸ਼ਾਪੁਰੀ ਨੇ ਈਜਾਦ ਕੀਤੀ ਸੀ । ਕਰੀਬ ਦਾ ਅਰਥ ਹੈ ਨੇੜੇ ਜਾਂ ਨਜ਼ਦੀਕ । ਕਿਉਂ ਕਿ ਇਹ ਬਹਿਰ, ਬਹਿਰ ਮੁਜ਼ਾਰਿਆ ਅਤੇ ਬਹਿਰ ਹਜਜ ਦੇ ਬਹੁਤ ਨੇੜੇ ਹੈ ਇਸ ਕਰਕੇ ਇਸ ਦਾ ਨਾਮ ਕਰੀਬ ਰੱਖਿਆ ਗਿਆ । ਇਸ ਦੇ ਰੁਕਨ--
ਮੁਫਾਈਲੁਨ ਮੁਫਾਈਲੁਨ ਫਾਇਲਾਤੁਨ
ਬਹਿਰ ਹਜ਼ਜ਼ ਦੇ ਰੁਕਨ ਮੁਫਾਈਲੁਨ ਅਤੇ ਬਹਿਰ ਮੁਜ਼ਾਰਿਆ ਦੇ ਰੁਕਨ ਫਾਇਲਾਤੁਨ ਮੁਫਾਈਲੁਨ ਫਾਇਲਾਤੁਨ ਹਨ, ਜਿਹੜੇ ਕਿ ਬਹਿਰ ਕਰੀਬ ਦੇ ਰੁਕਨਾਂ ਵਰਗੇ ਹੀ ਹਨ । ਬਹਿਰ ਕਰੀਬ ਪੰਜਾਬੀ ਵਿਚ ਵੀ ਬਹੁਤੀ ਪ੍ਰਚਲਿਤ ਨਹੀ ਹੈ । ਇਹ ਬਹਿਰ ਵੀ ਬਹਿਰ ਮੁਸੱਦਸ ਯਾਨੀ ਕਿ ਛੇ ਰੁਕਨੀ ਬਹਿਰ ਹੀ ਹੈ ।
18 ਬਹਿਰ ਮੁਸ਼ਾਕਲ
ਮੁਸ਼ਾਕਲ ਸ਼ਬਦ ਦਾ ਅਰਥ ਹੈ ਹਮਸ਼ਕਲ, ਜਿਸ ਤਰ੍ਹਾਂ ਦੋ ਜੌੜੇ ਬੱਚਿਆਂ ਦੀਆਂ ਸ਼ਕਲਾਂ ਆਪਸ ਵਿਚ ਰਲ਼ਦੀਆਂ ਮਿਲ਼ਦੀਆਂ ਹੁੰਦੀਆਂ ਹਨ । ਇਸੇ ਤਰ੍ਹਾਂ ਬਹਿਰ ਮੁਸ਼ਾਕਲ ਦੇ ਰੁਕਨ ਬਹਿਰ ਕਰੀਬ ਦੇ ਰੁਕਨਾਂ ਨਾਲ ਮਿਲਦੇ ਜੁਲਦੇ ਹੀ ਹਨ । ਇਸ ਤਰ੍ਹਾਂ ਬਹਿਰ ਮੁਸ਼ਾਕਲ ਬਹਿਰ ਕਰੀਬ ਦੀ ਹਮਸ਼ਕਲ ਹੀ ਹੈ । ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਬਹਿਰ ਕਰੀਬ ਦੇ ਰੁਕਨ ਹਨ ਮੁਫਾਈਲੁਨ, ਮੁਫਾਈਲੁਨ, ਫਾਇਲਾਤੁਨ । ਹੁਣ ਜੇ ਇਨ੍ਹਾਂ ਰੁਕਨਾਂ ਦੀ ਤਰਤੀਬ ਉਲਟ ਦੇਈਏ ਤਾਂ ਇਹ ਬਹਿਰ ਮੁਸ਼ਾਕਲ ਬਣ ਜਾਂਦੀ ਹੈ । ਇਸ ਤਰ੍ਹਾਂ ਬਹਿਰ ਮੁਸ਼ਾਕਲ ਦੇ ਰੁਕਨ ਹਨ--
ਫਾਇਲਾਤੁਨ ਮੁਫਾਈਲੁਨ ਮੁਫਾਈਲੁਨ
SISS ISSS ISSS
19 ਬਹਿਰ ਜਦੀਦ
ਜਦੀਦ ਦਾ ਅਰਥ ਹੈ, ਨਵਾਂ ਜਾਂ ਮੌਡਰਨ । ਇਸ ਬਹਿਰ ਦਾ ਇਹ ਨਾਮ ਏਸੇ ਕਰਕੇ ਹੀ ਪਿਆ ਹੈ ਕਿ ਇਹ ਬਹਿਰ ਅਰੂਜ਼ ਦੇ ਬਾਨੀ ਖਲੀਲ ਬਿਨ ਅਹਿਮਦ ਦੇ ਮਗਰੋਂ ਈਜਾਦ ਕੀਤੀ ਗਈ । ਯਾਦ ਰਹੇ ਕਿ ਬਹਿਰ ਮੁਸ਼ਾਕਲ ਅਤੇ ਬਹਿਰ ਜਦੀਦ ਇਰਾਨੀ ਅਰੂਜ਼ੀਆਂ ਨੇ ਈਜਾਦ ਕੀਤੀਆਂ ਹਨ । ਇਹ ਬਹਿਰਾਂ ਅਰਬੀ ਜ਼ੁਬਾਨ ਵਿੱਚ ਨਹੀ ਵਰਤੀਆਂ ਜਾਦੀਆਂ । ਇਸ ਦੇ ਰੁਕਨ ਹਨ--
ਫਾਇਲਾਤੁਨ ਫਾਇਲਾਤੁਨ ਮੁਸਤਫ਼ਇਲੁਨ
SISS SISS SSIS
ਪਿਆਰੇ ਦੋਸਤੋ ਤੁਸੀਂ ਅਰੂਜ਼ ਦੀਆਂ 19 ਬਹਿਰਾਂ ਦਾ ਵੇਰਵਾ ਪੜ੍ਹ ਹੀ ਚੁੱਕੇ ਹੋ । ਉੱਨੀਂ ਬਹਿਰਾਂ ਨਾਲ ਜਿਹਾਫ਼ ਲਾ ਕੇ ਇਨ੍ਹਾਂ ਦੇ ਸੈਂਕੜੇ ਰੂਪ ਬਣ ਜਾਂਦੇ ਹਨ । ਕੋਈ ਵੀ ਵੱਡੇ ਤੋਂ ਵੱਡਾ ਸ਼ਾਇਰ ਇਹਨਾਂ ਬਹਿਰਾਂ ਦੇ ਸਾਰੇ ਰੂਪਾਂ ਵਿਚ ਸ਼ਿਅਰ ਨਹੀ ਕਹਿ ਸਕਿਆ । ਜੇ ਇਹ ਕਹਿ ਲਿਆ ਜਾਵੇ ਕਿ ਕੋਈ ਵੀ ਸ਼ਾਇਰ ਆਪਣੀ ਸਾਰੀ ਉਮਰ ਵਿੱਚ ਕਿਸੇ ਇੱਕ ਬਹਿਰ ਦੇ ਸਾਰੇ ਰੂਪ ਨਹੀ ਵਰਤ ਸਕਦਾ , ਤਾਂ ਕੋਈ ਅੱਤ-ਕਥਨੀ ਨਹੀ ਹੋਵੇਗੀ । ਇਕੱਲੀ ਬਹਿਰ ਹਜਜ ਦੇ ਲਗਪਗ ਅੱਸੀ ਰੁਪ ਬਣ ਜਾਂਦੇ ਹਨ । ਇਨ੍ਹਾਂ ਅਰੂਜ਼ੀ ਬਹਿਰਾਂ ਦੀ ਏਸੇ ਵਿਸ਼ਾਲਤਾ ਕਰਕੇ ਅਰੂਜ਼ੀ ਪਰਿਭਾਸ਼ਾ ਵਿੱਚ ਇਨ੍ਹਾਂ ਦਾ ਨਾਮ ਬਹਿਰ ਰੱਖਿਆ ਗਿਆ ਹੈ । ਪੰਜਾਬੀ ਵਿੱਚ ਅਤੇ ਉਰਦੂ ਭਾਸ਼ਾ ਵਿੱਚ ਵੀ ਸਾਰੀਆਂ ਬਹਿਰਾਂ ਤੇ ਹੱਥ ਨਹੀ ਅਜ਼ਮਾਇਆ ਗਿਆ । ਅਜੇ ਬਹਿਰਾਂ ਦੇ ਅਨੇਕਾਂ ਰੂਪ ਹਨ ਜਿਨ੍ਹਾਂ ਤੇ ਕਿਸੇ ਸ਼ਾਇਰ ਨੇ ਕ਼ਲਮ ਨਹੀ ਅਜ਼ਮਾਈ । ਉਰਦੂ ਅਤੇ ਪੰਜਾਬੀ ਵਿੱਚ ਤਕਰੀਬ ਬਾਰਾਂ ਕੁ ਬਹਿਰਾਂ ਹੀ ਵਰਤੀਆਂ ਜਾਂਦੀਆਂ ਹਨ , ਜਿਵੇਂ ਬਹਿਰ ਹਜਜ, ਰਮਲ, ਮੁਤਕਾਰਿਬ, ਮੁਤਦਾਰਿਕ, ਕਾਮਿਲ, ਰਜਜ, ਵਾਫਰ, ਮੁਜਤਸ, ਮੁਜ਼ਾਰਿਆ, ਮਨਸਰਿਹ, ਖਫ਼ੀਫ, ਸਰੀਅ ਵਗੈਰਾ । ਬਾਕੀ ਬਚਦੀਆਂ ਸੱਤ ਬਹਿਰਾਂ ਵਿੱਚ ਸਿਰਫ ਤਜ਼ਰਬੇ ਵਾਸਤੇ ਹੀ ਪੰਜਾਬੀ ਸ਼ਾਇਰਾਂ ਨੇ ਹੱਥ ਅਜ਼ਮਾਇਆ ਹੈ, ਪਰ ਉਹ ਪੰਜਾਬੀ ਵਿਚ ਪ੍ਰਚਲਿਤ ਨਹੀ ਹੋ ਸਕੀਆਂ ।
ਕ੍ਰਿਸ਼ਨ ਭਨੋਟ
No comments:
Post a Comment