Tuesday, 17 January 2017

ਮੁਤਹਰਕ ਤੇ ਸਾਕਿਨ

ਮੁਤਹਰਕ ਤੇ ਸਾਕਿਨ
ਪਿਆਰੇ ਦੋਸਤੋ ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਅਰੂਜ਼ ਦੀ ਬੁਨਿਆਦ ਮੁਤਹਰਕ ਤੇ ਸਾਕਿਨ ਅੱਖਰਾਂ ਤੇ ਟਿਕੀ ਹੋਈ ਹੈ । ਏਸੇ ਨੁਕਤੇ ਨੂੰ ਦ੍ਰਿੜ ਕਰਵਾਉਣ ਲਈ ਫਿਰ ਤੁਹਾਨੂੰ ਯਾਦ ਕਰਵਾਉਂਦੇ ਹਾਂ,
"ਪੜਨੈਂ ਕ੍ਰਿਸ਼ਨ ਅਰੂਜ਼ ਤਾਂ, ਏਨਾਂ ਰੱਖੋ ਯਾਦ,
ਸਾਕਿਨ ਤੇ ਮੁਤਹਰਕ ਹੀ ਹਨ ਇਸ ਦੀ ਬੁਨਿਆਦ"
ਮੁਤਹਰਕ ਸਾਕਿਨ ਦਾ ਅਰਥ ਅਸੀਂ ਤੁਹਾਨੂੰ ਪਿੱਛੇ ਦੱਸ ਚੁਕੇ ਹਾਂ । ਇਕ ਵਾਰੀ ਫਿਰ ਦੁਹਰਾਉਂਦੇ ਹਾਂ ।
ਮੁਤਹਰਕ ਦਾ ਮਤਲਬ ਜ਼ੁਬਾਨ ਦਾ ਚੱਲਣਾ, ਸਾਕਿਨ ਦਾ ਮਤਲਬ ਜ਼ੁਬਾਨ ਦਾ ਰੁਕਣਾ । ਪੰਜਾਬੀ  ਸ਼ਬਦਾਂ ਅਨੁਸਾਰ, ਤੁਸੀਂ ਇਸ ਨੂੰ ਚਲੰਤ ਅੱਖਰ ਤੇ ਹਲੰਤ ਅੱਖਰ ਵੀ ਕਹਿ ਸਕਦੇ ਹੋ , ਪਰ ਇਹ ਸ਼ਬਦ ਵੀ ਤੁਹਾਡੇ ਨਿਤਾ-ਪ੍ਰਤੀ ਵਰਤੋਂ ਦੇ ਸ਼ਬਦ ਨਹੀ । ਪਹਿਲਾਂ ਪਹਿਲਾਂ ਜਦ ਕਿਸੇ ਸਿਖਿਆਰਥੀ ਦਾ ਅਰੂਜ਼ ਨਾਲ ਵਾਹ ਪੈਂਦਾ ਹੈ ਤਾਂ ਉਹ ਡਰਦਾ ਜਰੂਰ ਹੈ, ਜਦੋਂ ਸਾਡਾ ਆਪਣਾ ਅਰੂਜ਼ ਨਾਲ ਵਾਹ ਪਿਆ ਤਾਂ ਇਹ ਸਥਿਤੀ ਬਣੀ--
"ਇਲਮ ਅਰੂਜ਼ ਤੋਂ ਇੰਝ ਹੀ, ਆਉਂਦੈ ਖੌਫ ਜਰੂਰ,
ਜਿਉਂ ਕਾਂ ਕ੍ਰਿਸ਼ਨ ਗੁਲੇਲ ਤੋਂ, ਡਰਕੇ ਨੱਸੇ ਦੂਰ"
 ਹੁਣ ਸਥਿਤੀ ਤੁਹਾਡੇ ਸਾਹਮਣੇ ਹੈ ਕਿ ਅਰੂਜ਼ ਸਾਡੀ ਰੂਹ ਦਾ ਇੱਕ ਹਿੱਸਾ ਬਣ ਚੁਕਿਐ ਤੇ ਸਾਡੇ ਸੋਚ ਵਿਚ ਰਚ  ਵਸ ਗਿਆ ਹੈ ।  ਭਾਵੇਂ ਇਹ ਵਿਸ਼ਾ ਰੁੱਖਾ ਜਰੂਰ ਹੈ, ਪਰ ਸਾਡੀ ਕੋਸ਼ਿਸ਼ ਇਹੋ ਹੈ ਕਿ ਅਸੀਂ ਇਸ ਨੂੰ ਵਧ ਤੋਂ ਵਧ ਰੌਚਕ ਬਣਾ ਕੇ ਪੇਸ਼ ਕਰੀਏ । ਭਾਵੇਂ ਇਸ ਲਈ ਸਾਨੂੰ ਵਧ ਤੋਂ ਵਧ ਮਿਹਨਤ ਕਰਨੀ ਪਵੇ । ਏਸੇ ਯਤਨ ਅਧੀਨ ਅਸੀਂ ਅਰੂਜ਼ ਦੇ ਪ੍ਰਭਾਸ਼ਿਕ ਸਬਦਾਂ ਜਾਂ ਟੈਕਨੀਕਲ ਟਰਮਜ਼ ਨੂੰ ਛੰਦ ਬੱਧ ਰੂਪ ਦੇ ਕੇ ਪੇਸ਼ ਕਰਾਂਗੇ । ਕਿਸੇ ਵਿਸ਼ੇ ਜਾਂ ਖਿਆਲ ਨੂੰ ਛੰਦ-ਬਧ ਕਰਨ ਨਾਲ ਉਹ ਲੈ-ਬੱਧ ਤੇ ਸੰਗੀਤਮਈ ਹੋ ਜਾਂਦਾ ਹੈ ਕਿਉਂ ਕਿ
"ਲੈਅ ਬੱਧ ਹੋਣ ਖਿਆਲ ਤਾਂ, ਅਸਰ ਕਰਨ ਤੱਤ ਫੱਟ,
ਪੜਦਿਆਂ ਸੁਣਦਿਆਂ ਸਾਰ ਹੀ, ਮੂੰਹ ਚੜ੍ਹ ਜਾਂਦੇ ਝੱਟ"
ਪੰਜਾਬੀ ਵਿਚ ਇਕ ਅਖਾਉਤ ਹੈ ਕਿ ਪੈਸਾ ਗੰਠ ਤੇ ਵਿੱਦਿਆ ਕੰਠ , ਭਾਵ ਇਹ ਕਿ ਵਿਦਵਾਨ ਉਹ ਹੁੰਦਾ ਹੈ ਜਿਸ ਨੂੰ ਵੱਧ ਤੋਂ ਵੱਧ ਗਿਆਨ ਕੰਠ ਹੋਵੇ , ਭਾਵ ਜ਼ੁਬਾਨੀ ਯਾਦ ਹੋਵੇ । ਜ਼ੁਬਾਨੀ ਯਾਦ ਰੱਖਣ ਵਾਸਤੇ ਕਵਿਤਾ ਨਾਲੋਂ ਵਧ ਹੋਰ ਕਿਹੜਾ ਢੁਕਵਾਂ ਰੂਪ ਹੋ ਸਕਦਾ ।
ਅਸੀਂ ਕੁਛ ਨਿਜ਼ੀ ਅਨੁਭਵ ਤੁਹਾਡੇ ਨਾਲ ਸਾਂਝੇ ਕਰਦੇ ਹਾਂ । ਵਿਦਿਆਰਥੀ ਜੀਵਨ ਵਿਚ ਅਸੀਂ ਪਿੰਗਲ ਬਾਰੇ ਜਾਣਕਾਰੀ ਲੈਂਦਿਆਂ ਕਿਸੇ ਕਿਤਾਬ ਵਿਚ ਗਣਾਂ ਨੂੰ ਚੇਤੇ ਕਰਨ ਸਬੰਧੀ ਇਕ ਤੁਕ ਜਾਂ ਫਾਰਮੁੱਲਾ ਪੜ੍ਹਿਆ । ਚਾਲ੍ਹੀ ਸਾਲ ਤੋਂ ਵਧ ਸਮਾਂ ਗੁਜ਼ਰ ਗਿਆ ਪਰ ਅਸੀਂ ਅੱਜ ਤਕ ਉਹ ਤੁਕ ਨਹੀ ਭੁੱਲੇ, ਇਹ ਤੁਕ ਸੀ
ਯਾਮਤਾ ਰਾਜ ਭਾਨ ਸਗਲਾ
ਇਸ ਅਨੁਸਾਰ ਪਿੰਗਲ ਦੇ ਗਣ ਕਢਣ ਲਈ ਅਸੀਂ ਇਸ ਦੀ ਵਰਤੋਂ ਪਹਿਲਾਂ ਕਰ ਚੁੱਕੇ ਹਾਂ ।
ਅਰੂਜ਼ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਅਸੀਂ ਅਰੂਜ਼ ਸਬੰਧੀ ਪੁਸਤਕ, ਪਿੰਗਲ ਤੇ ਅਰੂਜ਼ (ਕਰਤਾ ਜੋਗਿੰਦਰ ਸਿੰਘ) ਜੋ ਅਰੂਜ਼ ਸਬੰਧੀ ਪੰਜਾਬੀ ਵਿਚ ਸਭ ਤੋਂ ਪਹਿਲੀ ਤੇ ਸਭ ਤੋਂ ਪ੍ਰਮਾਣਿਕ ਪੁਸਤਕ ਹੈ , ਇਸ ਪੁਸਤਕ ਵਿਚ ਜੋਗਿੰਦਰ ਸਿੰਘ ਨੇ ਪਿੰਗਲ ਦੇ ਲਘੂ, ਗੁਰੂ ਬਾਰੇ ਜਾਣਕਾਰੀ ਦਿੰਦਿਆਂ ਕਿਸੇ  ਕੇਹਿਰ ਨਾਮੀ ਕਵੀ ਦਾ ਦੋਹਿਰਾ ਦਿੱਤਾ ਹੈ --
"ਲਗੂ ਦੀਰਘ, ਦੀਰਘ ਲਘੂ, ਕਵਿ ਚਾਹੇ ਹੋ ਜਾਇ,
ਐਸੀ ਸਾਂਝੀ ਰੀਤ ਮੇਂ, ਕੇਹਿਰ ਨਿਯਮ ਨਾ ਕੋਇ"
ਇਹ ਪੁਸਕਤ ਪੜ੍ਹੀ ਨੂੰ ਦਹਾਕੇ ਬੀਤ ਗਏ, ਪਰ ਇਹ ਦੋਹਿਰਾ ਮੈਨੂ ਅਜੇ ਵੀ ਯਾਦ ਹੈ ।
ਸਾਡੇ ਕੋਲੋਂ ਸਾਡੇ ਕਿਸੇ ਦੋਸਤ ਨੇ, ਦੋਹੇ (ਜਿਹੜਾ ਕਿ ਪਿੰਗਲ ਦਾ ਇਕ ਮਾਤਰਕ ਛੰਦ ਹੈ) ਦੀ ਬਣਤਰ ਬਾਰੇ ਪੁਛਿਆ, ਜਦ ਅਸੀਂ ਉਸ ਨੂੰ ਵਾਤਰਕ ਰਾਹੀਂ ਸਮਝਾਇਆ ਤਾਂ ਉਹਦੇ ਚੰਗੀ ਤਰ੍ਹਾਂ ਸਮਝ ਨਾ ਪਿਆ । ਫਿਰ ਅਸੀਂ ਦੋਹੇ ਦੀ ਬਣਤਰ ਨੂੰ ਇਕ ਦੋਹੇ ਰਾਹੀਂ ਦੱਸਿਆ, ਤਾਂ ਇਹ ਦੋਹਾ ਉਸ ਦੇ ਮੂੰਹ ਚੜ੍ਹ ਗਿਆ ਤੇ ਇਹ ਦੋਹੇ ਦੀ ਬਣਤਰ ਬਾਰੇ ਦੋਹਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ,
" ਦੋ ਸਤਰਾਂ ਦਾ ਛੰਦ ਹੈ, ਦੋਹਾ ਇਸ ਦਾ ਨਾਮ,
ਇਸ ਦੀਆਂ ਚੌਵੀ ਮਾਤਰਾਂ, ਤੇਰਾਂ ਤੇ ਵਿਸ਼ਰਾਮ"
ਪਿਆਰੇ ਦੋਸਤੋ ਹੁਣ ਆਪਾਂ ਮੂਲ ਵਿਸ਼ੇ ਮੁਤਹਰਕ ਸਾਕਿਨ ਵਲ ਆਉਂਦੇ ਹਾਂ ---
ਅਰੂਜ਼ ਦੀਆਂ ਬਹਿਰਾਂ ਵਰਣਕ ਛੰਦਾਂ ਤੇ ਅਧਾਰਿਤ ਹਨ । ਜਦੋਂ ਕਿਸੇ ਤੁਕ ਦਾ ਵਜ਼ਨ ਤਾੜਨਾ ਹੋਵੇ ਤਾਂ ਇਹ ਦੇਖਿਆ ਜਾਂਦਾ ਹੈ ਕਿ ਇਸ ਤੁਕ ਵਿਚ ਕਿਥੇ ਕਿਥੇ ਜ਼ੁਬਾਨ ਚੱਲੀ ਤੇ ਕਿਥੇ ਕਿਥੇ ਰੁਕੀ ਹੈ । ਇਹ ਅਰੂਜ਼ ਦਾ ਮੂਲ ਨੁਕਤਾ ਹੈ । ਅਰੂਜ਼ ਦੀਆਂ ਬਹਿਰਾਂ ਨੂੰ ਤਾੜਨ ਲਈ ਇਹ ਕਸਵੱਟੀ ਹੈ--
"ਨੁਕਤਾ ਇਲਮ ਅਰੂਜ਼ ਦਾ ਇਹ ਕਸਵੱਟੀ ਜਾਣ,
ਕਿਥੇ ਕਿਥੇ ਚਲਦੀ, ਕਿਥੇ ਰੁਕੇ ਜ਼ੁਬਾਨ "
ਸਾਕਿਨ ਤੇ ਮੁਤਹਰਕ ਦੀ ਪਛਾਣ ਕਿਵੇਂ ਕਰੀਏ, ਅਸੀਂ ਤੁਹਾਨੂੰ ਕੁਛ ਦੋਹੇ ਦੇ ਰਹੇ ਹਾਂ । ਇਨ੍ਹਾਂ ਰਾਹੀਂ ਤੁਹਾਨੂੰ ਮੁਤਹਰਕ ਤੇ ਸਾਕਿਨ ਅੱਖਰਾਂ ਦੀ ਪਛਾਣ ਹੋ ਜਾਵੇਗੀ ਤੇ ਤੁਹਾਨੂੰ ਇਹ ਨਿਯਮ ਯਾਦ ਵੀ ਰਹਿ ਜਾਣਗੇ ।
"ਜੀਭ ਕਰੇ ਹਰਕਤ ਜਦੋਂ, ਉਹ ਅੱਖਰ ਮੁਤਹਰਕ,
ਸਾਕਿਨ ਅੱਖਰ ਤੇ ਰੁਕੇ, ਬਸ ਏਨਾਂ ਹੀ ਫ਼ਰਕ"
ਜਾਂ
"ਪਹਿਲਾ ਅੱਖਰ ਸ਼ਬਦ ਦਾ, ਕ੍ਰਿਸ਼ਨ ਸਦਾ ਮੁਤਹਰਕ,
ਦੇ ਦੂਜਾ ਸਾਕਿਨ ਬਣੇ, ਬਸ ਏਹੋ ਹੀ ਫਰਕ"
ਪੰਜਾਬੀ ਵਰਣ-ਮਾਲਾ ਦੀਆਂ ਸਾਰੀਆਂ ਦੀਰਘ ਲਗਾਂ ਜਿਵੇਂ ਬਿਹਾਰੀ, ਲਾਵਾਂ, ਟਿੱਪੀ, ਦੁਲਾਵਾਂ, ਦੁਲੈਂਕੜ, ਅੱਧਕ ਸਾਕਿਨ ਅੱਖਰਾਂ ਦੇ ਬਰਾਬਰ ਗਿਣੀਆਂ ਜਾਂਦੀਆਂ ਹਨ ।
ਛੋਟੀਆਂ ਲਗਾਂ ਔਂਕੜ ਤੇ ਸਿਹਾਰੀ ਤੇ ਬਿੰਦੀ ਵਜ਼ਨ ਵਿਚ ਨਹੀ ਆਉਂਦੇ ਇਹ ਸਾਰਾ ਕੁਛ ਤੁਸੀਂ ਇਸ ਦੋਹੇ ਤੋਂ ਯਾਦ ਰਖ ਸਕਦੇ ਹੋ ।
"ਦੀਰਘ ਲਗ ਜਿਸ ਹਰਫ਼ ਨੂੰ, ਉਹ ਮੁਤਹਰਕ ਪਛਾਣ,
ਕ੍ਰਿਸ਼ਨ ਸਭ ਦੀਰਘ ਲਗਾਂ, ਸਾਕਿਨ ਅੱਖਰ ਜਾਣ "
ਮੁਕਤਾ ਅੱਖਰ ਭਾਵ ਜਿਸ ਨੂੰ ਕੋਈ ਲਗ ਨਾ ਲੱਗੀ ਹੋਵੇ । ਜਿਸ ਢੰਗ ਨਾਲ ਉਹ ਕਿਸੇ ਸ਼ਬਦ ਵਿਚ ਵਰਤਿਆ ਜਾਵੇ ਉਸੇ ਢੰਗ ਨਾਲ ਉਸ ਦਾ ਵਜ਼ਨ ਨਿਰਧਾਰਿਤ ਹੋਵੇਗਾ । ਉਦਾਹਰਣ ਦੇ ਤੌਰ ਤੇ ਜੇ ਮੁਕਤਾ ਅੱਖਰ ਸ਼ਬਦ ਦੇ ਮੁਢ ਵਿਚ ਵਰਤਿਆ ਜਾਵੇ ਤਾਂ ਉਹ ਮੁਤਹਰਕ ਹੋਵੇਗਾ ਜਿਵੇਂ  'ਜਦੋਂ' ਸ਼ਬਦ ਵਿਚ 'ਜ' ਮੁਤਹਰਕ ਹੈ ਜੇ ਮੁਕਤਾ ਅੱਖਰ ਅਖ਼ੀਰ ਤੇ ਆਵੇ ਤਾਂ ਸਾਕਿਨ ਹੋ ਜਾਂਦਾ ਹੈ ਜਿਵੇਂ  'ਸਰਦਾਰ' ਸ਼ਬਦ ਦਾ ਆਖਰੀ ਅੱਖਰ 'ਰ' ਸਾਕਿਨ ਹੈ। ਹੁਣ ਜੇ ਮੁਕਤਾ ਅੱਖਰ ਸ਼ਬਦ ਦੇ ਵਿਚਾਲੇ ਆਵੇ ਤਾਂ ਉਹ ਸ਼ਬਦ ਦੇ ਉਚਾਰਣ ਦੇ ਹਿਸਾਬ ਨਾਲ


ਮੁਤਹਰਕ ਜਾਂ ਸਾਕਿਨ ਹੋ ਜਾਂਦਾ ਹੈ । ਉਦਾਹਰਣ ਦੇ ਤੌਰ ਤੇ 'ਨਜ਼ਰ' ਸ਼ਬਦ ਵਿਚ (ਜਿਸਦਾ ਉਚਾਰਣ ਨ+ਜ਼ਰ ਹੈ ) ਵਿਚ ਵਿਚਾਲੇ ਵਾਲਾ 'ਜ਼' ਮੁਤਹਰਕ ਹੈ । ਇੰਝ ਹੀ 'ਜ਼ਿਕਰ' ਸ਼ਬਦ (ਜਿਸ ਦਾ ਉਚਾਰਣ ਜ਼ਿਕ+ਰ ਹੈ) ਵਿਚ 'ਕ' ਮੁਕਤਾ ਸਾਕਿਨ ਹੈ, ਇਹ ਇਸ ਦੋਹੇ ਰਾਹੀਂ ਸਪਸ਼ਟ ਹੋ ਜਾਂਦਾ ਹੈ ।
" ਪਹਿਲਾ ਮੁਕਤਾ ਮੁਤਹਰਕ, ਦੂਜਾ ਸਾਕਿਨ ਜਾਣ,
ਗਭਲੇ ਮੁਕਤੇ ਕ੍ਰਿਸ਼ਨ ਪਰ, ਦੋਵੇਂ ਰੂਪ ਵਟਾਣ"
ਵਿਚਕਾਰਲਾ ਮੁਕਤਾ ਸ਼ਬਦ ਦੇ ਉਚਾਰਣ ਅਨੁਸਾਰ  ਕਦੇ ਮੁਤਹਰਕ ਤੇ ਕਦੇ ਸਾਕਿਨ ਹੋਵੇਗਾ ।


ਕ੍ਰਿਸ਼ਨ ਭਨੋਟ
(604) 314-7279

No comments:

Post a Comment