Tuesday, 17 January 2017

ਕਾਫ਼ੀਏ ਦੇ ਦੋਸ਼


...............
ਪਿਆਰੇ ਦੋਸਤੋ ਅਸੀਂ ਕਾਫ਼ੀਏ ਬਾਰੇ ਅਤੇ ਕਾਫ਼ੀਏ ਦੀਆਂ ਆਮ ਪ੍ਰਚਲਿਤ ਕਿਸਮਾਂ ਬਾਰੇ ਵਿਚਾਰ ਚਰਚਾ ਕਰ ਚੁੱਕੇ ਹਾਂ । ਕਾਫ਼ੀਆ ਗ਼ਜ਼ਲ ਦਾ ਬੇਹੱਦ ਜ਼ਰੂਰੀ ਹਿੱਸਾ ਹੈ । ਕਾਫ਼ੀਆ ਹੀ ਗ਼ਜ਼ਲ ਨੂੰ ਸੰਗੀਤਬਧ ਅਤੇ ਲੈ-ਬੱਧ ਕਰਕੇ ਉਹ ਜਾਦੂ ਜਗਾਉਂਦਾ ਹੈ, ਜਿਹੜਾ ਪੜ੍ਹਨ ਸੁਣਨ ਵਾਲੇ ਦੇ ਸਿਰ ਚੜ੍ਹ ਕੇ ਬੋਲਦਾ ਹੈ ।
ਗ਼ਜ਼ਲ ਦਾ ਏਨਾ ਮਹੱਤਵ -ਪੂਰਨ ਅੰਗ ਹੋਣ ਦੇ ਬਾਵਜ਼ੂਦ ਅਸੀਂ ਕਾਫੀਏ ਬਾਰੇ ਬੇਹੱਦ ਅਵੇਸਲ਼ੇ ਹਾਂ । ਏਥੋਂ ਤੀਕ ਕਿ ਪੰਜਾਬੀ ਵਿਚ ਅਰੂਜ਼ ਬਾਰੇ ਲਿਖੀਆਂ ਗਈਆਂ ਬਹੁਤੀਆਂ ਕਿਤਾਬਾਂ, ਜਿਨ੍ਹਾਂ ਦਾ ਮੰਤਵ ਹੀ ਗ਼ਜ਼ਲ ਬਾਰੇ ਤਕਨੀਕੀ ਜਾਣਕਾਰੀ ਦੇਣਾ ਹੈ, ਕਾਫੀਏ ਬਾਰੇ ਜਾਂ ਤਾਂ ਉੱਕਾ ਹੀ ਜਾਣਕਾਰੀ ਨਹੀ ਦਿੰਦੀਆਂ ਤੇ ਜਾਂ ਬਹੁਤ ਹੀ ਘੱਟ, ਕੰਮ ਸਾਰੂ ਜਾਣਕਾਰੀ ਦਿੰਦੀਆਂ ਹਨ । ਖਾਸ ਕਰਕੇ ਕਾਫ਼ੀਆ ਦੋਸ਼ ਦੱਸਣ ਲਈ ਘੱਟ ਹੀ ਕਿਸੇ ਅਰੂਜ਼ੀ ਨੇ ਕੋਸ਼ਿਸ਼ ਕੀਤੀ ਹੈ । ਕਿਉਂ ਕਿ ਕਾਫ਼ੀਏ ਦੇ ਗੁਣ ਦੋਸ਼ ਪਰਖ਼ਣ ਲਈ ਵਿਆਕਰਣ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ।
ਪੰਜਾਬੀ ਕਵੀ ਆਮ ਤੌਰ ਤੇ ਕਾਫ਼ੀਏ ਦੀ ਵਰਤੋਂ ਕਰਨ ਲੱਗਿਆਂ ਕਾਫੀ ਖੁੱਲ੍ਹਾਂ ਲੈ ਜਾਂਦੇ ਹਨ । ਮਾੜੀਆਂ ਮੋਟੀਆਂ ਖੁੱਲ੍ਹਾਂ ਲੈਣ ਵਿਚ ਕੋਈ ਹਰਜ਼ ਵੀ ਨਹੀ , ਕਿਉਂ ਕਿ ਇਹ ਲੋਕ ਘੱਟੋ-ਘੱਟ ਕਾਫ਼ੀਏ ਦੀ ਲੋੜ ਤਾਂ ਮਹਿਸੂਸ ਕਰਦੇ ਹਨ । ਪਰ ਕਈ ਵਾਰੀ ਕਾਫ਼ੀਆ ਵਰਤਣ ਲੱਗਿਆਂ ਅਜਿਹੀਆਂ ਭੁੱਲਾਂ ਕਰ ਜਾਂਦੇ ਹਨ ਕਿ ਪੜ੍ਹਨ ਸੁਣਨ ਵਾਲੇ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ । ਸੁਆਦੀ ਖਾਣਾ ਖਾਂਦਿਆਂ ਅਗਰ ਦਾੜ੍ਹਾਂ ਹੇਠ ਕੋਈ ਰੋੜ ਆ ਜਾਵੇ ਤਾਂ ਸਾਰੇ ਖਾਣੇ ਦਾ ਮਜ਼ਾ ਜਾਂਦਾ ਰਹਿੰਦਾ ਹੈ । ਸ਼ਿਅਰਾਂ ਵਿਚ ਜੇ ਕੋਈ ਗਲ਼ਤ ਕਾਫ਼ੀਆ ਬੰਨ੍ਹਿਆ ਹੋਵੇ ਤਾਂ ਪਾਠਕ ਜਾਂ ਸਰੋਤੇ ਨਾਲ ਇਹੋ ਵਾਪਰਦਾ ਹੈ ।
ਆਉ ਆਪਾਂ ਕਾਫ਼ੀਏ ਦੇ ਕੁਝ ਅਜਿਹੇ ਦੋਸ਼ਾਂ ਦੀ ਪਹਿਚਾਣ ਕਰੀਏ , ਜਿਹੜੇ ਸਾਡੇ ਚੰਗੇ ਭਲੇ ਸ਼ਿਅਰ ਦੀ ਜੱਖਣਾਂ ਪੱਟ ਦਿੰਦੇ ਹਨ । ਕਈ ਵਾਰੀ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ ।
ਅਰਬੀ ਵਾਲਿਆਂ ਨੇ ਕਾਫ਼ੀਏ ਦੇ ਨੌ (9) ਅੱਖਰ ਮੰਨੇ ਹਨ । ਕਾਫ਼ੀਏ ਦਾ ਸਭ ਤੋਂ ਮੁਖ ਅੱਖਰ ਜਿਸ ਉੱਤੇ ਸ਼ਿਅਰ ਦੀ ਬੁਨਿਆਦ ਟਿਕੀ ਹੁੰਦੀ ਹੈ, ਪੰਜਾਬੀ ਭਾਸ਼ਾ ਵਿਚ ਮੂਲ ਅੱਖਰ ਤੇ ਅਰਬੀ ਭਾਸ਼ਾ ਵਿਚ ਹਰਫ਼-ਇ-ਰਵੀ ਕਹਾਉਂਦਾ ਹੈ । ਅਰਬੀ ਭਾਸ਼ਾ ਵਿਚ ਰਵੀ ਦਾ ਅਰਥ ਹੈ ਉਹ ਰੱਸੀ ਜਿਸ ਨਾਲ ਊਠ ਦੀ ਪਿੱਠ ਤੇ ਆਪਣਾ ਸਮਾਨ ਬੰਨ੍ਹਦੇ ਹਨ । ਗ਼ਜ਼ਲ ਦੇ ਸਾਰੇ ਸ਼ਿਅਰ ਕਿਉਂ ਕਿ ਮੂਲ ਅੱਖਰ ਨਾਲ ਹੀ ਬੱਝੇ ਹੋਏ ਹੁੰਦੇ ਹਨ, ਇਸ ਲਈ ਅਰੂਜ਼ ਅਨੁਸਾਰ ਇਸ ਮੂਲ ਅੱਖਰ ਦਾ ਨਾਮ ਰਵੀ ਪੈ ਗਿਆ । ਕਾਫ਼ੀਏ ਦੇ ਨੌ ਅੱਖਰਾਂ ਵਿਚੋਂ ਚਾਰ ਅੱਖਰ ਰਵੀ ਤੋਂ ਪਹਿਲਾਂ ਆਉਂਦੇ ਹਨ ਅਤੇ ਚਾਰ ਮਗਰੋਂ । ਅਸੀਂ ਕਾਫ਼ੀਏ ਦੇ ਇਨ੍ਹਾਂ ਅੱਖਰਾਂ ਦੀ ਪਰਿਭਾਸ਼ਾ ਦੇ ਖਲਜ਼ਗਣ ਵਿਚ ਨਾ ਪੈਂਦੇ ਹੋਏ ਤੁਹਾਡੀ ਜਾਣਕਾਰੀ ਤੇ ਜਗਿਆਸਾ ਹਿਤ ਇਨ੍ਹਾਂ ਦੇ ਨਾਂ ਦਰਜ ਕਰਕੇ ਅੱਗੇ ਚੱਲਾਂਗੇ । ਅਸੀਂ ਇਨ੍ਹਾਂ ਸ਼ਬਦਾਂ ਦੇ ਵਿਸਤਾਰ ਵਿਚ ਜਾਣ ਦੀ ਲੋੜ ਇਸ ਕਰਕੇ ਮਹਿਸੂਸ ਨਹੀ ਕਰਦੇ ਕਿ ਸਾਡਾ ਮੰਤਵ ਤਾਂ ਕਾਫ਼ੀਆ ਭਾਲਣਾ ਹੈ, ਇਨ੍ਹਾਂ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਚੇਤੇ ਰੱਖਣ ਦੀ ਕੀ ਲੋੜ ਹੈ , ਕਿਹੜਾ ਕਿਸੇ ਪਾਂਧੇ ਨੇ ਦੱਸਿਆ ਏਦਾਂ ਕਰਨ ਨੂੰ । ਕਾਹਨੂੰ ਐਵੇਂ ਜਾਂਦੀ ਬਲਾ ਗਲ਼ ਪਵਾਉਣੀ ਹੈ, ਵੈਸੇ ਅਸੀਂ ਅਰੂਜ਼ੀ ਨਹੀ ਬਣਨਾ ਬਲਕਿ ਸ਼ਾਇਰ ਬਣਨਾ ਹੈ ।
ਕਾਫ਼ੀਆ ਦੋਸ਼
................
ਕਾਫੀਆ ਦੋਸ਼ ਤੋਂ ਭਾਵ ਅਜਿਹੇ ਸ਼ਬਦ ਜਿਨ੍ਹਾਂ ਦਾ ਆਪਸ ਵਿਚ ਕਾਫ਼ੀਆ ਮਿਲਾਉਣਾ ਗਲਤ ਹੈ,ਵਰਜ਼ਤ ਹੈ ਅਤੇ ਹਾਸੋ ਹੀਣਾ ਹੈ । ਜਦੋਂ ਅਸੀਂ ਕੋਈ ਸ਼ਬਦ ਵਿਸ਼ੇਸ਼ ਬੋਲਦੇ ਹਾਂ, ਉਸ ਸ਼ਬਦ ਵਿਸ਼ੇਸ਼ ਵਿਚ ਵਰਤੇ ਗਏ ਅੱਖਰਾਂ ਅਨੁਸਾਰ ਸਾਡੇ ਬੁੱਲ੍ਹ ਤਿੰਨ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ । ਗ਼ਜ਼ਲ ਦਾ ਸਾਰਾ ਦਾਰੋਮਦਾਰ ਉਚਾਰੇ ਗਏ ਸ਼ਬਦਾਂ ਤੇ ਨਿਰਭਰ ਹੈ । ਗ਼ਜ਼ਲ ਉਸੇ ਤਰਾਂ ਲਿਖੀ ਜਾਂਦੀ ਹੈ ਜਿਸ ਤਰ੍ਹਾਂ ਇਸ ਨੂੰ ਉਚਾਰਿਆ ਜਾਣਾ ਹੈ । ਵੈਸੇ ਵੀ ਗ਼ਜ਼ਲ ਦਾ ਸਬੰਧ ਗਾਇਕੀ ਨਾਲ ਹੈ । ਇਸ ਤਰਾਂ ਜੇ ਲਿਖੇ ਗਏ ਸ਼ਬਦਾਂ ਨੂੰ ਉਚਾਰਨ ਅਨੁਸਾਰ ਹੀ ਲਿਖਿਆ ਜਾਵੇ ਤਾਂ ਹੀ ਉਹ ਗਾਈ ਜਾ ਸਕੇਗੀ ।
1. ਕੁਛ ਸ਼ਬਦ ਬੋਲਣ ਲੱਗਿਆਂ ਸਾਡੇ ਬੁੱਲ੍ਹ ਖੁੱਲ ਜਾਂਦੇ ਹਨ, ਬੁੱਲ੍ਹਾਂ ਦੇ ਖੁੱਲਣ ਦੀ ਇਸ ਹਰਕਤ ਨੂੰ ਉਦਘਾਟਨ ਕਿਹਾ ਜਾਂਦਾ ਹੈ । ਦੋਸਤੋ ਸਾਡੀ ਜ਼ਿੰਦਗੀ ਵਿਚ ਉਦਘਾਟਨ ਦਾ ਕਿੰਨਾ ਮਹੱਤਵ ਹੈ ਆਉ ਪਰਖ਼ੀਏ । ਜਦੋਂ ਕੋਈ ਬੱਚਾ ਜੰਮਦਾ ਹੈ ਉਸ ਦਾ ਜਨਮ ਉਦੋਂ ਹੀ ਸਮਝਿਆ ਜਾਂਦਾ ਹੈ ਜਦੋਂ ਉਹ ਆਪਣੇ ਬੁੱਲ੍ਹ ਖੋਲਦਾ ਹੈ , ਭਾਵ ਰੋਣ ਲਗਦਾ ਹੈ । ਅਸੀਂ ਜਦੋਂ ਕੋਈ ਕਾਰੋਬਾਰ, ਦੁਕਾਨ, ਦਫਤਰ ਵਗੈਰਾ ਖੋਲ੍ਹਣਾ ਹੋਵੇ ਤਾਂ ਉਸ ਦਾ ਉਦਘਾਟਨ ਕਰਦੇ ਹਾਂ । ਸਾਡੇ ਸਾਰੇ ਵਜ਼ੀਰ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਵਗੈਰਾ ਤਾਂ ਰੋਜ਼ ਹੀ ਕਿਤੇ ਨਾ ਕਿਤੇ ਕਾਰਖ਼ਾਨਿਆਂ, ਸਕੂਲਾਂ, ਸੜਕਾਂ ਵਗੈਰਾ ਦਾ ਉਦਘਾਟਨ ਕਰਦੇ ਫਿਰਦੇ ਹਨ । ਉਦਘਾਟਨ  ਦਾ ਕੰਮ ਸਾਡੇ ਜੰਮਣ ਸਾਰ ਹੀ ਸ਼ੁਰੂ ਹੋ ਜਾਂਦਾ ਹੈ ।

2. ਜਦੋਂ ਅਸੀ ਕਈ ਸ਼ਬਦ ਵਿਸ਼ੇਸ਼ ਬੋਲਦੇ ਹਾਂ ਤਾਂ ਸਾਡੇ ਬੁੱਲ੍ਹ ਮੀਟੇ ਜਾਂਦੇ ਹਨ । ਬੁੱਲ੍ਹਾਂ ਦੀ ਇਸ ਹਰਕਤ ਨੂੰ ਨਿਮੀਲਨ ਕਹਿੰਦੇ ਹਨ । ਨਿਮੀਲਨ ਸ਼ਬਦ ਤੋਂ ਵੀ ਸਾਡੇ ਕਈ ਸ਼ਬਦਾਂ ਦੀ ਨਿਰੁਕਤੀ ਹੋਈ ਹੋਵੇਗੀ । ਜਦੋਂ ਕਿਸੇ ਔਰਤ ਦੇ ਉਮੀਦਵਾਰੀ ਹੁੰਦੀ ਹੈ ਤਾਂ ਔਰਤਾਂ ਅਕਸਰ ਇਹ ਕਹਿੰਦੀਆਂ ਹਨ ਕਿ ਫਲਾਣੀ ਦੇ ਬੱਚਾ ਨਿੱਮਿਆ ਹੈ । ਇਸ ਤਰ੍ਹਾਂ ਨਿਮੀਲਨ ਦੀ ਪ੍ਰਕ੍ਰਿਆ ਬੱਚੇ ਦੇ ਕੁੱਖ ਚ ਪੈਣ ਸਾਰ ਹੀ ਸ਼ੁਰੂ ਹੋ ਜਾਂਦੀ ਹੈ । ਵੈਸੇ ਵੀ ਸਾਡਾ ਦੇਸ਼ ਤਾਂ ਨਿਮੀਲਨ ਦੇ ਮਾਮਲੇ ਚ ਬਹੁਤ ਮਾਹਰ ਹੈ । ਸਾਡੇ ਅਮੀਰ ,ਵਜ਼ੀਰ ਮਸ਼ੀਰ, ਠੇਕੇਦਾਰ ਜਾਂ ਅਫ਼ਸਰਸ਼ਾਹੀ ਨਿਮੀਲਨ ਦੇ ਭਾਵ ਬੁੱਲ੍ਹ ਘੁੱਟਣ ਦੇ ਅਜੇਹੇ ਮਾਹਰ ਹਨ ਕਿ ਜੰਤਾ ਦਾ ਅਰਬਾਂ ਰੁਪਈਆ ਡਕਾਰ ਕੇ ਅਜਿਹੇ ਬੁੱਲ੍ਹ ਘੁੱਟਦੇ ਹਨ ਕਿ ਡਕਾਰ ਵੀ ਨਹੀ ਮਾਰਦੇ ।

3. ਜਦੋਂ ਅਸੀਂ ਕੋਈ ਸ਼ਬਦ ਵਿਸ਼ੇਸ਼ ਬੋਲਦੇ ਹਾਂ ਤਾਂ ਸਾਡਾ ਹੇਠਲਾ ਬੁੱਲ੍ਹ ਹੇਠਾਂ ਸਰਕ ਜਾਂਦਾ ਹੈ । ਬੁੱਲ੍ਹਾਂ ਦੀ ਅਜਿਹੀ ਹਰਕਤ ਨੂੰ ਭਾਜਨ ਕਿਹਾ ਜਾਂਦਾ ਹੈ । ਏਸ ਸ਼ਬਦ ਤੋਂ ਵੀ ਸਾਡੇ ਕਈ ਸ਼ਬਦ ਬਣਦੇ ਹਨ । ਜੋੜ, ਘਟਾਉ, ਗੁਣਾ, ਭਾਜਨ ਸਾਡੇ ਹਿਸਾਬ ਦਾ ਹਿੱਸਾ ਹਨ । ਭਾਜਨ ਤੋਂ ਹੀ ਵਿਭਾਜਨ ਸ਼ਬਦ ਬਣਿਆ ਹੈ । ਏਸ ਵਿਭਾਜਨ ਦਾ ਵਿਰਾਟ ਰੂਪ ਅਸੀਂ ਦੇਸ਼ ਦੀ ਵੰਡ ਵੇਲੇ ਦੇਖ ਲਿਆ ਸੀ । ਜਿਸ ਦੇ ਲੇਖੇ ਦਸ ਲੱਖ ਪੰਜਾਬੀਆਂ ਦੀ ਜਾਨ ਲੱਗੀ ਸੀ । ਹੁਣ ਵੀ ਪਤਾ ਨਹੀ ਕਿੰਨੇ ਦੇਸ਼, ਕਿੰਨੀਆਂ ਕੌਮਾਂ ਏਸ ਵਿਭਾਜਨ ਦਾ ਲੇਖਾ ਦੇ ਰਹੀਆਂ ਹਨ ਤੇ ਭਵਿੱਖ ਵਿਚ ਦੇਣਗੀਆਂ । ਅਰਬੀ ਭਾਸ਼ਾ ਵਿਚ ਬੁੱਲ੍ਹਾਂ ਦੀਆਂ ਇਨ੍ਹਾਂ ਹਰਕਤਾਂ ਦੇ ਨਾਮ ਹਨ...
ਪੰਜਾਬੀ--- ਉਦਘਾਟਨ, ਨਿਮੀਲਨ, ਭਾਜਨ
ਅਰਬੀ-- ਫ਼ਤਹ ,  ਜੱਮਾ,   ਕਸਰਾ
ਪੰਜਾਬੀ ਭਾਸ਼ਾ ਦੇ ਤਿੰਨ ਸਵਰ ਅੱਖਰ  ੳ ਅ ੲ  ਇਨ੍ਹਾਂ ਹਰਕਤਾਂ ਨੂੰ ਪਰਗਟ ਕਰਦੇ ਹਨ । ਸ਼ਾਹਮੁਖੀ ਵਿਚ ਇਨ੍ਹਾਂ ਅੱਖਰਾਂ ਨੂੰ ਹਰਫ਼-ਇ-ਇਲਤ ਕਿਹਾ ਜਾਂਦਾ ਹੈ । ਜਿਸਦਾ ਅਰਥ ਹੁੰਦਾ ਹੈ ਇਲਤੀ ਜਾਂ ਸ਼ਰਾਰਤੀ ਅੱਖਰ । ਕਿਉਂ ਕਿ ਇਹ ਅੱਖਰ ਕਿਸੇ ਇਕ ਰੂਪ ਵਿਚ ਨਹੀ ਵਰਤੇ ਜਾਂਦੇ, ਸਗੋਂ ਸ਼ਬਦਾਂ ਦੀ ਬਣਤਰ ਅਨੁਸਾਰ ਇਨ੍ਹਾਂ ਦੇ ਕਈ ਕਈ ਰੂਪ ਬਣ ਜਾਂਦੇ ਹਨ । ਇਕ ਹਰਫ਼ ਕਈ ਕਈ ਹਰਫ਼ਾਂ ਦਾ ਕੰਮ ਦਿੰਦਾ ਹੈ ।
ੳ        ਅ         ੲ
ਨਿਮੀਲਨ ਉਦਘਾਟਨ ਭਾਜਨ
ਪੰਜਾਬੀ ਭਾਸ਼ਾ ਵਿਚ ਇਨ੍ਹਾਂ ਦੇ ਮਾਤਰਕ ਰੂਪ ਮੁਕਤਾ, ਔਂਕੁੜ ਅਤੇ ਸਿਹਾਰੀ ਹਨ । ਇਹਨਾਂ ਮੂਲ ਮਾਤ੍ਰਿਕ ਰੂਪਾਂ ਦੀਆਂ ਦੀਰਘ ਸ਼ਕਲਾਂ ਹਨ--
ਨਿਮੀਲਨ--- ਦੁਲੈਂਕੜ, ਹੋੜਾ, ਕਨੌੜਾ
ਉਦਘਾਟਨ ---ਕੰਨਾ
ਭਾਜਨ ---ਬਿਹਾਰੀ
ਆਉ ਦੋਸਤੋ ਹੁਣ ਆਪਾਂ ਇਨ੍ਹਾਂ ਸ਼ਬਦਾਂ  ਦੇ ਉਚਾਰਨ ਦੇ ਅਧਾਰ ਤੇ ਕਾਫ਼ੀਆ ਦੋਸ਼ਾਂ ਦੀ ਨਿਸ਼ਾਨ ਦੇਹੀ ਕਰੀਏ.

1.
ਕਾਰਣ ਦੋਸ਼ ਜਾਂ ਐਬ-ਏ-ਤੰਜਾਹ---ਉਚਾਰਨ ਦੇ ਉਪਰੋਕਤ ਅਸੂਲ ਅਨੁਸਾਰ, ਪਹਿਲੇ ਮਿਸਰੇ ਦੇ ਉਚਾਰਨ ਦੇ ਨਾਲ ਦੂਸਰੇ ਮਿਸਰੇ ਦਾ ਉਚਾਰਨ ਮਿਲਣਾ ਜਰੂਰੀ ਹੈ । ਜੇ ਪਹਿਲੇ ਮਿਸਰੇ ਦਾ ਕਾਫ਼ੀਆ ਪੁਲ ਹੈ ਤਾਂ ਦੂਸਰੇ ਮਿਸਰੇ ਦਾ ਕਾਫ਼ੀਆ ਕੁਲ ਚਾਹੀਦਾ । ਕਿਉਂ ਕਿ ਪੁਲ ਅਤੇ ਕੁਲ ਕਾਫ਼ੀਏ ਦੋਨੋ ਨਿਮੀਲਨ ਗਤੀ ਦੇ ਕਾਫ਼ੀਏ ਹਨ । ਜੇ ਪੁਲ ਦੇ ਨਾਲ ਦਿਲ ਕਾਫੀਆ ਆ ਜਾਂਦਾ ਤਾਂ ਇਹ ਗਲ਼ਤ ਹੋ ਜਾਵੇਗਾ । ਦਿਲ ਦਾ ਉਚਾਰਨ ਉਦਘਾਟਨ ਗਤੀ ਦਾ ਹੈ । ਦਿਲ ਸ਼ਬਦ ਦੇ ਉਚਾਰਨ ਨਾਲ ਸਾਡੇ ਬੁੱਲ੍ਹ ਖੁੱਲ ਜਾਂਦੇ ਹਨ । ਦਿਲ  ਅਤੇ ਪੁਲ ਦੀ ਧੁਨੀ ਵੱਖਰੀ ਹੋਣ ਕਰਕੇ, ਪੜ੍ਹਨ ਅਤੇ ਗਾਉਣ  ਵਿਚ ਬੇਸੁਆਦੀ ਆਉਂਦੀ ਹੈ ।
2.
ਪਰਤੀ-ਪਦ ਦੋਸ਼ ਜਾਂ ਐਬ-ਏ-ਗੁਲਵ--- ਜੇ ਪਹਿਲੀ ਤੁਕ ਵਿਚ ਕਾਫੀਏ ਦਾ ਮੂਲ ਅੱਖਰ ਸਾਕਿਨ ਹੋਵੇ ਤੇ ਦੂਸਰੀ ਤੁਕ ਵਿਚ ਮੂਲ ਅੱਖਰ ਮੁਤਹਰਕ ਬੰਨ੍ਹ ਦਿੱਤਾ ਜਾਵੇ ਤਾਂ ਇਹ ਜ਼ਾਇਜ ਨਹੀ । ਕਿਉਂ ਕਿ ਮੁਤਹਰਕ ਤੇ ਸਾਕਿਨ ਦਾ ਉਚਾਰਨ ਵੱਖਰਾ ਹੈ ।
3.
ਦੋਸ਼ ਤਿਰਯਾਰਾ ਜਾਂ ਐਬ-ਏ- ਇਕਫ਼ਾ-- ਜੇ ਪਹਿਲੀ ਤੁਕ ਵਿਚ ਕਾਫੀਏ ਦਾ ਮੂਲ ਅੱਖਰ , ਸ਼, ਖ਼, ਫ਼, ਜ਼, ਲ਼, ਕ਼ ਆਦ ਹੋਵੇ ਅਤੇ ਦੂਸਰੀ ਤੁਕ ਵਿਚ ਬਿਨਾ ਬਿੰਦੀ ਤੋਂ ਸ, ਖ, ਜ, ਫ, ਲ, ਕ ਅੱਖਰ ਕਾਫਿਏ ਦੇ ਮੂਲ ਅੱਖਰ ਦੇ ਤੌਰ ਤੇ ਵਰਤ ਲਏ ਜਾਣ ਤਾਂ ਇਹ ਜਾਇਜ਼ ਨਹੀ ਇਸ ਨਾਲ ਐਬ-ਏ-ਇਕਫ਼ਾ ਪੈਦਾ ਹੋ ਜਾਂਦਾ ਹੈ । ਇਸੇ ਤਰ੍ਹਾਂ ਹੀ ਜੇ ਇਕ ਮਿਸਰੇ ਦਾ ਮੂਲ ਅੱਖਰ ਹੋਰ ਹੋਵੇ ਤੇ ਦੂਸਰੇ ਦਾ ਹੋਰ ਤਾਂ ਵੀ ਇਹ ਗਲ਼ਤ ਮੰਨਿਆ ਜਾਂਦਾ ਹੈ ।
ਕਈ ਵਾਰ ਸ਼ਾਇਰ ਆਪਣੇ ਸ਼ਿਅਰਾਂ ਵਿਚ ਮੂਲ ਅੱਖਰ ਵਰਤਦਾ ਹੀ ਨਹੀ । ਬਿਨਾਂ ਮੂਲ ਅੱਖਰ ਤੋਂ ਸ਼ਿਅਰ ਹੋ ਹੀ ਨਹੀ ਸਕਦਾ । ਇਨ੍ਹਾਂ ਤਿਨਾਂ ਦੋਸ਼ਾਂ ਨੂੰ ਤਿਰਯਾਰਾ ਜਾਂ ਐਬ-ਏ-ਇਕਫ਼ਾ ਕਿਹਾ ਜਾਂਦਾ  ਹੈ। ਸ਼ਿਅਰ ਵਿ ਕਾਫੀਏ ਦੇ ਮੂਲ ਅੱਖਰ ਤੋਂ ਪਹਿਲੇ ਅੱਖਰ ਨੂੰ ਲਾਈਆਂ ਦੀਰਘ ਲਗਾਂ ਵੱਖਰੀਆਂ ਨਹੀ ਲਾਈਆਂ ਜਾ ਸਕਦੀਆਂ । ਉਦਾਹਰਣ ਦੇ ਤੌਰ ਤੇ--
"ਜਾਂ ਇਹ ਹੁਕਮ ਕੀਤਾ ਇਸ ਮੂਜ਼ੀ, ਤੁਰਤ ਪਿਆਦੇ ਦੌੜੇ,
ਜ਼ੋਰਾਵਰੀ ਵੜੇ ਆ ਅੰਦਰ ਕੌਣ ਡਾਢਿਆਂ ਨੂੰ ਮੋੜੇ ।"
ਇਸ ਮਤਲੇ ਜਾਂ ਪਹਿਲੇ ਮਿਸਰੇ ਵਿਚ ਕਾਫ਼ੀਆ ਦੌੜੇ ਬੰਨ੍ਹਿਆ ਗਿਆ ਹੈ । ਦੂਸਰੇ ਵਿਚ ਮੋੜੇ । ਦੌੜੇ ਤੇ ਮੋੜੇ ਦਾ ਕਾਫ਼ੀਆ ਜਾਇਜ ਨਹੀ, ਕਿਉਂ ਕਿ ਇਹਨਾਂ  ਦੋਨਾਂ ਕਾਫੀਆਂ ਦੇ ਸ਼ਬਦਾਂ ਦਾ ਉਚਾਰਨ ਇਕ ਨਹੀ ।
4.
ਦੋਸ਼ ਉਸ਼ਟੀਕਰਨ ਜਾਂ ਐਬ-ਏ-ਸਿਨਾਦ--- ਤਿੰਨ ਅੱਖਰੀ ਸ਼ਬਦ ਟੁਕੜੀਆਂ ਭਾਵ ਤਿੰਨ ਮੁਕਤੇ ਅੱਖਰਾਂ ਵਾਲੀਆਂ ਸ਼ਬਦ ਟੁਕੜੀਆਂ ਜਿਨ੍ਹਾਂ ਦਾ ਉਚਾਰਣ ਇੱਕੋ ਜਿਹਾ ਨਾ ਹੋਵੇ , ਕਾਫ਼ੀਏ ਵਿਚ ਵਰਤਣਾ ਜਾਇਜ਼ ਨਹੀ ਮੰਨਿਆ ਜਾਂਦਾ । ਉਦਾਹਰਣ ਦੇ ਤੌਰ ਤੇ ਨਜ਼ਰ ਜਿਸ ਦਾ ਉਚਾਰਣ ਨ+ਜ਼ਰ ਹੈ ਅਤੇ ਸਬਰ ਜਿਸਦਾ ਉਚਾਰ ਸਬ+ਰ ਹੈ ਇਹ ਦੋਵੇਂ ਆਪਸ ਵਿਚ ਹਮਕਾਫ਼ੀਆ ਨਹੀ ਬਣ ਸਕਦੇ । ਕਿਉਂ ਕਿ ਨਜ਼ਰ ਦਾ ਵਜ਼ਨ ਵਤਦ ਮਜ਼ਮੂਅ ਹੈ ਅਤੇ ਸਬਰ ਦਾ ਵਜ਼ਨ ਵਤਦ ਮਫ਼ਰੂਕ ਹੈ । ਇਸੇ ਤਰ੍ਹਾਂ ਤੁਸੀਂ ਘੋਰ ਤੇ ਨੂਰ ਦਾ ਕਾਫ਼ੀਆ ਨਹੀ ਬੰਨ੍ਹ ਸਕਦੇ ।
5.
ਦਲਤ ਜਾਂ ਐਬ-ਏ-ਈਤਾ---ਕਾਫ਼ੀਏ ਵਿਚ ਇਕ ਪਿਛੇਤਰ ਪਦ ਨੂੰ ਦੁਬਾਰਾ ਲਿਆਉਣਾ ਜਾਇਜ਼ ਨਹੀ ਮੰਨਿਆ ਜਾਂਦਾ । ਹਾਂ ਜੇ ਉਹ ਵੱਖੋ-ਵੱਖਰੇ ਅਰਥਾਂ ਵਿਚ ਆਵੇ ਤਾਂ ਜਾਇਜ਼ ਦੇ ਨਾਲ ਨਾਲ ਇਹ ਇਕ ਕਾਵਿਕ ਗੁਣ ਵੀ ਮੰਨਿਆਂ ਜਾਂਦਾ ਹੈ । ਜਿਸਨੂੰ ਅਨੁਪ੍ਰਾਸ ਅਲੰਕਾਰ ਕਹਿੰਦੇ ਹਨ ।
6.
ਆਵਰਤੀ-- ਮਤਲੇ ਵਿਚ ਇੱਕੋ ਕਾਫੀਏ ਨੂੰ ਦੋਨਾਂ ਤੁਕਾਂ ਵਿਚ ਬੰਨਣਾਂ ਵੱਡਾ ਦੋਸ਼ ਮੰਨਿਆ ਜਾਂਦਾ ਹੈ ।
ਪਿਆਰੇ ਦੋਸਤੋ ਅਸੀਂ ਕਾਫ਼ੀਏ ਦੇ ਦੋਸ਼ ਅਧੀਨ ਸ਼ਾਇਰਾਂ ਵੱਲੋਂ ਕੀਤੀਆਂ ਜਾਂਦੀਆਂ ਕਈ ਭੁੱਲਾਂ ਵੱਲ ਇਸ਼ਾਰਾ ਕੀਤਾ ਹੈ । ਇਹ ਗਲ਼ਤੀਆਂ ਗ਼ਜ਼ਲ ਦੀ ਸੰਗੀਆਤਕਮਤਾ ਨੂੰ ਸੱਟ ਮਾਰਦੀਆਂ ਹਨ । ਗ਼ਜ਼ਲ ਗਾਇਆ ਜਾਣ ਵਾਲਾ ਕਾਵਿ ਰੂਪ ਹੈ । ਇਸੇ ਕਰਕੇ ਗ਼ਜ਼ਲ ਵਿਚ ਭਾਸ਼ਾ ਦੀ ਸ਼ੁੱਧਤਾ ਦਾ ਵਿਸ਼ੇਸ਼ ਮਹੱਤਵ ਹੈ ।
ਉੱਪਰ ਦਿੱਤੇ ਕਾਫ਼ੀਏ ਦੇ ਦੋਸ਼ਾ ਨੂੰ ਉਦਾਹਰਣਾਂ ਦੇ ਕੇ ਵੀ ਸਮਝਾਇਆ ਜਾ ਸਕਦਾ ਸੀ । ਕਿਸੇ ਵਿਅਕਤੀ ਵਿਸ਼ੇਸ਼ ਦੇ ਦਿਲ ਨੂੰ ਠੇਸ ਪਹੁੰਚਾਉਣਾ ਆਪਣਾ ਮੰਤਵ ਨਹੀ । ਇਸ ਕਰਕੇ ਸ਼ਿਅਰਾਂ ਦੀ ਉਦਾਹਰਣ ਦੇਣ ਤੋਂ ਸੰਕੋਚ ਕੀਤਾ ਗਿਆ ਹੈ । ਗਲ਼ਤੀਆਂ ਤਾਂ ਹਰ ਵਿਅਕਤੀ ਤੋਂ ਹੁੰਦੀਆਂ ਹਨ । ਆਪਣੇ ਤੋਂ ਵੀ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ  ਅਤੇ ਹੁੰਦੀਆਂ ਰਹਿਣਗੀਆਂ । ਆਪਣੀਆਂ ਕੱਛ ਵਿਚ ਅਤੇ ਦੂਜੇ ਦੀਆਂ ਹੱਥ ਵਿਚ, ਆਪਣਾ ਇਹੋ ਜਿਹਾ ਕੋਈ ਇਰਾਦਾ ਨਹੀ
ਕ੍ਰਿਸ਼ਨ ਭਨੋਟ

1 comment:

  1. ੫ ਨੰਬਰ ਸਮਝ ਨਹੀਂ ਆਇਆ, ਜੀ ਉਦਾਹਰਣ ਦੇ ਸਕਦੇ ਹੋ ਕੋਈ ?

    ReplyDelete