Monday, 16 January 2017

ਗ਼ਜ਼ਲ ਵਾਸਤੇ ਅਰੂਜ਼ ਕਿਉਂ ਜਰੂਰੀ



"ਬੇਸ਼ੱਕ ਭਾਵੇਂ ਮੋਤੀਆਂ, ਵਰਗੇ ਹੋਣ ਵਿਚਾਰ,
ਛੰਦਾਂ ਵਿੱਚ ਪਰੋਣ ਤੇ, ਬਣ ਜਾਂਦੇ ਨੇ ਹਾਰ"

ਪਿਆਰੇ ਦੋਸਤੋ ਖ਼ੂਬਸੂਰਤ ਵਿਚਾਰ ਭਾਵੇਂ ਕਿਸੇ ਤਰ੍ਹਾਂ ਵੀ ਪ੍ਰਗਟਾਏ ਜਾਣ, ਉਹ ਸੁਣਨ ਵਾਲੇ ਤੇ ਆਪਣਾ ਅਸਰ ਜ਼ਰੂਰ ਪਾਉਂਦੇ ਹਨ, ਪਰ ਜੇ ਉਹ ਛੰਦਾਬੰਦੀ  'ਚ ਬੱਝ ਜਾਣ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਹਨ । ਹੁਣ ਅਸੀਂ ਏਸ ਨੁਕਤੇ ਤੇ ਵਿਚਾਰਾ ਚਰਚਾ ਕਰਾਂਗੇ ਕਿ ਅਸੀਂ ਕਿਹੜੇ ਛੰਦ ਸ਼ਸਤਰ ਨੂੰ ਅਪਣਾਈਏ, ਜਿਸ ਨਾਲ ਸਾਡੇ ਵਿਚਾਰ ਸੁਣਨ ਵਾਲਿਆਂ ਤੇ ਜਿਆਦਾ ਅਸਰ ਪਾ ਸਕਣ । ਜਿਸ ਤਰ੍ਹਾਂ ਸਾਡੇ ਕੋਲ ਛੰਦਾਬੰਦੀ ਨਾਲ ਸਬੰਧਤ ਛੰਦ ਸ਼ਸਤਰ ਪਿੰਗਲ ਮੌਜੂਦ ਹੈ, ਅਰਬੀ ਭਾਸ਼ਾ ਵਾਲਿਆਂ ਕੋਲ ਅਰਬੀ ਪਿੰਗਲ ਹੈ, ਜਿਸ ਨੂੰ ਇਲਮ ਅਰੂਜ਼ ਕਿਹਾ ਜਾਂਦਾ ਹੈ । ਇਸ ਦਾ ਜ਼ਿਕਰ ਵਾਰਿਸ ਸ਼ਾਹ ਵੀ ਆਪਣੀ ਰਚਨਾਂ ਹੀਰ ਵਿਚ ਕਰਦਾ ਹੈ ।

ਜਾਹਲ ਸ਼ਾਇਰਾਂ ਨੂੰ ਜ਼ਰਾ ਸਮਝ ਆਏ,
ਸ਼ਿਅਰ ਮੌਜ਼ੂੰ ਲਿਖ ਸੁਣਾਈਏ ਜੀ ।
ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਾਹੀਂ,
ਉਸ ਨੂੰ ਇਲਮ ਅਰੂਜ਼ ਪੜਾਈਏ ਜੀ ।

ਜਦ ਅਸੀਂ ਪਿੰਗਲ ਤੇ ਅਰੂਜ਼ ਦੀ ਤੁਲਨਾ ਕਰਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਅਰੂਜ਼ ਦੇ ਮੁਕਾਬਲੇ ਪਿੰਗਲ ਬੇਹੱਦ ਗੁੰਝਲਦਾਰ ਤੇ ਮੁਸ਼ਕਲ ਹੈ । ਕਿਉਂ ? ਆਉ ਪੜਤਾਲ ਕਰੀਏ

ਪਿੰਗਲ ਅਨੁਸਾਰ ਛੰਦਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ।
1. ਵਰਣਕ ਛੰਦ -- ਵਰਣਕ ਛੰਦ ਉਹ ਹੁੰਦੇ ਹਨ ਜਿਨ੍ਹਾਂ ਦੀ ਚਾਲ ਵਰਣਾਂ (ਅੱਖਰਾਂ) ਰਾਹੀਂ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕੋਰੜਾ, ਕਬਿਤ ਆਦਿਕ ਛੰਦ ।
 ਵਰਣਕ ਛੰਦਾਂ ਦੀਆਂ ਅੱਗੋਂ ਤਿੰਨ ਕਿਸਮਾਂ ਦੱਸੀਆਂ ਜਾਂਦੀਆਂ ਹਨ। (ੳ) ਸੰਵ੍ਰਿਤ ਛੰਦ (ਅ) ਅਰਧ ਸੰਵ੍ਰਿਤ ਛੰਦ (ੲ) ਵਿਥਮ ਵ੍ਰਿਤ ਛੰਦ । ਇਨ੍ਹਾਂ ਛੰਦਾਂ ਦੀਆਂ ਅੱਗੋਂ ਹੋਰ ਵੰਨਗੀਆਂ, ਤੇ ਉਸ ਤੋਂ ਅੱਗੇ ਇਨ੍ਹਾਂ ਦੀਆਂ ਹੋਰ ਉਪ-ਵੰਨਗੀਆਂ । ਮਿਸਾਲ ਦੇ ਤੌਰ ਤੇ ਇਕੱਲੇ ਸੰਵ੍ਰਿਤ ਛੰਦ ਦੀਆਂ ਇਕ ਹਜ਼ਾਰ ਤੋਂ ਉੱਪਰ ਵੰਨਗੀਆਂ ਦੱਸੀਆਂ ਜਾਂਦੀਆਂ ਹਨ ।

2. ਮਾਤਰਾ ਛੰਦ -- ਇਹ ਉਹ ਛੰਦ ਨੇ ਜਿਨ੍ਹਾਂ ਦੀ ਚਾਲ ਮਤਾਰਾ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ  ਜਿਵੇਂ ਬੈਂਤ, ਦੋਹਾ, ਕੁੰਡਲੀਆ ਆਦਿ । ਮਾਤ੍ਰਿਕ ਛੰਦਾਂ ਦੀ ਗਿਣਤੀ ਸੁਣ ਕੇ ਤਾਂ ਸਿਰ ਚਕਰਾਉਣ ਲਗਦਾ ਹੈ । ਪਿੰਗਲ ਦੇ ਛੰਦਾਂ ਵਿਚ ਇਕ ਮਾਤਰਾ ਤੋਂ ਲੈ ਕੇ ਬੱਤੀ ਮਾਤਰਾ ਤਕ ਛੰਦ ਵਰਤੇ ਜਾਂਦੇ ਹਨ । ਮੈਂ ਸਿਰਫ਼ ਬੱਤੀ ਮਾਤਰਾ ਵਾਲੇ ਛੰਦ ਦੀਆਂ ਵੰਨਗੀਆਂ ਦੀ ਗਿਣਤੀ ਸਾਂਝੀ ਕਰਨੀ ਚਾਹਾਂਗਾ । ਪਿੰਗਲ ਸ਼ਸਤਰ ਦੇ ਅਨੁਸਾਰ ਇਕੱਲੇ ਬੱਤੀ ਮਾਤਰਾ ਵਾਲੇ ਛੰਦ ਦੇ  ਹੀ ਪੈਂਤੀ ਲੱਖ ਚੌਵੀ ਹਜ਼ਾਰ ਪੰਜ ਸੌ ਸਤੱਤਰ ਰੂਪ ਹੋ ਸਕਦੇ ਹਨ ।

"ਗਿਣ ਗਿਣ ਕੰਨੇ ਬਿੰਦੀਆਂ, ਅੱਧਕ ਟਿੱਪੀ ਲਾਮ,
ਪੰਸਾਰੀ ਬਣ ਬੈਠਿਆ, ਸ਼ਾਇਰ ਬੇਲੀ ਰਾਮ"

3. ਗਣ ਛੰਦ-- ਇਨ੍ਹਾਂ ਛੰਦਾਂ ਵਿਚ ਗਣਾਂ ਦੀ ਗਿਣਤੀ ਨਾਲ ਛੰਦ ਦੀ ਚਾਲ ਨਿਰਧਾਰਿਤ ਕੀਤੀ ਜਾਂਦੀ ਹੈ । ਜਿਵੇਂ ਭੁਜੰਤ ਪ੍ਰਯਾਤ , ਸਾਰੰਗੀ, ਚਾਮਰ ਵਗੈਰਾ ।
ਭਾਵੇਂ ਪਿੰਗਲ ਤੇ ਅਰੂਜ਼ ਦੇ ਰੁਕਨਾਂ ਜਾਂ ਗਣਾਂ ਦੀ ਗਿਣਤੀ ਅੱਠ, ਅੱਠ ਹੀ ਹੈ (ਗਣ ਜਾਂ ਰੁਕਨਾਂ ਬਾਰੇ ਜਾਣਕਾਰੀ ਅੱਗੇ ਜਾ ਕੇ ਦਿਆਂਗੇ ) ਪਰ ਇਨ੍ਹਾਂ ਵਿਚ ਬੁਨਿਆਦੀ ਤੌਰ ਤੇ ਬਹੁਤ ਫਰਕ ਹੈ । ਅਰੂਜ਼ ਦੇ ਗਣਾਂ ਜਾਂ ਰੁਕਨਾਂ ਦੀ ਬਣਤਰ ਦਾ ਉਨ੍ਹਾਂ ਨੂੰ ਬੋਲਣ ਜਾਂ ਲਿਖਣ ਵੇਲੇ ਝੱਟ ਹੀ ਪਤਾ ਲਗ ਜਾਂਦਾ ਹੈ । ਜਦ ਕਿ ਪਿੰਗਲ ਦੇ ਗਣਾਂ ਜਾਂ ਰੁਕਨਾਂ ਨੂੰ ਲਿਖਣ ਤੇ ਬੋਲਣ ਵੇਲੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ ।

ਅਰੂਜ਼ ਦੀ ਵੱਖ ਵੱਖ ਬਹਿਰਾਂ ਅਰੂਜ਼ ਦੇ ਵੱਖ ਵੱਖ ਰੁਕਨਾਂ (ਅਰੂਜ਼ ਦੇ ਰੁਕਨਾਂ ਦੀ ਜਾਣਕਾਰੀ ਅੱਗੇ ਚਲ ਕੇ ਦਿਆਂਗੇ) ਦੇ ਮੇਲ ਨਾਲ ਬਣਦੀਆਂ ਹਨ । ਜਦੋਂ ਅਸੀਂ ਕਿਸੇ ਬਹਿਰ ਦਾ ਨਾਮ ਲੈਂਦੇ ਹਾਂ ਤਾਂ ਸਾਨੂੰ ਝਟ ਹੀ ਪਤਾ ਲਗ ਜਾਂਦਾ ਹੈ ਕਿ ਇਸ ਵਿਚ ਕਿਹੜੇ ਕਿਹੜੇ ਰੁਕਨ ਵਰਤੇ ਗਏ ਹਨ , ਤੇ ਇਸ ਬਹਿਰ ਨੂੰ ਕਿਸ ਤਰ੍ਹਾਂ ਪੜ੍ਹਨਾਂ ਜਾਂ ਗਾਉਣਾ ਹੈ । ਜੇ ਇਸ ਦੇ ਮੁਕਾਬਲੇ ਪਿੰਗਲ ਬਾਰੇ ਜ਼ਿਕਰ ਕਰੀਏ ਤਾਂ ਪਿੰਗਲ ਦੇ ਸਾਰੇ ਛੰਦਾਂ ਦਾ ਨਾਮ ਕਲਪਿਤ ਹੈ । ਪਿੰਗਲ ਦੇ ਛੰਦਾਂ ਦੇ ਨਾਵਾਂ ਤੋਂ ਇਹ ਜਾਣਕਾਰੀ ਨਹੀ ਮਿਲਦੀ ਕਿ ਇਹ ਕਿਹੜੀ ਕਿਸਮ ਦਾ ਛੰਦ ਹੈ, ਭਾਵ ਮਾਤਰਕ ਛੰਦ ਹੈ, ਗਣ ਛੰਦ ਹੈ ਜਾਂ ਵਰਣ ਛੰਦ ਹੈ ।

ਇਸ ਤੋਂ ਇਲਾਵਾ ਪਿੰਗਲ ਦੇ ਇਕੋ ਛੰਦ ਦੇ ਕਈ ਕਈ ਨਾਂ ਵੀ ਪ੍ਰਚਲਿਤ ਹਨ । ਮਿਸਾਲ ਦੇ ਤੌਰ ਤੇ ਜਿਵੇਂ ਪਿੰਗਲ ਦੇ ਇਕ ਛੰਦ ਦਾ ਨਾਮ ਹੰਸ-ਗਤੀ ਹੈ । ਹੁਣ ਹੰਸ-ਗਤੀ ਨਾਂ ਪੜ੍ਹ ਕੇ ਸਾਨੂੰ ਇਹ ਪਤਾ ਨਹੀ ਲਗਦਾ ਇਸ ਵਿਚ ਕਿੰਨੀਆਂ ਮਾਤਰਾਵਾਂ ਹਨ, ਕਿੱਥੇ ਕਿੱਥੇ ਵਿਸ਼ਰਾਮ ਹੈ ਤੇ ਇਹ ਕਿੰਨੀਆਂ ਸਤਰਾਂ ਦਾ ਛੰਦ ਹੈ ।

ਇਸੇ ਤਰ੍ਹਾਂ ਹੀ ਭੁਜੰਤ ਪ੍ਰਯਾਤ ਜਿਸਦਾ ਮਤਲਬ ਸੱਪ ਦਾ ਚਲਣਾ ਹੈ ਅਤੇ ਇਹ ਗਣ ਛੰਦ ਹੈ, ਪਰ ਭੁਜੰਤ ਪ੍ਰਯਾਤ ਕਹਿਣ ਨਾਲ ਸਾਨੂੰ ਇਹ ਪਤਾ ਨਹੀ ਲਗਦਾ ਕਿ ਇਸ ਦੀ ਬਣਤਰ ਕਿਨ੍ਹਾਂ ਗਣਾਂ ਤੇ ਅਧਾਰਤ ਹੈ । ਕਬਿਤ ਆਮ ਤੌਰ ਤੇ ਕਵਿਤਾ ਲਈ ਵਰਤਿਆ ਜਾਂਦਾ ਹੈ ਪਰ ਕਬਿਤ ਪਿੰਗਲ ਵਿਚ ਇਕ ਵਰਣਕ ਛੰਦ ਹੈ । ਪਰ ਸਿਰਫ਼ ਕਬਿਤ ਕਹਿਣ ਨਾਲ ਸਾਨੂੰ ਇਹ ਪਤਾ ਨਹੀ ਲਗਦਾ ਕਿ ਇਸ ਚੰਦ ਵਿਚ ਕਿੰਨੇ ਵਰਣ ਹੁੰਦੇ ਹਨ ਅਤੇ ਕਿੰਨੇ ਵਰਣਾਂ ਮਗਰੋਂ ਵਿਸ਼ਰਾਮ ਹੈ ।
ਪਿੰਗਲ ਦੀ ਇਕ ਇਹ ਸਮੱਸਿਆ ਹੈ ਕਿ ਇਸ ਦੇ ਇੱਕੋ ਇਕ ਛੰਦ ਦੇ ਕਈ ਨਾਂ ਪ੍ਰਚਲਤ ਹਨ । ਜਿਵੇਂ ਪਿੰਗਲ ਦਾ ਇਕ ਛੰਦ ਰੋਲਾ ਹੈ ਇਸ ਨੂੰ ਰਸਾਵਲੀ ਛੰਦ ਵੀ ਕਿਹਾ ਜਾਂਦਾ ਹੈ । ਇਸੇ ਤਰਾਂ ਦਵੈਯਾ ਛੰਦ ਨੂੰ ਬੈਂਤ ਖੁਰਦ ਅਤੇ ਡਿਉਢ ਛੰਦ ਨੂੰ ਮਦਨਹਰ ਛੰਦ ਵੀ ਕਿਹਾ ਜਾਂਦਾ ਹੈ  । ਹੋਰ ਵੀ ਬਹੁਤ ਸਾਰੇ ਛੰਦਾਂ ਦੇ ਕਈ ਕਈ ਨਾਂ ਪ੍ਰਚਲਤ ਹਨ । ਇਸ ਤੋਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਪਿੰਗਲ ਇਕ ਗੁੰਝਲਦਾਰ ਛੰਦ ਵਿਧਾਨ ਹੈ ।
"ਸਮਝਣ ਲਗਿਆਂ ਏਸ ਨੂੰ, ਹੋ ਜਾਈਏ ਬੇਹਾਲ,
ਪਿੰਗਲ ਹੈ ਜਾਂ ਇਹ ਕੋਈ, ਅਲਜ਼ਬਰੇ ਦਾ ਸਵਾਲ"
ਇਹੋ ਕਾਰਣ ਹੈ ਕਿ ਅੱਜ ਕਲ ਹਰ ਅਖ਼ਬਾਰ ਰਸਾਲੇ ਵਿਚ ਗੀਤ, ਗ਼ਜ਼ਲ, ਰੁਬਾਈ ਵਗੈਰਾ ਹੀ ਛਪਦੇ ਹਨ ਕਿਉਂ ਕਿ ਇਹ ਅਰੂਜ਼ ਦੇ ਅਨੁਸਾਰ ਲਿਖੇ ਜਾਂਦੇ ਹਨ ਤੇ ਪਿੰਗਲ ਦਾ ਕੋਈ ਛੰਦ ਨਹੀ ਛਪਦਾ ।

ਕ੍ਰਿਸ਼ਨ ਭਨੋਟ

No comments:

Post a Comment