Tuesday, 17 January 2017

ਅਰੂਜ਼ ਕੀ ਹੈ

"ਅਰੂਜ਼ ਕੀ ਹੈ" ?
ਦੋਸਤੋ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਜਿਵੇਂ ਸਾਡੀ ਭਾਰਤੀ ਛੰਦ ਸ਼ਾਸਤਰ ਪਿੰਗਲ ਦੀ ਰਚਨਾ ਰਿਸ਼ੀ ਪਿੰਗਲ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ, ਓਸੇ ਤਰ੍ਹਾਂ ਹੀ ਅਰਬੀ ਭਾਸ਼ਾ ਵਿਚ ਰਚਿਆ ਛੰਦ ਸ਼ਾਸਤਰ ਜਾਂ ਅਰਬੀ ਪਿੰਗਲ ਹੈ ਜਿਸ ਨੂੰ ਇਲਮ ਅਰੂਜ਼ ਕਿਹਾ ਜਾਂਦਾ ਹੈ । ਇਲਮ ਅਰੂਜ਼ ਦਾ ਕਰਤਾ ਖਲੀਲ ਬਿਨ ਅਹਿਮਦ ਨੂੰ ਮੰਨਿਆ ਜਾਂਦਾ ਹੈ , ਜਿਹੜਾ ਕਿ ਅੱਠਵੀਂ ਸਦੀ ਵਿਚ ਹੋਇਆ ਹੈ ।
ਖਲੀਲ ਬਿਨ ਅਹਿਮਦ ਪ੍ਰਸਿੱਧ ਭਾਸ਼ਾ ਵਿਗਿਆਨੀ ਹੋਇਆ ਹੈ ਜਿਸ ਨੇ ਅਰਬੀ ਕੋਸ਼ ਤੇ ਅਰਬੀ ਵਿਆਕਰਣ ਦੀ ਰਚਨਾ ਕੀਤੀ । ਉਹ ਸੰਗੀਤ ਦਾ ਵੀ ਮਾਹਿਰ ਸੀ , ਉਸ ਦੀਆਂ ਸੰਗੀਤ ਬਾਰੇ ਲਿਖੀਆਂ ਪੁਸਤਕਾਂ ਵੀ ਮਿਲਦੀਆਂ ਹਨ ।
ਖਲੀਲ ਬਿਨ ਅਹਿਮਦ ਨੇ ਇਲਮ ਅਰੂਜ਼ ਦੀ ਰਚਨਾ ਕਿਸ ਤਰ੍ਹਾਂ ਕੀਤੀ ਇਸ ਬਾਰੇ ਵੀ ਦਿਲਚਸਪ ਕਹਾਣੀ ਮਿਲਦੀ ਹੈ । ਕਹਿੰਦੇ ਹਨ ਕਿ ਇਕ ਵਾਰੀ ਉਹ ਬਸਰਾ ਸ਼ਹਿਰ ਦੇ ਠਠੇਰਿਆਂ (ਭਾਂਡੇ ਬਣਾਉਣ ਵਾਲੇ) ਦੇ ਬਜ਼ਾਰ ਵਿਚ ਦੀ ਲੰਘ ਰਿਹਾ ਸੀ । ਠਠੇਰੇ ਇਕ ਥਾਲ ਚਿੱਤ ਰਹੇ ਸਨ । ਉਹਨਾਂ ਦੇ ਹਥੌੜਿਆਂ ਨਾਲ ਇਕ ਦਕ ਦਕ ਦਕਕ ਦਕਕ ਦੀ ਅਵਾਜ਼ ਪੈਦਾ ਹੋ ਰਹੀ ਸੀ । ਖਲੀਲ ਕਿਉਂ ਕਿ ਸੰਗੀਤ ਦਾ ਵੀ ਜਾਣਕਾਰ ਸੀ ਉਸ ਨੂੰ ਇਹ ਅਹਿਸਾਸ ਹੋਇਆ ਕਿ ਹਥੌੜਿਆਂ ਦੀ ਅਵਾਜ਼ ਇਕ ਲੈਅ-ਬਧ ਸੰਗੀਤਮਈ ਧੁਨੀ ਪੈਦਾ ਕਰ ਰਹੀ ਹੈ । ਉਸ ਦਾ ਇਹ ਅਹਿਸਾਸ ਹੀ ਅਰੂਜ਼ ਦੇ ਇਲਮ ਦੀ ਬੁਨਿਆਦ ਸਾਬਿਤ ਹੋਇਆ । ਅਰੂਜ਼ ਦੇ ਰੁਕਨਾਂ ਦੀ ਬਣਤਰ ਵੀ ਕੁਛ ਅਜਿਹੀ ਹੀ ਹੈ ਕਿ ਇਨ੍ਹਾਂ ਰੁਕਨਾਂ ਨੂੰ ਤਰਤੀਬ -ਬਧ ਕਰਦਿਆਂ ਹੀ ਆਪ-ਮੁਹਾਰੇ ਹੀ ਲੈਅ-ਬਧਤਾ ਪੈਦਾ ਹੋ ਜਾਂਦੀ ਹੈ । ਲੈਅ ਪੈਦਾ ਕਰਨਾ ਹੀ ਛੰਦ-ਬੰਦੀ ਦਾ ਮੰਤਵ ਹੈ ।
ਦੋਸਤੋ ਬਸਰਾ ਸ਼ਹਿਰ ਅਰਬ ਦਾ ਅਜੇਹਾ ਸ਼ਹਿਰ ਹੈ ਜਿਸਦਾ ਜ਼ਿਕਰ ਪੰਜਾਬੀ ਗੀਤਾਂ ਵਿਚ ਅਕਸਰ ਮਿਲਦਾ ਹੈ
ਬਸਰੇ ਦੀ ਲਾਮ ਟੁਟ ਜਾਏ ਨੀ ਮੈਂ ਰੰਡੀਓਂ ਸੁਹਾਗਣ ਹੋਵਾਂ
ਇਸ ਲੋਕ ਗੀਤ ਦਾ ਪਿਛੋਕੜ ਇਹ ਹੈ ਕਿ ਦੂਜੀ ਸੰਸਾਰ ਜੰਗ ਵਿਚ ਬਰਤਾਨੀਆਂ ਦੀ ਫੌਜ ਵਿਚ ਬਹੁਤ ਸਾਰੇ ਪੰਜਾਬੀ ਫੌਜੀ ਵੀ ਸਨ । ਬਸਰੇ ਸ਼ਹਿਰ ਵਿਚ ਬਰਤਾਨੀਆਂ ਤੇ ਉਸ ਦੀਆਂ ਇਤਹਾਦੀ ਫੌਜਾਂ ਵਿਚ ਜ਼ਬਰਦਸਤ ਟੱਕਰ ਹੋਈ, ਸਾਡੀਆਂ ਪੰਜਾਬੀ ਮੁਟਿਆਰਾਂ ਜਿਨ੍ਹਾਂ ਦੇ ਕੰਤ ਉਸ ਲੜਾਈ ਵਿਚ ਗਏ ਹੋਏ ਸਨ ਉਹਨਾਂ ਦੇ ਆਪਣੇ ਦਿਲ ਦਾ ਦਰਦ ਇਸ ਲੋਕ-ਗੀਤ ਰਾਹੀਂ ਉਜਾਗਰ ਕੀਤਾ ਹੈ । ਭਾਵੇਂ ਕਿ ਅਰੂਜ਼ ਨਾਲ ਇਸ ਘਟਨਾਂ ਦਾ ਕੋਈ ਸਬੰਧ ਨਹੀ ਪਰ ਅਰੂਜ਼ ਵਰਗੇ ਖੁਸ਼ਕ ਵਿਸ਼ੇ ਨਾਲ ਮਗਜ਼-ਖਪਾਈ ਕਰਦਿਆਂ ਜੇ ਕੋਈ ਰੌਚਿਕ ਗਲ ਕਰ ਲਈ ਜਾਵੇ ਤਾਂ ਅਕੇਵਾਂ ਪੈਦਾ ਨਹੀ ਹੁੰਦਾ । ਖੁਸ਼ਕ, ਰੁੱਖੀ ਤੇ ਅਕਾਊ ਲਿਖ਼ਤ ਪਾਠਕ ਭਜਾਊ ਹੋ ਨਿੱਬੜਦੀ ਹੈ । ਕਿਉਂ ਕਿ ਆਪਾਂ ਜਾਣਦੇ ਹਾਂ
"ਪਾਠਕ ਮੂੰਹ ਨਾ ਲਾਉਣਗੇ, ਨਾ ਹੋਣੀ ਪਰਵਾਨ,
ਲਿਖ਼ਤਾਂ ਵਿਚ ਨਾ ਵਰਤੀਏ, ਰੁੱਖੀ ਖੁਸ਼ਕ ਜ਼ੁਬਾਨ "
ਖਲੀਲ ਬਿਨ ਅਹਿਮਦ ਦੀ ਮਾਤ ਭਾਸ਼ਾ ਅਰਬੀ ਸੀ  । ਅਰੂਜ਼ ਦੀਆਂ ਸਾਰੀਆਂ ਟੈਕਨੀਕਲ ਟਰਮਜ਼ ਅਰਬੀ ਭਾਸ਼ਾ ਵਿਚ ਹਨ । ਜੋ ਸਾਨੂੰ ਪੜਦਿਆਂ ਸਾਰ ਹੀ ਓਪਰੀਆਂ ਜੇਹੀਆਂ ਮਹਿਸੂਸ ਹੁੰਦੀਆਂ ਹਨ । ਆਉ ਦੇਖੀਏ ਕਿ ਇਹਨਾਂ ਟੈਕਨੀਕਲ ਟਰਮਜ਼ ਦੇ ਅਰਬੀ ਵਿਚ ਸ਼ਾਬਦਿਕ ਅਰਥ ਕੀ ਹਨ । ਇਨ੍ਹਾਂ ਦਾ ਜ਼ਿਕਰ ਕਰਨਾਂ ਵੀ ਵਿਸ਼ੇ ਨੂੰ ਰੋਚਕ ਬਣਾਉਂਦਾ ਹੈ ।

ਜਦੋਂ ਅਸੀਂ ਅਰੂਜ਼ ਨਾਲ ਸਬੰਧਤ ਭਾਰੇ ਭਾਰੇ ਜਾਪਦੇ ਸ਼ਬਦਾਂ ਦੇ ਅਰਬੀ ਭਾਸ਼ਾ ਵਿਚ ਸ਼ਾਬਦਿਕ ਅਰਥ ਜਾਣ ਲੈਂਦੇ ਹਾਂ ਤਾਂ ਸਾਨੂੰ ਬੜੀ ਰੌਚਕ ਜਾਣਕਾਰੀ ਮਿਲਦੀ ਹੈ । ਅਸੀਂ ਇਹ ਦੇਖ ਕੇ ਬਹੁਤ ਹੈਰਾਨ ਹੁੰਦੇ ਹਾਂ ਕਿ ਇਹ ਸ਼ਬਦ ਅਰਬੀ ਲੋਕਾਂ ਦੀ ਰੋਜ਼-ਮਰ੍ਹਾ ਦੇ ਕਿੰਨੇ ਨੇੜੇ ਹਨ । ਤੁਹਾਡੀ ਰੌਚਕਤਾ ਲਈ ਕੁਛ ਸ਼ਬਦਾਂ ਦੇ ਅਰਥ ਦਰਸਾ ਰਹੇ ਹਾਂ ।
ਆਪਾਂ ਜਾਣਦੇ ਹਾਂ ਕਿ ਅਰਬ ਦੇਸ਼ਾਂ ਦਾ ਵੱਢਾ ਹਿੱਸਾ ਮਾਰੂਥਲ ਜਾਂ ਰੇਗਿਸਤਾਨੀ ਹੈ । ਚਾਰੇ ਪਾਸੇ ਰੇਤ ਦੇ ਟਿੱਬੇ ਹੀ ਟਿੱਬੇ ਨਜ਼ਰ ਆਉਂਦੇ ਹਨ । ਅਜੋਕੇ ਦੌਰ ਵਿਚ ਅਰਬ ਮੁਲਕ ਤੇਲ ਦੇ ਭੰਡਾਰਾਂ ਦੀ ਵਜ੍ਹਾ ਨਾਲ ਬਹੁਤ ਤਰੱਕੀ ਕਰ ਗਏ ਹਨ । ਖ਼ਲੀਲ ਬਿਨ ਅਹਿਮਦ ਦਾ ਸਮਾਂ ਅੱਠਵੀ ਸਦੀ ਦਾ ਸਮਾਂ ਸੀ । ਇਨ੍ਹਾਂ ਸਮਿਆਂ ਵਿਚ ਅਰਬ ਮੁਲਕਾਂ ਵਿਚ  ਜਿੰਦਗੀ ਅਜ ਦੀ ਜ਼ਿੰਦਗੀ ਵਰਗੀ ਨਹੀ ਸੀ । ਲੋਕ ਖਾਨਾਬਦੋਸ਼ਾਂ ਵਾਂਗ ਵਿਚਰਦੇ ਸਨ ਅਤੇ ਤੰਬੂ-ਨੁਮਾ ਘਰਾਂ ਵਿਚ ਰਹਿੰਦੇ ਸਨ ।
ਜਦੋਂ ਅਸੀ ਅਰੂਜ਼ ਦੇ ਪਰਿਭਾਸ਼ਿਕ ਸ਼ਬਦਾਂ ਦੀ ਅਰਬੀ ਵਿਚਲੇ ਸ਼ਾਬਦਿਕ ਅਰਥਾਂ ਦੀ ਜਾਂਚ ਕਰਦੇ ਹਾਂ ਤਾਂ ਸਾਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਅਰੂਜ਼ ਨਾਲ ਸਬੰਧਿਤ  ਸਾਰੇ ਸ਼ਬਦ ਉਹਨਾਂ ਦੇ ਤੰਬੂ-ਨੁਮਾਂ ਘਰ ਨਾਲ ਹੀ ਸਬੰਧਿਤ ਹਨ । ਆਉ ਜਰਾ ਇਨ੍ਹਾਂ ਸ਼ਬਦਾਂ ਦੀ ਘੁੰਡੀ ਖੋਲੀਏ,
ਅਰੂਜ਼---ਅਰੂਜ਼ ਦਾ ਅਰਬੀ ਭਾਸ਼ਾ ਵਿਚ ਖੈਮੇਂ (ਤੰਬੂ-ਨੁਮਾ ਘਰ) ਦੇ ਵਿਚਕਾਰਲੀ ਚੋਭ ਨੂੰ ਕਿਹਾ ਜਾਂਦਾ ਹੈ, ਜਿਸ ਦੇ ਸਹਾਰੇ ਤੰਬੂ ਖੜਦਾ ਹੈ ।
ਸ਼ਿਅਰ--ਸ਼ਿਅਰ ਦਾ ਸ਼ਾਬਦਿਕ ਅਰਥ ਏਹੋ ਖੈਮਾਂ , ਜਾਂ ਏਹੋ ਘਰ ਹੁੰਦਾ ਹੈ ।
ਮਿਸਰਾ--- ਮਿਸਰਾ ਦਰਵਾਜੇ ਦੇ ਇਕ ਪਾਟ ਨੂੰ ਕਿਹਾ ਜਾਂਦਾ ਹੈ । ਜਿਵੇਂ ਕਿ ਦੋ ਪਾਟ ਜੋੜ ਕੇ ਦਰਵਾਜ਼ਾ ਬਣਦਾ ਹੈ ਇਵੇਂ ਹੀ ਦੋ ਮਿਸਰੇ ਜੋੜ ਕੇ ਇਕ ਸ਼ਿਅਰ ਬਣਦਾ ਹੈ ।
ਅਰੂਜ਼ੀਆਂ ਨੇ ਸ਼ਿਅਰ ਨੂੰ ਛੇ ਹਿੱਸਿਆਂ ਵਿਚ ਵੰਡਿਆ ਹੈ
ਸਦਰ ਹਸ਼ਵ ਅਰੂਜ਼
ਇਬਤਦਾ ਹਸ਼ਵ ਜ਼ਰਬ
ਹਰੇਕ ਸ਼ਿਅਰ ਵਿਚ ਪਹਿਲੇ ਮਿਸਰੇ ਦਾ ਅਖ਼ੀਰਲਾ ਪਦ ਤੰਬੂ ਦੇ ਵਿਚਾਕਰਲੀ ਨੋਕ ਵਾਂਗ ਸਥਿਰ ਰਹਿੰਦਾ ਹੈ । ਗ਼ਜ਼ਲ ਦੇ ਸਾਰੇ ਸ਼ਿਅਰ ਹੀ ਪਹਿਲੇ ਮਿਸਰੇ ਦੇ ਅਖ਼ੀਰਲੇ ਪਦ ਨਾਲ ਹੀ ਬੱਝੇ ਹੁੰਦੇ ਹਨ । ਮਿਸਾਲ ਦੇ ਤੌਰ ਤੇ
ਜ਼ਿੰਦਗੀ ਅਪਣੀ  ਚ ਖ਼ੁਦ ਹੀ ਜ਼ਹਿਰ ਭਰਨਾ ਯਾਦ ਹੈ ।
ਇਸ਼ਕ ਦੇ ਰਾਹਾਂ ਚ, ਪਹਿਲਾ ਪੈਰ ਧਰਨਾ ਯਾਦ ਹੈ ।


ਜ਼ਿੰਦਗੀ ਚੋਂ ਗ਼ਮ ਨਫੀ ਹੋਣਾ ਸੀ ਉਸ ਨੂੰ ਭੁੱਲ ਕੇ,
ਬੇਖ਼ੁਦੀ ਵਿਚ ਰਾਜ ਨੂੰ ਫਿਰ ਯਾਦ ਕਰਨਾ ਯਾਦ ਹੈ ।
(ਰਾਜਵੰਤ ਬਾਗੜੀ)
ਰਾਜਵੰਤ ਬਾਗੜੀ ਦੀ ਇਸ ਗ਼ਜ਼ਲ ਵਿਚ ਪਹਿਲੇ ਮਿਸਰੇ ਦਾ ਅਖ਼ੀਰਲਾ ਪਦ 'ਭਰਨਾ ਯਾਦ ਹੈ' ਬਣਦਾ ਹੈ । ਗ਼ਜ਼ਲ ਦੇ ਬਾਕੀ ਸ਼ਿਅਰ ਵੀ ਇਸੇ ਪਦ ਨਾਲ ਬੱਝਣਗੇ ਜਿਵੇਂ ਭਰਨਾ ਯਾਦ ਹੈ, ਧਰਨਾ ਯਾਦ ਹੈ, ਕਰਨਾ ਯਾਦ ਹੈ ।
ਸਬੱਬ---ਅਰੂਜ਼ ਵਿਚ ਦੋ ਹਰਫ਼ੀ ਸ਼ਬਦਾਂਗ ਨੂੰ ਸਬੱਬ ਕਹਿੰਦੇ ਹਨ । ਅਰਬੀ ਭਾਸ਼ਾ ਵਿਚ ਸਬੱਬ ਰੱਸੇ ਨੂੰ ਕਹਿੰਦੇ ਹਨ ਜਿਸ ਨਾਲ ਤੰਬੂ ਬੰਨ੍ਹਿਆ ਹੁੰਦਾ ਹੈ ।
ਵਤਦ-- ਵਤਦ ਤਿੰਨ ਅੱਖਰੀ ਸ਼ਬਦਾਂ ਦਾ ਸ਼ਬਦਾਂਗ ਨੂੰ ਕਿਹਾ ਜਾਂਦਾ ਹੈ । ਪਰ ਅਰਬੀ ਭਾਸ਼ਾ ਵਿਚ ਵਤਦ ਦਾ ਅਰਥ ਕਿੱਲਾ ਹੁੰਦਾ ਹੈ ਜਿਸ ਨਾਲ ਤੰਬੂ ਦੇ ਰੱਸੇ ਨੂੰ ਬੰਨ੍ਹਿਆਂ ਜਾਂਦਾ ਹੈ ।
ਰੁਕਨ--- ਰੁਕਨ ਜਾਂ ਗਣ ਉਹ ਮਾਪ ਹਨ ਜਿਹਨਾਂ ਨਾਲ ਅਰੂਜ਼ ਦੀਆਂ ਬਹਿਰਾਂ ਮਾਪੀਆਂ ਤੋਲੀਆਂ ਜਾਂਦੀਆਂ ਹਨ । ਅਰਬੀ ਭਾਸ਼ਾ ਵਿਚ ਰੁਕਨ ਥੰਮ ਨੂੰ ਕਹਿੰਦੇ ਹਨ ਜਿਸ ਦੇ ਸਹਾਰੇ ਤੰਬੂ ਖੜਦਾ ਹੈ ।
ਦੋਸਤੋ ਤੁਸੀਂ ਦੇਖ ਹੀ ਲਿਆ ਹੇ ਕਿ ਅਰਬੀ ਭਾਸ਼ਾ ਦੇ ਪਰਿਭਾਸ਼ਿਕ ਸ਼ਬਦ ਅਰਬੀ ਲੋਕਾਂ ਦੇ ਜੀਵਨ ਦੇ ਨਾਲ ਕਿੰਨੇ ਨੇੜਿਉਂ ਜੁੜੇ ਹੋਏ ਹਨ ।

ਕ੍ਰਿਸ਼ਨ ਭਨੋਟ

1 comment: