Tuesday, 17 January 2017
ਅੱਖਰ ਗਿਰਾਉਣ ਦਾ ਵਿਧਾਨ
"ਹੋ ਜਾਂਦੀ ਹੈ ਇਸ ਤਰ੍ਹਾਂ, ਕਹਿਣੀ ਗ਼ਜ਼ਲ ਅਸਾਨ,
ਅੱਖਰ ਡੇਗਣ ਦਾ ਤੁਸੀਂ, ਜਾਣੋ ਕ੍ਰਿਸ਼ਨ ਵਿਧਾਨ ।"
ਪਿਆਰੇ ਦੋਸਤੋ ਗ਼ਜ਼ਲ ਲਿਖਣ ਵਾਸਤੇ ਅਰੂਜ਼ੀ ਵਿਦਵਾਨਾਂ ਨੇ ਸਾਨੂੰ ਕੁਛ ਅੱਖਰ ਗਿਰਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ, ਤਾਂ ਕਿ ਅਸੀਂ ਲੋੜ ਪੈਣ ਤੇ ਇਹ ਖੁੱਲ੍ਹ ਵਰਤ ਕੇ ਆਪਣੇ ਖਿਆਲਾਂ ਦਾ ਇਜ਼ਹਾਰ ਕਰ ਸਕੀਏ । ਅੱਖਰ ਗਿਰਾਉਣ ਦਾ ਮਤਲਬ ਇੱਥੇ ਸਿਰਫ਼ ਅੱਖਰ ਗਿਰਾਉਣ ਤੋਂ ਹੀ ਨਹੀ ਬਲਕਿ ਲਗਾਂ ਮਾਤਰਾਂ ਗਿਰਾਉਣ ਤੋਂ ਵੀ ਹੈ । ਕਿਉਂ ਕਿ ਸ਼ਿਅਰ ਦਾ ਵਜ਼ਨ ਨਿਰਧਾਰਿਤ ਕਰਦਿਆਂ ਹੋਇਆਂ ਅਸੀਂ ਲਗਾਂ ਮਾਤਰਾਂ ਵੀ ਗਿਣਦੇ ਹਾਂ । ਗ਼ਜ਼ਲ ਇੱਕ ਬਹੁਰ ਨਾਜ਼ੁਕ ਕਾਵਿ ਰੂਪ ਹੈ । ਹਰ ਇੱਕ ਗ਼ਜ਼ਲ ਨੇ ਗਾਇਆ ਜਾਣਾ ਹੁੰਦਾ ਹੈ, ਇਸ ਲਈ ਇਸ ਦੇ ਸ਼ਿਅਰਾਂ ਦਾ ਬਹਿਰ-ਬੱਧ ਹੋਣਾ ਬਹੁਤ ਜ਼ਰੂਰੀ ਹੈ , ਕਿਉਂ ਕਿ ਬੇ-ਬਹਿਰੀ ਰਚਨਾਂ ਸੰਗੀਤਮਈ ਨਹੀ ਹੋ ਸਕਦੀ । ਸ਼ਿਅਰ ਦਾ ਕੋਈ ਵੀ ਸ਼ਬਦ ਅਗਰ ਮੀਟਰ ਚ ਨਾ ਹੋਵੇ ਤਾਂ ਉਹ ਗਾਉਣ ਵਿੱਚ ਰੁਕਾਵਟ ਪੈਦਾ ਕਰਦਾ ਹੈ ਤੇ ਉਹ
"ਜੀਕਣ ਦਾਲ਼ ਚ ਕੋਕੜੂ, ਰੜਕ ਪਵੇ ਝੱਟ ਪੱਟ,
ਗ਼ਜ਼ਲਾਂ ਵਿੱਚ ਨਾ ਪੁੱਗਦੀ, ਲਗ ਮਾਤਰ ਵੱਧ ਘੱਟ ।"
ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈਣੀ ਚਾਹੀਦੀ ਹੈ, ਕਿ ਅੱਖਰ ਸਿਰਫ਼ ਅਣ-ਸਰਦੇ ਨੂੰ ਹੀ ਗਿਰਾਉਣੇ ਚਾਹੀਦੇ ਹਨ ਤਾਂ ਕਿ ਸ਼ਿਅਰ ਦੀ ਲੈ-ਬੱਧਤਾ ਤੇ ਬਹੁਤਾ ਅਸਰ ਨਾ ਪਵੇ । ਐਵੇਂ ਅੱਖਰ ਗਿਰਾਉਣ ਨਾਲ ਸ਼ਿਅਰਾਂ ਵਿੱਚ ਬੇ-ਸੁਆਦੀ ਪੈਦਾ ਹੋ ਜਾਵੇ ਤੇ ਸਾਡਾ ਗ਼ਜ਼ਲ ਲਿਖਣ ਦਾ ਮੰਤਵ ਹੀ ਨਾ ਗੁਆਚ ਜਾਵੇ । ਇਸੇ ਕਰਕੇ ਹੀ ਉਰਦੂ ਦੇ ਉਸਤਾਦ ਸ਼ਾਇਰ ਦਾਗ਼ ਸਾਹਿਬ ਲਿਖਦੇ ਹਨ--
"ਵੁਹ ਫ਼ਸਾਹਤ ਸੇ ਗਿਰਾ, ਸ਼ਿਅਰ ਮੇਂ ਜੋ ਹਰਫ਼ ਦਬਾ,"
ਇਸ ਦਾ ਮਤਲਬ ਹੈ ਕਿ ਜਿਸ ਸ਼ਿਅਰ ਵਿਚ ਅੱਖਰ ਗਿਰਾਇਆ ਜਾਵੇ ਜਾਂ ਦਬ ਜਾਵੇ, ਉਸ ਸ਼ਿਅਰ ਵਿਚ ਜ਼ੁਬਾਨ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ । ਇਸ ਕਰਕੇ ਸ਼ਾਇਰ ਦੀ ਵੱਧ ਤੋਂ ਵੱਧ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਅੱਖਰ ਗਿਰਾਏ ਜਾਣ । ਸਿਰਫ਼ ਅਣ-ਸਰਦੇ ਨੂੰ ਹੀ ਅੱਖਰ ਗਿਰਾਉਣਾ ਚਾਹੀਦਾ ਤਾਂ ਕਿ ਸ਼ਿਅਰ ਦੀ ਖ਼ੂਬਸੂਰਤੀ ਤੇ ਕੋਈ ਫਰਕ ਨਾ ਪਵੇ ।
ਇਲਮ ਅਰੂਜ਼ ਦਾ ਸਬੰਧ, ਲਿਖੇ ਹੋਏ ਸ਼ਬਦਾਂ ਨਾਲ ਨਹੀ ਸਗੋਂ ਉਚਾਰੇ ਹੋਏ ਸ਼ਬਦਾਂ ਨਾਲ ਹੈ । ਵਜ਼ਨ ਵਿੱਚ ਸਿਰਫ਼ ਉਹੀ ਅੱਖਰ ਗਿਣੇ ਜਾਂਦੇ ਹਨ ਜਿਹੜੇ ਲਿਖੇ ਹੋਏ ਵੀ ਹੋਣ ਤੇ ਉਹਨਾਂ ਨੂੰ ਬੋਲਿਆ ਵੀ ਜਾਵੇ ।
"ਓਹੀ ਅੱਖਰ ਸ਼ਿਅਰ ਦੇ, ਵਜ਼ਨ ਬਹਿਰ ਵਿੱਚ ਆਉਣ,
ਕ੍ਰਿਸ਼ਨ ਲਿਖੇ ਵੀ ਜਾਣ ਜੋ, ਤੇ ਬੋਲੇ ਵੀ ਜਾਣ ।"
ਬਹਿਰ ਦੀ ਲੋੜ ਅਨੁਸਾਰ ਜਦੋਂ ਕਿਤੇ ਦੀਰਘ ਲਗਾਂ ਦਬਾ ਕੇ ਬੋਲੀਆਂ ਜਾਣ, ਅਰੂਜ਼ੀ ਪਰਿਭਾਸ਼ਾ ਅਨੁਸਾਰ ਇਸੇ ਨੂੰ ਹੀ ਅੱਖਰ ਦਬਣਾ ਜਾਂ ਅੱਖਰ ਗਿਰਾਉਣਾ ਕਿਹਾ ਜਾਂਦਾ ਹੈ । ਅੱਖਰ ਗਿਰਾਉਣ ਦੇ ਜੋ ਅਸੂਲ ਅਰੂਜ਼ੀ ਵਿਦਵਾਨਾਂ ਨੇ ਘੜੇ ਹਨ, ਉਨ੍ਹਾਂ ਅਸੂਲਾਂ ਨੂੰ ਹੀ ਅਸੀਂ ਅੱਖਰ ਗਿਰਾਉਣ ਦਾ ਵਿਧਾਨ ਕਹਿੰਦੇ ਹਾਂ । ਹੁਣ ਆਪਾਂ ਅੱਖਰ ਗਿਰਾਉਣ ਦੇ ਵਿਧਾਨ ਬਾਰੇ ਚਰਚਾ ਕਰਾਂਗੇ ।
ਗੁਰਮੁਖੀ ਲਿਪੀ ਅਨੁਸਾਰ ਲਗਾਂ ਦੋ ਕਿਸਮ ਦੀਆਂ ਹੁੰਦੀਆਂ ਹਨ, ਲਘੂ ਲਗਾਂ ਅਤੇ ਦੀਰਘ ਲਗਾਂ ।
ਸਿਹਾਰੀ, ਔਂਕੜ ਤੇ ਬਿੰਦੀ ਲਘੂ ਲਗਾਂ ਹਨ ਤੇ ਬਾਕੀ ਸਾਰੀਆਂ ਦੀਰਘ ਲਗਾਂ ਕਹਾਉਂਦੀਆਂ ਹਨ ।
ਸਿਹਾਰੀ, ਔਕੜ ਤੇ ਬਿੰਦੀ ਸ਼ਿਅਰ ਦਾ ਵਜ਼ਨ ਕਰਨ ਲੱਗਿਆਂ ਕਿਸੇ ਵੀ ਗਿਣਤੀ ਵਿਚ ਨਹੀ ਆਉਂਦੀਆਂ । ਲਘੂ ਲਗਾਂ ਲਿਖੀਆਂ ਤਾਂ ਜਾਦੀਆਂ ਹਨ ਪਰ ਸ਼ਿਅਰ ਦੇ ਵਜ਼ਨ ਚੋਂ ਖਾਰਜ਼ ਹੁੰਦੀਆਂ ਹਨ । ਕਿਉਂ ਕਿ ਲਘੂ ਲਗਾਂ ਉਚਾਰਣ ਸਮੇਂ ਕੋਈ ਸਮਾਂ ਨਹੀ ਲੈਂਦੀਆਂ । ਜਗਤ-ਰਵੀਰੇ ਅਨੁਸਾਰ ਜ਼ੋਰਾਵਰਾਂ ਦੀ ਪੁੱਛ-ਪ੍ਰਤੀਤ ਹੁੰਦੀ ਹੈ, ਮਾੜੇ ਧੀੜੇ ਭਲਾ ਕਿਸ ਗਿਣਤੀ ਵਿੱਚ ਆਉਂਦੇ ਹਨ ।
"ਕਮਜ਼ੋਰਾਂ ਨੂੰ ਜੱਗ ਤੇ, ਪੁਛਦੈ ਦੱਸੋ ਕੌਣ,
ਤਾਂ ਹੀ ਕ੍ਰਿਸ਼ਨ ਲਘੂ ਲਗਾਂ, ਗਿਣਤੀ ਵਿੱਚ ਨਾ ਆਉਣ ।"
ਦੀਰਘ ਲਗਾਂ ਗਿਰਾਉਣ ਦੇ ਅਸੂਲ--
"ਤੇਰੀ ਪੌਣਾਂ ਜਹੀ ਫਿਤਰਤ, ਉਡਾਵੇ ਨਾ ਕਿਤੇ ਮੈਨੂੰ,
ਮੇਰਾ ਹਲਕਾ ਹਵਾ ਤੋਂ ਭਾਰ, ਮੇਰੇ ਕੋਲ ਨਾ ਆਵੀਂ ।"
(ਰਾਜਵੰਤ ਬਾਗੜੀ)
ਇਹ ਸ਼ਿਅਰ ਬਹਿਰ ਹਜਜ਼ ਵਿੱਚ ਕਿਹਾ ਗਿਆ ਹੈ । ਮੁਫਾਈਲੁਨ ਰੁਕਨ ਬਹਿਰ ਹਜਜ਼ ਦੀ ਚਾਲ ਨਿਰਧਾਰਿਤ ਕਰਦਾ ਹੈ । ਸ਼ਿਅਰ ਦੇ ਦੋਹਾਂ ਮਿਸਰਿਆਂ ਦੇ ਪਹਿਲੇ ਸ਼ਬਦ ਕ੍ਰਮਵਾਰ 'ਤੇਰੀ' ਤੇ 'ਮੇਰਾ' ਦੀ ਲਾਂਵ ਗਿਰਾਈ ਗਈ ਹੈ । ਤੇ ਇਹ ਸ਼ਬਦ ਹਜਜ਼ ਬਹਿਰ ਦੇ ਅਨੁਸਾਰ ਹੋ ਗਏ ਹਨ । ਕਿਸੇ ਵੀ ਸ਼ਬਦ ਦੀਆਂ ਮੁਢਲੀਆਂ ਅਤੇ ਪਿਛਲੀਆਂ ਲਾਵਾਂ ਗਿਰਾਉਣ ਦੀ ਇਜ਼ਾਜਤ ਹੈ । ਲਾਂਵ ਗਿਰ ਕੇ ਸਿਹਾਰੀ ਵਿੱਚ ਬਦਲ ਜਾਂਦੀ ਹੈ ਅਤੇ ਇਸ ਤਰ੍ਹਾਂ ਵਜ਼ਨ ਵਿੱਚੋਂ ਖਾਰਜ ਹੋ ਜਾਂਦੀ ਹੈ ।
ਟਿੱਪੀ ਗਿਰਾਉਣੀ
"ਹਰਿਕ ਹਾਦਸੇ ਬਾਅਦ, ਡਿਗਦਾ, ਸੰਭਲਦਾ,
ਸੰਭਲਦਾ ਹੈ ਦਿਲ ਤਾਂ ਸੰਭਲਦਾ ਸੰਭਲਦਾ ।"
ਉਪਰੋਕਤ ਮਤਲਾ ਬਹਿਰ ਮੁਤਕਾਰਿਬ ਵਿੱਚ ਕਿਹਾ ਗਿਆ ਹੈ । ਬਹਿਰ ਮੁਤਕਾਰਿਬ ਦਾ ਰੁਕਨ ਫਊਲੁਨ ਹੈ । ਏਸ ਮਤਲੇ ਵਿੱਚ ਆਏ ਸ਼ਬਦ ਸੰਭਲਦਾ ਦੀ ਟਿੱਪੀ ਗਿਰਾਈ ਗਈ ਹੈ । ਟਿੱਪੀ ਗਿਰ ਕੇ ਇਸ ਦਾ ਵਜ਼ਨ ਬਿੰਦੀ ਦੇ ਬਰਾਬਣ ਗਿਣ ਲਿਆ ਜਾਂਦਾ ਹੈ ਅਤੇ ਬਿੰਦੀ ਵਜ਼ਨ ਪੱਖੋਂ ਖਾਰਜ ਹੋ ਜਾਂਦੀ ਹੈ ।
ਦੁਲੈਂਕੜ ਤੇ ਟਿੱਪੀ ਗਿਰਾਉਣੀ,
"ਇਰਾਦਾ, ਹੌਸਲਾ, ਹਿੰਮਤ ਅਤੇ ਬਲ ਸਾਂਭ ਕੇ ਰੱਖੀਂ,
ਤੁੰ ਜਿੱਥੇ ਪਹੁੰਚਣੈ, ਅੱਖਾਂ ਚ ਮੰਜ਼ਿਲ ਸਾਂਭ ਕੇ ਰੱਖੀਂ ।"
ਇਹ ਮਤਲਾ ਬਹਿਰ ਹਜਜ਼ ਦਾ ਹੈ, ਇਸ ਸ਼ਿਅਰ ਦੇ ਦੂਸਰੇ ਮਿਸਰੇ ਦੇ ਪਹਿਲੇ ਅੱਖਰ ਦੀਆਂ ਦੋਵੇਂ ਦੀਰਘ ਲਗਾਂ ਗਿਰਾਈਆਂ ਗਈਆਂ ਹਨ । ਇਸ ਤਰ੍ਹਾਂ ਦੁਲੈਂਕੜ ਤੇ ਟਿੱਪੀ ਗਿਰ ਕੇ 'ਤੁ' ਵਿੱਚ ਬਦਲ ਗਏ ਹਨ । ਇਸ ਤਰ੍ਹਾਂ ਦੀਰਘ ਲਗਾਂ ਵਜ਼ਨ ਚੋਂ ਖਾਰਜ ਹੋ ਗਈਆਂ ਹਨ ।
ਦੁਲੈਂਕੜ ਗਿਰਾਉਣੇ--
ਨੀਂਦ ਸਾਗਰ ਦੀ ਨੂੰ ਢਕਿਆ ਹੈ ਧੁੰਦ ਨੇ,
ਮਾਰੂ ਥਲ ਵਿਚ ਫਿਰ ਤੋਂ ਸੂਰਜ ਚਮਕਿਆ ।"
(ਦਵਿੰਦਰ ਪੂਨੀਆਂ)
ਇਹ ਸ਼ਿਅਰ ਬਹਿਰ ਰਮਲ ਵਿੱਚ ਕਿਹਾ ਗਿਆ ਹੈ । ਜਿਸਦਾ ਰੁਕਨ ਫਾਇਲਾਤੁਨ ਹੈ । ਏਸ ਸ਼ਿਅਰ ਦੇ ਦੂਸਰੇ ਮਿਸਰੇ ਦੇ ਪਹਿਲੇ ਸ਼ਬਦ ਮਾਰੂਥਲ ਵਿਚ ਰੂ ਦੇ ਦੁਲੈਂਕੜ ਗਿਰਾਏ ਗਏ ਹਨ। ਦੁਲੈਂਕੜ ਗਿਰ ਕੇ ਰੂ ਤੋਂ ਰੁ ਦਾ ਵਜ਼ਨ ਰਹਿ ਗਿਆ ਹੈ । ਤੇ ਇਸ ਤਰ੍ਹਾਂ ਦੁਲੈਂਕੜ ਵਜ਼ਨ ਚੋਂ ਖਾਰਿਜ ਹੋ ਗਏ ਹਨ ।
ਬਿਹਾਰੀ ਦਾ ਗਿਰਾਉਣਾ--
"ਜ਼ਿੰਦਗੀ ਮੁਜ਼ਰਮ ਹਾਂ ਤੇਰਾ, ਜੀ ਕਰੇ ਜੋ ਦੇ ਸਜ਼ਾ,
ਬਣਦੀ ਹਦ ਤਕ ਜ਼ੁਲਫ ਤੇਰੀ ਨੂੰ ਜੇ ਸੁਲਝਾਇਆ ਨਹੀ ।"
(ਹਰਬੰਸ ਮਾਛੀਵਾੜਾ)
ਉਪਰੋਕਤ ਸ਼ਿਅਰ ਬਹਿਰ ਰਮਲ ਵਿੱਚ ਕਿਹਾ ਗਿਆ ਹੈ । ਸ਼ਿਅਰ ਦੇ ਦੂਸਰੇ ਮਿਸਰੇ ਵਿਚ ਬਣਦੀ ਸ਼ਬਦ ਦੀ ਬਿਹਾਰੀ ਗਿਰ ਕੇ ਸਿਹਾਰੀ ਵਿਚ ਤਬਦੀਲ ਹੋ ਕੇ ਵਜ਼ਨ ਚੋਂ ਖਾਰਜ਼ ਹੋ ਗਈ ਹੈ । ਤੇ ਬਣਦੀ ਹੁਣ ਬਣਦਿ ਦੇ ਬਰਾਬਰ ਉਚਾਰਣ ਹੋਇਆ ਹੈ ।
ਕੰਨਾਂ ਗਿਰਾਉਣਾ--
ਕਿਸੇ ਸ਼ਬਦ ਦਾ ਅੰਤਲਾ ਕੰਨਾਂ ਗਿਰਾਉਣਾ ਅਰੂਜ਼ੀ ਵਿਦਵਾਨਾਂ ਨੇ ਸਹੀ ਕਰਾਰ ਦਿੱਤਾ ਹੈ ।
"ਅਸੀਂ ਮੱਥੇ ਦਾ ਦੀਵਾ ਬਾਲਿਆ, ਕਹਿੰਦੇ ਬੁਝਾ ਦੇਵੋ,
ਇਹ ਅਸਲੀ ਥਾਂ ਨਹੀ ਇਸ ਨੂੰ, ਕਬਰ ਉੱਤੇ ਟਿਕਾ ਦੇਵੋ ।"
ਇਹ ਮਤਲਾ ਬਹਿਰ ਹਜਜ਼ ਵਿੱਚ ਕਿਹਾ ਗਿਆ ਹੈ । ਇਸ ਮਤਲੇ ਦੇ ਪਹਿਲੇ ਮਿਸਰੇ ਦੇ ਸ਼ਬਦ 'ਦਾ' ਦਾ ਕੰਨਾਂ ਗਿਰਾਇਆ ਗਿਆ ਹੈ । ਜਿਸ ਨਾਲ 'ਦ' ਮੁਕਤਾ ਰਹਿ ਗਿਆ ਇਸ ਤਰ੍ਹਾਂ ਇਸ ਮਤਲੇ ਦਾ ਉਚਾਰਣ ਇਸ ਤਰ੍ਹਾਂ ਹੋਵੇਗਾ, "ਅਸੀਂ ਮੱਥੇ ਦ ਦੀਵਾ ਬਾਲ਼ਿਆ" , ਸੋ ਇਸ ਤਰ੍ਹਾਂ , 'ਦਾ' ਸ਼ਬਦ ਦਾ ਕੰਨਾ ਗਿਰਕੇ ਵਜ਼ਨੋਂ ਖਾਰਜ਼ ਹੋ ਗਿਆ ਹੈ । ਕੰਨਾਂ ਬਿੰਦੀ ਸਮੇਤ ਵੀ ਗਿਰਾਇਆ ਜਾ ਸਕਦਾ ਹੈ ।
ਹੋੜਾ ਗਿਰਾਉਣਾ--
ਲੋੜ ਪੈਣ ਤੇ ਬਹਿਰ ਮੁਤਾਬਕ ਹੋੜਾ ਗਿਰਾਉਣ ਦੀ ਵੀ ਇਜਾਜ਼ਤ ਹੈ ।
"ਧੜਕਣ ਤੋਂ ਦੂਰ ਹੋਏ, ਬਸ ਜਿਸਮ ਫਿਰ ਰਹੇ ਨੇ,
ਪਥਰਾ ਗਏ ਨੇ ਲੋਕੀ, ਅਪਣੇ ਦਿਲਾਂ ਤੋਂ ਚੋਰੀ ।"
(ਜਗਤਾਰ ਸੇਖਾ)
ਇਸ ਸ਼ਿਅਰ ਦੇ ਪਹਿਲੇ ਤੇ ਦੂਸਰੇ ਮਿਸਰੇ ਵਿੱਚੋਂ 'ਤੋਂ' ਸ਼ਬਦ ਦਾ ਹੋੜਾ ਗਿਰਾ ਦਿੱਤਾ ਗਿਆ ਹੈ । ਹੋੜਾ ਗਿਰਕੇ ਇਹ ਸ਼ਬਦ ਕੇਵਲ 'ਤੁ' ਦੇ ਬਰਾਬਰ ਦਾ ਰਹਿ ਗਿਆ ਹੈ । ਇਸ ਤਰ੍ਹਾਂ ਪਹਿਲੇ ਮਿਸਰੇ ਦਾ ਉਚਾਰਣ "ਧੜਕਣ ਤੁ ਦੂਰ ਹੋਏ" ਅਤੇ ਦੂਸਰੇ ਮਿਸਰੇ ਦਾ ਉਚਾਰਣ " ਦਿਲਾਂ ਤੁ ਚੋਰੀ" ਦੇ ਬਰਾਬਰ ਮੰਨਿਆ ਜਾਵੇਗਾ ।
ਅੱਧਕ ਗਿਰਾਉਣਾ--
"ਸ਼ਾਮ ਅੱਜ ਹੈ ਨਹੀ ਮੇਰੇ ਵੱਲ ਦੀ,
ਦਿਲ ਮੇਰਾ ਤਾਂ ਖਰਾਬ ਹੁੰਦਾ ਹੈ ।"
(ਦਵਿੰਦਰ ਪੂਨੀਆਂ)
ਇਹ ਸ਼ਿਅਰ ਬਹਿਰ ਖ਼ਫੀਫ ਵਿੱਚ ਹੈ, ਇਸ ਸ਼ਿਅਰ ਦੇ ਪਹਿਲੇ ਮਿਸਰੇ ਦੇ ਸ਼ਬਦ 'ਅੱਜ' ਅਤੇ 'ਵੱਲ' ਦੇ ਅਧੱਕ ਗਿਰ ਕੇ ਇਹ ਸ਼ਬਦ 'ਅਜ' ਤੇ 'ਵਲ' ਦੇ ਉਚਾਰਣ ਤੇ ਬੰਨ੍ਹੇ ਗਏ ਹਨ । ਇਸ ਤਰ੍ਹਾਂ ਸ਼ਬਦਾਂ ਦੇ ਉੱਤੋਂ ਅੱਧਕ ਗਿਰ ਕੇ ਅੱਖਰ ਕ੍ਰਮਵਾਰ 'ਅ' ਮੁਕਤਾ ਅਤੇ 'ਵ' ਮੁਕਤਾ ਰਹਿ ਗਏ ਹਨ । ਲੋੜ ਅਨੁਸਾਰ ਸ਼ਾਇਰ ਨੂੰ ਅੱਧਕ ਗਿਰਾਉਣ ਦੀ ਇਜ਼ਾਜਤ ਹੈ ।
ਦੁਲਾਵਾਂ ਗਿਰਾਉਣੀਆਂ--
"ਜੇ ਦਿਲ ਵਿਚ ਗੱਲ ਹੈ ਜ਼ਜਬਾ ਹੈ ਤੜਪਨ ਹੈ ਦਿਲ ਅੰਦਰ,
ਤਾਂ ਸੰਗਣਾ ਕੀ ਸਨਮ ਚੁੱਕੋ ਕਲਮ ਆਉ ਗ਼ਜ਼ਲ ਲਿਖੀਏ ।"
(ਅਮਰਜੀਤ ਸੰਧੂ)
ਏਸ ਸ਼ਿਅਰ ਦੇ ਪਹਿਲੇ ਮਿਸਰੇ ਦੇ ਆਖ਼ਰੀ ਰੁਕਨ ਮੁਫਾਈਲੁਨ ਦੇ 'ਹੈ' ਸ਼ਬਦ ਦੀਆਂ ਦੁਲਾਵਾਂ ਗਿਰਾ ਦਿੱਤੀਆਂ ਗਈਆਂ ਹਨ , ਅਤੇ 'ਹੈ' ਸ਼ਬਦ ਨੂੰ 'ਹ' ਦੇ ਬਰਾਬਰ ਹੀ ਬੰਨ੍ਹਿਆ ਗਿਆ ਹੈ । ਇਹ ਰੁਕਨ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ , ਹ ਦਿਲ ਅੰਦਰ ।
ਪਿਆਰੇ ਦੋਸਤੋ ਦੀਰਘ ਲਗਾਂ ਗਿਰਾਉਣ ਬਾਰੇ ਆਪਾਂ ਵਿਚਾਰ ਚਰਚਾ ਮੁਕੰਮਲ ਕਰ ਲਈ ਹੈ । ਉਦਾਹਰਣ ਵਜੋਂ ਦਰਸਾਏ ਸ਼ਿਅਰਾਂ ਵਿਚ ਜਿਹੜੀ ਲਗ ਵਜ਼ਨ ਵਿੱਚੋਂ ਖਾਰਜ ਕੀਤੀ ਗਈ ਹੈ, ਸਿਰਫ਼ ਉਸ ਲਗ ਵੱਲ ਇਸ਼ਾਰਾ ਕੀਤਾ ਗਿਆ ਹੈ, ਸਾਰੇ ਸ਼ਿਅਰ ਦੀ ਤਕਤੀਹ ਨਹੀ ਕੀਤੀ ਗਈ । ਸ਼ਿਅਰਾਂ ਦੀ ਤਕਤੀਹ ਬਾਰੇ ਅੱਗੇ ਜਾ ਕੇ ਚਰਚਾ ਕਰਾਂਗੇ ।
ਇੱਥੇ ਇਹ ਦੱਸ ਦੇਣਾ ਜਰੂਰੀ ਹੈ ਕਿ ਦੀਰਘ ਲਗਾਂ ਕਿਸੇ ਅਸੂਲ ਅਨੁਸਾਰ ਹੀ ਗਿਰਾਈਆਂ ਜਾਂ ਸਕਦੀਆਂ ਹਨ । ਜੇ ਅਸੀਂ ਇਨ੍ਹਾਂ ਅਸੂਲਾਂ ਤੋਂ ਉਲਟ ਜਾ ਕੇ ਕੋਈ ਦੀਰਘ ਲਗ ਗਿਰਾਵਾਂਗੇ ਤਾਂ ਉਹ ਸ਼ਿਅਰ ਬਹਿਰ ਤੋਂ ਬਾਹਰ ਸਮਝਿਆ ਜਾਵੇਗਾ । ਦੀਰਘ ਲਗਾਂ ਗਿਰਾਉਣ ਦੀ ਇੱਕ ਨਿਸ਼ਚਿਤ ਹੱਦ ਹੈ । ਹੁਣ ਆਪਾਂ ਕੁਝ ਉਨ੍ਹਾਂ ਅਸੂਲਾਂ ਦੀ ਗੱਲ ਕਰਾਂਗੇ ਜਿੱਥੇ ਦੀਰਘ ਲਗਾਂ ਗਿਰਾਉਣ ਦੀ ਇਜ਼ਾਜਤ ਨਹੀ ਹੈ । ਇਨ੍ਹਾਂ ਅਸੂਲਾਂ ਵੱਲ ਧਿਆਨ ਦੇਣਾ ਅਤੀ ਜ਼ਰੂਰੀ ਹੈ, ਤਾਂ ਕਿ ਆਪਾਂ ਬਹਿਰ ਤੋਂ ਬੇ-ਬਹਿਰ ਨਾ ਹੋ ਜਾਈਏ ।
ਦੀਰਘ ਲਗਾਂ ਸ਼ਬਦ ਦੇ ਮੁਢਲੀਆਂ ਜਾਂ ਸ਼ਬਦ ਦੇ ਪਿਛਲੀਆਂ ਹੀ ਗਿਰਾਈਆਂ ਜਾ ਸਕਦੀਆਂ ਹਨ । ਸ਼ਬਦ ਦੇ ਵਿਚਕਾਰਲੀ ਦੀਰਘ ਲਗ ਨਹੀ ਗਿਰਾਈ ਜਾ ਸਕਦੀ ।
ਕਨੌੜਾ ਕਦੇ ਵੀ ਨਹੀ ਗਿਰਾਇਆ ਜਾ ਸਕਦਾ ਕਿਉਂ ਕਿ ਕਨੌੜੇ ਵਿੱਚ ਦੋ ਅੱਖਰ 'ਅ' ਤੇ 'ਓ' ਸੰਮਿਲਤ ਹੁੰਦੇ ਹਨ । ਤੁਸੀਂ ਕਨੌੜੇ ਵਾਲਾ ਕੋਈ ਵੀ ਸ਼ਬਦ ਬੋਲ ਕੇ ਦੇਖੋ ਤੁਹਾਨੂੰ ਖ਼ੁਦ ਹੀ ਅਨੁਭਵ ਹੋ ਜਾਵੇਗਾ । ਮਿਸਾਲ ਵਜੋਂ ਜੇ ਪੌਣ ਸ਼ਬਦ ਬੋਲੀਏ ਤਾਂ ਇਸ ਦਾ ਉਚਾਰਣ ਪ+ਅ+ਓ+ਣ ਅੱਖਰਾਂ ਨਾਲ ਮਿਲ ਕੇ ਬਣਦਾ ਹੈ ।
ਜੇ ਕਿਸੇ ਸ਼ਬਦ ਤੋਂ ਟਿੱਪੀ ਗਿਰਾ ਕੇ ਅਰਥ ਦਾ ਅਨਰਥ ਹੁੰਦਾ ਹੋਵੇ ਤਾਂ ਉਹ ਟਿੱਪੀ ਗਿਰਾਉਣੀ ਜਾਇਜ਼ ਨਹੀ । ਖਾਸ ਕਰਕੇ ਟਿੱਪੀ ਵਾਲੇ ਅੱਖਰ ਨਾਲ ਜੇ ਮੁਕਤਾ ਅੱਖਰ 'ਗ' ਲੱਗਾ ਹੋਵੇ ਤਾਂ ਇਹ ਬਿਲਕੁਲ ਨਹੀ ਗਿਰਾਉਣੀ ਚਾਹੀਦੀ । ਉਦਾਹਰਣ ਦੇਣ ਤੇ ਤੁਹਾਨੂੰ ਇਸ ਦਾ ਅਹਿਸਾਸ ਆਪਣੇ ਆਪ ਹੋ ਜਾਵੇਗਾ, ਜਿਵੇਂ ਰੰਗ, ਢੰਗ, ਮੰਗ,ਸੰਗ, ਲੰਗ, ਜੰਗ ਆਦਿ ਸ਼ਬਦਾਂ ਤੋਂ ਟਿੱਪੀ ਗਿਰਾ ਦਿੱਤੀ ਜਾਵੇ ਤਾਂ ਇਨ੍ਹਾਂ ਦਾ ਉਚਾਰਣ ਰਗ, ਮਗ, ਢਗ, ਲਗ, ਜਗ ਵਗੈਰਾ ਹੋ ਜਾਵੇਗਾ । ਇਸ ਤਰ੍ਹਾਂ ਇਹਨਾਂ ਸਾਰਿਆਂ ਸ਼ਬਦਾਂ ਦੇ ਅਰਥ ਹੀ ਬਦਲ ਜਾਣਗੇ ਤੇ ਅਰਥ ਤੋਂ ਅਨਰਥ ਹੋ ਜਾਵੇਗਾ ।
ਕਿਸੇ ਵਿਅਕਤੀ ਦੇ ਨਾਮ ਤੋਂ ਵੀਂ ਟੱਪੀ ਗਿਰਾਉਣੀ ਜ਼ਾਇਜ ਨਹੀ , ਮਹਿੰਦਰ, ਬਖ਼ਸ਼ਿੰਦਰ, ਰਾਜਵੰਤ, ਜਸਵੰਤ ਵਗੈਰਾ ਸ਼ਬਦਾਂ ਦੀ ਟਿੱਪੀ ਗਿਰਾਈ ਜਾਵੇ ਤਾਂ ਇਹ ਨਾਂ ਤੋਂ ਕੁਨਾਂ ਹੋ ਜਾਣਗੇ ।
ਜੇ ਟਿੱਪੀ ਵਾਲੇ ਅੱਖਰ ਤੋਂ ਮਗਰੋਂ ਮੁਕਤਾ ਅੱਖਰ 'ਬ' ਆਵੇ ਤਾਂ ਵੀ ਟਿੱਪੀ ਨਹੀ ਗਿਰਾਈ ਜਾ ਸਕਦੀ । ਚੰਬਾ, ਤੰਬਾ, ਤੰਬੂ, ਰੰਬਾ, ਕੰਬਣੀ ਵਗੈਰਾ ਸ਼ਬਦਾਂ ਨਾਲ ਲੱਗੀ ਟਿੱਪੀ ਮੁਕਤਾ ਅੱਖਰ 'ਮ' ਚ ਤਬਦੀਲ ਹੋ ਜਾਂਦੀ ਹੈ , ਤੇ ਇਹ ਸ਼ਬਦ ਇਸ ਤਰ੍ਹਾਂ ਬੋਲੇ ਜਾਂਦੇ ਹਨ ਰੰਬਾ ਨੂੰ ਰ+ਮ+ਬਾ, ਚੰਬਾ ਨੂੰ ਚ+ਮ+ਬਾ, ਅਤੇ ਤੰਬੂ ਨੂੰ ਤ+ਮ+ਬੂ ਕਰਕੇ ਉਚਾਰਿਆ ਜਾਂਦਾ ਹੈ । ਇਸ ਤਰ੍ਹਾਂ ਟਿੱਪੀ ਗਿਰਾਉਣ ਤੇ ਇਨ੍ਹਾਂ ਦਾ ਉਚਾਰਣ ਵਿਗੜ ਜਾਵੇਗਾ ।
ਏਸੇ ਤਰ੍ਹਾਂ ਅਰੂਜ਼ੀ ਵਿਦਵਾਨ ਪੰਜਾਬੀ ਅਤੇ ਹਿੰਦੀ ਦੇ ਸ਼ਬਦਾਂ ਦੀ ਹੀ ਬਿਹਾਰੀ ਗਿਰਾਉਣ ਦੀ ਇਜ਼ਾਜਤ ਦਿੰਦੇ ਹਨ, ਫਾਰਸੀ ਸ਼ਬਦਾਂ ਦੀ ਬਿਹਾਰੀ ਗਿਰਾਉਣ ਦੀ ਇਜ਼ਾਜਤ ਨਹੀ ਹੈ ।
ਅੱਧਕ ਵੀ ਉਸੇ ਸ਼ਬਦ ਤੋਂ ਗਿਰਾਇਆ ਜਾ ਸਕਦਾ ਹੈ ਜਿੱਥੋਂ ਇਸ ਦੇ ਗਿਰਨ ਤੋਂ ਬਾਦ ਸ਼ਬਦ ਦਾ ਅਨਰਥ ਨਾ ਹੋਵੇ । ਸ਼ਾਇਰ ਅਜਿਹੇ ਸ਼ਬਦਾਂ ਦੀ ਪਹਿਚਾਣ ਬਾ-ਖ਼ੂਬੀ ਕਰ ਸਕਦਾ ਹੈ ।
"ਕੁਝ ਹਰਫਾਂ ਦੀ ਹੁਣ ਅਸੀਂ, ਕਰ ਲਈਏ ਪਹਿਚਾਣ,
ਲਿੱਖੇ ਹੋਏ ਹਰਫ਼ ਜੋ ਗਿਣਤੀ ਵਿਚ ਨਾ ਆਣ ।"
ਪਿਆਰੇ ਦੋਸਤੋ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸ਼ਿਅਰ ਦਾ ਵਜ਼ਨ ਕਰਦਿਆਂ ਸਿਰਫ਼ ਉਹੀ ਅੱਖਰ ਗਿਣਤੀ ਵਿੱਚ ਆਉਂਦੇ ਹਨ ਜੋ ਲਿਖੇ ਹੋਏ ਵੀ ਹੋਣ ਤੇ ਉਚਾਰੇ ਵੀ ਜਾਣ । ਹੁਣ ਅਸੀਂ ਅਜਿਹੇ ਕੁਝ ਅੱਖਰਾਂ ਦੀ ਪਹਿਚਾਣ ਕਰਦੇ ਹਾਂ ਜਿਹੜੇ ਲਿਖੇ ਹੋਏ ਤਾਂ ਹੁੰਦੇ ਹਨ ਪਰ ਫਿਰ ਵੀ ਗਿਣਤੀ ਵਿੱਚ ਨਹੀ ਆਉਂਦੇ ।
'ਅ' ਅਤੇ 'ਹ' ਅੱਖਰਾਂ ਦੀ ਸਥਿੱਤੀ--
ਜੇ 'ਅ' ਅਤੇ 'ਹ' ਅੱਖਰ ਸ਼ਬਦ ਦੇ ਅਖੀਰ ਤੇ ਮੁਕਤੇ ਦੇ ਰੂਪ ਵਿੱਚ ਹੋਣ, ਭਾਵ ਬਿਨਾਂ ਕਿਸੇ ਦੀਰਘ ਲਗ ਦੇ, ਤਾਂ ਇਹ ਵਜ਼ਨ ਵਿੱਚੋਂ ਖਾਰਜ ਹੋ ਜਾਂਦੇ ਹਨ । ਜਿਵੇਂ--
ਬਾਜ਼ਾਰ ਤਾਂ ਉਡੀਕੇ, ਮੂੰਹ ਮੰਗੇ ਦਾਮ ਲੈ ਕੇ,
ਪਰ ਮੈਥੋਂ ਜਾ ਨਾ ਹੋਵੇ, ਅਪਣਾ ਕਲਾਮ ਲੈ ਕੇ ।"
(ਓਂਕਾਰਪ੍ਰੀਤ)
ਇਸ ਮਤਲੇ ਦੇ ਪਹਿਲੇ ਮਿਸਰੇ ਵਿੱਚ ਸ਼ਬਦ ਮੂੰਹ ਦਾ 'ਹ' ਮੁਕਤਾ ਭਾਵੇਂ ਲਿਖਿਆ ਤਾਂ ਗਿਆ ਹੈ ਪਰ ਉਚਾਰਣ ਸਮੇਂ ਇਹ ਵਜ਼ਨ ਚੋਂ ਖਾਰਜ ਹੋ ਜਾਂਦਾ ਹੈ । ਇਸੇ ਤਰ੍ਹਾਂ ਹੋਰ ਵੀ ਸ਼ਬਦ ਹਨ ਜਿਵੇਂ ਚਾਹ, ਰਾਹ, ਵਾਹ, ਸਾਹ ਵਗੈਰਾ, ਇਨ੍ਹਾਂ ਸ਼ਬਦਾਂ ਵਿੱਚ ਹੀ 'ਹ' ਅੱਖਰ ਦੀ ਉਹੀ ਸਥਿੱਤੀ ਹੈ ।
ਇਸ ਤਰ੍ਹਾਂ ਹੀ,
" ਕੀ ਖੱਟ ਰਿਹਾ ਹੈ ਸੋਚੋ, ਦੁਨੀਆਂ ਦਾ ਇਹ ਵਪਾਰੀ,
ਅੱਜ ਤੇਲ ਤੇ ਲਹੂ ਦਾ , ਇੱਕੋ ਹੀ ਭਾਅ ਬਣਾ ਕੇ । "
(ਸੁਰਿੰਦਰ ਗੀਤ)
ਉਪਰੋਕਤ ਸ਼ਿਅਰ ਦੇ ਦੂਸਰੇ ਮਿਸਰੇ ਵਿੱਚ ਸ਼ਬਦ ਭਾਅ ਦੇ ਨਾਲ 'ਅ' ਮੁਕਤਾ ਲਿਖਿਆ ਗਿਆ ਹੈ ਜਿਹੜਾ ਕਿ ਬੋਲਣ ਵਿੱਚ ਨਹੀ ਆਉਂਦਾ ।
ਪੰਜਾਬੀ ਦੇ ਨਵੇਂ ਲਿਖਣ ਦੇ ਢੰਗ ਅਨੁਸਾਰ ਹੁਣ ਅਸੀਂ 'ਯਾ' ਦੀ ਥਾਂ 'ਇਆ' ਲਿਖਦੇ ਹਾਂ । ਲਿਖਤੀ ਤੌਰ ਤੇ ਭਾਵੇਂ ਅਸੀਂ 'ਇਆ' ਲਿਖਣ ਲੱਗ ਪਏ ਹਾਂ, ਪਰ ਇਸ ਦਾ ਵਜ਼ਨ ਕਰਦਿਆਂ ਅਸੀਂ 'ਇਆ' ਨੂੰ ਮੁਫਾ ਜਾਂ IS ਅਨੁਸਾਰ ਨਹੀ ਗਿਣਦੇ, ਸਗੋਂ ਸਬਬ ਖਫ਼ੀਫ ਯਾਨੀ ਗੁਰੂ S ਦੇ ਬਰਾਬਰ ਗਿਣਦੇ ਹਾਂ ।
"ਜਦ ਮੈਂ ਹੋਂਠ ਛੁਹਾਇਆ ਪਾਣੀ,
ਮੇਰੇ ਤੇ ਮੁਸਕਾਈਆ ਪਾਣੀ ।"
(ਜਗਜੀਤ ਸੰਧੂ)
ਏਸ ਮਤਲੇ ਦੇ ਪਹਿਲੇ ਮਿਸਰੇ ਦਾ ਸ਼ਬਦ ਛੁਹਾਇਆ ਅਤੇ ਦੂਸਰੇ ਮਿਸਰੇ ਦਾ ਸ਼ਬਦ ਮੁਸਕਾਇਆ ਨੂੰ ਸ਼ਿਅਰ ਦਾ ਵਜ਼ਨ ਕਰਦਿਆਂ ਛੁਹਾਯਾ ਅਤੇ ਮੁਸਕਾਯਾ ਦੇ ਵਜ਼ਨ ਅਨੁਸਾਰ ਹੀ ਗਿਣਾਂਗੇ ।
ਕੰਨਾਂ ਤੇ ਉ ਦੀ ਸੰਧੀ--
ਪੰਜਾਬੀ ਦਾ ਕੰਨਾ ਅਸਲ ਵਿੱਚ ਉਰਦੂ ਦੇ ਅਲਫ਼ ਦਾ ਹੀ ਰੂਪ ਹੈ । ਕਿਸੇ ਸ਼ਬਦ ਦੇ ਕੰਨੇ ਨਾਲ ਜਦੋਂ ਸਵਰ ਅੱਖਰ 'ਉ' ਆਵੇ ਤਾਂ ਦਰਅਸਲ ਇਹ ਦੋ ਸਵਰ ਅੱਖਰਾਂ 'ਅ' ਤੇ 'ੳ' ਦੀ ਸੰਮਿਲਤ ਧੁਨੀ ਹੁੰਦੀ ਹੈ । ਇਹ ਦੋਵੇਂ ਅੱਖਰ 'ਅ' ਅਤੇ 'ੳ' ਜਦੋਂ ਇਕੱਠੇ ਆਉਣ ਤਾਂ ਦੀਰਘ ਲਗ ਕਨੌੜਾ ਦੀ ਅਵਾਜ਼ ਪੈਦਾ ਕਰਦੇ ਹਨ । ਲਿਖਣ ਵੇਲੇ ਭਾਵੇਂ ਇਹ ਦੋਨੋ ਅੱਖਰ ਹੀ ਲਿਖੇ ਜਾਣ ਪਰ ਬੋਲਣ ਵੇਲੇ ਇਹ ਇਕ ਮਾਤਰਾ ਹੀ ਬੋਲੀ ਜਾਂਦੀ ਹੈ । ਜਿਵੇਂ 'ਆਉਂਦਾ' , 'ਗਾਉਂਦਾ', 'ਵਜਾਉਂਦਾ' ਸ਼ਬਦ ਲਿਖਣ ਵਿੱਚ ਪੰਜ ਜਾਂ ਛੇ ਮਾਤਰੇ ਹਨ ਪਰ ਸ਼ਿਅਰ ਦਾ ਵਜ਼ਨ ਕਰਦਿਆਂ ਇਨ੍ਹਾਂ ਨੂੰ ਔਂਦਾ, ਗੌਂਦਾ, ਵਜੌਂਦਾ ਦੇ ਵਜ਼ਨ ਅਨੁਸਾਰ ਹੀ ਬੰਨ੍ਹਿਆ ਜਾਂਦਾ ਹੈ ।
"ਅੰਬਰ ਤੀਕਰ ਸੋਚ ਉਡਾਉਣੀ,
ਧੁਰ ਅੰਦਰ ਤਕ ਲਹਿਣਾ ਮਸਤੀ ।"
(ਦਵਿੰਦਰ ਪੂਨੀਆਂ)
ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿੱਚ ਆਏ ਸ਼ਬਦ 'ਉਡਾਉਣੀ' ਦੀਆਂ ਲਿਖਣ ਵਿੱਚ ਤਾਂ ਭਾਵੇਂ ਛੇ ਮਾਤਰਾ ਹਨ, ਪਰ ਵਜ਼ਨ ਕਰਨ ਵੇਲੇ ਇਹ ਉਡੌਣੀ ਭਾਵ ਪੰਜ ਮਾਤਰਾ ਹੀ ਗਿਣਿਆ ਜਾਵੇਗਾ ।
ਸੰਯੁਕਤ ਅੱਖਰ--
ਦੇਵਨਾਗਿਰੀ ਲਿਪੀ (ਹਿੰਦੀ) ਵਿੱਚ ਜਿਨ੍ਹਾਂ ਸ਼ਬਦਾਂ ਦੇ ਨਾਲ ਅੱਧਾ ਅੱਖਰ ਲਗਦਾ ਹੈ, ਵਜ਼ਨ ਕਰਨ ਵੇਲੇ ਉਹ ਅੱਧਾ ਅੱਖਰ ਗਿਣਤੀ ਚੋਂ ਖਾਰਜ ਹੋ ਜਾਂਦਾ ਹੈ । ਗੁਰਮੁਖੀ ਲਿੱਪੀ ਵਿੱਚ ਦੇਵਨਾਗਿਰੀ ਵਾਂਗ ਅੱਧੇ ਅੱਖਰ ਨਹੀ ਹਨ । ਹਿੰਦੀ ਅੱਖਰ 'ਯ' ਤੇ ਵ ਪੰਜਾਬੀ ਵਿਚ ਆ ਦਾ ਰੂਪ ਧਾਰਨ ਕਰ ਲੈਂਦੇ ਹਨ । ਜਿਵੇਂ ਕਿ ਹਿੰਦੀ ਵਿਚਲਾ ਸਵਾਮੀ ਪੰਜਾਬੀ ਵਿੱਚ ਸੁਆਮੀ ਹੋ ਜਾਂਦਾ ਹੈ ਅਤੇ ਸਵਾਂਗ ਤੋਂ ਸੁਆਂਗ ਹੋ ਜਾਂਦਾ ਹੈ । ਇਸ ਤਰ੍ਹਾਂ ਹੀ ਪਿਯਾਰ ਪੰਜਾਬੀ ਵਿਚ ਪਿਆਰ ਬਣ ਜਾਂਦਾ ਹੈ, ਅਜੇਹੇ ਅੱਖਰਾਂ ਨੂੰ ਸੰਯੁਕਤ ਅੱਖਰ ਕਿਹਾ ਜਾਂਦਾ ਹੈ । ਪਿਆਰ, ਤਿਆਗ, ਪਿਆਸ, ਲਿਖਣ ਵਿੱਚ ਤਾਂ ਭਾਵੇਂ ਫਊਲ ISI ਦੇ ਵਜ਼ਨ ਤੇ ਲਿਖੇ ਜਾਂਦੇ ਹਨ ਪਰ ਵਜ਼ਨ ਕਰਨ ਲੱਗਿਆਂ ਇਹਨਾਂ ਦਾ ਵਜ਼ਨ ਕ੍ਰਮਵਾਰ ਪਾਰ, ਤਾਗ, ਅਤੇ ਪਾਸ ਦੇ ਬਰਾਬਰ ਹੀ ਗਿਣਿਆ ਜਾਂਦਾ ਹੈ । ਜਿਵੇਂ--
"ਪਿਆਰ ਦੀ ਛਤਰੀ ਨਾ ਲੱਥਣ, ਚੋਗ ਦੇ ਲਾਲਚ ਨਾ ਆਉਣ,
ਕਲਪਣਾ ਵਿਚ ਉੱਡਦੇ ਨੇ, ਜੋ ਕਬੂਤਰ ਦੋਸਤੋ ।"
(ਅਜਾਇਬ ਚਿਤ੍ਰਕਾਰ)
ਉਪਰੋਕਤ ਸ਼ਿਅਰ ਦੇ ਪਹਿਲੇ ਮਿਸਰੇ ਦੇ ਪਿਆਰ ਸ਼ਬਦ ਨੂੰ ਪਾਰ ਦੇ ਵਜ਼ਨ ਤੇ ਬੰਨ੍ਹਿਆ ਗਿਆ ਹੈ ।
ਦੁੱਤ ਅੱਖਰ--
"ਜਿਹੜੇ ਪੈਰੀਂ ਪੈ ਗਏ, ਕੌਡੀ ਦੇ ਨਾ ਤੁੱਲ,
ਪੈਰੀਂ ਪੈ ਕੇ ਆਪਣਾ, ਹਰਫ਼ ਗੁਆਉਂਦੇ ਮੁੱਲ ।"
ਦੁੱਤ ਅੱਖਰ, ਭਾਵ ਜਿਹੜੇ ਅੱਖਰ ਕਿਸੇ ਹੋਰ ਅੱਖਰ ਦੇ ਪੈਰਾਂ ਵਿੱਚ ਲਿਖੇ ਗਏ ਹੋਣ, ਉਹ ਵਜ਼ਨ ਵਿੱਚ ਨਹੀ ਗਿਣੇ ਜਾਂਦੇ । ਜਗਤ ਰਵੀਰਾ ਵੀ ਏਹੋ ਹੀ ਹੈ ਕਿ ਜਿਹੜਾ ਕਿਸੇ ਦੇ ਪੈਰੀਂ ਪੈ ਜਾਂਦਾ ਹੈ ਆਪਣੀ ਪਹਿਚਾਣ ਗਵਾ ਬਹਿੰਦਾ ਹੈ । ਪੰਜਾਬੀ ਵਿੱਚ ਆਮ ਤੌਰ ਤੇ 'ਰ' ਤੇ 'ਹ' ਅੱਖਰ ਦੂਸਰੇ ਅੱਖਰਾਂ ਦੇ ਪੈਰੀਂ ਪਾਏ ਜਾਂਦੇ ਹਨ । ਜਿਸ ਤਰ੍ਹਾਂ 'ਪ੍ਰਕਾਰ' ਸ਼ਬਦ ਵਿੱਚ 'ਪ' ਦੇ ਪੈਰੀਂ 'ਰ' ਪਾਇਆ ਗਿਆ ਹੈ ਅਤੇ 'ਨ੍ਹੇਰਾ, ਸ਼ਬਦ ਵਿੱਚ 'ਨ' ਦੇ ਪੈਰੀਂ 'ਹ' ਪਾਇਆ ਗਿਆ ਹੈ । ਇਹ ਅੱਖਰ ਲਿਖਣ ਵਿੱਚ ਤਾਂ ਆਉਂਦੇ ਹਨ ਪਰ ਇਨ੍ਹਾਂ ਦਾ ਵਜ਼ਨ ਨਹੀ ਗਿਣਿਆ ਜਾਂਦਾ । ਜਿਵੇਂ--
"ਆਵੇ ਨਾ ਹੱਥ ਕ੍ਰਿਸ਼ਨ ਇਹ , ਤਿਤਲੀ ਖ਼ਿਆਲ ਦੀ,
ਜੀਅ ਤਾਂ ਕਰੇ ਬਥੇਰਾ, ਸ਼ਿਅਰਾਂ ਚ ਬੰਨ੍ਹ ਲਵਾਂ ।
ਉਪਰੋਕਤ ਮਕਤੇ ਦੇ ਉਪਰਲੇ ਮਿਸਰੇ ਵਿੱਚ ਕ੍ਰਿਸ਼ਨ ਦੇ 'ਕ' ਦੇ ਪੈਰੀਂ 'ਰ' ਅੱਖਰ ਪਾਇਆ ਗਿਆ ਹੈ, ਪਰ ਇਹ ਸ਼ਬਦ ਪੜ੍ਹਨ ਵੇਲੇ ਕੇਵਲ 'ਕਿਸ਼ਨ' ਦੇ ਵਜ਼ਨ ਤੇ ਹੀ ਪੜ੍ਹਿਆ ਜਾਵੇਗਾ , 'ਰ' ਵਜ਼ਨ ਚੋਂ ਖਾਰਜ ਹੋ ਜਾਂਦਾ ਹੈ ।
ਕਿ ਅਤੇ ਲਈ ਵਗੈਰਾ--
ਕਿ ਅਤੇ ਲਈ ਸ਼ਬਦ ਲਿਖਣ ਵਿੱਚ ਤਾਂ ਕ੍ਰਮਵਾਰ ਲਘੂ ਅਤੇ ਗੁਰੂ ਦੇ ਸੁਮੇਲ ਤੋਂ ਬਣਦੇ ਹਨ ਅਤੇ ਮੁਫਾ ਦੇ ਬਰਾਬਰ ਹਨ । ਪਰ ਅਸੀਂ ਆਪਣੇ ਸ਼ਿਅਰ ਵਿਚ ਲੋੜ ਅਨੁਸਾਰ 'ਕਿ' ਸ਼ਬਦ ਨੂੰ ਇਕ ਮਾਤਰਾ ਜਾਂ 'ਕੇ' ਸ਼ਬਦ ਵਾਂਗ ਦੋ ਮਾਤਰਾ ਤੇ ਵੀ ਬੰਨ੍ਹ ਸਕਦੇ ਹਾਂ । ਇਸੇ ਤਰ੍ਹਾਂ 'ਲਈ' ਸ਼ਬਦ ਨੂੰ ਮੁਫਾ ਭਾਵ IS ਅਤੇ 'ਲੀ' ਦੇ ਵਜ਼ਨ (ਭਾਵ ਇੱਕ ਗੁਰੂ) ਤੇ ਵੀ ਬੰਨ੍ਹ ਸਕਦੇ ਹਾਂ । ਜਿਵੇਂ--
"ਰੀਝ ਹੈ ਦਿਲ ਦੀ ਕਿ ਅਪਣੀ ਹੀਰ ਲਈ ਰਾਂਝਣ ਬਣਾਂ,
ਭਾਵਨਾ ਇਹ ਵੀ ਹੈ ਕਿ ਮੈਂ ਮਾਂ ਲਈ ਸਰਵਣ ਬਣਾਂ ।"
(ਜਗਤਾਰ ਸੇਖਾ)
ਉਪਰੋਕਤ ਮਤਲੇ ਵਿੱਚ ਪਹਿਲੇ ਮਿਸਰੇ ਦੇ ਸ਼ਬਦ 'ਲਈ' ਨੂੰ 'ਲੀ' ਦੇ ਵਜ਼ਨ ਤੇ ਬੰਨ੍ਹਿਆ ਗਿਆ ਹੈ । ਇਸ ਦਾ ਉਚਾਰਣ "ਹੀਰ ਲੀ ਰਾਂਝਣ ਬਣਾਂ" ਕਰਕੇ ਲਿਆ ਜਾਂਦਾ ਹੈ । ਦੂਸਰੇ ਮਿਸਰੇ ਵਿਚ ਸ਼ਬਦ 'ਕਿ' ਭਾਵੇਂ ਲਘੂ ਦੇ ਤੌਰ ਤੇ ਆਇਆ ਹੈ ਪਰ ਵਜ਼ਨ ਕਰਨ ਵੇਲੇ ਇਸ ਨੂੰ ਗੁਰੂ ਯਾਨੀ 'ਕੇ' ਦੇ ਵਜ਼ਨ ਤੇ ਗਿਣਿਆ ਜਾਵੇਗਾ । ਅਰੂਜ਼ੀ ਵਿਦਵਾਨਾਂ ਨੇ ਵੀ ਇਸ ਦੀ ਇਜ਼ਾਜਤ ਦਿੱਤੀ ਹੋਈ ਹੈ । ਪੰਡਤ ਕਰਤਾਰ ਸਿੰਘ ਦਾਖਾ ਨੇ ਆਪਣੇ ਪਿੰਗਲ ਦੇ ਗ੍ਰੰਥ ਵਿੱਚ ਇਸ ਨੂੰ ਇਸ ਤਰ੍ਹਾਂ ਸਪਸ਼ਟ ਕੀਤਾ ਹੈ--
"ਲਘੂ ਦੀਰਘ, ਦੀਰਘ ਲਘੂ, ਕਵਿ ਚਾਹੇ ਹੋ ਜਾਇ,
ਐਸੀ ਸਾਂਝੀ ਰੀਤ ਮੇਂ, ਕੇਹਿਰ ਨਿਯਮ ਨਾ ਕੋਇ ।"
ਭਾਵ ਕਵੀ ਜੇ ਚਾਹੇ ਤਾਂ ਲਘੂ ਨੂੰ ਗੁਰੂ ਤੇ ਗੁਰੂ ਨੂੰ ਲਘੂ ਦੇ ਵਜ਼ਨ ਤੇ ਬੰਨ੍ਹ ਸਕਦਾ ਹੈ ।
ਉੱਤੋ, ਉੱਤੇ, ਅਤੇ ਵਿਚ ਸ਼ਬਦਾਂ ਬਾਰੇ--
ਆਪਣੀ ਬਹਿਰ ਦੀ ਲੋੜ ਅਨੁਸਾਰ ਸ਼ਾਇਰ ਵਿੱਚ ਸ਼ਬਦ ਨੂੰ 'ਚ ਵੀ ਬੰਨ੍ਹ ਸਕਦਾ ਹੈ । ਇਸ ਤਰ੍ਹਾਂ ਹੀ ਅਤੇ ਸ਼ਬਦ ਦੀ ਥਾਂ ਤੇ 'ਤੇ' ਸ਼ਬਦ ਲਿਆ ਜਾ ਸਕਦਾ ਹੈ । ਇਸੇ ਪ੍ਰਕਾਰ ਉੱਤੇ ਸ਼ਬਦ ਨੂੰ ਵੀ 'ਤੇ' ਸ਼ਬਦ ਤੇ ਬੰਨ੍ਹਿਆ ਜਾ ਸਕਦਾ ਹੈ । ਇਹੀ ਸਥਿੱਤੀ ਉੱਤੋਂ ਦੀ ਵੀ ਹੈ ਉਸ ਨੂੰ ਵੀ ਇਕੱਲਾ 'ਤੋਂ' ਕਰਕੇ ਬੰਨ੍ਹਿਆ ਜਾ ਸਕਦਾ ਹੈ ।
ਸਵਰ ਅੱਖਰ---
ਅ ਮੁਕਤਾ ਇ ਅਤੇ ਉ , ਕਈ ਵਾਰ ਲਿਖੇ ਹੋਣ ਦੇ ਬਾਵਜੂਦ ਗਿਣਤੀ ਵਿੱਚ ਨਹੀ ਆਉਂਦੇ । ਜਿਵੇਂ 'ਅ' ਮੁਕਤਾ ਬਾਰੇ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਕਿਸੇ ਦੀਰਘ ਲਗ ਤੋਂ ਮਗਰੋਂ ਸ਼ਬਦ ਦੇ ਆਖਰ ਵਿੱਚ 'ਅ' ਮੁਕਤਾ ਆਵੇ ਤਾਂ ਉਹ ਵਜ਼ਨ ਵਿੱਚ ਨਹੀ ਗਿਣਿਆ ਜਾਂਦਾ ਜਿਵੇਂ ਚਾਅ, ਬਚਾਅ, ਵਗੈਰਾ ਵਿੱਚ ਆਉਂਦਾ ਹੈ ।
ਤਿੰਨੇ ਅੱਖਰ 'ਅ' , 'ਇ' ਅਤੇ 'ਉ' ਆਪਣੇ ਤੋਂ ਪਹਿਲੇ ਅੱਖਰ ਨਾਲ ਮਿਲ ਕੇ ਅਲੋਪ ਹੋ ਜਾਂਦੇ ਹਨ । ਜਿਵੇਂ--
"ਕੈਸਾ ਇਹ ਮੁਕਾਮ ਆਇਐ, ਆਈ ਨਾ ਸਮਝ ਮੈਨੂੰ,
ਘਰ ਵਿਚ ਵੀ ਅਗਰ ਆਉਣਾ , ਉਕਤਾਏ ਜਹੇ ਰਹਿਣਾ ।"
(ਦੀਪਕ ਜੈਤੋਈ)
ਏਸ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਮਕਾਮ ਸ਼ਬਦ ਮਗਰੋਂ ਸਵਰ ਅੱਖਰ 'ਅ' ਆਪਣੇ ਤੋਂ ਪਹਿਲੇ ਸ਼ਬਦ ਮੁਕਾਮ ਦੇ ਆਖਰੀ ਅੱਖਰ ' ਮ' ਨਾਲ ਸੰਧੀ ਕਰਕੇ ਅਲੋਪ ਹੋ ਗਿਆ ਹੈ । ਮੁਕਾਮ ਆਇਆ ਨੂੰ ਅਸੀਂ ਮੁਕਾ-ਮਾਯਾ ਕਰਕੇ ਬੋਲ ਸਕਦੇ ਹਾਂ । ਇਸ ਤਰ੍ਹਾਂ 'ਆ' ਲਿਖੇ ਹੋਣ ਦੇ ਬਾਵਜੂਦ ਅਲੋਪ ਹੋ ਗਿਆ ਹੈ ।
ਇਸੇ ਤਰ੍ਹਾਂ ਦੂਸਰੇ ਮਿਸਰੇ ਦੇ ਸ਼ਬਦ ਅਗਰ ਦੇ ਪਿੱਛੋਂ ਆਉਣਾ ਲਿਖੇ ਹੋਣ ਦੇ ਬਾਵਜੂਦ ਬੋਲਣ ਵੇਲੇ ਅਲੋਪ ਹੋ ਜਾਵੇਗਾ । ਅਤੇ ਆਉਣਾ ਸ਼ਬਦ ਦੀ ਆਪਣੇ ਤੋਂ ਪਹਿਲੇ ਸ਼ਬਦ ਨਾਲ ਸੰਧੀ ਹੋ ਕੇ ਇਸ ਨੂੰ ਅਗ-ਰੌਣਾ ਕਰਕੇ ਬੋਲਿਆ ਜਾਵੇਗਾ । ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਦੋ ਸਵਰ ਅੱਖਰ 'ਅ' ਤੇ 'ਉ' ਦੀ ਸੰਧੀ ਹੋ ਕੇ ਇਹ ਕਨੌੜੇ ਦਾ ਰੂਪ ਹੋ ਜਾਂਦੇ ਹਨ । ਇਸੇ ਕਰਕੇ ਇੱਕੋ ਇੱਕ ਦੀਰਘ ਲਗ ਕਨੌੜਾ ਹੀ ਹੈ ਜਿਹੜੀ ਵਜ਼ਨ ਚੋਂ ਗਿਰਾਈ ਨਹੀ ਜਾ ਸਕਦੀ । ਸਵਰ ਅੱਖਰ ਹਮੇਸ਼ਾ ਆਪਣੇ ਤੋਂ ਪਹਿਲੇ ਆਏ ਅੱਖਰ ਵਿੱਚ ਵਾਸਲ ਹੋ ਜਾਂਦੇ ਹਨ ।
"ਚਿਹਰਾ ਹਰ ਇਕ ਦਾ ਖਿੜ੍ਹ ਗਿਆ, ਛਾਈ ਖੁਸ਼ੀ ਬੇਅੰਤ ਹੈ,
ਕਹਿੰਦੇ ਸਰੂ ਨੇ ਝੂਮ ਕੇ, ਅਹੁ ਆ ਗਈ ਬਸੰਤ ਹੈ ।"
(ਧਨੀ ਰਾਮ ਚਾਤ੍ਰਿਕ)
ਉਪਰਲੇ ਮਿਸਰੇ ਵਿਚ 'ਹਰ ' ਸ਼ਬਦ ਦੇ ਮਗਰੋਂ ਸਵਰ ਅੱਖਰ 'ਇ' ਲਿਖਣ ਵਿਚ ਭਾਵੇਂ ਪੂਰਾ ਇਕ ਲਿਖਿਆ ਗਿਆ ਹੈ ਪਰ ਬੋਲਣ ਵੇਲੇ 'ਇ' ਆਪਣੇ ਤੋਂ ਪਹਿਲੇ ਅੱਖਰ 'ਰ' ਨਾਲ ਮਿਲ ਕੇ ਹਰਿਕ ਵਿਚ ਤਬਦੀਲ ਹੋ ਗਈ ਹੈ ।ਇਸ ਤਰ੍ਹਾਂ ਹਰ ਇਕ ਨੂੰ ਹਰਿਕ ਦੇ ਵਜ਼ਨ ਤੇ ਬੰਨ੍ਹਿਆ ਜਾਵੇਗਾ । 'ਇ' ਭਾਵੇਂ ਲਿਖਿਆ ਤਾਂ ਗਿਆ ਹੈ ਪਰ ਬੋਲਣ ਵੇਲੇ ਅਲੋਪ ਹੋ ਗਿਆ ਹੈ ।
" ਰੁੱਖਾਂ ਨੇ ਵਾਂਗ ਸਾਧੂਆਂ , ਤਾਂਘੀਂ ਸਮਾਂ ਗੁਜ਼ਾਰਿਆ,
ਫੁੱਲਾਂ ਤੇ ਪੱਤਰਾਂ ਸਣੇ, ਸਾਰਾ ਸ਼ਿੰਗਾਰ ਉਤਾਰਿਆ । "
(ਧਨੀ ਰਾਮ ਚਾਤ੍ਰਿਕ)
ਇਸ ਸ਼ਿਅਰ ਦੇ ਦੂਸਰੇ ਮਿਸਰੇ ਵਿਚ ਸ਼ਿੰਗਾਰ ਸ਼ਬਦ ਦੇ 'ਰ' ਮੁਕਤੇ ਮਗਰੋਂ ਸਵਰ ਅੱਖਰ 'ਉ' ਲਿਖਣ ਵੇਲੇ ਤਾਂ ਪੂਰਾ ਲਿਖਿਆ ਗਿਆ ਹੈ ਪਰ ਮਿਸਰੇ ਦਾ ਵਜ਼ਨ ਕਰਨ ਲੱਗਿਆਂ ਇਸ ਨੂੰ ਇਹ ਸ਼ਿੰਗਾਰੁ-ਤਾਰਿਆ ਵਿੱਚ ਬਦਲ ਜਾਵੇਗਾ । ਇਸ ਤਰ੍ਹਾਂ ਇਨ੍ਹਾਂ ਉਦਾਹਰਣਾਂ ਤੋਂ ਸਪਸ਼ਟ ਹੋ ਗਿਆ ਕਿ ਸਵਰ ਅੱਖਰ 'ਅ' , 'ਇ' ਅਤੇ 'ਉ' ਲਿਖਣ ਵਿੱਚ ਤਾਂ ਭਾਵੇਂ ਆਉਂਦੇ ਹਨ ਪਰ ਬੋਲਣ ਲੱਗਿਆਂ ਇਨ੍ਹਾਂ ਦਾ ਉਚਾਰਣ ਨਹੀ ਕੀਤਾ ਜਾਂਦਾ ।
ਜਿਹੜੇ ਸ਼ਬਦ ਦੇ ਪਿੱਛੇ ਸਵਰ ਅੱਖਰ ਆ ਜਾਂ ਆਂ ਲੱਗਿਆ ਹੋਵੇ ਉਹ ਆਪਣੇ ਤੋਂ ਪਹਿਲੀ ਦੀਰਘ ਲਗ ਨੂੰ ਲਘੂ ਲਗ ਵਿੱਚ ਤਬਦੀਲ ਕਰ ਦਿੰਦਾ ਹੈ । ਇਹ ਬਹੁਤ ਅਹਿਮ ਤਬਦੀਲੀ ਹੈ, ਇਸ ਲਈ ਇਸ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ । ਜਿਵੇਂ
"ਖਲੋਤੇ ਪਾਣੀਆਂ ਨੂੰ ਫੇਰ ਤੋਂ ਲਰਜ਼ਾ ਗਿਆ ਕੋਈ,
ਸੰਧੂਰੀ ਪੌਣ ਦੇ ਬੁੱਲ੍ਹੇ ਜਿਹਾ ਖ਼ਤ ਆ ਗਿਆ ਕੋਈ ।"
(ਜਸਵਿੰਦਰ)
ਇਸ ਮਤਲੇ ਦੇ ਪਹਿਲੇ ਮਿਸਰੇ ਵਿਚ ਸ਼ਬਦ 'ਪਾਣੀਆਂ' ਵਿਚ ਦੀਰਘ ਲਗ ਬਿਹਾਰੀ ਮਗਰੋਂ ਸਵਰ ਅੱਖਰ 'ਆਂ' ਨੇ ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਦਿੱਤਾ ਹੈ । ਅਸੀਂ ਨਿੱਤ ਵਰਤੋਂ ਵਿੱਚ ਅਜਿਹੇ ਅਨੇਕਾਂ ਸ਼ਬਦ ਬੋਲਦੇ ਤੇ ਲਿਖਦੇ ਹਾਂ । ਜਿਵੇਂ ਤਿਤਲੀਆਂ, ਕੁੜੀਆਂ, ਚਿੜੀਆਂ, ਜੁੜੀਆਂ, ਟੁੱਟੀਆਂ, ਕਲੀਆਂ ਵਗੈਰਾ, ਖਾਸ ਤੌਰ ਤੇ ਜਦੋਂ ਪੰਜਾਬੀ ਵਿਚ ਇਕ ਵਚਨ ਤੋਂ ਬਹੂ ਵਚਨ ਬਣਾਉਣਾ ਹੋਵੇ ਤਾਂ ਅਸੀਂ ਬਹੁਤੇ ਸ਼ਬਦਾਂ ਦੇ ਪਿੱਛੇ 'ਆਂ' ਪਿਛੇਤਰ ਲਾ ਕੇ ਬਹੂਵਚਨ ਬਣਾਉਂਦੇ ਹਾਂ । ਅਜਿਹੇ ਸ਼ਬਦਾਂ ਵਿੱਚ 'ਆਂ' ਤੋਂ ਪਹਿਲਾਂ ਵਾਲੇ ਅੱਖਰ ਦੀ ਦੀਰਘ ਲਗ ਗਿਰਾ ਕੇ ਲਘੂ ਕਰ ਦਿੱਤੀ ਜਾਂਦੀ ਹੈ ।
"ਸ਼ਾਇਦ ਲਿਖਿਆ ਹੋਵੇ ਹੰਝੂਆਂ ਦੇ ਨਾਲ ਕਿਤੇ,
ਯਾਦਾਂ ਦੀ ਪੁਸਤਕ ਦੇ ਵਰਕੇ ਫ਼ੋਲ ਕਿਤੇ ।"
(ਮੁਸ਼ਤਾਕ ਵਾਰਸੀ )
ਇਸ ਸ਼ਿਅਰ ਦੇ ਪਹਿਲੇ ਮਿਸਰੇ ਦੇ ਸ਼ਬਦ ਹੰਝੂਆਂ ਨੂੰ ਵਜ਼ਨ ਕਰਨ ਵੇਲੇ ਹੰਝੁਆ ਦੇ ਵਜ਼ਨ ਤੇ ਪੜ੍ਹਿਆ ਜਾਵੇਗਾ । ਉਪਰੋਕਤ ਅਸੂਲ ਅਨੁਸਾਰ ਸਵਰ ਅੱਖਰ ਤੋਂ ਪਹਿਲਾਂ ਵਾਲੀਆਂ ਦੀਰਘ ਲਗਾਂ ਬਿਹਾਰੀ ਅਤੇ ਦੁਲੈਂਕੜ ਕ੍ਰਮਵਾਰ ਸਿਹਾਰੀ ਅਤੇ ਔਂਕੁੜ ਵਿਚ ਬਦਲ ਜਾਣਗੇ । ਅਜੇਹੇ ਹੋਰ ਸ਼ਬਦ ਸਾਧੂਆਂ, ਗੁਰੂਆਂ ਵਗੈਰਾ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ ।
ਸਵਰ ਅੱਖਰਾਂ ਨੂੰ ਉਰਦੂ ਵਿਚ ਹਰਫ਼ਿ ਇੱਲਤ ਕਿਹਾ ਜਾਂਦਾ ਹੈ, ਕਿਉਂ ਕਿ ਇਹ ਹਮੇਸ਼ਾ ਸ਼ਰਾਰਤ ਕਰਦੇ ਰਹਿੰਦੇ ਹਨ । ਲਿਖਣ ਦੇ ਬਾਵਜ਼ੂਦ ਇਹ ਵਜ਼ਨ ਚੋਂ ਅਲੋਪ ਹੋ ਜਾਂਦੇ ਹਨ ਤੇ ਆਪਣਾ ਵਜ਼ਨ ਦੂਸਰੇ ਅੱਖਰਾਂ ਤੇ ਸੁੱਟ ਦਿੰਦੇ ਹਨ ।
"ਸਵਰ ਅੱਖਰ ਚੁਕਦੇ ਨਹੀ, ਅਪਣਾ ਅਪਣਾ ਭਾਰ,
ਰਹਿੰਦੇ ਨੇ ਇਹ ਦੂਸਰੇ, ਹਰਫ਼ਾਂ ਤੇ ਅਸਵਾਰ ।"
ਸਵਰ ਅੱਖਰ 'ੳ' , 'ਅ' , 'ੲ' ਗਿਰਾਉਣੇ ਭਾਵੇਂ ਜ਼ਾਇਜ ਸਮਝੇ ਜਾਂਦੇ ਹਨ ਪਰ ਜੇ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੋਣ ਵਾਲਾ ਕੋਈ ਸ਼ਬਦ ਮਿਸਰੇ ਦੇ ਅਰੰਭ ਵਿੱਚ ਹੋਵੇ ਤਾਂ ਇਹ ਅੱਖਰ ਵੀ ਗਿਰਾਉਣ ਦੀ ਇਜ਼ਾਜਤ ਨਹੀ ਹੈ । ਜਿਵੇਂ--
"ਉਸਨੂੰ ਨਿਮਾਣਾ ਜਾਣ ਕੇ, ਖਿੱਲੀ ਉਡਾ ਕੇ ਖੁਸ਼ ਨਾ ਹੋ,
ਇਨਸਾਨ ਤੂੰ ਇਨਸਾਨ ਨੂੰ, ਨੀਵਾਂ ਦਿਖਾ ਕੇ ਖੁਸ਼ ਨਾ ਹੋ ।"
(ਰਾਜਵੰਤ ਬਾਗੜੀ)
"ਮੈਨੂੰ ਤਾਂ ਗਵਾਰਾ ਨਈਂ, ਇਹ ਸੋਚ ਠਰੀ ਹੋਈ,
ਆਵੇ ਤੇ ਕੁਈ ਆ ਕੇ, ਅੰਗਾਰ ਹੀ ਧਰ ਜਾਵੇ ।"
(ਕ੍ਰਿਸ਼ਨ ਭਨੋਟ)
" ਪੱਥਰਾਂ ਦੇ ਸ਼ਹਿਰ ਵਿਚ, ਸੰਗ-ਮਰਮਰੀ ਵਸਨੀਕ ਨੇ,
ਏਥੇ ਨਾ ਤੂੰ ਮਾਨ ਐਵੇਂ, ਦਿਲਬਰਾਂ ਦੀ ਕਰ ਤਲਾਸ਼ ।"
(ਹਰਦਮ ਸਿੰਘ ਮਾਨ)
ਉਪਰੋਕਤ ਸ਼ਿਅਰਾਂ ਵਿਚ ਸਵਰ ਅੱਖਰ ਮਿਸਰੇ ਦੇ ਮੁੱਢ ਵਿਚ ਆਉਂਦੇ ਹਨ । ਪਹਿਲੇ ਸ਼ਿਅਰ ਦਾ ਪਹਿਲਾ ਮਿਸਰਾ ਸਵਰ ਅੱਖਰ ਉ ਨਾਲ ਸ਼ੁਰੂ ਹੁੰਦਾ ਹੈ ਅਤੇ ਦੂਸਰਾ ਮਿਸਰ ਸਵਰ 'ਇ' ਨਾਲ ਸੂਰੂ ਹੁੰਦਾ ਹੈ । ਬਿਲਕੁਲ ਇਸੇ ਤਰ੍ਹਾਂ ਦੂਸਰੇ ਸ਼ਿਅਰ ਦਾ ਦੂਸਰਾ ਮਿਸਰਾ ਸਵਰ ਅੱਖਰ 'ਅ' ਨਾਲ ਆਰੰਭ ਹੁੰਦਾ ਹੈ । ਤੀਸਰੇ ਸ਼ਿਅਰ ਦੇ ਦੂਸਰੇ ਮਿਸਰੇ ਦਾ ਆਰੰਭ ਸਵਰ ਅੱਖਰ 'ਏ' ਨਾਲ ਹੁੰਦਾ ਹੈ । ਇਹ ਸਵਰ ਅੱਖਰ ਮਿਸਰੇ ਦੇ ਅਰੰਭ ਵਿਚ ਆਉਣ ਕਰਕੇ ਗਿਰਾਏ ਨਹੀ ਜਾ ਸਕਦੇ । ਜੇ ਇਹ ਸ਼ਿਅਰ ਦੇ ਵਿਚਾਲੇ ਹੁੰਦੇ ਤਾਂ ਦੂਸਰੇ ਵਿਅੰਜਨ ਅੱਖਰਾਂ ਨਾਲ ਸੰਧੀ ਕਰਕੇ ਅਲੋਪ ਹੋ ਜਾਂਦੇ ।
ਇਸ ਤਰ੍ਹਾਂ ਹੀ ਜਿਹੜੇ ਸ਼ਬਦ ਵਿੱਚ ਤਿੰਨ ਸਾਕਿਨ ਅੱਖਰ ਇਕੱਠੇ ਹੋ ਜਾਣ ਉਨ੍ਹਾਂ ਵਿੱਚੋਂ ਦੂਸਰਾ ਸਾਕਿਨ ਅੱਖਰ ਮੁਤਹੱਰਕ ਹੋ ਜਾਂਦਾ ਹੈ ਤੇ ਤੀਸਰਾ ਸਾਕਿਨ ਅੱਖਰ ਵਜ਼ਨ ਵਿੱਚੋਂ ਖਾਰਜ ਹੋ ਜਾਂਦਾ ਹੈ । ਜਿਵੇਂ ਦੋਸਤ, ਪੋਸਤ, ਗੋਸ਼ਤ ਸ਼ਬਦਾਂ ਵਿੱਚ ਕ੍ਰਮਵਾਰ 'ਦ' ਮੁਕਤਾ, 'ਪ' ਮੁਕਤਾ ਅਤੇ 'ਗ' ਮੁਕਤਾ ਮੁਤਹੱਰਕ ਹਨ, ਅਤੇ ਤਿੰਨਾਂ ਵਿੱਚ 'ਸ' ਮੁਕਤਾ ਮੁਤਹੱਰਕ ਹੋ ਜਾਵੇਗਾ । ਤੇ 'ਤ' ਮੁਕਤਾ ਵਜ਼ਨ ਵਿੱਚੋਂ ਖਾਰਜ਼ ਹੋ ਜਾਵੇਗਾ । ਜਿਵੇਂ ਦੋਸਤ ਦੋਸਤ ਨਾ ਰਿਹਾ, ਪਿਆਰ ਪਿਆਰ ਨਾ ਰਿਹਾ, ਗੀਤ ਦੇ ਇਸ ਮਿਸਰੇ ਨੂੰ ਵਜ਼ਨ ਵਿੱਚ ਇਸ ਤਰ੍ਹਾਂ ਗਿਣਿਆ ਜਾਵੇਗਾ, ਦੋਸ ਦੋਸ ਨਾ ਰਿਹਾ, ਪਾਰ ਪਾਰ ਨਾ ਰਿਹਾ ।
ਪਿਆਰੇ ਦੋਸਤੋ ਆਪਾਂ ਅੱਖਰ ਗਿਰਾਉਣ ਦਾ ਵਿਧਾਨ ਮੁਕੰਮਲ ਕਰ ਲਿਆ ਹੈ । ਵਾਹ ਲਗਦੀ ਉਦਾਹਰਣਾਂ ਦੇ ਕੇ ਸਪਸ਼ਟ ਕਰ ਦਿੱਤਾ ਗਿਆ ਹੈ ਤਾਂ ਕਿ ਤੁਹਾਨੂੰ ਸਮਝਣ ਵਿੱਚ ਅਸਾਨੀ ਰਹੇ । ਸ਼ਾਇਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਦੁਚਿੱਤੀ ਵਿੱਚ ਪਏ ਰਹਿੰਦੇ ਹਨ । ਅਸਲ ਵਿੱਚ ਵਜ਼ਨ ਬਹਿਰ ਵਿੱਚ ਜਿਹੜੀਆਂ ਖੁੱਲ੍ਹਾਂ ਤੁਸੀਂ ਲੈ ਸਕਦੇ ਹੋ ਉਨ੍ਹਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਤੇ ਅਮਲ ਕਰੋਂਗੇ ।
ਤੁਹਾਡਾ ਆਪਣਾ
ਕ੍ਰਿਸ਼ਨ ਭਨੋਟ
Labels:
ਅਰੂਜ਼
Subscribe to:
Post Comments (Atom)
No comments:
Post a Comment