Tuesday, 17 January 2017

ਪਿੰਗਲ ਤੇ ਅਰੂਜ਼ ਵਿਚ ਫਰਕ ਤੇ ਸਮਾਨਤਾ


ਪਿਆਰੇ ਦੋਸਤੋ ਭਾਰਤੀ ਛੰਦ ਵਿਧਾਨ ਨੂੰ ਪਿੰਗਲ ਕਿਹਾ ਜਾਂਦਾ ਹੈ ਤੇ ਅਰਬੀ ਛੰਦ ਵਿਧਾਨ ਨੂੰ ਇਲਮ ਅਰੂਜ਼ । ਆਉ ਅਸੀਂ ਪਹਿਲਾਂ ਇਹ ਪੜਤਾਲ ਕਰੀਏ ਕਿ ਪਿੰਗਲ ਤੇ ਅਰੂਜ਼ ਵਿਚ ਕਿਹੜੇ ਕਿਹੜੇ ਫਰਕ ਹਨ ।
ਦੋਸਤੋ ਪਿੰਗਲ ਅਤੇ ਅਰੂਜ਼ ਵਿਚ ਕਈ ਬੁਨਿਆਦੀ ਫਰਕ ਹਨ । ਪਹਿਲਾ ਫਰਕ ਤਾਂ ਇਹੋ ਹੈ ਕਿ ਪਿੰਗਲ ਦੇ ਛੰਦਾਂ ਦੀਆਂ ਤਿੰਨ ਕਿਸਮਾਂ ਹਨ (1) ਵਰਣਕ ਛੰਦ (2) ਮਾਤਰਕ ਛੰਦ (3) ਗਣ ਛੰਦ ।
ਅਰੂਜ਼ ਕੇਵਲ ਗਣ ਛੰਦ ਤੇ ਹੀ ਅਧਾਰਤ ਹੈ ਅਰੂਜ਼ੀ ਬਹਿਰਾਂ ਵਿਚ ਸਿਰਫ ਅੱਖਰ ਹੀ ਗਿਣੇ ਜਾਂਦੇ ਹਨ । ਅਰਬੀ ਵਰਣਮਾਲਾ ਸ਼ਾਹਮੁਖੀ ਵਿਚ ਪੰਜਾਬੀ ਵਰਣਮਾਲਾ ਵਾਂਗ ਮਾਤਰਾ ਨਹੀ ਹੁੰਦੀਆਂ । ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਵਾਂਗ ਅਰਬੀ ਭਾਸ਼ਾ ਵਿਚ ਅੱਖਰ ਹੀ ਲਗਾਂ ਮਾਤਰਾਵਾਂ ਦਾ ਕੰਮ ਕਰਦੇ ਹਨ ।  ਅਰਬੀ ਭਾਸ਼ਾ ਵਿਚ ਸਿਰਫ ਤਿੰਨ ਹਰਕਤਾਂ ਜਬਰ ਜੇਰ ਤੇ ਪੇਸ਼ ਹਨ । ਜਿਨ੍ਹਾਂ ਨੂੰ ਹਰਫ਼-ਏ- ਇਲਤ ਕਿਹਾ ਜਾਂਦਾ ਹੈ । ਜਿਹੜੇ ਅੱਖਰਾਂ ਨਾਲ ਇਹ ਹਰਕਤਾਂ ਲਗਦੀਆਂ ਹਨ ਉਹ ਮੁਹਤਰਕ ਹੋ ਜਾਂਦਾ ਹੈ ।
ਪੰਜਾਬੀ ਪਿੰਗਲ ਵਿਚ ਇਕ ਤੁਕ ਨੂੰ ਉਚਾਰਣ ਸਮੇਂ ਜਿੰਨਾਂ ਸਮਾਂ ਖਰਚ ਹੁੰਦਾ ਹੈ ਉਸ ਨੂੰ ਮਾਪਿਆ ਜਾਂਦਾ ਹੈ । ਪੰਜਾਬੀ ਵਰਣਮਾਲਾ ਵਿਚ ਦੋ ਤਰ੍ਹਾਂ ਦੀ ਅੱਖਰ ਹਨ ਸਵਰ ਤੇ ਵਿਅੰਜਨ । ੳ, ਅ, ੲ ਤਿੰਨ ਸਵਰ ਹਨ ਤੇ ਬਾਕੀ ਸਾਰੇ ਵਿਅੰਜਨ । ਇਸੇ ਤਰਾਂ ਪੰਜਾਬੀ ਵਿਚ ਦੋ ਤਰ੍ਹਾਂ ਦੀਆਂ ਲਗਾਂ ਹਨ । ਲਘੂ ਲਗਾਂ ਤੇ ਦੀਰਘ ਲਗਾਂ
ਲਘੂ ਲਗਾਂ-- ਇਸ ਵਿਚ  ਔਂਕੜ ਤੇ ਸਿਹਾਰੀ ਆਉਂਦੇ ਹਨ
ਦੀਰਘ ਲਗਾਂ--- ਇਸ ਵਿਚ ਲਾਵਾਂ, ਦੁਲਾਵਾਂ, ਕੰਨਾਂ, ਹੋੜਾ, ਕਨੌੜਾ, ਬਿਹਾਰੀ, ਟਿੱਪੀ, ਅਧਕ ਵਗੈਰਾ ਆਉਂਦੇ ਹਨ ।
ਬਿਨਾਂ ਲਗਾਂ ਵਾਲੇ ਅੱਖਰ ਨੂੰ ਮੁਕਤਾ ਕਿਹਾ ਜਾਂਦਾ ਹੈ । ਇਕ ਮੁਕਤਾ ਅੱਖਰ ਨੂੰ ਉਚਾਰਦੇ ਹੋਏ ਜਿਨਾਂ ਸਮਾਂ ਲਗਦਾ ਹੈ ਇਕ ਦੀਰਘ ਲਗ ਵਾਲਾ ਅੱਖਰ ਉਚਾਰਦੇ ਹੋਏ ਉਸ ਤੋਂ ਦੁੱਗਣਾ ਸਮਾਂ ਲਗਦਾ ਹੈ । ਛੋਟੀਆਂ ਲਗਾਂ ਜਾਂ ਲਘੂ ਲਗਾਂ ਵਜ਼ਨ ਵਿਚ ਨਹੀ ਗਿਣੀਆਂ ਜਾਂਦੀਆਂ ਭਾਵ ਜੇ ਕਿਸੇ ਮੁਕਤੇ ਅੱਖਰ ਨੂੰ ਔਂਕੜ ਜਾਂ ਸਿਹਾਰੀ ਲੱਗੀ ਹੋਵੇ ਤਾਂ ਉਹ ਵਜ਼ਨ ਵਿਚ ਨਹੀ ਗਿਣੀ ਜਾਂਦੀ । ਜਿਵੇਂ  ਕਿ ਅਤੇ ਜੁ ਦਾ ਵਜ਼ਨ ਕ ਅਤੇ ਜ ਦੇ ਬਰਾਬਰ ਹੀ ਹੈ ।
ਪਿੰਗਲ ਦੇ ਅਨੁਸਾਰ ਇਕ ਮੁਕਤਾ ਅੱਖਰ ਨੂੰ ਲਘੂ ਕਿਹਾ ਜਾਂਦਾ ਹੈ ਤੇ ਦੀਰਘ ਲਗ ਵਾਲੇ ਅੱਖਰ ਨੂੰ ਗੁਰੂ ਕਿਹਾ ਜਾਂਦਾ ਹੈ । ਲਘੂ ਮਾਤਰਾ ਦਾ ਚਿੰਨ ਇਕ ਸਿਧੀ ਡੰਡੀ (।) ਅਤੇ ਗੁਰੂ ਦਾ ਚਿਨ੍ਹ ਅੰਗਰੇਜ਼ੀ ਭਾਸ਼ਾ ਦੇ (S) ਰਾਹੀਂ ਪ੍ਰਗਟ ਕੀਤਾ ਜਾਂਦਾ ਹੈ । ਮਿਸਾਲ ਦੇ ਤੌਰ ਤੇ  'ਜ' ਅੱਖਰ ਦਾ ਵਜ਼ਨ ਇਕ ਲਘੂ ਮੰਨਿਆ ਜਾਵੇਗਾ ਅਰਥਾਤ ਇਹ (।) ਰਾਹੀਂ ਲਿਖਿਆ ਜਾਵੇਗਾ ਪਰ ਜੇ ਇਸ ਨਾਲ ਇਕ ਦੀਰਘ ਲਗ ਲੱਗ ਜਾਂਦੀ ਹੈ ਭਾਵ ਇਹ 'ਜੇ' ਹੋ ਜਾਵੇ ਤਾਂ ਇਸ ਨੂੰ ਗੁਰੂ (S) ਰਾਹੀਂ ਦਰਸਾਇਆ ਜਾਵੇਗਾ । ਪਿੰਗਲ ਦੇ ਛੰਦਾਂ ਦਾ ਨਾਪ ਤੋਲ ਇਨ੍ਹਾਂ ਲਘੂ ਤੇ ਗੁਰੂ ਅੱਖਰਾਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ ।
ਅਰੂਜ਼ ਦੇ ਹਿਸਾਬ ਨਾਲ ਅਰੂਜ਼ੀ ਬਹਿਰਾਂ ਦਾ ਵਜ਼ਨ ਮੁਤਹਰਕ ਸਾਕਿਨ ਅੱਖਰਾਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ । ਜਿਨ੍ਹਾਂ ਦੀ ਜਾਣਕਾਰੀ ਅਸੀਂ ਅੱਗੇ ਜਾ ਕੇ ਦਿਆਂਗੇ । ਅਰੂਜ਼ ਦੇ ਸਿਧਾਂਤ ਅਨੁਸਾਰ ਇਹ ਦੇਖਿਆ ਜਾਂਦਾ ਹੈ ਕਿ ਇਕ ਮਿਸਰੇ ਨੂੰ ਉਚਾਰਣ ਸਮੇਂ ਜ਼ੁਬਾਨ ਕਿੰਨੀ ਵਾਰ ਚਲਦੀ ਹੈ ਤੇ ਰੁਕਦੀ ਹੈ । ਜ਼ੁਬਾਨ ਦੇ ਚੱਲਣ ਨੂੰ ਮੁਤਹਰਕ ਅਤੇ ਰੁਕਣ ਨੂੰ ਸਾਕਿਨ ਆਖਿਆ ਜਾਂਦਾ ਹੈ ।
"ਨੁਕਤਾ ਇਕ ਅਰੂਜ਼ ਦਾ, ਇਹ ਕਸਵੱਟੀ ਜਾਣ,
ਕਿੱਥੇ ਕਿੱਥੇ ਚੱਲਦੀ, ਕਿਥੋਂ ਰੁਕੇ ਜ਼ੁਬਾਨ "
ਪਿੰਗਲ ਅਤੇ ਅਰੂਜ਼ ਵਿਚ ਜਿਥੇ ਬੁਨਿਆਦੀ ਫਰਕ ਹਨ ਉਥੇ ਕੁਝ ਸਮਾਨਤਾ ਵੀ ਮਿਲਦੀ ਹੈ । ਆਉ ਹੁਣ ਇਸ ਦੀ ਨਿਸ਼ਾਨਦੇਹੀ ਕਰੀਏ
ਜਿਵੇਂ ਪਿੰਗਲ ਦਾ ਅਧਾਰ ਅੱਠ ਗਣ ਹਨ ਇਸੇ ਤਰ੍ਹਾਂ ਅਰੂਜ਼ ਦੇ ਵੀ ਅੱਠ ਰੁਕਨ ਹਨ ਜਿਨ੍ਹਾਂ ਦੀ ਜਾਣਕਾਰੀ ਅੱਗੇ ਚਲ ਕੇ ਦਿਆਂਗੇ । ਪਿੰਗਲ ਦੇ ਗਣਾਂ ਦੀ ਜਾਣਕਾਰੀ ਰੱਖਣ ਵਾਸਤੇ ਪਿੰਗਲ ਵਾਲਿਆਂ ਨੇ ਇਕ ਫਾਰਮੁੱਲਾ ਘੜਿਆ ਹੋਇਆ ਹੈ । ਤੁਹਾਡੀ ਜਾਣਕਾਰੀ ਅਤੇ ਰੌਚਕਤਾ ਵਾਸਤੇ ਦਸ ਰਹੇ ਹਾਂ ।
'ਯਮਾਤਾ ਰਾਜ ਭਾਨ ਸਗਲਾ'
ਇਸ ਤੁਕ ਦੇ ਪਹਿਲੇ ਅੱਠ ਅੱਖਰਾਂ ਨਾਲ ਜੇ ਗਣ ਲਾ ਦੇਈਏ ਤਾਂ ਪਿੰਗਲ ਦੇ ਅੱਠ ਗਣ ਬਣ ਜਾਂਦੇ ਹਨ । ਤੇ ਪਿੱਛੇ ਗਲਾ ਰਹਿ ਜਾਂਦਾ ਹੈ ਜਿਸ ਦਾ ਮਤਲਬ ਗੁਰੂ ਲਘੂ ਹੈ । ਲਉ ਹੁਣ ਇਸ ਫਾਰਮੁੱਲੇ ਨੂੰ ਲਾਗੂ ਕਰਕੇ ਪਿੰਗਲ ਦੇ ਗਣਾਂ ਦਾ ਪਤਾ ਕਰੀਏ ---
(1) ਯਗਣ (2) ਮਗਣ (3) ਤਗਣ (4) ਰਗਣ (5) ਜਗਣ (6) ਭਗਣ (7) ਨਗਣ (8)ਸਗਣ  ਅਤੇ ਗੁਰੂ ਲਘੂ
ਪਿੰਗਲ ਦੇ ਗਣਾਂ ਅਤੇ ਅਰੂਜ਼ ਦੇ ਰ

ਪਿੰਗਲ ਦੇ ਗਣ ਅਰੂਜ਼ ਦੇ ਰੁਕਨ
ਯਗਣ ISS ਫਊਲੁਨ
ਮਗਣ SSS ਮਫਊਲੁਨ
ਤਗਣ SSI ਮਫ਼ਊਲ
ਰਗਣ SIS ਫਾਇਲੁਨ
ਜਗਣ ISI ਫਊਲ
ਭਗਣ SII ਸਬੱਬ ਖਫੀਫ + ਸਬੱਬ ਸਕੀਲ
ਨਗਣ III ਵਤਦ ਕਸਰਤ
ਸਗਣ IIS ਫਿਇਲਾ
ਗੁਰੂ S ਫੇ (ਸਬੱਬ ਖਫ਼ੀਫ)
ਲਘੂ I ਮੁਤਹਰਕ

ਇਸੇ ਅਧਾਰ ਤੇ ਪਿੰਗਲ ਦੇ ਗਣ ਛੰਦ ਅਤੇ ਅਰੂਜ਼ੀ ਬਹਿਰਾਂ ਆਪਸ ਵਿਚ ਮਿਲ ਜਾਂਦੇ ਹਨ । ਇਸ ਪਰਖ਼ ਤੋਂ ਇਸ ਸਿੱਧ ਹੋ ਗਿਆ ਕਿ ਅਰੂਜ਼ ਦੀਆਂ ਕੁਛ ਮੂਲ ਇਕਾਈਆਂ ਪਿੰਗਲ ਨਾਲ ਮਿਲਦੀਆਂ ਜੁਲਦੀਆਂ ਹਨ । ਏਸੇ ਸਮਾਨਤਾ ਕਰਕੇ ਪੰਜਾਬੀ ਵਿਚ ਅਰੂਜ਼ ਅਨੁਸਾਰ ਗ਼ਜ਼ਲ ਲਿਖੀ ਜਾ ਸਕਦੀ ਹੈ , ਤੇ ਲਿਖੀ ਜਾ ਰਹੀ ਹੈ । ਅਰੂਜ਼ ਦਾ ਅਧਾਰ ਸਬੱਬ ਤੇ ਵਤਦ ਇਕਾਈਆਂ ਹੀ ਹਨ, ਅਤੇ ਇਨ੍ਹਾਂ ਨੂੰ ਪੰਜਾਬੀ ਜ਼ੁਬਾਨ ਵਿਚ ਪ੍ਰਗਟਾਇਆ ਜਾ ਸਕਦਾ ਹੈ । ਅਰੂਜ਼ ਦੇ ਰੁਕਨਾਂ ਦੀ ਜਾਣਕਾਰੀ ਹਾਸਲ ਕਰਕੇ ਅਸੀਂ ਇਨ੍ਹਾਂ ਅਨੁਸਾਰ ਗ਼ਜ਼ਲ ਲਿਖ ਸਕਦੇ ਹਾਂ । ਅਰੂਜ਼ ਦੇ ਮੂ਼ਲ ਰੁਕਨਾਂ ਅਤੇ ਅੱਗੇ ਇਨ੍ਹਾਂ ਰੁਕਨਾਂ ਦੀ ਕਾਂਟ ਛਾਂਟ ਕਰਕੇ ਕੁੱਲ ਪੰਜਾਹ ਕੁ ਰੁਕਨ ਹੀ ਬਣਦੇ ਹਨ । ਪਿੰਗਲ ਦੀਆਂ ਹਜ਼ਾਰਾਂ ਵੰਨਗੀਆਂ ਯਾਦ ਕਰਨ ਦੀ ਥਾਂ, ਅਰੂਜ਼ ਦੇ ਥੋੜੇ ਜਹੇ ਸ਼ਬਦ ਯਾਦ ਕਰਨੇ ਕੀ ਮੁਸ਼ਕਲ ਹਨ ।
ਕ੍ਰਿਸ਼ਨ ਭਨੋਟ
(604) 314-7279

No comments:

Post a Comment